ਗੁਰਮੀਤ ਸਿੰਘ*
ਪਿਦ ਪਿਦੀ ਨਿੱਕੇ ਪੰਛੀਆਂ ਦੀ ਸ਼੍ਰੇਣੀ ਵਿਚ ਆਉਣ ਵਾਲਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ‘Siberian chiffchaff’ ਕਹਿੰਦੇ ਹਨ। ਪਿਦੀ ਪ੍ਰਜਾਤੀ ਦੇ ਜ਼ਿਆਦਾ ਪੰਛੀਆਂ ਦੇ ਪੂੰਝੇ ਲੰਮੇ ਹੁੰਦੇ ਹਨ ਅਤੇ ਇਹ ਬਾਕੀ ਪੰਛੀਆਂ ਦੀ ਤਰ੍ਹਾਂ ਉਡਾਰੀ ਮਾਰਨ ਵਿਚ ਮਾੜੇ ਹੁੰਦੇ ਹਨ। ਕਈ ਪਿੱਦੀਆਂ ਤਾਂ ਸਾਡੇ ਇੱਥੇ ਹੀ ਰਹਿੰਦੀਆਂ ਹਨ, ਪਰ ਕੁਝ ਪਰਵਾਸੀ ਹੁੰਦੀਆਂ ਹਨ। ਇਸੇ ਪਰਿਵਾਰ ਦਾ ਪੰਛੀ ‘ਦਰਜੀ’ (ਟੇਲਰ ਬਰਡ) ਸਾਡੇ ਕੋਲ ਘਰਾਂ ਵਿਚ ਆਉਂਦਾ ਹੈ, ਪਰ ਪਿਦ ਪਿਦੀ ਸਾਈਬੇਰੀਆ ਤੋਂ ਸਰਦੀ ਵਿਚ ਪਰਵਾਸ ਕਰਕੇ ਸਾਡੇ ਕੋਲ ਆਉਂਦੀ ਹੈ।
ਇਹ ਸਰਦੀਆਂ ਵਿਚ ਦੱਖਣੀ ਅਤੇ ਪੱਛਮੀ ਯੂਰੋਪ, ਦੱਖਣੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਵਿਚ ਵੇਖਣ ਵਿਚ ਆਇਆ ਹੈ। ਪਿਦ ਪਿੱਦੀ ਉੱਪਰੋਂ ਘਸਮੈਲੇ ਸਲੇਟੀ ਜਾਂ ਭੂਰੇ ਰੰਗ ਦਾ ਪੰਛੀ ਹੁੰਦਾ ਹੈ ਅਤੇ ਹੇਠਾਂ ਤੋਂ ਚਿੱਟੇ ਰੰਗ ਦਾ ਹੁੰਦਾ ਹੈ। ਇਹ ਹਲਕਾ ਜਿਹਾ ਹਰਾ ਭਾਹ ਮਾਰਦਾ ਹੈ। ਇਸ ਦੇ ਭਰਵੱਟੇ ਘਸਮੈਲੇ ਚਿੱਟੇ ਅਤੇ ਅੱਖਾਂ ਦੀ ਧਾਰੀ ਭੂਰੀ ਕਾਲੀ ਹੁੰਦੀ ਹੈ, ਇਸ ਦੇ ਪਰ ਅਤੇ ਪੂੰਝਾ ਗੂੜ੍ਹਾ ਹੁੰਦਾ ਹੈ। ਇਨ੍ਹਾਂ ਦੇ ਖੰਭਾਂ ਦੇ ਸਿਰੇ ਹਲਕੇ ਹਲਕੇ ਪੀਲੇ ਹਰੇ ਹੁੰਦੇ ਹਨ। ਇਨ੍ਹਾਂ ਦੀਆਂ ਅੱਖਾਂ ਭੂਰੀਆਂ ਹੁੰਦੀਆਂ ਹਨ। ਚੁੰਝ ਗੂੜ੍ਹੀ ਭੂਰੀ ਹੁੰਦੀ ਹੈ। ਇਸ ਦੇ ਨਰ ਅਤੇ ਮਾਦਾ ਵੇਖਣ ਨੂੰ ਇਕੋ ਜਿਹੇ ਲੱਗਦੇ ਹਨ।
ਪਿਦ ਪਿਦੀਆਂ ਇਕੱਲੀਆਂ ਜਾਂ ਛੋਟੀਆਂ-ਛੋਟੀਆਂ ਟੋਲੀਆਂ ਵਿਚ ਝਾੜੀਆਂ, ਦਰੱਖਤਾਂ ਉੱਪਰ, ਦਰਿਆਵਾਂ, ਨਦੀ-ਨਾਲਿਆਂ ਦੇ ਪਾਣੀ ਵਾਲੇ ਇਲਾਕਿਆਂ ਆਦਿ ਕੋਲ ਮਿਲਦੀਆਂ ਹਨ। ਇਹ ਫੁੱਲਾਂ ਦਾ ਰਸ ਚੂਸਦੀਆਂ ਹਨ ਅਤੇ ਦਰੱਖਤਾਂ ਤੇ ਝਾੜੀਆਂ ਉੱਪਰੋਂ ਛੋਟੇ ਕੀੜੇ, ਮਕੌੜਿਆਂ ਆਦਿ ਨੂੰ ਫੜ ਕੇ ਖਾਂਦੀਆਂ ਹਨ। ਇਹ ਕਈ ਵਾਰ ਸ਼ਿਕਾਰ ਕਰਨ ਲਈ ਛੋਟੀਆਂ ਉਡਾਰੀਆਂ ਵੀ ਮਾਰਦੀਆਂ ਹਨ। ਪਿਦ ਪਿਦੀਆਂ ਸਾਈਬੇਰੀਆ ਦੇ ਪੂਰਬੀ ਭਾਗ ਵਿਚ ਪ੍ਰਜਣਨ ਕਰਦੀਆਂ ਹਨ। ਇਹ ਰੁੱਖਾਂ ਦੇ ਪੱਤਿਆਂ ’ਤੇ ਬੈਠੇ ਕੀੜੇ-ਮਕੌੜਿਆਂ ਨੂੰ ਜ਼ਿਆਦਾ ਖਾਣ ਦੀਆਂ ਸ਼ੌਕੀਨ ਹੁੰਦੀਆਂ ਹਨ, ਇਸ ਕਰਕੇ ਇਨ੍ਹਾਂ ਨੂੰ ਲੀਫ ਵਰਬਲਰ ਵੀ ਕਿਹਾ ਜਾਂਦਾ ਹੈ। ਇਹ ਪੰਛੀ ਮੱਖੀਆਂ ਦੇ ਵੀ ਕਾਫ਼ੀ ਚਾਹਵਾਨ ਹਨ।
ਪਿਦ ਪਿਦੀਆਂ ਕਾਫ਼ੀ ਸੁੱਕੇ ਰਸਤਿਆਂ ਜਿੱਥੇ ਆਲੇ ਦੁਆਲੇ ਜ਼ਿਆਦਾ ਚੰਗੀਆਂ ਝਾੜੀਆਂ ਵਾਲਾ ਵਣ ਰਕਬਾ ਹੋਵੇ ਅਤੇ ਸਿੰਜਾਈ, ਨਹਿਰ ਦੀਆਂ ਬਸਤੀਆਂ ਅਤੇ ਚੰਗੇ ਵਣ ਖੇਤਰ ਹੋਣ, ਨੂੰ ਤਰਜੀਹ ਦਿੰਦੀਆਂ ਹਨ। ਪੰਜਾਬ ਵਿਚ ਕਈ ਪੰਛੀ ਪ੍ਰੇਮੀਆਂ ਨੇ ਇਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ ਹਨ। ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਅਨੁਸਾਰ ਕਿਸੇ ਵੀ ਪੰਛੀ ਨੂੰ ਮਾਰਨਾ ਜਾਂ ਫੜਨਾ ਜੁਰਮ ਹੈ ਅਤੇ ਇਸ ਦੀ ਸਖ਼ਤ ਸਜ਼ਾ ਰੱਖੀ ਗਈ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910