ਗੁਰਮੀਤ ਸਿੰਘ*
ਚਿੱਟ ਪੂੰਝੀ ਟਟੀਹਰੀ ਇੱਕ ਸਿਆਲੀ ਪਰਵਾਸੀ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਵ੍ਹਾਈਟ ਟੇਲਡ ਲੈਪਵਿੰਗ’ (White -Tailed Lapwing) ਅਤੇ ਹਿੰਦੀ ਵਿੱਚ ‘ਸਫ਼ੈਦ ਦੁਮ ਟਟੀਹਰੀ’ ਕਹਿੰਦੇ ਹਨ। ਇਹ ਸਾਡੇ ਆਲੇ-ਦੁਆਲੇ ਮਿਲਣ ਵਾਲੀ ਟਟੀਹਰੀ ਦੇ ਪਰਿਵਾਰ ਵਿੱਚੋਂ ਹੀ ਆਉਂਦੀ ਹੈ। ਇਹ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ, ਇਰਾਕ, ਕਜ਼ਾਕਿਸਤਾਨ, ਰੂਸ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਸੀਰੀਆ, ਤੁਰਕੀ, ਅਜ਼ਰਬਾਈਜਾਨ, ਸੂਡਾਨ, ਮਿਸਰ, ਬਹਿਰੀਨ, ਇਜ਼ਰਾਈਲ, ਜੌਰਡਨ, ਕੁਵੈਤ ਅਤੇ ਸਾਊਦੀ ਅਰਬ ਵਿੱਚ ਵੀ ਮਿਲਦੀ ਹੈ। ਇਹ ਆਮ ਤੌਰ ’ਤੇ ਜੰਗਲਾਂ ਵਿੱਚ ਨਹੀਂ ਰਹਿੰਦੀ। ਇਹ ਪੰਛੀ ਕੱਦ ਕਾਠ ਪੱਖੋਂ 25 ਤੋਂ 30 ਸੈਂਟੀਮੀਟਰ ਲੰਬਾ ਅਤੇ ਭਾਰ ਵਿੱਚ 100 ਤੋਂ 200 ਗ੍ਰਾਮ ਦਾ ਹੁੰਦਾ ਹੈ। ਇਸ ਦਾ ਸਲੇਟੀ ਭੂਰੇ ਰੰਗ ਦਾ ਚਿਹਰਾ ਅਤੇ ਮੱਥਾ ਫਿੱਕੇ ਭੂਰੇ ਰੰਗ ਦਾ ਹੁੰਦਾ ਹੈ। ਪੂਛ ਚਿੱਟੀ ਹੁੰਦੀ ਹੈ, ਛਾਤੀ ਦਾ ਹਿੱਸਾ ਗੂੜ੍ਹਾ ਸਲੇਟੀ ਭੂਰੀ ਭਾਹ ਮਾਰਦਾ ਹੈ। ਨਰ ਮਾਦਾ ਦੋਵੇਂ ਇੱਕੋ ਜਿਹੇ ਲੱਗਦੇ ਹਨ। ਇਸ ਦੀ ਚੁੰਜ ਕਾਲੀ ਅਤੇ ਲੰਬੀ ਹੁੰਦੀ ਹੈ। ਪੰਜੇ ਲੰਬੇ ਅਤੇ ਪੀਲੇ ਹੁੰਦੇ ਹਨ। ਇਸ ਦੀ ਆਵਾਜ਼ ਚੀਕਵੀਂ ਹੁੰਦੀ ਹੈ।
ਇਨ੍ਹਾਂ ਚਿੱਟ ਪੂੰਝੀ ਟਟੀਹਰੀਆਂ ਦੇ ਨਿਵਾਸ ਸਥਾਨ ਵਿੱਚ ਤਾਜ਼ੇ ਪਾਣੀ ਦੀਆਂ ਝੀਲਾਂ, ਨਹਿਰਾਂ, ਨਿਕਾਸੀ ਨਾਲੇ, ਤਲਾਬ ਅਤੇ ਛੱਪੜ ਆਦਿ ਹਨ। ਇਹ ਉਤਲੇ ਪਾਣੀ ਵਿੱਚ ਤੁਰਦੀਆਂ ਹੋਈਆਂ ਪਾਣੀ ਨੂੰ ਪੈਰ ਨਾਲ ਹਿਲਾਕੇ ਹੇਠ ਤੋਂ ਕੀੜੇ, ਗੰਡੋਏ, ਘੋਗੇ, ਟਿੱਡੀ, ਮੱਕੜੀ ਆਦਿ ਦਾ ਸ਼ਿਕਾਰ ਕਰਦੇ ਹਨ। ਇਹ ਬੀਜਾਂ, ਅਨਾਜ, ਪੱਤਿਆਂ ਅਤੇ ਫੁੱਲਾਂ ਨੂੰ ਵੀ ਖੁਰਾਕ ਦੇ ਤੌਰ ’ਤੇ ਇਸਤੇਮਾਲ ਕਰਦੇ ਹਨ। ਵਾਹੇ ਜਾ ਰਹੇ ਖੇਤ ਅਤੇ ਘਾਹ ਦੇ ਮੈਦਾਨ ਇਨ੍ਹਾਂ ਦੇ ਪਸੰਦੀਦਾ ਭੋਜਨ ਦੀਆਂ ਥਾਵਾਂ ਹੁੰਦੇ ਹਨ।
ਇਨ੍ਹਾਂ ਦਾ ਪ੍ਰਜਣਨ ਦਾ ਮੌਸਮ ਮਈ ਤੋਂ ਜੁਲਾਈ ਤੱਕ ਹੁੰਦਾ ਹੈ। ਇਹ ਟਟੀਹਰੀ ਜੋੜੇ ਵਿੱਚ ਰਹਿੰਦੀ ਹੈ। ਇਹ ਪਾਣੀ ਵਿਚਲੇ ਮਿੱਟੀ ਦੇ ਟਿੱਲਿਆਂ ਉੱਤੇ ਇੱਕ ਛੋਟਾ ਜਿਹਾ ਟੋਏ ਵਰਗਾ ਆਲ੍ਹਣਾ ਬਣਾਉਂਦੇ ਹਨ ਜਿਸ ਵਿੱਚ ਮਾਦਾ ਤਿੰਨ ਤੋਂ ਚਾਰ ਆਂਡੇ ਦਿੰਦੀ ਹੈ। ਨਰ ਮਾਦਾ ਦੋਵੇਂ ਵਾਰੀ-ਵਾਰੀ ਆਂਡਿਆਂ ’ਤੇ ਬੈਠਦੇ ਹਨ। ਚੂਚੇ 25 ਦਿਨਾਂ ਬਾਅਦ ਬਾਹਰ ਨਿਕਲਦੇ ਹਨ। ਇਸ ਪੰਛੀ ਦੀ ਉਮਰ ਲਗਭਗ ਨੌਂ ਸਾਲ ਹੁੰਦੀ ਹੈ।
ਆਈ.ਯੂ. ਸੀ.ਐੱਨ. ਨੇ ਇਨ੍ਹਾਂ ਦੀ ਕਿਸਮ ਨੂੰ ਸ਼੍ਰੇਣੀਬੱਧ ਅਤੇ ਮੁਲਾਂਕਣ ਕਰਕੇ ਇਸ ਨੂੰ ‘ਘੱਟੋ ਘੱਟ ਚਿੰਤਾ’ ਦੇ ਰੂਪ ਵਿੱਚ ਸੂਚੀਬੱਧ ਕੀਤਾ ਹੈ। ਚਿੱਟ ਪੂੰਝੀ ਟਟੀਹਰੀ ਦੀ ਸਰਦੀਆਂ ਵਿੱਚ ਪਰਵਾਸ ਦੀ ਸੰਖਿਆ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਰਾਜਾਂ ਵਿੱਚ ਵੇਖਣ ਵਿੱਚ ਮਿਲਦੀ ਹੈ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਚਿੱਟ ਪੂੰਝੀ ਟਟੀਹਰੀ ਸੁਰੱਖਿਅਤ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910