ਗੁਰਮੀਤ ਸਿੰਘ*
ਪਰਵਾਸੀ ਪੰਛੀ ਤੇਹਰੀ ਝੀਲਾਂ, ਦਲਦਲਾਂ, ਹੜ੍ਹਾਂ ਦੇ ਪਾਣੀ, ਸੀਵਰੇਜ ਫਾਰਮਾਂ, ਪਾਣੀ ਵਾਲੀਆਂ ਫ਼ਸਲਾਂ ਅਤੇ ਵੱਡੇ ਡੈਮਾਂ ‘ਤੇ ਰਹਿਣ ਨੂੰ ਤਰਜੀਹ ਦਿੰਦਾ ਹੈ। ਇਸ ਨੂੰ ਪੰਜਾਬੀ ਵਿੱਚ ਤੇਹਰੀ, ਅੰਗਰੇਜ਼ੀ ਵਿੱਚ ਵਿਸਕਰਡ ਟਰਨ (Whiskered Tern) ਅਤੇ ਹਿੰਦੀ ਵਿੱਚ ਤਿਹਾਰੀ, ਗੰਗਾ ਚੀਲ, ਮੱਛ ਲਉਕਾ ਆਦਿ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਇਹ ਅਫ਼ਰੀਕਾ ਤੋਂ ਦੱਖਣੀ ਯੂਰਪ, ਏਸ਼ੀਆ ਅਤੇ ਦੱਖਣੀ ਆਸਟਰੇਲੀਆ ਤੱਕ ਪਾਇਆ ਜਾਂਦਾ ਹੈ।
ਇਹ ਪੰਛੀ ਸਰਦੀਆਂ ਵਿੱਚ ਭਾਰਤੀ ਉਪ ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪਰਵਾਸ ਕਰਦਾ ਹੈ। ਇਹ ਆਮ ਤੌਰ ‘ਤੇ ਪਾਣੀ ਦੇ ਉੱਪਰ 5 ਅਤੇ 10 ਮੀਟਰ ਦੇ ਵਿਚਕਾਰ ਉੱਡਦੇ ਹੋਏ ਵੈਟਲੈਂਡ ਦੇ ਉੱਪਰ ਅੱਗੇ-ਪਿੱਛੇ ਗਸ਼ਤ ਕਰਦੇ ਹੋਏ ਸਮੇਂ-ਸਮੇਂ ‘ਤੇ ਪਾਣੀ ਦੀ ਸਤ੍ਵਾ ‘ਤੇ ਡੁਬਕੀ ਮਾਰਦਾ ਹੈ। ਪ੍ਰਜਣਨ ਵੇਲੇ ਤੇਹਰੀ ਦਾ ਸਿਰ ਕਾਲੇ ਤਾਜ ਦੀ ਤਰ੍ਹਾਂ ਲੱਗਦਾ ਹੈ। ਇਸ ਦੀ ਚੁੰਝ ਅਤੇ ਗਰਦਨ ਦੇ ਦੋਵੇਂ ਪਾਸੇ ਅਤੇ ਗੱਲ੍ਹਾਂ ਚਿੱਟੀਆਂ ਹੁੰਦੀਆਂ ਹਨ। ਇਸ ਦਾ ਉੱਪਰਲਾ ਹਿੱਸਾ, ਉੱਪਰਲੇ ਖੰਭ ਅਤੇ ਪੂਛ ਦਰਮਿਆਨੇ ਸਲੇਟੀ, ਹੇਠਲੇ ਹਿੱਸੇ ਗੂੜ੍ਹੇ ਸਲੇਟੀ ਅਤੇ ਹੇਠਲਾ ਹਿੱਸਾ ਚਿੱਟਾ ਹੁੰਦਾ ਹੈ। ਇਨ੍ਹਾਂ ਦੀਆਂ ਅੱਖਾਂ ਭੂਰੀਆਂ ਅਤੇ ਚੁੰਝ ਅਤੇ ਲੱਤਾਂ ਲਾਲ ਹੁੰਦੀਆਂ ਹਨ। ਨਰ ਤੇ ਮਾਦਾ ਦੋਵੇਂ ਇੱਕੋ ਜਿਹੇ ਲੱਗਦੇ ਹਨ। ਇਨ੍ਹਾਂ ਦੀ ਲੰਬਾਈ 23 ਤੋਂ 28 ਸੈਂਟੀਮੀਟਰ ਅਤੇ ਭਾਰ 60-102 ਗ੍ਰਾਮ ਹੁੰਦਾ ਹੈ।
ਇਹ ਮੁੱਖ ਤੌਰ ‘ਤੇ ਛੋਟੀਆਂ ਮੱਛੀਆਂ, ਡੱਡੀਆਂ, ਕੀੜੇ-ਮਕੌੜੇ ਅਤੇ ਉਨ੍ਹਾਂ ਦੇ ਲਾਰਵੇ ਨੂੰ ਖਾਂਦੇ ਹਨ। ਸ਼ਿਕਾਰ ਫੜਨ ਤੋਂ ਪਹਿਲਾਂ ਇਹ ਪਾਣੀ ਦੇ ਉੱਪਰ ਟਿਕਟਿਕੀ ਲਗਾ ਕੇ ਝਾਕਦੇ ਰਹਿੰਦੇ ਹਨ ਜਾਂ ਡੁਬਕੀ ਲਗਾ ਕੇ ਸ਼ਿਕਾਰ ਫੜਦੇ ਹਨ। ਇਹ ਕਈ ਵਾਰ ਤਾਂ ਪਾਣੀ ਵਿੱਚ ਉੱਪਰ ਤੋਂ 2 ਮੀਟਰ ਤੋਂ 4 ਮੀਟਰ ਤੱਕ ਗੋਤਾਖੋਰੀ ਨਾਲ ਮੱਛੀਆਂ ਨੂੰ ਬਾਹਰ ਕੱਢ ਲਿਆਉਂਦੇ ਹਨ।
ਇਨ੍ਹਾਂ ਦਾ ਪ੍ਰਜਣਨ ਸੀਜ਼ਨ ਅਨਿਯਮਤ ਹੁੰਦਾ ਹੈ, ਪਰ ਕਈ ਥਾਵਾਂ ‘ਤੇ ਪ੍ਰਜਣਨ ਦਾ ਸਮਾਂ ਸਤੰਬਰ ਤੋਂ ਦਸੰਬਰ ਤੱਕ ਹੁੰਦਾ ਹੈ। ਉਹ ਅਕਸਰ ਦਲਦਲ ਵਿੱਚ ਪ੍ਰਜਣਨ ਕਰਦੇ ਹਨ। ਇਨ੍ਹਾਂ ਦਾ ਆਲ੍ਹਣਾ ਬਨਸਪਤੀ ਦਾ ਹੁੰਦਾ ਹੈ ਜੋ ਕਿ ਤੈਰਦਾ ਜਾਂ ਸਥਿਰ ਹੁੰਦਾ ਹੈ। ਨਰ ਤੇ ਮਾਦਾ ਮਿਲ ਕੇ ਆਲ੍ਹਣਾ ਬਣਾਉਂਦੇ ਹਨ, ਆਂਡਿਆਂ ਨੂੰ ਪ੍ਰਫੁੱਲਿਤ ਕਰਦੇ ਹਨ ਅਤੇ ਚੂਚਿਆਂ ਦੀ ਨਿਗਰਾਨੀ ਕਰਦੇ ਹਨ। ਜੇਕਰ ਕੋਈ ਇਨ੍ਹਾਂ ਨੂੰ ਫੜਨ ਦੀ ਜਾਂ ਆਲ੍ਹਣੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰੇ ਤਾਂ ਇਨ੍ਹਾਂ ਦੀ ਪੂਰੀ ਕਾਲੋਨੀ ਤੇਜ਼ੀ ਨਾਲ ਉੱਡ ਕੇ ਉਨ੍ਹਾਂ ਦੇ ਮਗਰ ਪੈ ਜਾਂਦੀ ਹੈ। ਇਹ ਹਮਲਾਵਰ ‘ਤੇ ਹਮਲਾ ਕਰਦੇ ਹਨ ਤਾਂ ਇਹ ਹਮਲਾਵਰ ਦੇ ਸਿਰ ਨੂੰ ਆਪਣੀਆਂ ਤਿੱਖੀਆਂ ਚੁੰਝਾਂ ਨਾਲ ਮਾਰਦੇ ਹਨ। ਆਲ੍ਹਣੇ ਵਿੱਚ ਮਾਦਾ ਵੱਲੋਂ ਦੋ ਤੋਂ ਤਿੰਨ ਆਂਡੇ ਦਿੱਤੇ ਜਾਂਦੇ ਹਨ। ਇਨ੍ਹਾਂ ਨੂੰ ਪ੍ਰਫੁੱਲਿਤ ਹੋਣ ਲਈ 20 ਦਿਨ ਲੱਗ ਜਾਂਦੇ ਹਨ। ਚੂਚਿਆਂ ਨੂੰ ਆਲ੍ਹਣੇ ਵਿੱਚ ਵੱਡੇ ਹੋਣ ਲਈ 23 ਦਿਨ ਹੋਰ ਲੱਗ ਜਾਂਦੇ ਹਨ।
ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਇਨ੍ਹਾਂ ਨੂੰ ਸ਼੍ਰੇਣੀਬੱਧ ਕਰਕੇ ਇਨ੍ਹਾਂ ਦਾ ਮੁਲਾਂਕਣ ਕੀਤਾ ਹੈ ਅਤੇ ਇਨ੍ਹਾਂ ਨੂੰ ‘ਘੱਟ ਤੋਂ ਘੱਟ ਚਿੰਤਾ’ ਵਜੋਂ ਸੂਚੀਬੱਧ ਕੀਤਾ ਹੈ। ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਵੀ ਇਹ ਪੰਛੀ ਦੇਸ਼ ਵਿੱਚ ਸੁਰੱਖਿਅਤ ਹਨ। ਤਾਜ਼ੇ ਪਾਣੀ ਦੀਆਂ ਝੀਲਾਂ, ਛੱਪੜਾਂ ਦਾ ਘਟ ਜਾਣਾ, ਵਧ ਰਿਹਾ ਪ੍ਰਦੂਸ਼ਣ ਤੇਹਰੀ ਦੇ ਪਰਵਾਸ ਵਿੱਚ ਵੱਡੀ ਰੁਕਾਵਟ ਬਣ ਰਿਹਾ ਹੈ। ਇਸ ਪ੍ਰਤੀ ਸਾਨੂੰ ਸਾਰਿਆਂ ਨੂੰ ਸੁਚਤੇ ਹੋਣ ਦੀ ਜ਼ਰੂਰਤ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910