ਗੁਰਮੀਤ ਸਿੰਘ*
ਚੀਨਾ ਰੇਤਲ ਚਹਾ ਬਹੁਤ ਛੋਟਾ ਜਲ-ਪੰਛੀ ਹੈ। ਇਹ ਸੈਂਡਪਾਈਪਰ ਪ੍ਰਜਾਤੀ ਦਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਕਾਮਨ ਵੁੱਡ ਸੈਂਡਪਾਈਪਰ’ (Common wood Sandpiper) ਅਤੇ ਹਿੰਦੀ ਵਿੱਚ ਛੁੱਪਕਾ ਬਤਨ ਜਾਂ ਚੋਬਾਹਾ ਕਹਿੰਦੇ ਹਨ। ਇਸ ਦੇ ਸਰੀਰ ਦਾ ਉੱਪਰਲਾ ਹਿੱਸਾ ਸਲੇਟੀ ਭੂਰਾ ਹੁੰਦਾ ਹੈ, ਜਿਸ ’ਤੇ ਹਲਕੇ ਧੱਬੇ ਹੁੰਦੇ ਹਨ। ਇਸ ਦੇ ਸਰੀਰ ਦਾ ਹੇਠਲਾ ਹਿੱਸਾ, ਪਿੱਠ ਅਤੇ ਪੂਛ ਚਿੱਟੇ ਰੰਗ ਦੀ ਦਿਖਾਈ ਦਿੰਦੀ ਹੈ। ਜਦੋਂ ਇਹ ਉੱਡਦੇ ਹਨ ਤਾਂ ਇਨ੍ਹਾਂ ਦੀ ਪੂਛ ਦਾ ਚਿੱਟਾ ਰੰਗ ਵੱਖਰਾ ਚਮਕਦਾ ਹੈ। ਇਸ ਦੀ ਚੁੰਝ ਸਿੱਧੀ ਅਤੇ ਅਗਲਾ ਹਿੱਸਾ ਕਾਲੇ ਰੰਗ ਦਾ ਹੁੰਦਾ ਹੈ। ਇਸ ਦੀ ਅੱਖ ਦੇ ਹੇਠਾਂ ਚਿੱਟੀ ਧਾਰੀ ਹੁੰਦੀ ਹੈ। ਨਰ ਅਤੇ ਮਾਦਾ ਇੱਕੋ ਜਿਹੇ ਦਿਖਾਈ ਦਿੰਦੇ ਹਨ।
ਇਹ ਇੱਕ ਪਰਵਾਸੀ ਪੰਛੀ ਹੈ, ਜੋ ਮੁੱਖ ਤੌਰ ’ਤੇ ਮੱਧ ਏਸ਼ੀਆ ਅਤੇ ਯੂਰਪੀ ਦੇਸ਼ਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਆਉਂਦਾ ਹੈ। ਇਹ ਪੰਛੀ ਵੱਡੇ ਸਮੂਹ ਵਿੱਚ ਪਰਵਾਸ ਕਰਦੇ ਹਨ। ਇਹ ਅਗਸਤ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਅਤੇ ਫਰਵਰੀ ਤੱਕ ਆਸਾਨੀ ਨਾਲ ਦੇਖੇ ਜਾ ਸਕਦੇ ਹਨ।
ਪਰਵਾਸ ਵੇਲੇ ਇਨ੍ਹਾਂ ਨਾਲ ਹੋਰ ਜਲ-ਪੰਛੀ ਵੀ ਪਰਵਾਸ ਕਰਦੇ ਹਨ। ਆਪਣੇ ਠਹਿਰਾਅ ਦੌਰਾਨ ਉਹ ਲਗਭਗ 5 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਪੁੱਜਦੇ ਹਨ। ਇਹ ਪੰਛੀ ਬਿਨਾਂ ਰੁਕੇ ਦੋ ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਦੇ ਹਨ।
ਇਨ੍ਹਾਂ ਦਾ ਮੁੱਖ ਭੋਜਨ ਜਲ-ਕੀੜੇ, ਲਾਰਵੇ, ਘੋਗੇ ਆਦਿ ਹਨ। ਇਹ ਪੰਛੀ ਪਾਣੀ ਵਿੱਚ ਤੁਰਦੇ ਫਿਰਦੇ ਅਤੇ ਤੈਰਦੇ ਹੋਏ ਕੀੜਿਆਂ ਤੇ ਹੋਰ ਜੀਵਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ। ਇਨ੍ਹਾਂ ਪੰਛੀਆਂ ਦਾ ਪ੍ਰਜਣਨ ਦਾ ਸਮਾਂ ਮਈ ਤੋਂ ਜੂਨ ਤੱਕ ਹੁੰਦਾ ਹੈ। ਪ੍ਰਜਣਨ ਵੇਲੇ ਇਨ੍ਹਾਂ ਦੀ ਛਾਤੀ ਹਲਕੇ ਪੀਲੇ ਅਤੇ ਭੂਰੇ ਰੰਗ ਦੀ ਹੋ ਜਾਂਦੀ ਹੈ। ਇਸ ਦੇ ਪੰਜੇ ਦਾ ਰੰਗ ਪੀਲਾ-ਹਰਾ ਹੁੰਦਾ ਹੈ। ਭਾਰਤ ਵਿੱਚ ਇਹ ਫਰਵਰੀ ਅਤੇ ਮਾਰਚ ਵਿੱਚ ਆਪਣੇ ਪ੍ਰਜਣਨ ਖੇਤਰ ਵਿੱਚ ਵਾਪਸ ਜਾਣਾ ਸ਼ੁਰੂ ਕਰ ਦਿੰਦੇ ਹਨ। ਚੀਨਾ ਰੇਤਲ ਚਹਾ ਹਰ ਸਾਲ ਮਈ ਤੋਂ ਅਗਸਤ ਤੱਕ ਘਾਹ ਅਤੇ ਹੋਰ ਬਨਸਪਤੀ ਨਾਲ ਭਰੇ ਦਲਦਲੀ ਖੇਤਰਾਂ ਵਿੱਚ ਜ਼ਮੀਨ ’ਤੇ ਇੱਕ ਛੋਟਾ ਜਿਹਾ ਟੋਆ ਬਣਾ ਕੇ ਘਾਹ ਉੱਤੇ ਆਪਣਾ ਆਲ੍ਹਣਾ ਬਣਾਉਂਦਾ ਹੈ। ਇਸ ਵਿੱਚ ਮਾਦਾ ਤਿੰਨ ਤੋਂ ਚਾਰ ਆਂਡੇ ਦਿੰਦੀ ਹੈ। ਨਰ ਅਤੇ ਮਾਦਾ ਦੋਵੇਂ ਵਾਰੀ-ਵਾਰੀ ਆਂਡਿਆਂ ਦੀ ਦੇਖ-ਰੇਖ ਕਰਦੇ ਹਨ।
ਆਂਡਿਆਂ ਵਿੱਚੋਂ ਚੂਚੇ ਨਿਕਲਣ ਤੋਂ ਬਾਅਦ ਇਹ ਪੰਛੀ ਉਨ੍ਹਾਂ ਨੂੰ ਆਲੇ-ਦੁਆਲੇ ਉੱਗੀ ਘਾਹ ਅਤੇ ਬਨਸਪਤੀ ਵੱਲ ਲੈ ਜਾਂਦੇ ਹਨ। ਭੋਜਨ ਦੀ ਉਪਲੱਬਧਤਾ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਅਜਿਹੀ ਜਗ੍ਹਾ ਢੁਕਵੀਂ ਹੁੰਦੀ ਹੈ। ਬਹੁਤ ਸਾਰੇ ਸ਼ਿਕਾਰੀ ਪੰਛੀ ਜਿਵੇਂ ਕਿ ਜੰਗਲੀ ਬਿੱਲੀਆਂ, ਲੱਗੜ, ਬਾਜ਼ ਪ੍ਰਜਾਤੀਆਂ ਦੇ ਸ਼ਿਕਾਰੀ ਪੰਛੀਆਂ ਨਾਲ ਸਬੰਧ ਰੱਖਦੇ ਕੁੱਝ ਪੰਛੀ ਚੀਨੇ ਰੇਤਲ ਚਹੇ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਮਨੁੱਖੀ ਦਖਲਅੰਦਾਜ਼ੀ, ਜਿਵੇਂ ਕਿ ਹਵਾਈ ਆਵਾਜਾਈ ਅਤੇ ਸ਼ਿਕਾਰ ਇਨ੍ਹਾਂ ਪੰਛੀਆਂ ਲਈ ਸੰਭਾਵੀ ਖਤਰੇ ਹਨ। ਇਸ ਤੋਂ ਇਲਾਵਾ ਪ੍ਰਦੂਸ਼ਣ, ਜਲਵਾਯੂ ਤਬਦੀਲੀ ਅਤੇ ਮਾਈਨਿੰਗ ਇਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਪ੍ਰਜਾਤੀ ਵਰਤਮਾਨ ਵਿੱਚ ਵਿਨਾਸ਼ ਦੇ ਖ਼ਤਰੇ ਵਿੱਚ ਨਹੀਂ ਹੈ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ ਜਿਸ ਅਨੁਸਾਰ ਪੰਛੀਆਂ ਦੇ ਸ਼ਿਕਾਰ ’ਤੇ ਸਖ਼ਤ ਪਾਬੰਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910