ਮੁੰਬਈ, 21 ਸਤੰਬਰ
ਅਦਾਕਾਰਾ ਰਿਚਾ ਚੱਢਾ ਨੇ ਅੱਜ ਕਿਹਾ ਕਿ ਨਿਰਦੇਸ਼ਕ ਅਨੁਰਾਗ ਕਸ਼ਿਅਪ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਅਭਿਨੇਤਰੀ ਪਾਇਲ ਘੋਸ਼ ਨੇ ਉਸ ਦਾ ਨਾਂ (ਰਿਚਾ) ਇਸ ਮਾਮਲੇ ਵਿਚ ‘ਇਤਰਾਜ਼ਯੋਗ ਢੰਗ ਨਾਲ ਘੜੀਸਿਆ’ ਹੈ ਤੇ ਉਹ ਪਾਇਲ ਖ਼ਿਲਾਫ਼ ‘ਢੁੱਕਵੀਂ’ ਕਾਨੂੰਨੀ ਕਾਰਵਾਈ ਕਰ ਰਹੀ ਹੈ। ਪਾਇਲ ਵੱਲੋਂ ਲਾਏ ਦੋਸ਼ਾਂ ਨੂੰ ਅਨੁਰਾਗ ਨੇ ‘ਬੇਬੁਨਿਆਦ’ ਕਰਾਰ ਦਿੱਤਾ ਸੀ। ਘੋਸ਼ ਨੇ ਕਿਹਾ ਕਿ ਘਟਨਾ 2014-15 ਦੀ ਹੈ। ਰਿਸ਼ੀ ਕਪੂਰ ਤੇ ਪਾਰੇਸ਼ ਰਾਵਲ ਨਾਲ ਫ਼ਿਲਮ ‘ਪਟੇਲ ਕੀ ਪੰਜਾਬੀ ਸ਼ਾਦੀ’ ਨਾਲ ਬੌਲੀਵੁੱਡ ’ਚ ਸ਼ੁਰੂਆਤ ਕਰਨ ਵਾਲੀ ਪਾਇਲ ਨੇ ਦਾਅਵਾ ਕੀਤਾ ਹੈ ਕਿ ਅਨੁਰਾਗ ਨੇ ਉਸ ਨੂੰ ਕਿਹਾ ਸੀ ਕਿ ਨਿਰਦੇਸ਼ਕ ਦੀਆਂ ਕਈ ਹੋਰ ਮਹਿਲਾ ਅਦਾਕਾਰਾਂ ਦੇ ਨਾਲ ਵੀ ਨਜ਼ਦੀਕੀਆਂ ਰਹੀਆਂ ਹਨ, ਰਿਚਾ ਵੀ ਉਨ੍ਹਾਂ ਵਿਚੋਂ ਇਕ ਹੈ। ਚੱਢਾ ਨੇ ਟਵਿੱਟਰ ਉਤੇ ਆਪਣੀ ਵਕੀਲ ਦਾ ਬਿਆਨ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਔਰਤ ਨੂੰ ਆਪਣੀ ਆਜ਼ਾਦੀ ਹੋਰਨਾਂ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਨਹੀਂ ਵਰਤਣੀ ਚਾਹੀਦੀ। ਕਸ਼ਿਅਪ ਨੇ ਵੀ ਆਪਣੀ ਵਕੀਲ ਵੱਲੋਂ ਆਰੰਭੀ ਕਾਰਵਾਈ ਬਾਰੇ ਟਵੀਟ ਕੀਤਾ ਹੈ। ਅਨੁਰਾਗ ਨੇ ਕਿਹਾ ਸੀ ਕਿ ਉਹ ਹਰ ਮਾਮਲੇ ਉਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਦਾ ਹੈ, ਇਸ ਲਈ ਉਸ ਨੂੰ ਚੁੱਪ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਫ਼ਿਲਮ ਜਗਤ ਦੀਆਂ ਕਈ ਹਸਤੀਆਂ ਅਨੁਰਾਗ ਦੇ ਹੱਕ ਵਿਚ ਨਿੱਤਰੀਆਂ ਹਨ। -ਪੀਟੀਆਈ