ਮੁੰਬਈ, 20 ਸਤੰਬਰ
ਫ਼ਿਲਮ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਿਅਪ ’ਤੇ ਅਭਿਨੇਤਰੀ ਪਾਇਲ ਘੋਸ਼ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਜਾਣ ਮਗਰੋਂ ਕਸ਼ਿਅਪ ਦੀ ਸਾਬਕਾ ਪਤਨੀ ਤੇ ਫ਼ਿਲਮ ਐਡੀਟਰ ਆਰਤੀ ਬਜਾਜ ਨਿਰਦੇਸ਼ਕ ਦੀ ਹਮਾਇਤ ’ਚ ਨਿੱਤਰੀ ਹੈ। ਇਸ ਤੋਂ ਇਲਾਵਾ ਅਦਾਕਾਰਾ ਤਾਪਸੀ ਪੰਨੂ, ਨਿਰਦੇਸ਼ਕ ਅਨੁਭਵ ਸਿਨਹਾ, ਟਿਸਕਾ ਚੋਪੜਾ ਤੇ ਸੁਰਵੀਨ ਚਾਵਲਾ ਵੀ ਅਨੁਰਾਗ ਦੇ ਹੱਕ ਵਿਚ ਸਾਹਮਣੇ ਆਏ ਹਨ।
ਸ਼ਨਿਚਰਵਾਰ ਘੋਸ਼ ਨੇ ਟਵਿੱਟਰ ’ਤੇ ਦਾਅਵਾ ਕੀਤਾ ਕਿ ‘ਗੈਂਗਸ ਆਫ਼ ਵਾਸੇਪੁਰ’ ਦੇ ਨਿਰਦੇਸ਼ਕ ਨੇ ਉਸ ਨਾਲ ਜਿਨਸੀ ਤੌਰ ’ਤੇ ਢੁੱਕਵਾਂ ਵਿਹਾਰ ਨਹੀਂ ਕੀਤਾ ਸੀ। ਕਸ਼ਿਅਪ ਨੇ ਦੋਸ਼ਾਂ ਨੂੰ ‘ਬੇਬੁਨਿਆਦ’ ਕਰਾਰ ਦਿੱਤਾ ਹੈ। ਨਿਰਦੇਸ਼ਕ ਨੇ ਕਿਹਾ ਕਿ ਇਹ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਹੈ। ਘੋਸ਼ (30) ਨੇ ਆਪਣੇ ਟਵੀਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ ਤੇ ਨਿਰਦੇਸ਼ਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਕਸ਼ਿਅਪ ਦੀ ਪਹਿਲੀ ਪਤਨੀ ਬਜਾਜ ਨੇ ਕਿਹਾ ਕਿ ਫ਼ਿਲਮਸਾਜ਼ ਨੇ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਹੈ ਕਿ ਮਹਿਲਾ ਸਹਿਯੋਗੀਆਂ ਲਈ ਸੁਰੱਖਿਅਤ ਕੰਮਕਾਜੀ ਵਾਤਾਵਰਨ ਸਿਰਜਿਆ ਜਾਵੇ। ਆਰਤੀ ਬਜਾਜ ਨੇ ਲਿਖਿਆ ਕਿ ਕੋਈ ਇਮਾਨਦਾਰੀ ਨਹੀਂ ਬਚੀ ਤੇ ਜੇ ਕੋਈ ਕਿਸੇ ਗਲਤ ਕੰਮ ਖ਼ਿਲਾਫ਼ ਆਵਾਜ਼ ਉਠਾ ਰਿਹਾ ਹੈ, ਤਾਂ ਸਭ ਉਸ ਦੇ ਮਗਰ ਪੈਣ ਦਾ ਮੌਕਾ ਲੱਭ ਰਹੇ ਹਨ। ਬਜਾਜ ਨੇ ਘੋਸ਼ ਦੇ ਦੋਸ਼ਾਂ ਨੂੰ ‘ਸਸਤਾ ਸਟੰਟ’ ਕਰਾਰ ਦਿੱਤਾ।
‘ਥੱਪੜ’ ਦੀ ਅਦਾਕਾਰਾ ਤਾਪਸੀ ਨੇ ਕਿਹਾ ਕਿ ਅਨੁਰਾਗ ਤੋਂ ਵੱਡਾ ਔਰਤਾਂ ਦੇ ਹੱਕਾਂ ਵਿਚ ਬੋਲਣ ਵਾਲਾ ਕੋਈ ਹੋਰ ਨਹੀਂ ਹੈ। ਅਨੁਭਵ ਸਿਨਹਾ ਨੇ ਕਿਹਾ ਕਿ ‘ਮੀ ਟੂ’ ਅੰਦੋਲਨ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਇਹ ਮੰਚ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਆਵਾਜ਼ ਦੇਣ ਲਈ ਕਾਇਮ ਕੀਤਾ ਗਿਆ ਸੀ।
ਸੁਰਵੀਨ ਚਾਵਲਾ ਨੇ ਕਿਹਾ ਕਿ ਨਿਰਦੇਸ਼ਕ ’ਤੇ ਲਾਏ ਗਏ ਦੋਸ਼ ‘ਮੌਕਾਪ੍ਰਸਤੀ’ ਦੀ ਮਿਸਾਲ ਹਨ। ਟਿਸਕਾ ਚੋਪੜਾ ਨੇ ਕਿਹਾ ਕਿ ਕਸ਼ਿਅਪ ਨੇ ਹਮੇਸ਼ਾ ਕਲਾ ਦੀ ਕਦਰ ਕੀਤੀ ਹੈ, ਭਾਵੇਂ ਉਹ ਪੁਰਸ਼ ਹੋਵੇ ਜਾਂ ਔਰਤ। ਉਸ ਦੀ ਵਿਰਾਸਤ ਮੂੰਹੋਂ ਬੋਲਦੀ ਹੈ। ਇਨ੍ਹਾਂ ਸਾਰਿਆਂ ਨੇ ਅਨੁਰਾਗ ਕਸ਼ਿਅਪ ਨੂੰ ਸੱਦਾ ਦਿੱਤਾ ਕਿ ਉਹ ਹਰ ਗਲਤ ਕੰਮ ਖ਼ਿਲਾਫ਼ ਆਵਾਜ਼ ਉਠਾਉਂਦੇ ਰਹਿਣ। ਪਾਇਲ ਘੋਸ਼ ਦੇ ਦੋਸ਼ਾਂ ’ਤੇ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਕਿਹਾ ਹੈ ਕਿ ਮਾਮਲੇ ਦਾ ਨੋਟਿਸ ਲਿਆ ਜਾਵੇਗਾ। -ਪੀਟੀਆਈ