ਨੂਰ ਮੁਹੰਮਦ ਨੂਰ
‘ਮਾਇਆ ਤੇਰੇ ਤਿੰਨ ਨਾਮ ਪਰਸੂ, ਪਰਸਾ, ਪਰਸਰਾਮ’ ਭਾਵ ਜਿਉਂ ਜਿਉਂ ਬੰਦੇ ਕੋਲ ਮਾਇਆ ਵਧਦੀ ਜਾਂਦੀ ਹੈ ਤਿਉਂ ਤਿਉਂ ਬੰਦੇ ਦੀ ਇੱਜ਼ਤ ਵੀ ਵਧਦੀ ਜਾਂਦੀ ਹੈ। ਗ਼ਰੀਬ ਆਦਮੀ ਦਾ ਕੋਈ ਨਾਂ ਵੀ ਸਿੱਧਾ ਨਹੀਂ ਲੈਂਦਾ। ਜਿਵੇਂ ਆਖਦੇ ਨੇ ‘ਜੀਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ।’
ਇਸ ਅਖਾਣ ਦੇ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਜਾਂਦਾ ਹੈ ਕਿ ਕੋਈ ਆਦਮੀ ਜਿਸਦਾ ਨਾਂ ਮਾਪਿਆਂ ਨੇ ਪਰਸਰਾਮ ਰੱਖਿਆ ਹੋਇਆ ਸੀ ਉਸ ਦੀ ਗ਼ਰੀਬੀ ਪਾਰੋਂ ਲੋਕ ਉਸ ਨੂੰ ਪਰਸੂ ਹੀ ਆਖਦੇ। ਕੋਈ ਉਸਦਾ ਸਿੱਧਾ ਨਾਂ ਵੀ ਨਾ ਲੈਂਦਾ। ਜਦੋਂ ਉਸ ਦੇ ਚੰਗੇ ਦਿਨ ਆਏ ਤਾਂ ਲੋਕ ਉਸ ਨੂੰ ਪਰਸਾ ਆਖਣ ਲੱਗੇ। ਮਿਹਨਤ ਮੁਸ਼ੱਕਤ ਕਰਕੇ ਜਦੋਂ ਉਸ ਨੇ ਮਾਲ-ਮੱਤਾ ਇਕੱਠਾ ਕਰ ਲਿਆ ਅਤੇ ਭਲੇ ਕੰਮਾਂ ਵਿਚ ਕੁਝ ਖ਼ਰਚ ਕਰਨ ਲੱਗਿਆ ਤਾਂ ਲੋਕ ਉਸ ਨੂੰ ਦੇਵਤਾ ਸਮਾਨ ਸਮਝ ਕੇ ਪਰਸ ਰਾਮ ਆਖਣ ਲੱਗੇ।
ਡਾਕਟਰ ਮਿਹਰੁਲ ਹੱਕ ‘ਹਿੰਦੂ ਜਿਮਿਆਤ’ ਸਫ਼ਾ 186 ਉੱਤੇ ਲਿਖਦੇ ਹਨ,‘ਪਰਸਰਾਮ ਵਿਸ਼ਨੂੰ ਦਾ ਅਵਤਾਰ ਸੀ ਜਿਸ ਨੇ ਕਛੱਤਰੀਆਂ ਨੂੰ ਖ਼ਤਮ ਕਰਨ ਲਈ ਜਨਮ ਲਿਆ ਸੀ। ਉਸਦੀ ਮੂਰਤ ਵਿਚ ਉਸ ਦੇ ਇਕ ਹੱਥ ਵਿਚ ਕੁਹਾੜੀ ਦਰਸਾਈ ਗਈ ਹੈ ਜਿਸ ਤੋਂ ਜ਼ਾਹਰ ਹੁੰਦਾ ਏ ਕਿ ਉਹ ਨਿਰਦਈ ਏ ਅਤੇ ਉਸ ਦਾ ਕੰਮ ਕਤਲ ਕਰਨਾ ਏ। ਪਰਸਰਾਮ ਦੇ ਜਨਮ ਦੀ ਕਹਾਣੀ ਵਿਸ਼ਨੂੰ ਪ੍ਰਾਣ ਵਿਚ ਇੰਜ ਬਿਆਨ ਕੀਤੀ ਗਈ ਏ ਕਿ ਇਕ ਸ਼ਹਿਜ਼ਾਦੇ ਦਾ ਨਾਂ ਗੱਧੀ ਸੀ ਅਤੇ ਉਹ ਇੰਦਰ ਦਾ ਅਵਤਾਰ ਸੀ। ਉਸ ਦੀ ਇਕ ਧੀ ਸੀ ਜਿਸ ਦਾ ਨਾਂ ਸੱਤਿਆਵਤੀ ਸੀ। ਭਾਰਗੋ ਦੇ ਜਾਨਸ਼ੀਨ ਰਚੇਕਾ ਨੇ ਜਿਹੜਾ ਬੁੱਢਾ ਅਤੇ ਲੰਗੜਾ ਸੀ, ਸੱਤਿਆਵਤੀ ਦਾ ਰਿਸ਼ਤਾ ਮੰਗ ਲਿਆ। ਗੱਧੀ ਨੇ ਬੁੱਢੇ ਅਤੇ ਲੰਗੜੇ ਬ੍ਰਾਹਮਣ ਰਚੇਕਾ ਤੋਂ ਇਕ ਹਜ਼ਾਰ ਅਜਿਹੇ ਚਿੱਟੇ ਘੋੜੇ ਦਾਜ ਵਿਚ ਮੰਗ ਲਏ ਜਿਨ੍ਹਾਂ ਦਾ ਇਕ ਇਕ ਕੰਨ ਕਾਲਾ ਹੋਵੇ। ਗੱਧੀ ਦਾ ਖ਼ਿਆਲ ਸੀ ਕਿ ਨਾ ਬ੍ਰਾਹਮਣ ਤੋਂ ਘੋੜੇ ਇਕੱਠੇ ਹੋਣਗੇ, ਨਾ ਉਸਨੂੰ ਰਿਸ਼ਤਾ ਦੇਣਾ ਪਵੇਗਾ, ਪਰ ਰਚੇਕਾ ਨੇ ਵਰੂਨਾ ਦੀ ਸਹਾਇਤਾ ਨਾਲ ਜਦੋਂ ਘੋੜਿਆਂ ਦੀ ਸ਼ਰਤ ਪੂਰੀ ਕਰ ਦਿੱਤੀ ਤਾਂ ਗੱਧੀ ਨੂੰ ਧੀ ਦਾ ਰਿਸ਼ਤਾ ਉਸ ਨਾਲ ਕਰਨਾ ਹੀ ਪਿਆ।
ਰਚੇਕਾ ਚਾਹੁੰਦਾ ਸੀ ਕਿ ਉਸ ਦੇ ਘਰ ਪੁੱਤਰ ਜੰਮੇ ਜਿਸ ਲਈ ਉਸ ਨੇ ਚਾਵਲ, ਜੌਂ ਅਤੇ ਦੁੱਧ ਮੱਖਣ ਨਾਲ ਇਕ ਪਕਵਾਨ ਤਿਆਰ ਕੀਤਾ ਅਤੇ ਸੱਤਿਆਵਤੀ ਨੂੰ ਖਾਣ ਲਈ ਆਖਿਆ। ਦੂਜੇ ਪਾਸੇ ਸੱਤਿਆਵਤੀ ਦੀ ਮਾਂ ਨੂੰ ਵੀ ਬੱਚਾ ਹੋਣ ਵਾਲਾ ਸੀ ਅਤੇ ਉਹ ਵੀ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਅਜਿਹਾ ਬਹਾਦਰ, ਸੂਰਵੀਰ ਹੋਵੇ ਜਿਸ ਦੀ ਬਹਾਦਰੀ ਦੀ ਸਾਰੇ ਜਹਾਨ ਵਿਚ ਧਾਕ ਬੈਠ ਜਾਵੇ। ਜਦੋਂ ਸਤਿਆਵਤੀ ਨੇ ਆਪਣੀ ਮਾਂ ਦੀ ਖ਼ਾਹਿਸ਼ ਰਚੇਕਾ ਨੂੰ ਦੱਸੀ ਤਾਂ ਉਸ ਨੇ ਇਕ ਹੋਰ ਪਕਵਾਨ ਤਿਆਰ ਕਰਕੇ ਪੂਰੇ ਵੇਰਵੇ ਨਾਲ ਸੱਤਿਆਵਤੀ ਨੂੰ ਸਮਝਾ ਕੇ ਦੇ ਦਿੱਤਾ ਕਿ ਕਿਹੜਾ ਪਕਵਾਨ ਉਸ ਲਈ ਏ ਅਤੇ ਕਿਹੜਾ ਉਸ ਦੀ ਮਾਂ ਲਈ, ਪਰ ਜਦੋਂ ਮਾਵਾਂ ਧੀਆਂ ਪਕਵਾਨ ਖਾਣ ਲੱਗੀਆਂ ਤਾਂ ਸਤਿਆਵਤੀ ਦੀ ਮਾਂ ਨੇ ਆਖਿਆ ਕਿ ਮੇਰੀ ਵੱਡੀ ਇੱਛਾ ਏ ਕਿ ਮੇਰਾ ਪੁੱਤਰ ਮਹਾਨ ਬਣੇ। ਇਸ ਲਈ ਤੂੰ ਆਪਣਾ ਪਕਵਾਨ ਮੈਨੂੰ ਦੇ ਦੇ ਅਤੇ ਮੇਰਾ ਪਕਵਾਨ ਤੂੰ ਖਾ ਲੈ ਕਿਉਂ ਜੋ ਜਿਹੜਾ ਪਕਵਾਨ ਉਸ ਨੇ ਮੇਰੇ ਲਈ ਤਿਆਰ ਕੀਤਾ ਏ ਉਸਦੇ ਨਾਲ ਜਨਮ ਲੈਣ ਵਾਲਾ ਬਾਲ ਜ਼ਰੂਰ ਬਹਾਦਰੀ ਪਾਰੋਂ ਸਾਰੇ ਜਹਾਨ ਦਾ ਬਾਦਸ਼ਾਹ ਬਣੇਗਾ ਅਤੇ ਤੇਰੇ ਪਕਵਾਨ ਨਾਲ ਹਮਾਤੜ ਜਿਹਾ ਬ੍ਰਾਹਮਣ ਪੈਦਾ ਹੋਵੇਗਾ।
ਸੱਤਿਆਵਤੀ ਨੇ ਮਾਂ ਦੀ ਗੱਲ ਮੰਨ ਲਈ ਅਤੇ ਪਕਵਾਨ ਉਸ ਦੇ ਨਾਲ ਬਦਲ ਕੇ ਖਾ ਲਿਆ। ਰਚੇਕਾ ਮੁੰਨੀ ਨੂੰ ਜਦੋਂ ਪਤਾ ਲੱਗਿਆ ਤਾਂ ਉਸ ਨੇ ਸਤਿਆਵਤੀ ਨੂੰ ਕਿਹਾ ਕਿ ਇਹ ਤੂੰ ਕੀ ਕੀਤਾ ਏ। ਮੈਨੂੰ ਤੇ ਬ੍ਰਾਹਮਣ ਹੀ ਚਾਹੀਦਾ ਸੀ ਦੁਨੀਆ ਦੀ ਬਾਦਸ਼ਾਹੀ ਮੇਰੇ ਕਿਸ ਕੰਮ ਦੀ। ਸਤਿਆਵਤੀ ਨੇ ਰਚੇਕਾ ਦੇ ਪੈਰੀਂ ਪੈਂਦਿਆਂ ਕਿਹਾ ਕਿ ਜੇ ਤੇਰੀ ਇਹੋ ਮਰਜ਼ੀ ਏ ਤਾਂ ਤੂੰ ਮੇਰਾ ਪੋਤਰਾ ਅਜਿਹਾ ਕਰ ਲੈ। ਰਚੇਕਾ ਢਿੱਲਾ ਪੈ ਗਿਆ ਅਤੇ ਉਸ ਦੇ ਜਮਦਗਨੀ ਪੈਦਾ ਹੋਇਆ ਜਿਸ ਨੇ ਵੱਡੇ ਹੋ ਕੇ ਰੇਣੁਕਾ ਨਾਲ ਵਿਆਹ ਕੀਤਾ ਜਿਸ ਦੀ ਕੁੱਖੋਂ ਕਛੱਤਰੀਆਂ ਦਾ ਵੈਰੀ ਪਰਸ ਰਾਮ ਜਨਮਿਆ।’
‘ਪੰਜਾਬੀ ਸਾਹਿਤ ਸੰਦਰਭ ਕੋਸ਼’ ਦਾ ਲੇਖਕ ਡਾਕਟਰ ਰਤਨ ਸਿੰਘ ਜੱਗੀ ਲਿਖਦਾ ਹੈ, ‘ਵਿਸ਼ਨੂੰ ਦੇ ਦਸ ਅਵਤਾਰਾਂ ਵਿਚੋਂ ਪਰਸਰਾਮ ਅਵਤਾਰ ਜ਼ਾਤ ਦਾ ਬ੍ਰਾਹਮਣ ਸੀ ਜਿਹੜਾ ਜਮਦਗਨੀ ਦੇ ਘਰ ਰੇਣੁਕਾ ਦੀ ਕੁੱਖੋਂ ਪੈਦਾ ਹੋਇਆ। ਬਾਲਮੀਕੀ ਰਾਮਾਇਣ ਅਤੇ ਪੁਰਾਣ ਸਾਹਿਤ ਵਿਚ ਇਸ ਨਾਲ ਜੁੜੀਆਂ ਅਨੇਕਾਂ ਕਥਾਵਾਂ ਮਿਲਦੀਆਂ ਹਨ। ਬ੍ਰਾਹਮਣ ਹੁੰਦੇ ਹੋਏ ਵੀ ਪਰਸਰਾਮ ਦਾ ਆਚਾਰ-ਵਿਵਹਾਰ ਪੜ੍ਹਿਆਂ-ਲਿਖਿਆਂ ਵਾਲਾ ਸੀ। ਜਦੋਂ ਜਮਦਗਨੀ ਨੇ ਪ੍ਰਸੰਨ ਹੋ ਕੇ ਪਰਸਰਾਮ ਨੂੰ ਵਰ ਮੰਗਣ ਲਈ ਕਿਹਾ ਤਾਂ ਪਰਸਰਾਮ ਨੇ ਆਪਣੀ ਮਾਂ ਦੇ ਪੁੱਤਰ ਜੀਵਤ ਹੋਣ ਅਤੇ ਆਪਣੇ ਲਈ ਸਭ ਉੱਤੇ ਵਿਜਈ ਰਹਿਣ ਦਾ ਵਰ ਮੰਗਿਆ। ਜਮਦਗਨੀ ਨੇ ਇਹ ਵਰ ਪੂਰੇ ਕਰ ਦਿੱਤੇ।
ਇਕ ਵਾਰ ਪਰਸਰਾਮ ਦੀ ਗ਼ੈਰ ਹਾਜ਼ਰੀ ਵਿਚ ਸਹੰਸਰ ਬਾਹੂ ਜਮਦਗਨੀ ਦੀ ਕੁਟੀਆ ਵਿਚ ਆ ਕੇ ਜਬਰਦਸਤੀ ਕਾਮਧੇਨ ਹੋਇਆ। ਪਰਸਰਾਮ ਨੂੰ ਪਤਾ ਲੱਗਿਆ ਤਾਂ ਉਸ ਨੇ ਪਿੱਛਾ ਕਰਕੇ ਸਹੰਸਰ ਬਾਹੂ ਨੂੰ ਮਾਰ ਦਿੱਤਾ ਜਿਸਦਾ ਜਮਦਗਨੀ ਨੇ ਬੁਰਾ ਮਨਾਇਆ ਅਤੇ ਉਸ ਨੇ ਪਰਸਰਾਮ ਨੂੰ ਪਰਾਸ਼ਚਿਤ ਕਰਨ ਲਈ ਤਪੱਸਿਆ ਕਰਨ ਘੱਲਿਆ। ਸਹੰਸਰ ਬਾਹੂ ਦੀ ਮੌਤ ਦਾ ਸੁਣ ਕੇ ਉਸ ਦੇ ਪੁੱਤਰ ਰਾਜਕੁਮਾਰ ਨੇ ਜਮਦਗਨੀ ਦੀ ਕੁਟੀਆ ਉੱਤੇ ਹਮਲਾ ਕਰਕੇ ਜਮਦਗਨੀ ਨੂੰ ਮਾਰ ਦਿੱਤਾ। ਜਦੋਂ ਲੰਬੀ ਤਪੱਸਿਆ ਪਿੱਛੋਂ ਪਰਸਰਾਮ ਪਰਤਿਆ ਤਾਂ ਉਸਦੀ ਮਾਂ ਰੇਣੂਕਾ ਨੇ ਇੱਕੀ ਵਾਰ ਛਾਤੀ ਪਿੱਟ ਕੇ ਆਪਣੇ ਪੁੱਤਰ ਨੂੰ ਦੁਖੜਾ ਸੁਣਾਇਆ ਜਿਸ ’ਤੇ ਪਰਸਰਾਮ ਨੇ ਧਰਤੀ ਤੋਂ ਕਛੱਤਰੀਆਂ ਦਾ ਸਫ਼ਾਇਆ ਕਰਨ ਦੀ ਸਹੁੰ ਖਾਧੀ ਅਤੇ ਇੱਕੀ ਵਾਰ ਧਰਤੀ ਦੇ ਸਾਰੇ ਕਛੱਤਰੀਆਂ ਦਾ ਨਾਸ਼ ਕੀਤਾ।’ ਇਸ ਅਖਾਣ ਵਿਚ ਇਸੇ ਪਰਸਰਾਮ ਅਵਤਾਰ ਵੱਲ ਇਸ਼ਾਰਾ ਕੀਤਾ ਗਿਆ ਹੈ।
ਸੰਪਰਕ: 98555-51359