ਮੁੰਬਈ, 25 ਅਗਸਤ
ਫ਼ੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਅਦਾਕਾਰੀ ਕਰਨਾ ਚਾਹੁੰਦੀ ਸੀ, ਪਰ ਇਸ ਪੇਸ਼ੇ ਵਿਚ ਨਹੀਂ ਆਈ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਫ਼ਿਲਮ ਜਗਤ ਵਿਚ ਇਕ ਖ਼ਾਸ ਤਰ੍ਹਾਂ ਦੇ ਚਿਹਰੇ ਹੀ ਚੱਲਦੇ ਹਨ। ਮਸਾਬਾ ਦਾ ਲੰਮੇ ਸਮੇਂ ਤੋਂ ਦੱਬਿਆ ਸੁਪਨਾ ਹੁਣ ਨੈੱਟਫਲਿਕਸ ਸੀਰੀਜ਼ ‘ਮਸਾਬਾ ਮਸਾਬਾ’ ਰਾਹੀਂ ਸਾਕਾਰ ਹੋਣ ਜਾ ਰਿਹਾ ਹੈ। ਇਹ ਮਸਾਬਾ ਦੀ ਜ਼ਿੰਦਗੀ ਦੇ ਅਸਲ ਪਲਾਂ ਉਤੇ ਅਧਾਰਿਤ ਹੈ। ਸੀਰੀਜ਼ ਵਿਚ ਉਸ ਦੀ ਮਾਂ ਅਭਿਨੇਤਰੀ ਨੀਨਾ ਗੁਪਤਾ ਵੀ ਹੈ। ਮਸਾਬਾ ਨੇ ਕਿਹਾ ਕਿ ਛੋਟੀ ਉਮਰ ’ਚ ਹੀ ਉਹ ਅਦਾਕਾਰੀ ਵੱਲ ਆਉਣਾ ਚਾਹੁੰਦੀ ਸੀ ਪਰ ਜਦ ਉਹ ਫ਼ੈਸ਼ਨ ਜਗਤ ਦਾ ਹਿੱਸਾ ਬਣ ਗਈ ਤਾਂ ਇਹ ਸੁਫ਼ਨਾ ਕਿਤੇ ਗੁਆਚ ਗਿਆ। ਮਸਾਬਾ ਨੇ ਕਿਹਾ ਕਿ ਫ਼ਿਲਮਾਂ ਵਿਚ ਭੂਮਿਕਾਵਾਂ ਲਈ ਅਦਾਕਾਰਾਂ ਦੀ ਚੋਣ ਕੁਝ ਖ਼ਾਸ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਂਦੀ ਹੈ। ਉਸ ਨੇ ਕਿਹਾ ਕਿ ਫ਼ਿਲਮਾਂ ਮੰਗਣ ਲਈ ਉਹ ਕਦੇ ਕਿਸੇ ਕੋਲ ਨਹੀਂ ਜਾਵੇਗੀ, ਖ਼ਾਸ ਕਰ ਕੇ ਉਨ੍ਹਾਂ ਕੋਲ ਜੋ ਉਸ ਵਿਚ ਭਰੋਸਾ ਹੀ ਨਹੀਂ ਕਰਦੇ। ਉਸ ਨੇ ਕਿਹਾ ਕਿ ਉਹ ਆਪਣੇ ਫ਼ੈਸ਼ਨ ਕਾਰੋਬਾਰ ਵਿਚ ਰੁੱਝੀ ਹੋਈ ਹੈ ਤੇ ਉਸ ਨੂੰ ਇਹ ਚੰਗਾ ਲੱਗਦਾ ਹੈ।
ਮਸਾਬਾ ਨੇ ਨਾਲ ਹੀ ਕਿਹਾ ਕਿ ਸ਼ੋਅ ‘ਰੀਲ ਤੇ ਰੀਅਲ’ ਜ਼ਿੰਦਗੀ ਵਿਚਾਲੇ ਲੀਕ ਨੂੰ ਫਿੱਕਾ ਪਾਵੇਗਾ। ਬਹੁਤੀਆਂ ਘਟਨਾਵਾਂ ਅਸਲੀ ਹਨ ਤੇ ਇਨ੍ਹਾਂ ਨੂੰ ਰੌਚਕ ਬਣਾਉਣ ਲਈ ਕੁਝ ਕਾਲਪਨਿਕ ਘਟਨਾਵਾਂ ਵੀ ਜੋੜੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਮਸਾਬਾ ਨੀਨਾ ਤੇ ਵੈਸਟ ਇੰਡੀਜ਼ ਕ੍ਰਿਕਟਰ ਵਿਵੀਅਨ ਰਿਚਰਡਜ਼ ਦੀ ਧੀ ਹੈ। -ਪੀਟੀਆਈ