ਮਨਦੀਪ ਸਿੰਘ ਸਿੱਧੂ
ਨਸੀਮ ਅਖ਼ਤਰ ਦੀ ਪੈਦਾਇਸ਼ 1923 ਵਿੱਚ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਮੂਲ ਰੂਪ ਵਿੱਚ ਇਨ੍ਹਾਂ ਦਾ ਤਾਲੁਕ ਲਾਹੌਰ ਦੀ ਹੀਰਾ ਮੰਡੀ ਨਾਲ ਸੀ, ਜਿਸ ਨੇ ਭਾਰਤੀ ਫ਼ਿਲਮ ਸਨਅਤ ਨੂੰ ਅਨੇਕਾਂ ਕਾਮਯਾਬ ਸਿਤਾਰੇ ਦਿੱਤੇ। ਬਾਲ ਉਮਰੇ ਹੀ ਨਸੀਮ ਦੀ ਸੰਗੀਤ ਨਾਲ ਬੇਪਨਾਹ ਉਲਫ਼ਤ ਨੇ ਉਸ ਨੂੰ ਆਲ ਇੰਡੀਆ ਰੇਡੀਓ, ਲਾਹੌਰ ਦੀ ਮਸ਼ਹੂਰ ਗੁਲੂਕਾਰਾ ਬਣਾ ਦਿੱਤਾ। 1930ਵਿਆਂ ਦੇ ਦਹਾਕੇ ’ਚ ਰੇਡੀਓ ਸਟੇਸ਼ਨ ਤੋਂ ਉਸ ਦੀ ਦਿਲਕਸ਼ ਆਵਾਜ਼ ’ਚ ਗਾਏ ਪੰਜਾਬੀ ਲੋਕ ਗੀਤ ਪੰਜਾਬ ਦੀਆਂ ਫ਼ਿਜ਼ਾਵਾਂ ਵਿੱਚ ਗੂੰਜਣ ਲੱਗ ਪਏ।
ਜਦੋਂ ਇਸ ਗੁਲੂਕਾਰਾ ਦੀ ਆਵਾਜ਼ ਫ਼ਿਲਮਾਂ ਵਾਲਿਆਂ ਦੇ ਕੰਨੀ ਪਈ ਤਾਂ ਉਨ੍ਹਾਂ ਨੇ ਇਸ ਖ਼ੂਬਸੂਰਤ ਆਵਾਜ਼ ਦਾ ਇਸਤੇਮਾਲ ਫ਼ਿਲਮਾਂ ਵਿੱਚ ਪਸ-ਏ-ਪਰਦਾ ਗੁਲੂਕਾਰਾ ਵਜੋਂ ਕੀਤਾ। ਕਾਰਵਾਂ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਕੇ. ਡੀ. ਮਹਿਰਾ ਦੀ ਹਿਦਾਇਤਕਾਰੀ ਵਿੱਚ ਬਣੀ ਹਿੰਦੀ ਫ਼ਿਲਮ ‘ਭਾਈ’ (1944) ’ਚ ਨਸੀਮ ਅਖ਼ਤਰ ਨੂੰ ਗੁਲੂਕਾਰੀ ਦਾ ਪਹਿਲਾ ਮੌਕਾ ਦਿੱਤਾ ਮਾਰੂਫ਼ ਸੰਗੀਤਕਾਰ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ। ਫ਼ਿਲਮ ’ਚ ਖ਼ਾਨ ਸ਼ਾਤਿਰ ਗ਼ਜ਼ਨਵੀ ਦੇ ਲਿਖੇ ਗੀਤ ‘ਇਸ ਦਿਲ ਕੀ ਹਾਲਤ ਕਯਾ ਕਹੀਏ’ ਤੇ ‘ਕੁਛ ਯਾਦ ਦਿਲਾਤੀ ਹੈਂ ਹਮੇਂ ਬੀਤੀ ਹੂਈ ਬਾਤੇਂ’ (ਨਸੀਮ ਅਖ਼ਤਰ), ‘ਤੇਰੀ ਨਗਰੀ ਫਿਰੇ ਬਨਜਾਰਾ ਕੋਈ’ (ਨਸੀਮ ਅਖ਼ਤਰ, ਗ਼ੁਲਾਮ ਹੈਦਰ) ਗੀਤ ਖ਼ੂਬ ਚੱਲੇ। 1941 ਵਿੱਚ ਸ਼ੁਰੂ ਹੋਈ ਇਹ ਫ਼ਿਲਮ 22 ਦਸੰਬਰ 1944 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਸ਼ੋਰੀ ਪਿਕਚਰਜ਼, ਲਾਹੌਰ ਦੀ ਰੂਪ ਕੇ. ਸ਼ੌਰੀ ਨਿਰਦੇਸ਼ਿਤ ਹਿੰਦੀ ਫ਼ਿਲਮ ‘ਨਿਸ਼ਾਨੀ’ (1942) ’ਚ ਨਸੀਮ ਅਖ਼ਤਰ ਨੇ ਪੰਜਾਬੀ ਸੰਗੀਤਕਾਰ ਪੰਡਤ ਅਮਰਨਾਥ ਦੇ ਸੰਗੀਤ ’ਚ ਹਜ਼ਰਤ ਅਜ਼ੀਜ਼ ਕਸ਼ਮੀਰੀ ਦੇ ਲਿਖੇ ‘ਯੇ ਕਯਾ ਸੁਨ ਰਹੀ ਹੂੰ’, ‘ਵੋ ਤੜਫਾ ਰਹੇ ਹੈਂ’ ਤੇ ਇੱਕ ਗੀਤ ਜ਼ੀਨਤ ਬੇਗ਼ਮ ਨਾਲ ‘ਹੂਈ ਦਿਲ ਮੇਂ ਪੈਦਾ ਜਲਨ’ ਵੀ ਪਸੰਦ ਕੀਤੇ ਗਏ। ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀ ਸ਼ੌਕਤ ਹੁਸੈਨ ਰਿਜ਼ਵੀ ਨਿਰਦੇਸ਼ਿਤ ਫ਼ਿਲਮ ‘ਖ਼ਾਨਦਾਨ’ (1942) ਜੋ ਬਤੌਰ ਹੀਰੋ ਪ੍ਰਾਣ ਕ੍ਰਿਸ਼ਨ ਸਿਕੰਦ ਦੀ ਪਹਿਲੀ ਫ਼ਿਲਮ ਸੀ। ਇਸ ਫ਼ਿਲਮ ਵਿੱਚ ਭਾਈ ਗ਼ੁਲਾਮ ਹੈਦਰ ਨੇ ਨਸੀਮ ਅਖ਼ਤਰ ਕੋਲੋਂ ਇੱਕ ਕੋਰਸ ਗੀਤ ‘ਚਲੋ ਪਨੀਆ ਭਰਨ ਕੋ ਚਲੇਂ’ (ਨਾਲ ਨੂਰਜਹਾਂ, ਸ਼ਮਸ਼ਾਦ ਬੇਗ਼ਮ) ਗਵਾਇਆ ਜੋ ਸਟੇਜ ਉੱਤੇ ਮਨੋਰਮਾ ਤੇ ਸਹੇਲੀਆਂ ’ਤੇ ਫ਼ਿਲਮਾਇਆ ਗਿਆ ਸੀ।
ਨੌਰਦਰਨ ਇੰਡੀਆ ਸਟੂਡੀਓਜ਼ ਲਿਮਟਿਡ, ਲਾਹੌਰ ਦੀ ਬੀ. ਐੱਸ. ਰਾਜਹੰਸ (ਸਹਾਇਕ ਭਰਤ ਵੀਰ) ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਪਟਵਾਰੀ’ (1942), ਜਿਸ ਦੀਆਂ ਮੁੱਖ ਭੂਮਿਕਾਵਾਂ ਵਿੱਚ ਰਾਗਿਨੀ, ਐੱਸ. ਡੀ. ਨਾਰੰਗ ਤੇ ਮਨੋਰਮਾ ਸਨ। ਫ਼ਿਲਮ ’ਚ ਨਸੀਮ ਅਖ਼ਤਰ ਨੇ ਪੰਡਤ ਗੋਬਿੰਦਰਾਮ ਦੇ ਸੰਗੀਤ ’ਚ ਵਲੀ ਸਾਹਿਬ ਦੇ ਲਿਖੇ ‘ਵਗ-ਵਗ ਵੇ ਝਨਾਂ ਦਿਆ ਪਾਣੀਆਂ ਤੇਰੇ ਕੰਢਿਆਂ ’ਤੇ ਆਸ਼ਕਾਂ ਨੇ ਮੌਜਾਂ ਮਾਣੀਆ’, ‘ਕਾਲੀਆਂ-ਕਾਲੀਆਂ ਬੱਦਲੀਆਂ ਪਿੱਛੇ ਕੋਇਲ ਪਈ ਬੋਲਦੀ’ ਤੇ ‘ਗੋਰੀਏ-ਸੋਹਣੀਏ ਨਾ ਕਰ ਗ਼ੁਮਾਨ ਗੋਰੇ ਰੰਗ ਦਾ’ (ਨਾਲ ਸ਼ਮਸ਼ਾਦ ਬੇਗ਼ਮ), ‘ਪੀ ਲੈ ਪੀ ਲੈ ਜਾਮ ਸ਼ਰਾਬੀ’ ਗੀਤ ਰਾਗਿਨੀ, ਮਨੋਰਮਾ ਤੇ ਸਹੇਲੀਆਂ ’ਤੇ ਫ਼ਿਲਮਬੰਦ ਕੀਤੇ ਗਏ। ਇਹ ਫ਼ਿਲਮ 8 ਦਸੰਬਰ 1942 ਨੂੰ ਵਲਿੰਗਟਨ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ। ਯੂਨੀਅਨ ਪਿਕਚਰਜ਼, ਲਾਹੌਰ ਦੀ ਹੈਦਰ ਸ਼ਾਹ ਨਿਰਦੇਸ਼ਿਤ ਮਜ਼ਾਹੀਆ ਪੰਜਾਬੀ ਫ਼ਿਲਮ ‘ਨਿਖੱਟੂ’ (1943) ਜਿਸ ਦੇ ਮਰਕਜ਼ੀ ਕਿਰਦਾਰ ਗੁਲ ਜ਼ਮਾਨ ਤੇ ਰਾਜ ਰਾਣੀ ਨੇ ਨਿਭਾਏ ਸਨ। ਇਸ ਫ਼ਿਲਮ ਵਿੱਚ ਨਸੀਮ ਅਖ਼ਤਰ ਨੇ ਮਾਸਟਰ ਗੋਬਿੰਦਰਾਮ ਦੇ ਸੰਗੀਤ ’ਚ ਐੱਫ਼. ਡੀ. ਸਰਫ਼ (ਫ਼ੀਰੋਜ਼ਦੀਨ ਸ਼ਰਫ਼) ਦੇ ਲਿਖੇ ਗੀਤ ‘ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ’, ‘ਸੰਤਰਿਆ ਦੇ ਰਸ ਦਿਆ ਭਰਿਆ ਮੇਰਾ ਮਾਹੀ ਮੇਰੇ ਨਾਲ ਲੜਿਆ’, ‘ਦੁਨੀਆ ਸੌ ਰੰਗੀ ਸੌ ਸੌ ਰੰਗ ਵਿਖਾਵੇ’, ‘ਫੁੱਲਾਂ ਦਾ ਸੈਂਟ ਲਿਆ ਮਾਹੀਆ’ (ਨਾਲ ਨੂਰਜਹਾਂ) ਤੋਂ ਇਲਾਵਾ ‘ਫੁੱਲ ਹੋਵੇਂ ਤੂੰ ਡਾਲ ਮੈਂ ਹੋਵਾਂ’ (ਨਾਲ ਗੁਲ ਜ਼ਮਾਨ) ਆਦਿ ਗੀਤ ਘਰ-ਘਰ ਗੂੰਜੇ। ਇਹ ਫ਼ਿਲਮ 14 ਜੁਲਾਈ 1943 ਨੂੰ ਵਲਿੰਗਟਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਮਾਹੇਸ਼ਵਰੀ ਪਿਕਚਰਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਹਿੰਦੀ ਫ਼ਿਲਮ ‘ਪਗਲੀ’ (1943) ਵਿੱਚ ਨਸੀਮ ਅਖ਼ਤਰ ਨੇ ਪੰਡਤ ਗੋਬਿੰਦਰਾਮ ਦੇ ਸੰਗੀਤ ’ਚ ਕਮਰ ਜਲਾਲਾਬਾਦੀ ਦਾ ਲਿਖਿਆ ਗੀਤ ‘ਉਮੀਦ ਤੜਪਤੀ ਹੈ ਰੋਤੀ ਹੈਂ ਤਮੰਨਾਏਂ’ ਗਾਇਆ।
1944 ਵਿੱਚ ਨਸੀਮ ਅਖ਼ਤਰ ਲਾਹੌਰ ਤੋਂ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਆ ਗਈ। ਇੱਥੇ ਆ ਕੇ ਉਸ ਨੂੰ ਤਲਵਾਰ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਸ਼ੁਕਰੀਆ’ (1944) ’ਚ ਨਗ਼ਮਾਸਰਾਈ ਕਰਨ ਦਾ ਮੌਕਾ ਮਿਲਿਆ। ਉਸ ਨੇ ਜੀ. ਏ. ਚਿਸ਼ਤੀ (ਗ਼ੁਲਾਮ ਅਹਿਮਦ ਚਿਸ਼ਤੀ) ਦੇ ਸੰਗੀਤ ’ਚ ਸਿਰਫ਼ ਇੱਕੋ ਗੀਤ ‘ਯੂੰ ਦੇਖਨੇ ਕੋ ਆਂਖ ਮਿਲਾ ਕਰ ਚਲੇ ਗਏ’ ਗਾਇਆ ਜੋ ਪਸੰਦ ਕੀਤਾ ਗਿਆ। ਰਾਜਕਮਲ ਕਲਾਮੰਦਿਰ, ਬੰਬੇ ਦੀ ਵੀ. ਸ਼ਾਂਤਾਰਾਮ ਨਿਰਦੇਸ਼ਿਤ ਫ਼ਿਲਮ ‘ਪਰਬਤ ਪੇ ਅਪਨਾ ਡੇਰਾ ਹੈ’ (1944) ’ਚ ਵਸੰਤ ਦੇਸਾਈ ਦੇ ਸੰਗੀਤ ’ਚ ਦੀਵਾਨ ਸ਼ਰਰ ਦੇ ਲਿਖੇ ‘ਹਮਸੇ ਕਰ ਲੇ ਪ੍ਰੀਤ ਰੀ ਜੋਗਨ’ ਤੇ ‘ਆ ਨਿਕਲੋ ਗੂਈਆਂ ਮੇਰੀ’ (ਨਸੀਮ ਅਖ਼ਤਰ, ਵਸੰਤ ਦੇਸਾਈ) ਗੀਤ ਬੜੇ ਹਿੱਟ ਹੋਏ।
ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਸਨਿਆਸੀ’ (1945) ਵਿੱਚ ਨੌਸ਼ਾਦ ਅਲੀ ਦੇ ਸੰਗੀਤ ’ਚ ਇੱਕ ਗੀਤ ‘ਏ ਬਾਤ ਕਹੂੰ ਰਾਜਾ ਕਿਸੀ ਸੇ ਨਾ ਕਹੀਓ’ (ਨਸੀਮ ਅਖ਼ਤਰ) ਗਾਇਆ ਜਿਸ ਦੇ ਬੋਲ ਬੀ. ਸੀ. ਮਧੁਰ ਨੇ ਲਿਖੇ ਸਨ। ਨਜ਼ੀਰ ਦੇ ਫ਼ਿਲਮਸਾਜ਼ ਅਦਾਰੇ ਹਿੰਦ ਪਿਕਚਰਜ਼, ਬੰਬੇ ਦੀ ਨਜ਼ੀਰ ਤੇ ਸ਼ਰੀਫ਼ ਨਈਅਰ ਨਿਰਦੇਸ਼ਿਤ ਰੁਮਾਨੀ ਫ਼ਿਲਮ ‘ਲੈਲਾ ਮਜਨੂੰ’ (1945) ’ਚ ਰਫ਼ੀਕ ਗ਼ਜ਼ਨਵੀ ਤੇ ਪੰਡਤ ਗੋਬਿੰਦਰਾਮ ਦੇ ਸੰਗੀਤ ’ਚ ‘ਤੁਮਹਾਰੀ ਜਾਨੇ ਤਮੰਨਾ ਸਲਾਮ ਕਹਿਤੀ ਹੈ’, ‘ਸਾਂਸ ਜੋ ਸੀਨੇ ਮੇਂ ਫ਼ਰਿਆਦ’ (ਨਸੀਮ ਅਖ਼ਤਰ), ‘ਦੁਨੀਆ ਹੈ ਅਬ ਮੇਰੇ ਲੀਏ ਜ਼ਿੰਦਾ ਤੇਰੇ ਬਗ਼ੈਰ’ ਤੇ ‘ਕਯਾ ਸਿਤਮ ਹੈ ਜ਼ੁਲਮ ਹੈ’ (ਨਾਲ ਖ਼ਾਨ ਮਸਤਾਨਾ) ਗੀਤ ਸਵਰਨ ਲਤਾ ਤੇ ਨਜ਼ੀਰ ’ਤੇ ਫ਼ਿਲਮਾਏ ਗਏ ਸਨ। ਮਜ਼ਹਰ ਖ਼ਾਨ ਦੇ ਫ਼ਿਲਮਸਾਜ਼ ਅਦਾਰੇ ਮਜ਼ਹਰ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਮਜ਼ਹਰ ਖ਼ਾਨ ਨਿਰਦੇਸ਼ਿਤ ਫ਼ਿਲਮ ‘ਪਹਿਲੀ ਨਜ਼ਰ’ (1945) ’ਚ ਨਸੀਮ ਨੇ ਅਨਿਲ ਬਿਸਵਾਸ ਦੇ ਸੰਗੀਤ ’ਚ ਡਾ. ਸ਼ਫ਼ਦਰ ‘ਆਹ’ ਦੇ ਲਿਖੇ 3 ਗੀਤ ‘ਉਨਕਾ ਇਸ਼ਾਰਾ ਜਾਨ ਸੇ ਪਯਾਰਾ’, ‘ਪਹਿਲੀ ਨਜ਼ਰ ਕਾ ਤੀਰ ਰੇ ਲਗਾ’ ਤੇ ‘ਜਵਾਨੀ ਯੇ ਭਰਪੂਰ ਅਦਾਏਂ’ (ਦੋਵੇਂ ਗੀਤ ਮੁਕੇਸ਼ ਨਾਲ) ਅਦਾਕਾਰਾ ਮੁਨੱਵਰ ਸੁਲਤਾਨਾ ਤੇ ਮੋਤੀ ਲਾਲ ’ਤੇ ਫ਼ਿਲਮਾਏ ਗਏ ਸਨ।
ਜੇਯੰਤ ਦੇਸਾਈ ਪ੍ਰੋਡਕਸ਼ਨਜ਼, ਬੰਬੇ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਤਦਬੀਰ’ (1945) ’ਚ ਲਾਲ ਮੁਹੰਮਦ ਦੇ ਸੰਗੀਤ ’ਚ ਸਿਰਫ਼ ਇੱਕੋ ਗੀਤ ‘ਬਾਂਕੇ ਨੈਨਾ ਸੇ ਕਰ ਕੇ ਇਸ਼ਾਰੇ’ ਗਾਇਆ। ਅਮਰ ਪਿਕਚਰਜ਼, ਬੰਬੇ ਦੀ ਸੁਰਿੰਦਰ ਦੇਸਾਈ ਨਿਰਦੇਸ਼ਿਤ ਫ਼ਿਲਮ ‘ਰਤਨਾਵਲੀ’ (1945) ’ਚ ਨਸੀਮ ਅਖ਼ਤਰ ਨੇ ਪੰਡਤ ਗੋਬਿੰਦਰਾਮ ਦੇ ਸੰਗੀਤ ’ਚ ਬਜਿੰਦਰ ਗੌੜ ਦਾ ਲਿਖਿਆ ਇੱਕੋ ਗੀਤ ‘ਯੇ ਮੇਰੇ ਮੈਂ ਇਨਕੀ ਹੂੰ’ (ਨਾਲ ਸੁਰਿੰਦਰ ਨਾਥ) ਗਾਇਆ ਜੋ ਸੁਰਿੰਦਰ ਨਾਥ ਤੇ ਰਤਨਮਾਲਾ ’ਤੇ ਫ਼ਿਲਮਾਇਆ ਗਿਆ ਸੀ। ਜ਼ਹੂਰ ਰਾਜਾ ਦੇ ਫ਼ਿਲਮਸਾਜ਼ ਅਦਾਰੇ ਰਾਜਾ ਮੂਵੀਟੋਨ, ਬੰਬੇ ਦੀ ਜ਼ਹੂਰ ਰਾਜਾ ਨਿਰਦੇਸ਼ਿਤ ਫ਼ਿਲਮ ‘ਗ਼ਜ਼ਲ’ (1945) ’ਚ ਗਿਆਨ ਦੱਤ ਦੇ ਸੰਗੀਤ ’ਚ ‘ਯੇ ਕਿਸ ਨੇ ਮੁਝਕੋ ਦੇਖਾ ਮੁਸਕਰਾ ਕਰ’, ‘ਯੇ ਰੰਗ ਜੁਦਾਈ ਕੇ ਉਠਾਏ ਨਹੀਂ ਜਾਤੇ’ (ਨਸੀਮ ਅਖ਼ਤਰ) ਗੀਤ ਗਾਏ। ਚੰਦਰ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਨਾਨਭਾਈ ਭੱਟ ਨਿਰਦੇਸਿਤ ਫ਼ਿਲਮ ‘ਚਾਲੀਸ ਕਰੋੜ’ (1945) ’ਚ ਪੰਡਤ ਗੋਬਿੰਦਰਾਮ ਦੇ ਸੰਗੀਤ ’ਚ ਪੰਡਤ ਇੰਦਰ ਦਾ ਲਿਖਿਆ ਸਿਰਫ਼ ਇੱਕੋ ਗੀਤ ‘ਜਾਗ ਰਹੇ ਯਾ ਸੋਏ ਹੋ’ (ਨਸੀਮ ਅਖ਼ਤਰ) ਗਾਇਆ। ਇਹੀ ਫ਼ਿਲਮ ਲਬਿਰਟੀ ਪਿਕਚਰਜ਼, ਬੰਬੇ ਦੇ ਬੈਨਰ ਹੇਠ ਬਟੁਕ ਭੱਟ ਦੀ ਹਿਦਾਇਤਕਾਰੀ ਵਿੱਚ ‘ਸੁਧਾਰ’ (1949) ਦੇ ਦੂਸਰੇ ਸਿਰਲੇਖ ਹੇਠ ਨੁਮਾਇਸ਼ ਹੋਈ, ਪਰ ਪਹਿਲੀ ਫ਼ਿਲਮ ਦੇ ਤਮਾਮ ਗੀਤ ਦੁਬਾਰਾ ਸ਼ਾਮਲ ਕੀਤੇ ਗਏ ਸਨ। ਮਾਹੇਸ਼ਵਰੀ ਪਿਕਚਰਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫ਼ਿਲਮ ‘ਰਾਗਨੀ’ (1945) ’ਚ ਪੰਡਤ ਅਮਰਨਾਥ ਦੇ ਸੰਗੀਤ ’ਚ ਸਿਰਫ਼ ਇੱਕੋ ਗੀਤ ਨਸੀਮ ਅਖ਼ਤਰ ਨੇ ਗਾਇਆ ‘ਉਠ ਸੋਏ ਹੂਏ ਹੁਸਨ ਤੁਝੇ ਇਸ਼ਕ ਜਗਾਏ’।
ਹਿੰਦ ਪਿਕਚਰਜ਼, ਬੰਬੇ ਦੀ ਨਜ਼ੀਰ ਨਿਰਦੇਸ਼ਿਤ ਫ਼ਿਲਮ ‘ਵਾਮਿਕ ਅਜ਼ਰਾ’ (1946) ’ਚ ਏ. ਆਰ. ਕੁਰੈਸ਼ੀ ਦੇ ਸੰਗੀਤ ’ਚ 8 ਗੀਤ ਗਾਏ ਜੋ ਸਵਰਨ ਲਤਾ ਤੇ ਨਜ਼ੀਰ ’ਤੇ ਫ਼ਿਲਮਾਏ ਗਏ ਸਨ। ਜੇਯੰਤ ਦੇਸਾਈ ਪ੍ਰੋਡਕਸ਼ਨਜ਼, ਬੰਬੇ ਦੀ ਈਸ਼ਵਰ ਲਾਲ ਤੇ ਰਵਿੰਦਰ ਜਯਕਰ ਨਿਰਦੇਸ਼ਿਤ ਫ਼ਿਲਮ ‘ਸੋਹਣੀ ਮਹੀਂਵਾਲ’ (1946) ’ਚ ਸੰਗੀਤਕਾਰ ਲਾਲ ਮੁਹੰਮਦ ਨੇ ਨਸੀਮ ਕੋਲੋਂ ਸਿਰਫ਼ ਇੱਕੋ ਗੀਤ ‘ਮੁਝੇ ਲੂਟ ਲੀਆ ਰੇ’ ਗਵਾਇਆ ਜੋ ਬੇਗ਼ਮ ਪਾਰਾ ’ਤੇ ਫ਼ਿਲਮਾਇਆ ਗਿਆ ਸੀ। ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਕਾਮਯਾਬ ਤਾਰੀਖ਼ੀ ਫ਼ਿਲਮ ‘ਸ਼ਾਹਜਹਾਨ’ (1946) ’ਚ ਨੌਸ਼ਾਦ ਅਲੀ ਦੇ ਸੰਗੀਤ ’ਚ ਮਜਰੂਹ ਸੁਲਤਾਨਪੁਰੀ ਦਾ ਲਿਖਿਆ ਅਤੇ ਰੂਹੀ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਨਸਰੀਨ (ਵਾਲਿਦਾ ਸਲਮਾ ਆਗਾ) ’ਤੇ ਫ਼ਿਲਮਾਇਆ ਗਿਆ ਨਸੀਮ ਅਖ਼ਤਰ ਦਾ ਗੀਤ ‘ਆਗ ਲਗੀ ਦਿਲ ਮੇਂ ਵੋ ਪਿਆਰੀ ਗਾਨੇ ਲਗੀਂ ਉਮੰਗੇ ਸਾਰੀ’ ਬੇਹੱਦ ਮਕਬੂਲ ਹੋਇਆ ਸੀ। ਇਸ ਫ਼ਿਲਮ ਲਈ ਨਸੀਮ ਨੇ ਇੱਕ ਹੋਰ ਗੀਤ ‘ਬਰਬਾਦ ਨਾ ਕਰ ਦੇ ਕਹੀਂ ਬੇਦਰਦ ਜ਼ਮਾਨਾ’ ਗਾਇਆ ਸੀ, ਪਰ ਇਹ ਗੀਤ ਫ਼ਿਲਮ ’ਚ ਸ਼ਾਮਲ ਨਹੀਂ ਕੀਤਾ ਗਿਆ। ਸ਼ੋਰੀ ਪਿਕਚਰਜ਼, ਲਾਹੌਰ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਸ਼ਾਲੀਮਾਰ’ (1946) ’ਚ ਨਸੀਮ ਨੇ ਪੰਡਤ ਲੱਛੀ ਰਾਮ ਦੇ ਸੰਗੀਤ ’ਚ ਸਿਰਫ਼ ਇੱਕ ਗੀਤ ‘ਰਾਖੀ ਬਾਂਧੂੰਗੀ ਚਾਂਦ ਸੇ ਪਿਆਰੇ ਭਈਆ ਕੋ’ (ਨਾਲ ਜ਼ੀਨਤ ਬੇਗ਼ਮ, ਮੁਨੱਵਰ ਸੁਲਤਾਨਾ) ਗਾਇਆ। ਫ਼ਿਲਮਸਤਾਨ ਲਿਮਟਿਡ, ਬੰਬੇ ਦੀ ਵੀ. ਮਿਸ਼ਰਾ ਨਿਰਦੇਸ਼ਿਤ ਫ਼ਿਲਮ ‘ਸਫ਼ਰ’ (1946) ’ਚ ਉਸ ਨੇ ਸੀ. ਰਾਮਚੰਦਰ ਦੇ ਸੰਗੀਤ ’ਚ ਇੱਕ ਗੀਤ ‘ਦਿਲ ਜੋ ਦੀਯਾ ਕਹਿਨੇ ਲਗੇ ਆਜ ਨਾ’ ਗਾਇਆ। ਨਵਯੁੱਗ ਚਿੱਤਰਪਟ, ਪੂਨਾ ਦੀ ਬੇਦੀ ਨਿਰਦੇਸ਼ਿਤ ਫ਼ਿਲਮ ‘ਰੂਮ ਨੰਬਰ 9’ ਉਰਫ਼ ‘ਕਮਰਾ ਨੰਬਰ 9’ (1946) ’ਚ ਨਸੀਮ ਅਖ਼ਤਰ ਨੇ ਰਸ਼ੀਦ ਅੱਤਰੇ ‘ਅੰਮ੍ਰਿਤਸਰੀ’ ਦੇ ਸੰਗੀਤ ’ਚ ਨਖ਼ਸ਼ਬ ਜ਼ਾਰਚਵੀ ਦਾ ਲਿਖਿਆ ਇੱਕੋ ਗੀਤ ‘ਮੋਰੇ ਜੁਬਨਾ ਨੇ ਲੀ ਅੰਗੜਾਈ’ ਗਾਇਆ।
ਡੀ. ਆਰ. ਡੀ ਪ੍ਰੋਡਕਸ਼ਨਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫ਼ਿਲਮ ‘ਨੇਕ ਪਰਵੀਨ’ (1946) ’ਚ ਫ਼ਿਰੋਜ਼ ਨਿਜ਼ਾਮੀ ਦੇ ਸੰਗੀਤ ’ਚ ਵਾਹਿਦ ਕੁਰੈਸ਼ੀ ਦੇ ਲਿਖੇ ਗੀਤ ‘ਹਾਏ ਜ਼ਾਲਿਮ ਤੂਨੇ ਪੀ ਹੀ ਨਹੀਂ’ (ਨਸੀਮ ਅਖ਼ਤਰ, ਫ਼ਿਰੋਜ਼ ਨਿਜ਼ਾਮੀ), ‘ਆਓ ਸਹੇਲੀਓ ਬੰਨੀ ਕੋ ਮਹਿੰਦੀ ਲਗਾਓ’, ‘ਆਜ ਦੁਲਹਨ ਬਨੀ ਹੈ ਸਹੇਲੀ ਹਮਾਰੀ’, ‘ਕੌਨ ਆਇਆ ਸਹੇਲੀ ਆਜ ਤੇਰੀ ਗਲੀ ਮੇਂ’ (ਨਸੀਮ ਅਖ਼ਤਰ, ਜ਼ੀਨਤ ਬੇਗ਼ਮ,ਭਾਗ-1/2/3), (ਨਸੀਮ ਅਖ਼ਤਰ, ਜ਼ੀਨਤ ਬੇਗ਼ਮ) ਵੀ ਖ਼ੂਬ ਪਸੰਦ ਕੀਤੇ ਗਏ। ਹਿੰਦ ਪਿਕਚਰਜ਼, ਬੰਬੇ ਦੀ ਨਾਨੂੰ ਭਾਈ ਭੱਟ ਨਿਰਦੇਸ਼ਿਤ ਫ਼ਿਲਮ ‘ਮਾਂ ਬਾਪ ਕੀ ਲਾਜ’ (1946) ’ਚ ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ’ਚ ‘ਪ੍ਰਭੂਜੀ ਮੁਝੇ ਆਸਰਾ ਹੈ ਤੁਮਹਾਰਾ’ ਤੇ ‘ਬੋਲੋ-ਬੋਲੋ ਜੀ ਭਗਵਾਨ’ (ਨਸੀਮ ਅਖ਼ਤਰ) ਭਗਤੀ ਗੀਤ ਗਾਏ। ਜਯਕਿਸ਼ਨ ਪਿਕਚਰਜ਼, ਬੰਬੇ ਦੀ ਸ਼ਾਂਤੀ ਕੁਮਾਰ ਨਿਰਦੇਸ਼ਿਤ ਫ਼ਿਲਮ ‘ਮੇਰਾ ਗੀਤ’ (1946) ’ਚ ਨਸੀਮ ਅਖ਼ਤਰ ਨੇ ਰਮੇਸ਼ ਗੁਪਤਾ ਦੇ ਲਿਖੇ 2 ਗੀਤ ‘ਬੰਬਈ ਸ਼ਹਿਰ ਅਲਬੇਲਾ’, ‘ਓ ਮਾਂ ਕਹੋ ਨਾ ਆਜ ਯੈ ਕੈਸੀ ਦੀਵਾਲੀ ਹੈ’ (ਨਾਲ ਅਮੀਰਬਾਈ ਕਰਨਾਟਕੀ) ਗਾਏ। ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਨਜ਼ੀਰ ਅਜ਼ਮੇਰੀ ਨਿਰਦੇਸ਼ਿਤ ਫ਼ਿਲਮ ‘ਕੀਮਤ’ (1946) ’ਚ ਨੌਸ਼ਾਦ ਅਲੀ ਦੇ ਸੰਗੀਤ ’ਚ 4 ਏਕਲ ਗੀਤ ਗਾਏ। ਸਟੈਂਡਰਡ ਪਿਕਚਰਜ਼, ਬੰਬੇ ਦੀ ਗਜਾਨਨ ਜਾਗੀਰਦਾਰ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਬੈਰਮ ਖ਼ਾਨ’ (1946) ’ਚ ਭਾਈ ਗ਼ੁਲਾਮ ਹੈਦਰ ਦੇ ਸੰਗੀਤ ’ਚ ਵਲੀ ਸਾਹਿਬ ਦਾ ਲਿਖਿਆ ਸਿਰਫ਼ ਇੱਕ ਗੀਤ ਨਸੀਮ ਅਖ਼ਤਰ ਨੇ ਗਾਇਆ ‘ਜਬ ਚਾਂਦ ਜਵਾਂ ਹੋਗਾ’। ਰਮਣੀਕ ਪ੍ਰੋਡਕਸ਼ਨਜ਼, ਬੰਬੇ ਦੀ ਰਾਜਾ ਨੇਨੇ ਨਿਰਦੇਸ਼ਿਤ ਫ਼ਿਲਮ ‘ਬੱਚੋਂ ਕਾ ਖੇਲ’ (1946) ’ਚ ਸੀ. ਰਾਮ ਚੰਦਰ ਦੇ ਸੰਗੀਤ ’ਚ ‘ਆਏ ਵੋ ਸਪਨੇ ਮੇਂ ਹਮਾਰੇ’ (ਨਸੀਮ ਅਖ਼ਤਰ) ਇੱਕੋ ਗੀਤ ਗਾਇਆ।
ਚਿੱਤਰਾ ਪ੍ਰੋਡਕਸ਼ਨਜ਼, ਲਿਮਟਿਡ, ਲਾਹੌਰ ਦੀ ਕੇ. ਏ. ਅੱਬਾਸ ਨਿਰਦੇਸ਼ਿਤ ਫ਼ਿਲਮ ‘ਆਜ ਔਰ ਕੱਲ੍ਹ’ (1947) ’ਚ ਖੁਰਸ਼ੀਦ ਅਨਵਰ ਦੇ ਸੰਗੀਤ ’ਚ ਨਸੀਮ ਅਖ਼ਤਰ ਨੇ 2 ਗੀਤ ਗਾਏ ‘ਕਲੀਓਂ ਕੋ ਮਸਲਨੇ ਆਏ ਹੈਂ’ ਤੇ ‘ਜਾਮ ਉਠਾ ਲੈ ਓ ਪੀਨੇ ਵਾਲੇ’। ਡਾਨ ਫ਼ਿਲਮਜ਼, ਲਾਹੌਰ ਦੀ ਐੱਸ. ਸ਼ਫ਼ਾਕਤ ਐੱਮ. ਏ. ਨਿਰਦੇਸ਼ਿਤ ਫ਼ਿਲਮ ‘ਡਾਇਰੈਕਟਰ’ (1947) ’ਚ ਲੱਛੀ ਰਾਮ ਦੇ ਸੰਗੀਤ ਵਿੱਚ ਤੁਫ਼ੈਲ ਹੁਸ਼ਿਆਰਪੁਰੀ ਦਾ ਲਿਖਿਆ ਇੱਕੋ ਗੀਤ ‘ਮਨ ਕੇ ਵਾਸੀ ਮਾਨ ਗਏ-ਮਨ ਮੇਂ ਕਯਾ ਹੇ ਜਾਨ ਗਏ’ (ਨਸੀਮ ਅਖ਼ਤਰ, ਇਮਦਾਦ ਹੁਸੈਨ) ਪਸੰਦ ਕੀਤਾ ਗਿਆ। ਗੁਪਤਾ ਆਰਟ ਪ੍ਰੋਡਕਸ਼ਨਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਏਕ ਰੋਜ਼’ (1947) ’ਚ ਸ਼ਿਆਮ ਸੁੰਦਰ ਦੇ ਸੰਗੀਤ ’ਚ ਸਿਰਫ਼ ਇੱਕ ਗੀਤ ‘ਭੂਲੇ ਸੇ ਕਭੀ ਯਾਦ ਕਰ ਏ ਭੂਲਨੇ ਵਾਲੇ’ ਗਾਇਆ। ਸ਼ਿਵਰਾਜ ਪ੍ਰੋਡਕਸ਼ਨਜ਼, ਬੰਬੇ ਦੀ ਆਰ. ਸਿਵਰਾਜ ਨਿਰਦੇਸ਼ਿਤ ਫ਼ਿਲਮ ‘ਦਿਲਦਾਰ’ (1947) ’ਚ ਸ਼ੌਕਤ ਦੇਹਲਵੀ ਦੇ ਸੰਗੀਤ ’ਚ ਰੁਮਾਨੀ ਗੀਤ ‘ਆ ਸਜਨੀ ਪਯਾਰ ਕਰੇਂ ਹੋ ਪਯਾਰ ਕਰੇਂ’ (ਨਸੀਮ ਅਖ਼ਤਰ, ਸ਼ੌਕਤ ਦੇਹਲਵੀ) ਖ਼ੂਬ ਚੱਲਿਆ। ਚਿੱਤਰ ਭਾਰਤੀ ਲਿਮਟਿਡ, ਬੰਬੇ ਦੀ ਮਧੂ ਪਟੇਲ ਨਿਰਦੇਸ਼ਿਤ ਫ਼ਿਲਮ ‘ਭੰਵਰ’ (1947) ’ਚ ਖ਼ਾਨ ਮਸਤਾਨਾ ਦੇ ਸੰਗੀਤ ’ਚ ‘ਹੈ ਜੋ ਖ਼ਿਜ਼ਾ ਨਸੀਬ ਮੇਂ ਆਏਗੀ ਫਿਰ ਬਹਾਰ ਕਯਾ’ (ਨਸੀਮ ਅਖ਼ਤਰ) ਅਦਾਕਾਰਾ ਸ਼ਮੀਮ ’ਤੇ ਫ਼ਿਲਮਾਇਆ ਗਿਆ ਖ਼ੂਬਸੂਰਤ ਗੀਤ ਸੀ। ਫ਼ਿਲਮਸਤਾਨ ਲਿਮਟਿਡ, ਬੰਬੇ ਦੀ ਕਿਸ਼ੋਰ ਸ਼ਾਹੂ ਨਿਰਦੇਸ਼ਿਤ ਫ਼ਿਲਮ ‘ਸਿੰਧੂਰ’ (1947) ’ਚ ਨਸੀਮ ਅਖ਼ਤਰ ਨੇ ਸੀ. ਰਾਮਚੰਦਰ ਦੇ ਸੰਗੀਤ ’ਚ ਸੁਸ਼ੀਲ ਸ਼ਾਹੂ ਨਾਲ ਮਿਲਕੇ ਇੱਕੋ ਗੀਤ ਗਾਇਆ।
ਗ੍ਰੇਟ ਇੰਡੀਆ ਪਿਕਚਰਜ਼, ਬੰਬੇ ਦੀ ਨਜ਼ਮ ਨੱਕਵੀ ਨਿਰਦੇਸ਼ਿਤ ਫ਼ਿਲਮ ‘ਪਰਾਈ ਆਗ’ (1948) ’ਚ ਨਸੀਮ ਅਖ਼ਤਰ ਨੇ ਗ਼ੁਲਾਮ ਮੁਹੰਮਦ ਦੇ ਸੰਗੀਤ ਵਿੱਚ ਜ਼ੌਹਰਾ ਬਾਈ ਅੰਬਾਲਾ ਨਾਲ ਸਿਰਫ਼ ਇੱਕੋ ਗੀਤ ਗਾਇਆ। 1947 ਵਿੱਚ ਬੰਬੇ ’ਚ ਨਜਮੁੱਲ ਹਸਨ ਨੇ ਆਪਣੇ ਫ਼ਿਲਮਸਾਜ਼ ਅਦਾਰੇ ਨਜ਼ਮੀਸਤਾਨ ਫ਼ਿਲਮ ਪ੍ਰੋਡਿਊਸਰਜ਼, ਬੰਬੇ ਦੇ ਬੈਨਰ ਹੇਠ ਫ਼ਿਲਮ ‘ਰੀਤ’ ਸ਼ੁਰੂ ਕੀਤੀ ਜੋ ਪੰਜਾਬ ਵੰਡ ਦੇ ਚੱਲਦਿਆਂ ਲਾਹੌਰ ਜਾ ਕੇ ‘ਈਦ’ ਦੇ ਨਾਮ ਨਾਲ 1951 ਵਿੱਚ ਰਿਲੀਜ਼ ਹੋਈ। ਇਸ ਫ਼ਿਲਮ ’ਚ ਨਸੀਮ ਅਖ਼ਤਰ ਨੇ ਐੱਸ. ਡੀ. ਬਾਤਿਸ਼ ਦੇ ਸੰਗੀਤ ’ਚ ਗੀਤ ਗਾਏ।
ਪੰਜਾਬ ਵੰਡ ਤੋਂ ਬਾਅਦ ਨਸੀਮ ਅਖ਼ਤਰ 1947 ਵਿੱਚ ਬੰਬੇ ਫ਼ਿਲਮ ਨਗਰੀ ਨੂੰ ਛੱਡ ਕੇ ਵਾਪਸ ਲਾਹੌਰ ਆ ਗਈ। ਪਾਕਿਸਤਾਨੀ ਫ਼ਿਲਮ ਸਨਅਤ ਦੇ ਇਬਤਿਦਾਈ ਦੌਰ ਵਿੱਚ ਉਸ ਨੇ ਉਰਦੂ ਤੇ ਪੰਜਾਬੀ ਫ਼ਿਲਮਾਂ ਵਿੱਚ ਨਗ਼ਮਾਸਰਾਈ ਕੀਤੀ। ਐਵਰਨਿਊ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮੁੰਦਰੀ’ (1949) ’ਚ ਉਸ ਨੇ ਜੀ. ਏ. ਚਿਸ਼ਤੀ ਦੇ ਸੰਗੀਤ ’ਚ ਐੱਫ਼. ਡੀ. ਸ਼ਰਫ਼ ਦਾ ਲਿਖਿਆ ਗੀਤ ‘ਹਾਏ ਵੇ ਗੋਰੇ ਹੱਥਾਂ ਉੱਤੇ ਲਾਲ-ਲਾਲ ਮਹਿੰਦੀ ਹਾਏ ਮਾਹੀ ਸੰਗ ਮੁੰਦਰੀ ਨਹੀਓਂ ਪੈਂਦੀ’ (ਨਾਲ ਇਕਬਾਲ ਬਾਨੋ, ਮੁਨੱਵਰ ਸੁਲਤਾਨਾ) ਜੋ ਰਾਗਿਨੀ, ਅਖ਼ਤਰੀ ਤੇ ਸਹੇਲੀਆਂ ’ਤੇ ਫ਼ਿਲਮਾਇਆ ਗਿਆ ਹਿੱਟ ਗੀਤ ਸੀ। ਇਸ ਤੋਂ ਇਲਾਵਾ ਉਸ ਦੇ ਕੁਝ ਹੋਰ ਪੰਜਾਬੀ ਤੇ ਉਰਦੂ ਫ਼ਿਲਮਾਂ ’ਚ ਗਾਏ ਗੀਤਾਂ ਨੂੰ ਬਹੁਤ ਪਸੰਦ ਕੀਤਾ ਗਿਆ। ਭਾਰਤ ਤੇ ਪਾਕਿ ਸਿਨਮਾ ਦੀ ਮਾਰੂਫ਼ ਤੇ ਮਕਬੂਲ ਗੁਲੂਕਾਰਾ ਨਸੀਮ ਅਖ਼ਤਰ 1964 ਵਿੱਚ ਲਾਹੌਰ ’ਚ ਵਫ਼ਾਤ ਪਾ ਗਈ।
ਸੰਪਰਕ: 97805-09545