ਮਨਦੀਪ ਸਿੰਘ ਸਿੱਧੂ
ਯਾਦਾਂ ਤੇ ਯਾਦਗਾਰਾਂ
ਆਰ. ਸੀ. ਤਲਵਾਰ ਉਰਫ਼ ਰਘਬੀਰ ਚੰਦ ਤਲਵਾਰ ਦੀ ਪੈਦਾਇਸ਼ 21 ਅਪਰੈਲ 1910 ਨੂੰ ਤਾਲਾਗੰਗ ਦੇ ਜ਼ਿਲ੍ਹਾ ਚੱਕਵਾਲ ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਤਾਲੀਮ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਦੀ ਦਿਲਚਸਪੀ ਫਿਲਮਾਂ ਵੰਨੀ ਹੋ ਗਈ। ਉਨ੍ਹਾਂ ਨੇ ਫਿਲਮਾਂ ’ਚ ਅਦਾਕਾਰੀ ਕਰਨ ਦੀ ਬਜਾਏ ਫਿਲਮ ਹਿਦਾਇਤਕਾਰੀ ਕੀਤੀ ਅਤੇ ਆਪਣੇ ਫਿਲਮਸਾਜ਼ ਅਦਾਰੇ ਹੇਠ ਕਈ ਕਾਮਯਾਬ ਫਿਲਮਾਂ ਦਾ ਨਿਰਮਾਣ ਕੀਤਾ।
1940 ਵਿੱਚ ਆਰ. ਸੀ. ਤਲਵਾਰ ਨੇ ਕਲਕੱਤੇ ਵਿੱਚ ਆਪਣੇ ਫਿਲਮਸਾਜ਼ ਅਦਾਰੇ ਤਲਵਾਰ ਪ੍ਰੋਡਕਸ਼ਨਜ਼ ਦੀ ਸਥਾਪਨਾ ਕੀਤੀ। ਤਲਵਾਰ ਪ੍ਰੋਡਕਸ਼ਨਜ਼, ਕਲਕੱਤਾ ਦੇ ਬੈਨਰ ਹੇਠ ਆਰ. ਸੀ. ਤਲਵਾਰ ਨੇ ਆਪਣੀ ਫਿਲਮਸਾਜ਼ੀ ਤੇ ਹਿਦਾਇਤਕਾਰੀ (ਸਹਾਇਕ ਅਮਰਨਾਥ) ਵਿੱਚ ਪਹਿਲੀ ਪੰਜਾਬੀ ਫਿਲਮ ‘ਪਰਦੇਸੀ ਢੋਲਾ’ (1941) ਬਣਾਈ। ਫਿਲਮ ’ਚ ਤਲਵਾਰ ਦੀ ਹਿਦਾਇਤਕਾਰੀ ਵਿੱਚ ਬੰਬਈ ਦੀ ਮੁਟਿਆਰ ਰਮੋਲਾ ਉਰਫ਼ ਰਸ਼ੇਲ ਕੋਹੇਨ ਨੇ ‘ਪਗਲੀ’ ਦਾ ਅਤੇ ਲਾਹੌਰ ਦੇ ਗੱਭਰੂ ਰਜਿੰਦਰ ਸਿੰਘ ਨੇ ‘ਰਜਿੰਦਰ’ ਦਾ ਮਰਕਜ਼ੀ ਕਿਰਦਾਰ ਨਿਭਾਇਆ। ਦੀਗਰ ਫ਼ਨਕਾਰਾਂ ਵਿੱਚ ਅਦਾਕਾਰਾ ਅੰਜਨਾ ਨੇ ‘ਮੰਜੁਲਾ’ ਦਾ, ਏ. ਐੱਸ. ਗਿਆਨੀ ਨੇ ਰਮੋਲੇ ਦੇ ‘ਅੰਨ੍ਹੇ ਚਾਚੇ’ ਦਾ, ਜਗਦੀਸ਼ ਸੇਠੀ ਨੇ ਰਜਿੰਦਰ ਦੇ ਪਿਓ ਦਾ, ਚਮਨਲਾਲ ਪੁਰੀ ਨੇ ‘ਲੈਫਟੀਨੈਂਟ’ ਦਾ, ਅਮਰਨਾਥ ਪਾਸਨ ਨੇ ‘ਲੱਖੂ’ ਦਾ ਤੇ ਏ. ਆਰ. ਕਸ਼ਮੀਰੀ ਨੇ ‘ਸ਼ਿਕਰਾ’ ਦਾ ਪਾਰਟ ਅਦਾ ਕੀਤਾ। ਕਹਾਣੀ ਤੇ ਮੁਕਾਲਮੇ ਵਲੀ ਸਾਹਿਬ, ਗੀਤ ਵਲੀ ਸਾਹਿਬ, ਏ. ਐੱਸ. ਗਿਆਨੀ (ਇੱਕ ਗੀਤ) ਤੇ ਹਿੰੰਮਤ ਰਾਏ ਸ਼ਰਮਾ (ਇੱਕ ਗੀਤ) ਅਤੇ ਸੰਗੀਤ ਜੀ. ਏ. ਚਿਸ਼ਤੀ ਨੇ ਤਾਮੀਰ ਕੀਤਾ। ਫਿਲਮ ਦੇ ਮਸ਼ਹੂਰ ਜ਼ਮਾਨਾ ਗੀਤਾਂ ਦੇ ਬੋਲ ਹਨ ‘ਓ ਪਰਦੇਸੀ ਢੋਲਾ ਤੂੰ ਤੇ ਸਿਪਾਹੀ ਵੇ’, ‘ਆ ਪਰਦੇਸੀ ਢੋਲਾ ਤੂੰ ਨਾ’, ‘ਇਹ ਰੋਕਿਆਂ ਮੂਲ ਨਾ ਰੁਕਦੇ’, ‘ਮਿੱਠੜੇ ਗੀਤ ਸੁਣਾਵਾਂ ਮੈਂ’, ‘ਚੱਲ ਜਿੰਦੜੀਏ ਉਸ ਨਗਰੀ’ (ਰਮੋਲਾ), ‘ਮੈਨੂੰ ਤਾਂ ਦੇਰ ਹੋ ਗਈ ਮੈਂ ਜਾਵਾਂ’, ‘ਬਰਖਾ ਦੀ ਰਾਣੀ ਆਈ’ (ਰਮੋਲਾ, ਏ. ਐੱਸ. ਗਿਆਨੀ), ‘ਆ ਪੀਂਘ ਵਧਾ ਲਈਏ’ (ਏ. ਐੱਸ. ਗਿਆਨੀ, ਰਮੋਲਾ), ‘ਏਥੇ ਬੈਠੇ ਕਿਸੇ ਨਈ ਰਹਿਣਾ’, ‘ਫਿਰ ਰੁੱਸੀਆਂ ਸੱਧਰਾਂ ਮੰਨ ਪਈਆਂ’ (ਏ. ਐੱਸ. ਗਿਆਨੀ) ਆਦਿ। ਇਹ ਕਾਮਯਾਬ ਪੰਜਾਬੀ ਫਿਲਮ 24 ਜੁਲਾਈ 1941 ਨੂੰ ਵਲੰਗਿਟਨ ਸਿਨਮਾ, ਲਾਹੌਰ ਤੇ 17 ਅਕਤਬੂਰ 1941 ਨੂੰ ਪੈਲੇਸ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ।
ਤਲਵਾਰ ਪ੍ਰੋਡਕਸ਼ਨਜ਼ ਦੀ ਆਪਣੇ ਫਿਲਮਸਾਜ਼ ਅਦਾਰੇ ਦੀ ਪਹਿਲੀ ਹਿੰਦੀ ਫਿਲਮ ‘ਖ਼ਾਮੋਸ਼ੀ’ (1941) ਸੀ। ਆਰ. ਸੀ. ਤਲਵਾਰ ਦੀ ਹਿਦਾਇਤਕਾਰੀ (ਸਹਾਇਕ ਅਮਰਨਾਥ ਤੇ ਐੱਚ. ਐੱਸ. ਰਵੇਲ) ਵਿੱਚ ਬਣੀ ਫਿਲਮਸਾਜ਼ ਆਰ. ਐੱਲ. ਪਰਾਸ਼ਰ ਦੀ ਇਸ ਫਿਲਮ ਵਿੱਚ ਸਿਆਲਕੋਟ ਦਾ ਗੱਭਰੂ ਸ਼ਿਆਮ ਉਰਫ਼ ਸ਼ਿਆਮ ਸੁੰਦਰ ਚੱਢਾ ਤੇ ਰਮੋਲਾ ਮਰਕਜ਼ੀ ਕਿਰਦਾਰ ਅਦਾ ਕਰ ਰਹੇ ਸਨ। ਹੋਰਨਾਂ ਫ਼ਨਕਾਰਾਂ ਵਿੱਚ ਏ. ਐੱਸ. ਗਿਆਨੀ, ਰਾਮ ਦੁਲਾਰੀ, ਸੁੰਦਰ ਸਿੰਘ, ਗਾਮਾ, ਲੀਲਾ ਮਿਸ਼ਰਾ, ਅਮਰਨਾਥ ਪਾਸਨ, ਮਨੋਰਮਾ, ਨੰਦ ਕਿਸ਼ੋਰ, ਹਿੰਮਤ ਰਾਏ ਸ਼ਰਮਾ ਨੁਮਾਇਆ ਸਨ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਸਈਅਦ ਇਮਤਿਆਜ਼ ਅਲੀ ਤਾਜ, ਗੀਤ ਹਿੰਮਤ ਰਾਏ ਤੇ ਸੰਗੀਤ ਜੀ. ਏ. ਚਿਸ਼ਤੀ (ਗ਼ੁਲਾਮ ਅਹਿਮਦ ਚਿਸ਼ਤੀ/ਗੁਣਾਚੌਰ) ਤੇ ਪਸ-ਏ-ਪਰਦਾ ਸੰਗੀਤ ਹਿਮਾਂਸ਼ੂੰ ਦੱਤ ‘ਸੁਰ ਸਾਗਰ’ ਨੇ ਮੁਰੱਤਬਿ ਕੀਤਾ। ਫਿਲਮ ’ਚ ਰਮੋਲਾ, ਸ਼ਿਆਮ, ਸੁੰਦਰ ਸਿੰਘ ਤੇ ਮਨੋਰਮਾ ’ਤੇ ਫਿਲਮਾਏ ਦਿਲਕਸ਼ ਗੀਤ ‘ਏਕ ਸ਼ਹਿਜ਼ਾਦੀ ਥੀ ਬੇਹੱਦ ਹਸੀਂ ਖ਼ੁਬਰੂ ਨਾਜ਼ੁਕ ਬਦਨ ਖੰਦਾ ਜ਼ਬੀਂ’ (ਸੁੰਦਰ ਸਿੰਘ, ਰਾਮ ਦੁਲਾਰੀ), ‘ਨਯਨ ਹਮਾਰੇ ਬਾਵਰੇ ਮਨ ਕੀ ਏਕ ਨਾ ਮਾਨੇ’ (ਰਾਮ ਦੁਲਾਰੀ), ‘ਝੂਲਾ ਡਾਲੇ ਡਾਰ ਪਰ ਤੋੜੇ ਜਾਕਰ ਆਮ ਚਲੋ ਚਮੇਲੀ ਬਾਗ ਮੇਂ ਕਹੇ ਦਿਆਲੂ ਰਾਮ’ (ਸੁੰਦਰ ਸਿੰਘ), ‘ਜਬ ਸੇ ਨੈਨ ਪੀਆ ਸੰਗ ਲਾਗੇ ਜਾਗੇ ਹਮਰੇ ਭਾਗ’ (ਰਮੋਲਾ, ਰਾਮ ਦੁਲਾਰੀ) ਆਦਿ ਬੜੇ ਪਸੰਦ ਕੀਤੇ ਗਏ।
ਤਲਵਾਰ ਪ੍ਰੋਡਕਸ਼ਨਜ਼ ਲਿਮਟਿਡ, ਕਲਕੱਤੇ ਦੀ ਫਿਲਮ ‘ਮਨਚਲੀ’ (1943) ’ਚ ਆਰ. ਸੀ. ਤਲਵਾਰ ਦੀ ਫਿਲਮਸਾਜ਼ੀ ਤੇ ਹਿਦਾਇਤਕਾਰੀ (ਸਹਾਇਕ ਐੱਚ. ਐੱਸ. ਰਵੇਲ, ਅਮਰਨਾਥ) ਵਿੱਚ ਰਮੋਲਾ ਤੇ ਜਿਓਤੀ ਪ੍ਰਕਾਸ਼ ਮੁੱਖ ਭੂਮਿਕਾ ’ਚ ਜਦੋਂ ਕਿ ਦੀਗਰ ਫ਼ਨਕਾਰਾਂ ਵਿੱਚ ਰਾਮ ਦੁਲਾਰੀ, ਏ. ਐੱਸ. ਗਿਆਨੀ, ਮਨੋਰਮਾ, ਸੁੰਦਰ ਸਿੰਘ, ਸੁਰੱਈਆ ਬੇਗ਼ਮ, ਬੀ. ਐੱਨ. ਸ਼ਰਮਾ ਆਦਿ ਨੇ ਸਹਾਇਕ ਫ਼ਨਕਾਰਾਂ ਵਜੋਂ ਸ਼ਾਨਦਾਰ ਕੰਮ ਕੀਤਾ। ਕਹਾਣੀ ਤੇ ਮੁਕਾਲਮੇ ਜੇ. ਐੱਸ. ਕਸ਼ਯਪ, ਗੀਤ ਜੇ. ਐੱਸ. ਕਸ਼ਯਪ ਤੇ ਜੀ. ਏ. ਚਿਸ਼ਤੀ ਅਤੇ ਸੰਗੀਤ ਜੀ. ਏ. ਚਿਸ਼ਤੀ ਨੇ ਤਰਤੀਬ ਕੀਤਾ। ਜਦੋਂ ਫਿਲਮਸਾਜ਼ ਆਰ. ਐੱਸ. ਤਲਵਾਰ ਨੇ ਆਪਣੇ ਫਿਲਮਸਾਜ਼ ਅਦਾਰੇ ਤਲਵਾਰ ਪ੍ਰੋਡਕਸ਼ਨਜ਼, ਬੰਬੇ ਹੇਠ ਫਿਲਮ ‘ਸ਼ੁਕਰੀਆ’ (1944) ਸ਼ੁਰੂ ਕੀਤੀ ਤਾਂ ਉਨ੍ਹਾਂ ਪਹਿਲੀ ਵਾਰ ਆਪਣੇ ਸਹਾਇਕ ਹਿਦਾਇਤਕਾਰ ਐੱਚ. ਐੱਸ. ਰਵੇਲ ਉਰਫ਼ ਹਰਨਾਮ ਸਿੰਘ ਰਵੇਲ ਨੂੰ ਆਜ਼ਾਦਾਨਾ ਹਿਦਾਇਤਕਾਰੀ ਦਾ ਮੌਕਾ ਦਿੱਤਾ। ਰਵੇਲ ਦੀ ਹਿਦਾਇਤਕਾਰੀ ਵਿੱਚ ਅਦਾਕਾਰਾ ਰਮੋਲਾ ਤੇ ਸੁੰਦਰ ਸਿੰਘ ਨੇ ਮਰਕਜ਼ੀ ਕਿਰਦਾਰ ਨਿਭਾਏ ਜਦੋਂਕਿ ਦੀਗਰ ਫ਼ਨਕਾਰਾਂ ਵਿੱਚ ਰੂਪਲੇਖਾ (ਭੈਣ ਰਮੋਲਾ), ਮਨੋਰਮਾ, ਰਕਸ਼ਾ, ਏ. ਐੱਸ. ਗਿਆਨੀ, ਅਮਰ, ਜ਼ਹੂਰ ਸ਼ਾਹ, ਬੈਜ ਸ਼ਰਮਾ, ਮਾਸਟਰ ਗਾਮਾ ਆਦਿ ਨੁਮਾਇਆ ਸਨ। ਕਹਾਣੀ ਤੇ ਮੁਕਾਲਮੇ ਹਕੀਮ ਅਹਿਮਦ ਸ਼ੂਜਾ, ਗੀਤ ਜੀ. ਏ. ਚਿਸ਼ਤੀ ਤੇ ਸ਼ਾਂਤੀ ਸਰੂਪ ਅਤੇ ਸੰਗੀਤ ਜੀ. ਏ. ਚਿਸ਼ਤੀ ਨੇ ਮੁਰੱਤਬਿ ਕੀਤਾ। ਸੁੰਦਰ, ਰਮੋਲਾ ਤੇ ਮਨੋਰਮਾ ’ਤੇ ਫਿਲਮਾਏ ਗਏ ‘ਤੁਮ ਜ਼ਰਾ ਜ਼ਰਾ ਸੀ ਬਾਤੋਂ ਪਰ ਸ਼ਰਮਾਤੇ ਹੋ’, ‘ਹਮਾਰੀ ਗਲੀ ਆਨਾ ਅੱਛਾ ਜੀ’ (ਅਮਰ, ਜ਼ੀਨਤ ਬੇਗ਼ਮ), ‘ਨੈਨੋਂ ਕੇ ਤੀਰ ਚਲਾ ਗਈ ਏਕ ਸ਼ਹਿਰ ਕੀ ਲੌਂਡੀਆ’ (ਸੁੰਦਰ ਸਿੰਘ), ‘ਯੂੰ ਦੇਖਨੇ ਕੋ ਆਂਖ ਮਿਲਾ ਕਰ ਚਲੇ ਗਏ’ (ਨਸੀਮ ਅਖ਼ਤਰ) ਆਦਿ ਗੀਤ ਬੇਹੱਦ ਮਕਬੂਲ ਹੋਏ। ਤਲਵਾਰ ਪ੍ਰੋਡਕਸ਼ਨਜ਼, ਕਲਕੱਤਾ ਦੀ ਫਿਲਮ ‘ਅਲਬੇਲੀ’ (1945) ਦੇ ਫਿਲਮਸਾਜ਼ ਤੇ ਹਿਦਾਇਤਕਾਰ ਵੀ ਆਰ. ਸੀ. ਤਲਵਾਰ (ਸਹਾਇਕ ਸ਼ਾਂਤੀ ਸਰੂਪ ਤੇ ਰਮੇਸ਼ ਜੋਸ਼ੀ) ਸਨ, ਜਿਨ੍ਹਾਂ ਦੀ ਹਿਦਾਇਤਕਾਰੀ ਵਿੱਚ ਇਸ ਵਾਰ ਅਦਾਕਾਰਾ ਰਮੋਲਾ (ਟਾਈਟਲ ਰੋਲ) ਨਾਲ ਹੀਰੋ ਦਾ ਕਿਰਦਾਰ ਸਤੀਸ਼ ਛਾਬੜਾ ਨਿਭਾ ਰਹੇ ਸਨ ਜਦੋਂਕਿ ਬਾਕੀ ਫ਼ਨਕਾਰਾਂ ਵਿੱਚ ਰੂਪਲੇਖਾ, ਸੁੰਦਰ ਸਿੰਘ, ਹੀਰਾ ਲਾਲ, ਮਨੋਰਮਾ, ਮਿਸ ਊਸ਼ਾ, ਨਿਵਾਜ਼ਿਸ਼ ਅਲੀ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਗੀਤ ਜੀ. ਏ. ਚਿਸ਼ਤੀ ਤੇ ਸ਼ਾਂਤੀ ਸਰੂਪ ਅਤੇ ਸੰਗੀਤਕ ਤਰਜ਼ਾਂ ਜੀ. ਏ. ਚਿਸ਼ਤੀ ਨੇ ਬਣਾਈਆਂ। ਇਹ ਫਿਲਮ 22 ਦਸੰਬਰ 1945 ਨੂੰ ਸੈਂਟਰਲ ਸਿਨਮਾ, ਬੰਬੇ ਵਿਖੇ ਨੁਮਾਇਸ਼ ਹੋਈ।
ਤਲਵਾਰ ਫਿਲਮਜ਼, ਬੰਬੇ ਦੇ ਬੈਨਰ ਹੇਠ ਆਪਣੀ ਫਿਲਮਸਾਜ਼ੀ ਤੇ ਹਿਦਾਇਤਕਾਰੀ ਵਿੱਚ ਆਰ. ਸੀ. ਤਲਵਾਰ ਨੇ ਫਿਲਮ ‘ਖਿਲਾੜੀ’ (1950) ਬਣਾਈ। ਇਸ ਫਿਲਮ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਭਾਗਲਪੁਰ (ਬੰਗਾਲ) ਦੇ ਮਾਰੂਫ਼ ਆਦਾਕਾਰ ਅਸ਼ੋਕ ਕੁਮਾਰ ਨੂੰ ਹੀਰੋ ਦਾ ਪਾਰਟ ਦਿੱਤਾ, ਜਿਸ ਦੇ ਹਮਰਾਹ ਲਾਹੌਰ ਦੀ ਪੰਜਾਬਣ ਸੁਰੱਈਆ ਹੀਰੋਇਨ ਦਾ ਕਿਰਦਾਰ ਅਦਾ ਕਰ ਰਹੀ ਸੀ। ਮੁਕਾਲਮੇ ਜੇ. ਐੱਸ. ਕਸ਼ਯਪ, ਗੀਤ ਪੰਡਤ ਦੀਨਾ ਨਾਥ ਮਧੋਕ, ਰਜਿੰਦਰ ਕ੍ਰਿਸ਼ਨ, ਨਖ਼ਸ਼ਬ ਜਾਰਚਵੀ ਅਤੇ ਸੰਗੀਤ ਹੰਸਰਾਜ ਬਹਿਲ ਨੇ ਮੁਰੱਤਬਿ ਕੀਤਾ। ਸੁਰੱਈਆ ਤੇ ਅਸ਼ੋਕ ਕੁਮਾਰ ’ਤੇ ਫਿਲਮਾਏ ‘ਯੇਹ ਪਿਆਰ ਕੀ ਮੰਜ਼ਿਲ ਪੇ ਸੇ ਮੁਝੇ ਕਿਸ ਨੇ ਸਦਾ ਦੀ’, (ਸੁਰੱਈਆ, ਮੁਹੰੰਮਦ ਰਫ਼ੀ), ‘ਮੁਹੱਬਤ ਮੇਂ ਨਜ਼ਰ ਮਿਲਤੇ ਹੀ ਬਨ ਜਾਤੇ ਹੈਂ ਅਫ਼ਸਾਨੇ’ (ਸੁਰੱਈਆ) ਆਦਿ ਗੀਤ ਵੀ ਬੜੇ ਪਸੰਦ ਕੀਤੇ ਗਏ। ਫਿਲਮਸਾਜ਼ ਆਰ. ਸੀ. ਤਲਵਾਰ ਦੇ ਅਦਾਰੇ ਤਲਵਾਰ ਫਿਲਮਜ਼, ਬੰਬੇ ਦੀ ਫਿਲਮ ‘ਸਾਕੀ’ (1952) ਵਿੱਚ ਐੱਚ. ਐੱਸ. ਰਵੇਲ ਦੀ ਹਿਦਾਇਤਕਾਰੀ (ਸਹਾਇਕ ਸਾਧੂ ਸਿੰਘ ਰਾਜੀ ਤੇ ਮੁਟੂ) ’ਚ ਅਦਾਕਾਰ ਪ੍ਰੇਮ ਨਾਥ ਨੇ ‘ਅਜੀਬ’ ਦਾ ਤੇ ਮਧੂਬਾਲਾ ਨੇ ‘ਰੁਖ਼ਸਾਨਾ’ ਦਾ ਪਾਰਟ ਅਦਾ ਕੀਤਾ ਜਦੋਂਕਿ ਬਾਕੀ ਫ਼ਨਕਾਰਾਂ ਵਿੱਚ ਬਿਪਨ ਗੁਪਤਾ (ਵਜ਼ੀਰ-ਏ-ਆਜ਼ਮ), ਮੋਹਨਾ (ਜਲਵਾ), ਰਣਧੀਰ (ਅਖ਼ਤਰ-ਏ-ਆਲਮ), ਇਫ਼ਤਿਖਾਰ (ਅਬਦੁੱਲ) ਨੇ ਵੀ ਆਪਣੀ ਖ਼ੂਬਸੂਰਤ ਅਦਾਕਾਰੀ ਦੀ ਪੇਸ਼ਕਾਰੀ ਕੀਤੀ। ਕਹਾਣੀ ਤੇ ਮੰਜ਼ਰਨਾਮਾ ਅੰਜਨਾ ਰਵੇਲ, ਮੁਕਾਲਮੇ ਕਮਾਲ ਅਮਰੋਹੀ, ਗੀਤ ਰਜਿੰਦਰ ਕ੍ਰਿਸ਼ਨ ਅਤੇ ਸੰਗੀਤ ਸੀ. ਰਾਮ ਚੰਦਰ (ਸਹਾਇਕ ਚਿਕ ਚਾਕਲੇਟ) ਨੇ ਤਿਆਰ ਕੀਤਾ।
ਆਰ. ਸੀ. ਤਲਵਾਰ ਨੇ ਆਪਣੀ ਫਿਲਮਸਾਜ਼ੀ ਤੇ ਹਿਦਾਇਤਕਾਰੀ ਵਿੱਚ ਫਿਲਮ ‘ਸੰਗਦਿਲ’ (1952) ਬਣਾਈ। ਇਸ ਫਿਲਮ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਪੇਸ਼ਾਵਰ ਦੇ ਗੱਭਰੂ ਤੇ ਪ੍ਰਸਿੱਧ ਅਦਾਕਾਰ ਦਲੀਪ ਕੁਮਾਰ ਤੋਂ ਆਪਣੀ ਹਿਦਾਇਤਕਾਰੀ (ਸਹਾਇਕ ਰਤਨ ਮਹਿਤਾ ਤੇ ਚਿਤਰੰਜਨ) ਵਿੱਚ ਅਦਾਕਾਰੀ ਕਰਵਾਈ। ਫਿਲਮ ਵਿੱਚ ਦਲੀਪ ਕੁਮਾਰ ਨੇ ‘ਸ਼ੰਕਰ’ ਤੇ ਮਧੂਬਾਲਾ ਨੇ ‘ਕਮਲ’ ਦਾ ਰੋਲ ਕੀਤਾ ਅਤੇ ਸਾਥੀ ਫ਼ਨਕਾਰਾਂ ਵਿੱਚ ਸ਼ਮੀ, ਸੁਰਿੰਦਰ ਜੂਨੀਅਰ, ਪ੍ਰੋਤਿਮਾ ਦੇਵੀ, ਅਮੀਰ ਬਾਨੋ ਆਦਿ ਸ਼ਾਮਲ ਸਨ। ਕਹਾਣੀ ਤੇ ਮੁਕਾਲਮੇ ਰਾਮਾਨੰਦ ਸਾਗਰ, ਗੀਤ ਰਜਿੰਦਰ ਕ੍ਰਿਸ਼ਨ ਅਤੇ ਸੰਗੀਤਕ ਧੁਨਾਂ ਦੇ ਸਿਰਜਕ ਸੱਜਾਦ ਹੁਸੈਨ ਸਨ। ਇਸ ਫਿਲਮ ਵਿੱਚ ਦਲੀਪ ਕੁਮਾਰ ਤੇ ਸ਼ਮੀ ’ਤੇ ਫਿਲਮਾਈ ਰੂਮਾਨੀ ਗ਼ਜ਼ਲ ‘ਯੇਹ ਹਵਾ ਯੇਹ ਰਾਤ ਯੇ ਚਾਂਦਨੀ ਤੇਰੀ ਏਕ ਅਦਾ ਪੇ ਨਿਸਾਰ ਹੈ’ (ਤਲਤ ਮਹਿਮੂਦ) ਹੱਦ ਦਰਜਾ ਮਕਬੂਲ ਹੋਈ ਤੇ ਅੱਜ ਵੀ ਓਨੀ ਸ਼ਿੱਦਤ ਨਾਲ ਸੁਣੀ ਜਾਂਦੀ ਹੈ। ਤਲਵਾਰ ਫਿਲਮਜ਼, ਬੰਬੇ ਦੀ ਆਰ. ਸੀ. ਤਲਵਾਰ ਦੀ ਫਿਲਮਸਾਜ਼ੀ ਤੇ ਹਿਦਾਇਤਕਾਰੀ ’ਚ ਬਣੀ ਫਿਲਮ ‘ਇਲਜ਼ਾਮ’ (1954) ’ਚ ਕਿਸ਼ੋਰ ਕੁਮਾਰ ਤੇ ਮੀਨਾ ਕੁਮਾਰੀ ਨੇ ਉਨ੍ਹਾਂ ਦੀ ਹਿਦਾਇਤ ਵਿੱਚ ਸੋਹਣਾ ਕੰਮ ਕੀਤਾ। ਗੀਤ ਰਜਿੰਦਰ ਕ੍ਰਿਸ਼ਨ ਤੇ ਸੰਗੀਤਕਾਰ ਮਦਨ ਮੋਹਨ ਸਨ। ਤਲਵਾਰ ਫਿਲਮਜ਼ ਦੀ ਹੀ ਆਪਣੀ ਫਿਲਮਸਾਜ਼ੀ ਤੇ ਹਿਦਾਇਤਕਾਰੀ (ਸਹਾਇਕ ਕੁਲਦੀਪ ਤੇ ਰਾਜਪਾਲ ਸਿੰਘ) ਵਿੱਚ ਬਣੀ ਫਿਲਮ ‘ਰੁਖ਼ਸਾਨਾ’ (1955) ਵਿੱਚ ਆਰ. ਸੀ. ਤਲਵਾਰ ਨੇ ਇੱਕ ਵਾਰ ਮਜ਼ਾਹੀਆ ਅਦਾਕਾਰ ਕਿਸ਼ੋਰ ਕੁਮਾਰ ਤੇ ਮੀਨਾ ਕੁਮਾਰੀ ਦੀ ਜੋੜੀ ਨੂੰ ਪੇਸ਼ ਕੀਤਾ। ਬਾਕੀ ਕਲਾਕਾਰਾਂ ਵਿੱਚ ਸ਼ਮੀ, ਰਣਧੀਰ, ਸੁੰਦਰ ਤੋਂ ਇਲਾਵਾ ਮਦਨਪੁਰੀ ਨੇ ਮਹਿਮਾਨ ਭੂਮਿਕਾ ਨਿਭਾਈ ਸੀ। ਮੰਜ਼ਰਨਾਮਾ ਆਰ. ਸੀ. ਤਲਵਾਰ, ਮੁਕਾਲਮੇ ਰਾਮਾਨੰਦ ਸਾਗਰ, ਵਾਧੂ ਮੁਕਾਲਮੇ ਕੁਲਦੀਪ, ਗੀਤ ਖੁਮਾਰ ਬਾਰਾਬੰਕਵੀ, ਸ਼ਕੀਲ ਬਦਾਯੂੰਨੀ ਤੇ ਤਨਵੀਰ ਨਕਵੀ ਤੇ ਤਹਿਰੀਰ ਕੀਤੇ ਜਦੋਂਕਿ ਸੰਗੀਤ ਨਿਰਦੇਸ਼ਕ ਸੱਜਾਦ ਹੁਸੈਨ ਸਨ। ਤਲਵਾਰ ਫ਼ਿਲਮਜ਼, ਬੰਬੇ ਦੀ ਹੀ ਆਰ. ਸੀ. ਤਲਵਾਰ ਦੀ ਫਿਲਮਸਾਜ਼ੀ ਤੇ ਹਿਦਾਇਤਕਾਰੀ ਵਿੱਚ ਬਣੀ ਫਿਲਮ ‘ਮੇਮ ਸਾਹਿਬ’ (1956) ’ਚ ਮੀਨਾ ਕੁਮਾਰੀ, ਕਿਸ਼ੋਰ ਕੁਮਾਰ ਤੇ ਸ਼ਮੀ ਕਪੂਰ ਦੀ ਤਿੱਕੜੀ ਤੋਂ ਇਲਾਵਾ ਏ. ਐੱਸ. ਗਿਆਨੀ, ਕੁਮਕੁਮ, ਓਮ ਪ੍ਰਕਾਸ਼ ਤੇ ਰਣਧੀਰ (ਮਹਿਮਾਨ ਅਦਾਕਾਰ) ਨੇ ਤਲਵਾਰ ਦੀ ਹਿਦਾਇਤਕਾਰੀ ਵਿੱਚ ਆਪਣੀ ਅਦਾਕਾਰੀ ਦੀ ਬਿਹਤਰੀਨ ਨੁਮਾਇਸ਼ ਕੀਤੀ। ਮਦਨ ਮੋਹਨ ਦੇ ਸੰਗੀਤ ’ਚ ਰਜਿੰਦਰ ਕ੍ਰਿਸ਼ਨ ਦਾ ਲਿਖਿਆ ਮੀਨਾ ਕੁਮਾਰੀ ਤੇ ਸ਼ਮੀ ਕਪੂਰ ’ਤੇ ਫਿਲਮਾਇਆ ਰੂਮਾਨੀ ਗੀਤ ‘ਕਹਿਤਾ ਦਿਲ ਤੁਮ ਹੋ ਮੇਰੇ ਲੀਏ’ (ਤਲਤ ਮਹਿਮੂਦ, ਆਸ਼ਾ ਭੌਸਲੇ) ਵੀ ਬੜਾ ਹਿੱਟ ਹੋਇਆ ਸੀ।
1960ਵਿਆਂ ਦੇ ਦਹਾਕੇ ਵਿੱਚ ਆਰ. ਸੀ. ਤਲਵਾਰ ਨੇ ਸਿਰਫ਼ ਹਿੰਦੀ ਫਿਲਮਾਂ ਦੀ ਹਿਦਾਇਤਕਾਰੀ ਕੀਤੀ। ਤਲਵਾਰ ਫ਼ਿਲਮਜ਼, ਬੰਬੇ ਦੀ ਆਪਣੀ ਫਿਲਮਸਾਜ਼ੀ ਤੇ ਹਿਦਾਇਤਕਾਰੀ ਵਿੱਚ ਬਣੀ ਫਿਲਮ ‘ਏਕ ਦਿਲ ਸੌ ਅਫ਼ਸਾਨੇ’ (1963) ’ਚ ਉਨ੍ਹਾਂ ਨੇ ਰਾਜ ਕਪੂਰ ਤੇ ਵਹੀਦਾ ਰਹਿਮਾਨ ਦੀ ਜੋੜੀ ਪੇਸ਼ ਕੀਤੀ, ਜਿਨ੍ਹਾਂ ਨਾਲ ਸਹਾਇਕ ਅਦਾਕਾਰਾਂ ਵਜੋਂ ਰਹਿਮਾਨ, ਲਲਿਤਾ ਪਵਾਰ, ਸੁਲੋਚਨਾ ਚੈਟਰਜੀ, ਸਾਧਨਾ ਚੌਧਰੀ, ਮ੍ਰਿਦੁਲਾ, ਵਿਜੈ ਮਹਿਰਾ ਦੇ ਨਾਮ ਨੁਮਾਇਆਂ ਹਨ। ਸੰਗੀਤ ਸ਼ੰਕਰ-ਜਯਕਿਸ਼ਨ ਤੇ ਗੀਤ ਹਸਰਤ ਜੈਪੁਰੀ ਤੇ ਸ਼ਲਿੰਦਰ ਨੇ ਤਹਿਰੀਰ ਕੀਤੇ ਸਨ। ਆਰ. ਸੀ. ਤਲਵਾਰ ਦੀ ਹਿਦਾਇਤਕਾਰੀ ਵਿੱਚ ਬਣੀ ਆਖ਼ਰੀ ਫਿਲਮ ਮਨਚੰਦਾ ਪ੍ਰੋਡਕਸ਼ਨਜ਼, ਬੰਬੇ ਦੀ ‘ਨਯਾ ਕਾਨੂੰਨ’ (1965) ਸੀ। ਫਿਲਮ ਵਿੱਚ ਤਲਵਾਰ ਦੀ ਹਿਦਾਇਤ ਵਿੱਚ ਅਸ਼ੋਕ ਕੁਮਾਰ ਤੇ ਵੈਜੰਤੀਮਾਲਾ ਦੀ ਜੋੜੀ ਤੋਂ ਇਲਾਵਾ ਭਾਰਤ ਭੂਸ਼ਣ, ਪੂਰਨਿਮਾ, ਨਿਸ਼ੀ, ਲੀਲਾ ਮਿਸ਼ਰਾ, ਓਮ ਪ੍ਰਕਾਸ਼, ਕਮਲ ਮਹਿਰਾ ਆਦਿ ਨੇ ਸ਼ਾਨਦਾਰ ਕੰਮ ਕੀਤਾ। ਕਹਾਣੀ ਤੇ ਮੁਕਾਲਮੇ ਪੰਡਤ ਮੁਖਰਾਮ ਸ਼ਰਮਾ, ਗੀਤ ਹਸਰਤ ਜੈਪੁਰੀ ਤੇ ਦੀਪਕ ਅਤੇ ਸੰਗੀਤਕਾਰ ਮਦਨ ਮੋਹਨ ਸਨ।
ਆਪਣੇ ਜ਼ਮਾਨੇ ਦੇ ਮਸ਼ਹੂਰ ਤੇ ਮਾਰੂਫ਼ ਫ਼ਨਕਾਰਾਂ ਤੋਂ ਆਪਣੀ ਹਿਦਾਇਤ ਵਿੱਚ ਕੰਮ ਕਰਵਾਉਣ ਵਾਲੇ ਅਜ਼ੀਮ ਫਿਲਮਸਾਜ਼ ਤੇ ਹਿਦਾਇਤਕਾਰ ਆਰ. ਸੀ. ਤਲਵਾਰ 1965 ਵਿੱਚ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਗਏ। ਫਿਰ ਉਹ ਕਿੱਥੇ ਚਲੇ ਗਏ? ਉਨ੍ਹਾਂ ਦਾ ਪਰਿਵਾਰ ਕਿੱਥੇ ਹੈ? ਉਹ ਕਦੋਂ ਫੌਤ ਹੋਏ? ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗਾ। ਖ਼ੈਰ! ਉਹ ਆਪਣੀ ਉਮਦਾ ਹਿਦਾਇਤਕਾਰੀ ਸਦਕਾ ਭਾਰਤੀ ਫਿਲਮ ਸਨਅਤ ਵਿੱਚ ਹਮੇਸ਼ਾਂ ਯਾਦ ਕੀਤੇ ਜਾਂਦੇ ਰਹਿਣਗੇ।
ਸੰਪਰਕ: 97805-09545