ਸੱਤ ਪ੍ਰਕਾਸ਼ ਸਿੰਗਲਾ
ਦੀਵਾਲੀ ਨੂੰ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ਤਿਉਹਾਰ ਨੂੰ ਵੱਖ- ਵੱਖ ਰਿਵਾਜਾਂ ਅਨੁਸਾਰ ਮਨਾਇਆ ਜਾਂਦਾ ਹੈ, ਪਰ ਇਸ ਤਿਉਹਾਰ ਦੀ ਜੋ ਮਾਨਤਾ ਦੀਪਾਂ ਦੇ ਤਿਉਹਾਰ ਦੀ ਹੈ, ਉਹ ਇਸੇ ਤਰ੍ਹਾਂ ਹੀ ਪ੍ਰਚੱਲਿਤ ਹੈ। ਇਸ ਲਈ ਦੀਵਾਲੀ ਇੱਕ ਕੌਮਾਂਤਰੀ ਤਿਉਹਾਰ ਵਜੋਂ ਜਾਣਿਆ ਜਾਣ ਵਾਲਾ ਤਿਉਹਾਰ ਹੈ।
ਭਾਰਤ ਵਿੱਚ ਦੀਵਾਲੀ ਦਾ ਵਿਸ਼ੇਸ਼ ਮਹੱਤਵ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਇਸ ਨੂੰ ਮਨਾਇਆ ਜਾਂਦਾ ਹੈ। ਕਿਧਰੇ ਇਸ ਨੂੰ ਕਾਲੀ-ਮਾਤਾ, ਦੁਰਗਾ-ਪੂਜਾ, ਲਕਸ਼ਮੀ-ਪੂਜਾ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਕੁਝ ਰਾਜਾਂ ਵਿੱਚ ਇਸ ਨੂੰ ਅਗਨੀ ਪੂਜਾ ਦੇ ਤਿਉਹਾਰ ਵਜੋਂ ਵੀ ਮਨਾਇਆ ਜਾਂਦਾ ਹੈ। ਇਤਿਹਾਸਕ ਝਾਤੀ ਮਾਰਨ ’ਤੇ ਪਤਾ ਲੱਗਦਾ ਹੈ ਕਿ ਸ੍ਰੀ ਰਾਮਚੰਦਰ ਜੀ ਦੀ ਲੰਕਾ ’ਤੇ ਜਿੱਤ ਅਤੇ ਬਣਵਾਸ ਵਾਪਸੀ ਮਗਰੋਂ ਸਥਾਪਿਤ ਹੋਏ ਰਾਮ-ਰਾਜ ਦੀ ਖੁਸ਼ੀ ਵਿੱਚ ਕੀਤੀ ਦੀਪ ਮਾਲਾ ਤੋਂ ਇਸ ਦੀ ਸ਼ੁਰੂਆਤ ਹੋਈ। ਇਸ ਲਈ ਰੌਸ਼ਨੀ ਕੀਤੀ ਜਾਂਦੀ ਹੈ, ਲਕਸ਼ਮੀ ਪੂਜਾ ਹੁੰਦੀ ਹੈ ਅਤੇ ਮਿਠਾਈਆਂ ਵੰਡੀਆਂ ਜਾਂਦੀਆਂ ਹਨ।
ਪੰਜਾਬ ਵਿੱਚ ਵਧੇਰੇ ਲੋਕ ਇਸ ਨੂੰ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਰਾਏ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਈ ਦੇ ਸਬੰਧ ਵਿੱਚ ਦੀਪਮਾਲਾ ਕਰਕੇ ਮਨਾਉਂਦੇ ਹਨ। ਜਦ ਕਿ ਰੌਸ਼ਨੀਆਂ, ਆਤਿਸ਼ਬਾਜ਼ੀ, ਮਿਠਾਈਆਂ ਤੇ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਮੌਸਮੀ ਤੇ ਫ਼ਸਲ ਦੀ ਆਮਦ ਦੇ ਵਿਸ਼ੇ ਨਾਲ ਵੀ ਸਬੰਧ ਰੱਖਦਾ ਹੈ।
ਬੰਗਾਲ ਵਿੱਚ ਦੀਵਾਲੀ ਨੂੰ ਕਾਲੀ ਦੇਵੀ ਤੇ ਦੁਰਗਾ-ਪੂਜਾ ਦੇ ਪੂਰੇ ਹਫ਼ਤੇ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਉੱਥੋਂ ਦੇ ਲੋਕਾਂ ਦਾ ਮੱਤ ਹੈ ਕਿ ਦੀਵਾਲੀ ਵਾਲੇ ਦਿਨ ਦੈਂਤਾਂ ਦਾ ਨਾਸ਼ ਕਰਨ ਵਾਲੀ ਮਹਾਂਕਾਲੀ ਆਪਣੀਆਂ 64 ਹਜ਼ਾਰ ਯੋਗਣੀਆਂ ਨਾਲ ਪ੍ਰਗਟ ਹੋਈ ਸੀ। ਇਸ ਦਿਨ ਮਹਾਂਕਾਲੀ ਦੀ ਪੂਜਾ ਕੀਤੀ ਜਾਂਦੀ ਹੈ। ਲੋਕੀਂ ਦੀਪ-ਦਾਨ ਕਰਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਦੀਵੇ ਦਾਨ ਕਰਨ ਨਾਲ ਮਹਾਂ-ਲਕਸ਼ਮੀ ਅਤਿ ਪ੍ਰਸੰਨ ਹੁੰਦੀ ਹੈ ਅਤੇ ਬਖ਼ਸ਼ਿਸ ਕਰਦੀ ਹੈ।
ਉੱਤਰ ਪ੍ਰਦੇਸ਼ ਵਿੱਚ ਦੀਵਾਲੀ ਪੰਜਾਬ ਅਤੇ ਹਰਿਆਣਾ ਵਾਂਗ ਰਾਮਾਇਣ ਕਾਲ ਨਾਲ ਸਬੰਧਿਤ ਵਿਧੀਆਂ ਅਨੁਸਾਰ ਹੀ ਮਨਾਈ ਜਾਂਦੀ ਹੈ। ਉੱਥੇ ਲਕਸ਼ਮੀ ਪੂਜਾ ਹੁੰਦੀ ਹੈ। ਫ਼ਰਕ ਸਿਰਫ਼ ਇਹ ਹੈ ਕਿ ਜਿੱਥੇ ਹੋਰਨਾਂ ਥਾਵਾਂ ਦੇ ਲੋਕੀਂ ਇਸ ਦਿਨ ਖ਼ਰੀਦੋ-ਫਰੋਖ਼ਤ ਕਰਦੇ ਹਨ ਅਤੇ ਨਵੇਂ ਕਾਰੋਬਾਰ ਕਰਦੇ ਹਨ, ਇਸ ਦੇ ਉਲਟ ਇੱਥੋਂ ਦੇ ਵਪਾਰੀ ਆਪਣਾ ਕਾਰੋਬਾਰ ਬੰਦ ਰੱਖਦੇ ਹਨ ਅਤੇ ਹਿਸਾਬ-ਕਿਤਾਬ ਦੀਆਂ ਕਿਤਾਬਾਂ ਦੀ ਪੂਜਾ ਕਰਦੇ ਹਨ।
ਰਾਜਸਥਾਨ ਵਿੱਚ ਲਕਸ਼ਮੀ ਪੂਜਾ ਦਾ ਵੱਖਰਾ ਢੰਗ ਹੈ। ਇੱਥੇ ਕੁਝ ਬਰਾਦਰੀਆਂ ਬਿੱਲੀ ਨੂੰ ਲਕਸ਼ਮੀ ਦਾ ਸਰੂਪ ਮੰਨਦੀਆਂ ਹੋਈਆਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਿੱਲੀਆਂ ਅੱਗੇ ਰੱਖਦੀਆਂ ਹਨ ਅਤੇ ਜੇਕਰ ਬਿੱਲੀ ਇਨ੍ਹਾਂ ਨੂੰ ਖਾ ਲਵੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਲਕਸ਼ਮੀ ਉਨ੍ਹਾਂ ’ਤੇ ਖੁਸ਼ ਹੈ ਅਤੇ ਖੁਸ਼ੀਆਂ ਪ੍ਰਦਾਨ ਕਰੇਗੀ।
ਰੌਸ਼ਨੀਆਂ ਦਾ ਤਿਉਹਾਰ ਕਹੀ ਜਾਂਦੀ ਦੀਵਾਲੀ ਨੂੰ ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੁਝ ਦੇਸ਼ਾਂ ਵਿੱਚ ਇਸ ਨੂੰ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ, ਪਰ ਲਾਤੀਨੀ ਅਮਰੀਕਾ ਅਤੇ ਕੁਝ ਅਫ਼ਰੀਕੀ ਦੇਸ਼ਾਂ ਵਿੱਚ ਇਸ ਨੂੰ ਯੂਨਾਨੀ ਪਰੰਪਰਾ ਅਨੁਸਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਦੇਵਤੇ ਖੁਸ਼ ਕਰਨ ਦਾ ਤਿਉਹਾਰ ਕਿਹਾ ਜਾਂਦਾ ਹੈ। ਯੂਰਪ ਵਿਚਲੇ ਦੇਸ਼ਾਂ ਵਿੱਚ ਜਿੱਥੇ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਉੱਥੇ ਦੀਵਾਲੀ ਦਾ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਪੂਰੇ ਉੱਤਰੀ ਧਰੁਵ ’ਤੇ ਡੈਨਮਾਰਕ ਵਰਗੇ ਦੇਸ਼ਾਂ ਵਿੱਚ ਵੀ ਇਸ ਨੂੰ ਨੱਚਦੀ ਰਾਤ ਵੱਜੋ ‘ਡਾਂਸ ਨਾਈਟ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਭਾਰਤ ਦੇ ਨਜ਼ਦੀਕੀ ਦੇਸ਼ ਬਰਮਾ ਵਿੱਚ ਵੀ ਭਾਰਤੀ ਦੀਵਾਲੀ ਦੇ ਨਜ਼ਦੀਕ ਹੀ ਨਵੰਬਰ ਵਿੱਚ ਤਾਮੀਜੂ ਨਾਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਉੱਥੇ ਪਟਾਕੇ ਚਲਾਏ ਜਾਂਦੇ ਹਨ ਤੇ ਦੀਪਕ ਜਲਾਏ ਜਾਂਦੇ ਹਨ। ਉੱਥੇ ਇਹ ਤਿਉਹਾਰ ਇਸ ਮਾਨਤਾ ਨਾਲ ਮਨਾਇਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ।
ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਥਾਈਲੈਂਡ, ਫਿਜ਼ੀ, ਮਾਲਦੀਵ, ਸ੍ਰੀਲੰਕਾ, ਫਿਲੀਪੀਨਜ਼ ਅਤੇ ਜਪਾਨ ਵਿੱਚ ਭਾਰਤੀ ਮੂਲ ਦੇ ਲੋਕ ਬਣਵਾਸ ਵਾਪਸੀ ਦੇ ਸਬੰਧ ਵਿੱਚ ਦੀਵਾਲੀ ਮਨਾਉਂਦੇ ਹਨ। ਭਾਰਤੀ ਗ੍ਰੰਥਾਂ ਦਾ ਅਧਿਐਨ ਅਤੇ ਪੂਜਾ-ਪਾਠ ਵੀ ਕੀਤਾ ਜਾਂਦਾ ਹੈ। ਇਜ਼ਰਾਇਲ ਦਾ ਪ੍ਰਕਾਸ਼ ਉਤਸਵ ਹਨੂਕਾਰ ਪ੍ਰਸਿੱਧ ਹੈ। ਇਸ ਦੌਰਾਨ ਯਹੂਦੀ ਕੈਲੰਡਰ ਦੇ ਨੌਵੇਂ ਮਹੀਨੇ ਅੱਠ ਦਿਨ ਤੱਕ ਮੋਮਬੱਤੀ ਦਾ ਪ੍ਰਕਾਸ਼ ਕਰਦੇ ਹਨ। ਇਹ ਤਿਉਹਾਰ 2100 ਸਾਲ ਪਹਿਲਾਂ ਫੌਜਾਂ ਅਤੇ ਜੁਆਹ ਤੇ ਮੁਕਾਬੀ ਦੀ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਥਾਈਲੈਂਡ ਵਿੱਚ ‘ਲੋਈ ਕਰਥੋਂਗ’ ਤਿਉਹਾਰ ਮਨਾਇਆ ਜਾਂਦਾ ਹੈ। ਜਦੋਂ ਕਿ ਅਕਤੂਬਰ ਵਿੱਚ ਨਦੀਆਂ ਵਿੱਚ ਕੇਲੇ ਦੇ ਪੱਤੇ ਛੋਟੇ ਛੋਟੇ ਦੀਪਕ ਜਲਾ ਕੇ ਉਨ੍ਹਾਂ ਵਿੱਚ ਮੋਮਬੱਤੀ, ਇੱਕ ਸਿੱਕਾ ਅਤੇ ਧੂਫ਼ ਬੱਤੀ ਰੱਖ ਕੇ ਛੱਡਿਆ ਜਾਂਦਾ ਹੈ।
ਜਰਮਨੀ ਵਿੱਚ ਹਰ ਸਾਲ ਅਕਤੂਬਰ ਵਿੱਚ ਰੌਸ਼ਨੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਲਗਾਤਾਰ 10 ਦਿਨਾਂ ਤੱਕ ਮਨਾਇਆ ਜਾਂਦਾ ਹੈ। ਹਰ ਮੁੱਖ ਸਥਾਨ ਨੂੰ ਲਾਈਟਾਂ ਨਾਲ ਸਜਾਇਆ ਜਾਂਦਾ ਹੈ। ਇਨ੍ਹਾਂ 10 ਦਿਨਾਂ ਦੌਰਾਨ ਕਲਾ ਅਤੇ ਸੰਗੀਤ ਨਾਲ ਜੁੜੀਆਂ ਪੇਸ਼ਕਾਰੀਆਂ ਦਿੱਤੀਆਂ ਜਾਂਦੀਆਂ ਹਨ।
ਫਰਾਂਸ ਵਿੱਚ ਵੀ ਦੀਵਾਲੀ ਨਾਲ ਮਿਲਦਾ ਜੁਲਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਵਿਸ਼ਵ ਦਾ ਸਭ ਤੋਂ ਪੁਰਾਣਾ ਰੌਸ਼ਨੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇੱਥੇ ਇਹ ਤਿਉਹਾਰ ਮਦਰ ਮੇਰੀ ਪ੍ਰਤੀ ਸ਼ੁਕਰੀਆ ਅਦਾ ਕਰਨ ਲਈ ਮਨਾਇਆ ਜਾਂਦਾ ਹੈ। ਹਰ ਥਾਂ ਨੂੰ ਮੋਮਬੱਤੀਆਂ ਨਾਲ ਸਜਾਇਆ ਜਾਂਦਾ ਹੈ। ਤਿੰਨ ਤੋਂ ਚਾਰ ਦਿਨਾਂ ਤੱਕ ਚੱਲਣ ਵਾਲਾ ਇਹ ਤਿਉਹਾਰ ਦਸੰਬਰ ਵਿੱਚ ਮਨਾਇਆ ਜਾਂਦਾ ਹੈ।
ਮਿਸਰ ਵਿੱਚ ਤਿੰਨ ਦਿਨਾਂ ਦਾ ਮਨਾਇਆ ਜਾਣ ਵਾਲਾ ਪ੍ਰਕਾਸ਼ ਤਿਉਹਾਰ ਬੜਾ ਪੁਰਾਣਾ ਹੈ। ਮਿਸਰ ਦੇ ਸ਼ਾਸਕ ਫਰੰਗ ਬਾਦਸ਼ਾਹ ਸਨ। ਉਹ ਆਪਣੇ ਆਪ ਨੂੰ ਸੂਰਜਵੰਸ਼ੀ ਕਹਿੰਦੇ ਸਨ। ਇਸ ਲਈ ਧਰਤੀ ’ਤੇ ਸੂਰਜ ਉਤਾਰਨ ਲਈ ਉਹ ਹਰ ਸਾਲ ਤਿੰਨ ਦਿਨ ਪ੍ਰਕਾਸ਼ ਤਿਉਹਾਰ ਮਨਾਉਂਦੇ ਹਨ। ਰਾਤ ਨੂੰ ਦੀਪਾਂ ਨਾਲ ਜਗਮਗ ਕਰਦੀਆਂ ਕਿਸ਼ਤੀਆਂ ਝੀਲਾਂ-ਨਦੀਆਂ ਵਿੱਚ ਤੈਰਦੀਆਂ ਸਨ ਅਤੇ ਇਨ੍ਹਾਂ ਕਿਸ਼ਤੀਆਂ ’ਤੇ ਸੋਨੇ ਚਾਂਦੀ ਦੇ ਪੱਤਰੇ ਚੜ੍ਹੇ ਹੁੰਦੇ ਸਨ।
ਮੌਰੀਸ਼ਸ਼ ਵਿੱਚ ਹੋਲੀ, ਦੀਵਾਲੀ ਅਤੇ ਦੁਸਹਿਰਾ ਆਦਿ ਤਿਉਹਾਰ ਮਨਾਏ ਜਾਂਦੇ ਹਨ। ਦੀਵਾਲੀ ’ਤੇ ਹਰ ਭਾਰਤੀ ਵਿਧੀ ਅਨੁਸਾਰ ਪੂਜਾ ਕਰਦਾ ਹੈ। ਅਮਰੀਕਾ ਵਿੱਚ ਵੀ ਦੀਵਾਲੀ ਮਨਾਈ ਜਾਂਦੀ ਹੈ ਅਤੇ ਇਸ ਦਿਨ ਉੱਥੇ ਕਈ ਥਾਵਾਂ ’ਤੇ ਛੁੱਟੀ ਕੀਤੀ ਜਾਂਦੀ ਹੈ। ਤਿੱਬਤ ਵਿੱਚ ਦੀਵਾਲੀ ਨੂੰ ਬੋਧੀ ਲੋਕ ਵਿਸ਼ੇਸ ਦੇਵਤਿਆਂ ਦੇ ਪੂਜਨ ਦੇ ਤਿਉਹਾਰ ਵਜੋਂ ਮਨਾਉਂਦੇ ਹਨ। ਇਸ ਤਰ੍ਹਾਂ ਹੀ ਚੀਨ ਅਤੇ ਤਾਇਵਾਨ ਵਿੱਚ ਵੀ ਰੌਸ਼ਨੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਰੌਸ਼ਨੀਆਂ ਦਾ ਤਿਉਹਾਰ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਦੀਵਾਲੀ ਕੌਮਾਂਤਰੀ ਪੱਧਰ ’ਤੇ ਵੱਖ ਵੱਖ ਰੂਪਾਂ ਵਿੱਚ ਮਨਾਇਆ ਜਾਣ ਵਾਲਾ ਦੀਪਾਂ ਦਾ ਵਿਸ਼ੇਸ ਤਿਉਹਾਰ ਹੈ ਜੋ ਸਭ ਨੂੰ ਆਪਸ ਵਿੱਚ ਮਿਲ ਜੁਲ ਕੇ ਪਿਆਰ ਦੀ ਭਾਵਨਾ ਬਰਕਰਾਰ ਰੱਖਦੇ ਹੋਏ ਮਨਾਉਣਾ ਚਾਹੀਦਾ ਹੈ।