ਮੁੰਬਈ: ‘ਪ੍ਰਿਥਵੀਰਾਜ ਚੌਹਾਨ’ ਰਾਹੀਂ ਫਿਲਮ ਜਗਤ ਵਿੱਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੀ ਸਾਬਕਾ ਵਿਸ਼ਵ ਸੁੰਦਰੀ ਅਤੇ ਅਦਾਕਾਰਾ ਮਾਨੂਸ਼ੀ ਛਿੱਲਰ ਛੇਤੀ ਹੀ ਅਦਾਕਾਰ ਵਿੱਕੀ ਕੌਸ਼ਲ ਨਾਲ ਅਗਲੀ ਫਿਲਮ ‘ਦਿ ਗ੍ਰੇਟ ਇੰਡੀਅਨ ਫੈਮਿਲੀ’ ਵਿੱਚ ਦਿਖਾਈ ਦੇਵੇਗੀ। ਸੂਤਰਾਂ ਅਨੁਸਾਰ ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਤੀਜੀ ਫਿਲਮ ਵੀ ਸਾਈਨ ਕਰ ਲਈ ਹੈ। ਅਦਾਕਾਰਾ ਵੱਲੋਂ ਸਾਈਨ ਕੀਤੀ ਗਈ ਇਸ ਐਕਸ਼ਨ ਥ੍ਰਿਲਰ ਫਿਲਮ ਦੀ ਸ਼ੂਟਿੰਗ ਇੰਗਲੈਂਡ, ਫਰਾਂਸ ਅਤੇ ਯੂਰੋਪ ਦੇ ਹੋਰਨਾਂ ਦੇਸ਼ਾਂ ਵਿੱਚ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਛੇਤੀ ਹੀ ਮਾਨੂਸ਼ੀ ਫਿਲਮ ਦੀ ਸ਼ੂਟਿੰਗ ਲਈ ਵਿਦੇਸ਼ ਰਵਾਨਾ ਹੋਵੇਗੀ, ਜਿੱਥੇ ਫਿਲਮ ਦਾ ਮੁਢਲਾ ਹਿੱਸਾ ਫਿਲਮਾਇਆ ਜਾਵੇਗਾ। ਮਾਨੂਸ਼ੀ ਨੇ ‘ਪ੍ਰਿਥਵੀਰਾਜ ਚੌਹਾਨ’ ਵਿੱਚ ਰਾਜਕੁਮਾਰੀ ਸੰਯੋਗਿਤਾ ਬਣ ਕੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ ਤੇ ਆਪਣੀ ਇਸ ਨਵੀਂ ਸਾਈਨ ਕੀਤੀ ਫਿਲਮ ਵਿੱਚ ਅਦਾਕਾਰਾ ਇੱਕ ਨਵੇਂ ਅਵਤਾਰ ਵਿੱਚ ਦਿਖਾਈ ਦੇਵੇਗੀ। -ਆਈਏਐੱਨਐੱਸ