ਮੁੰਬਈ, 19 ਨਵੰਬਰ
ਮਨੋਜ ਵਾਜਪਾਈ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਸੇ ਵੱਲੋਂ ਊਸ ਦੇ ਨਾਂ ’ਤੇ ਜਾਅਲੀ ਅਕਾਊਂਟ ਬਣਾਊਣ ਦੀ ਖਬਰ ਸਾਂਝੀ ਕੀਤੀ ਹੈ। ਅਦਾਕਾਰ ਨੇ ਆਪਣੇ ਅਸਲੀ ਟਵਿੱਟਰ ਅਕਾਊਂਟ ਤੋਂ ਆਪਣੇ ਨਾਂ ’ਤੇ ਬਣੇ ਜਾਅਲੀ ਅਕਾਊਂਟ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ਕਿ ਇਹ ਇੱਕ ਜਾਅਲੀ ਅਕਾਊਂਟ ਹੈ ਤੇ ਇਸ ਤੋਂ ਬਚਿਆ ਜਾਵੇ। ਇਸ ਜਾਅਲੀ ਅਕਾਊਂਟ ’ਤੇ ਮਨੋਜ ਵਾਜਪਾਈ ਦੀ ਦੀਵਾਲੀ ਮੌਕੇ ਰਿਲੀਜ਼ ਹੋਈ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਦੇ ਪੋਸਟਰ ਦੀ ਤਸਵੀਰ ਲਗਾਈ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ’ਚ ਮਨੋਜ ਵਾਜਪਾਈ ਦੇ ਨਾਲ ਦਿਲਜੀਤ ਦੁਸਾਂਝ ਅਤੇ ਫਾਤਿਮਾ ਸਨਾ ਸ਼ੇਖ ਵੀ ਅਹਿਮ ਭੂਮਿਕਾਂ ਨਿਭਾਅ ਰਹੇ ਹਨ। ਲਗਪਗ 8 ਮਹੀਨਿਆਂ ਦੀ ਪਾਬੰਦੀ ਮਗਰੋਂ ਇਹ ਬਾਲੀਵੁੱਡ ਜਗਤ ਦੀ ਪਹਿਲੀ ਫ਼ਿਲਮ ਹੈ, ਜੋ ਸਿਨੇਮਾ ਹਾਲਾਂ ਵਿੱਚ ਰਿਲੀਜ਼ ਕੀਤੀ ਗਈ ਹੈ। ਕੋਵਿਡ-19 ਦੇ ਚੱਲਦਿਆਂ ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਸਨ।
-ਆਈਏਐੱਨਐੱਸ