ਨਵੀਂ ਦਿੱਲੀ, 27 ਸਤੰਬਰ
ਅਦਾਕਾਰ ਮਨੋਜ ਵਾਜਪਾਈ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਹਾਲ ਹੀ ਵਿਚ ਰਿਲੀਜ਼ ਹੋਏ ਤੇ ਹਿੱਟ ਰਹੇ ਭੋਜਪੁਰੀ ਰੈਪ ‘ਬੰਬਈ ਮੇਂ ਕਾ ਬਾ’ ਰਾਹੀਂ ਉਨ੍ਹਾਂ ਲੋਕਾਂ ਦਾ ਦਰਦ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਰੁਜ਼ਗਾਰ ਖ਼ਾਤਰ ਆਪਣੀਆਂ ਜੱਦੀ ਥਾਵਾਂ ਛੱਡ ਵੱਡੇ ਸ਼ਹਿਰਾਂ ਦਾ ਰੁਖ਼ ਕਰਦੇ ਹਨ। ਬੌਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ਵਿਚ ਮੁੱਖ ਭੂਮਿਕਾਵਾਂ ਨਿਭਾ ਚੁੱਕੇ ਤੇ ਬਿਹਤਰੀਨ ਅਦਾਕਾਰਾਂ ’ਚੋਂ ਸ਼ੁਮਾਰ ਵਾਜਪਾਈ ਨੇ ਕਿਹਾ ਕਿ ਖ਼ਬਰ ਚੈਨਲਾਂ ਨੇ ਪ੍ਰਵਾਸੀਆਂ ਦੇ ਮੁੱਦਿਆਂ ਨੂੰ ਜ਼ਿਆਦਾ ਨਹੀਂ ਦਿਖਾਇਆ। ਸਿਆਸੀ ਡੰਗ ਵਾਲੇ ਇਸ ਗੀਤ ਨੂੰ ਡਾ. ਸਾਗਰ ਨੇ ਲਿਖਿਆ ਹੈ ਤੇ ਅਨੁਭਵ ਸਿਨਹਾ ਨੇ ਨਿਰਦੇਸ਼ਿਤ ਕੀਤਾ ਹੈ। ਇਸ ਗੀਤ ਰਾਹੀਂ ਵਾਜਪਾਈ ਨੂੰ ਆਪਣੀ ਪਹਿਲੀ ਭਾਸ਼ਾ ਨੂੰ ਰੈਪ ਨਾਲ ਜੋੜਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਮੁੱਦਿਆਂ ਨੂੰ ਅਦਾਕਾਰ ਨੇ ਉਭਾਰਿਆ ਹੈ ਜੋ ਉਸ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਮਨੋਜ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੇਲਵਾ ਪਿੰਡ ਦੇ ਰਹਿਣ ਵਾਲੇ ਹਨ। ਮਨੋਜ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਰੈਪ ਰਾਹੀਂ ਜਨਮ ਭੂਮੀ ਲਈ ਉਨ੍ਹਾਂ ਦਾ ਸਨੇਹ ਨਜ਼ਰ ਆਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੈਪ ਰੋਸ ਪ੍ਰਗਟਾਉਣ ਦਾ ਬਿਹਤਰੀਨ ਤਰੀਕਾ ਹੈ, ਤੁਸੀਂ ਆਪਣਾ ਗੁੱਸਾ ਜ਼ਾਹਿਰ ਕਰ ਸਕਦੇ ਹੋ। -ਪੀਟੀਆਈ