ਮੁੰਬਈ: ਅਦਾਕਾਰ ਮਨੋਜ ਬਾਜਪਾਈ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਫਿਲਮ ‘ਡਿਸਪੈਚ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ‘ਤਿਤਲੀ’ ਲਈ ਜਾਣੇ ਜਾਂਦੇ ਨਿਰਦੇਸ਼ਕ ਕਾਨੂੰ ਬਹਿਲ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਅਪਰਾਧ ਜਗਤ ਨਾਲ ਸਬੰਧਤ ਪੱਤਰਕਾਰੀ ਦੀ ਦੁਨੀਆ ’ਤੇ ਆਧਾਰਤ ਹੈ। 51 ਸਾਲਾ ਅਦਾਕਾਰ ਨੇ ਅੱਜ ਸੋਸ਼ਲ ਮੀਡੀਆ ’ਤੇ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਦਾ ਐਲਾਨ ਕੀਤਾ। ਉਸ ਨੇ ਟਵਿੱਟਰ ’ਤੇ ਪੋਸਟ ਕਰਦਿਆਂ ਲਿਖਿਆ, ‘‘ਬਾਏ ਬਾਏ ਸਰਬੀਆ!! ਤੁਸੀਂ ਇੱਕ ਸ਼ਾਨਦਾਰ ਮੇਜ਼ਬਾਨ ਰਹੇ ਹੋ!!! ’’ ਅਦਾਕਾਰ ਨੇ ਟਵੀਟ ਨੂੰ ਰੌਨੀ ਸਕਰਿਊਵਾਲਾ, ਕਾਨੂ ਬਹਿਲ, ਸ਼ਾਹਾਨਾ ਗੋਸਵਾਮੀ ਅਤੇ ਆਰਐੱਸਵੀਪੀ ਮੂਵੀਜ਼ ਨੂੰ ਟੈਗ ਕੀਤਾ ਹੈ। ਫਿਲਮ ‘ਡਿਸਪੈਚ’ ਵਿੱਚ ਬਾਜਪਾਈ ਇੱਕ ਅਜਿਹਾ ਕਿਰਦਾਰ ਨਿਭਾ ਰਿਹਾ ਹੈ, ਜਿੱਥੇ ਉਹ ਆਪਣੇ-ਆਪ ਨੂੰ ਕਾਰੋਬਾਰ ਤੇ ਅਪਰਾਧ ਜਗਤ ਵਿੱਚ ਧਸਿਆ ਪਾਉਂਦਾ ਹੈ। ਇਹ ਫਿਲਮ ਸਿੱਧਾ ਡਿਜੀਟਲ ਪਲੈਟਫਾਰਮ ’ਤੇ ਪ੍ਰਸਾਰਿਤ ਕੀਤੀ ਜਾਵੇਗੀ, ਪਰ ਓਟੀਟੀ ਪਲੈਟਫਾਰਮ ਦਾ ਨਾਮ ਹਾਲੇ ਨਹੀਂ ਐਲਾਨਿਆ ਗਿਆ। ਇਸ ਫਿਲਮ ਵਿੱਚ ਸ਼ਾਹਾਨਾ ਗੋਸਵਾਮੀ ਵੀ ਅਹਿਮ ਭੂਮਿਕਾ ਨਿਭਾਵੇਗੀ। -ਪੀਟੀਆਈ