ਮੁੰਬਈ: ‘ਜੱਸੀ ਜੈਸੀ ਕੋਈ ਨਹੀਂ’ ਅਤੇ ‘ਨਾਮਕਰਨ’ ਸਮੇਤ ਕਈ ਹੋਰ ਟੀਵੀ ਸ਼ੋਅ ਕਰਨ ਵਾਲੀ ਅਦਾਕਾਰਾ ਮਾਨਿਨੀ ਡੇ ਇਨ੍ਹੀਂ ਦਿਨੀਂ ਉੱਤਰਾਖੰਡ ਵਿੱਚ ਆਪਣੀ ਨਵੀਂ ਫਿਲਮ ‘ਬੇੜੀਆਂ’ ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਵਿੱਚ ਆਪਣੀ ਭੂਮਿਕਾ ਬਾਰੇ ਗੱਲ ਕਰਦਿਆਂ ਮਾਨਿਨੀ ਨੇ ਕਿਹਾ, ‘‘ਇਹ ਫਿਲਮ ਉੱਤਰੀ ਪਹਾੜੀਆਂ ਦੀ ਇੱਕ ਅਸਲ ਕਹਾਣੀ ਤੇ ਇੱਕ ਪ੍ਰਥਾ ’ਤੇ ਆਧਾਰਤ ਹੈ, ਜੋ ਜ਼ਿਆਦਾਤਰ ਉੱਤਰਾਖੰਡ ਦੇ ਪਿੰਡਾਂ ਵਿੱਚ ਦੇਖੀ ਜਾਂਦੀ ਹੈ। ਔਰਤ ਨੂੰ ਇੱਕ ਗਊਸ਼ਾਲਾ ਵਿੱਚ ਇਕੱਲੀ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਬਹੁਤ ਹੀ ਮਾੜੀਆਂ ਹਾਲਤਾਂ ਵਿੱਚ ਇਕੱਲਿਆਂ ਹੀ ਆਪਣਾ ਤੇ ਆਪਣੇ ਨਵਜੰਮੇ ਬੱਚੇ ਦੇ ਪਾਲਣ-ਪੋਸ਼ਣ ਲਈ ਮਜਬੂਰ ਕੀਤਾ ਜਾਂਦਾ ਹੈ। ਬੱਚੇ ਨੂੰ ਜਨਮ ਦੇਣ ਮਗਰੋਂ ਉਸ ਨੂੰ ਕੁਝ ਦਿਨ ਤੱਕ ਅਛੂਤ ਮੰਨਿਆ ਜਾਂਦਾ ਹੈ।’’ ਅਦਾਕਾਰਾ ਨੇ ਕਿਹਾ, ‘‘ਔਰਤਾਂ ਨੂੰ ਨਹਾਉਣ ਜਾਂ ਸੂਰਜ ਦੀ ਰੋਸ਼ਨੀ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੁੰਦੀ। ਇਹ ਦੁਰਵਿਹਾਰ ਹੈ ਅਤੇ ਇਸ ਕਾਰਨ ਬਹੁਤ ਸਾਰੀਆਂ ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ।’’ ਮਾਨਿਨੀ ਨੇ ਕਿਹਾ, ‘‘ਮੈਂ ਇੱਕ ਗੜਵਾਲੀ ਔਰਤ ਦਾ ਕਿਰਦਾਰ ਨਿਭਾ ਰਹੀ ਹਾਂ ਅਤੇ ਅਸੀਂ ਉੱਤਰਾਖੰਡ ਦੇ ਹਿਮਾਰੀ ਪਿੰਡ ਵਿੱਚ ਸ਼ੂਟਿੰਗ ਕਰ ਰਹੇ ਹਾਂ।’’ ਫਿਲਮ ਦਾ ਨਿਰਦੇਸ਼ਕ ਰਾਜੀਵ ਰੰਜਨ ਹੈ ਅਤੇ ਇਸ ਵਿੱਚ ਹਿਮਾਨੀ ਸ਼ਿਵਪੁਰੀ ਅਤੇ ਬਿਜੇਂਦਰ ਕਾਲਾ ਨੇ ਵੀ ਕੰਮ ਕੀਤਾ ਹੈ। -ਆਈਏਐੱਨਐੱਸ