ਵੀਨਾ ਜੰਮੂ
ਮਨਿੰਦਰ ਪਾਲ ਸਿੰਘ ਅਜਿਹੀ ਪ੍ਰੇਰਨਾਮਈ ਸ਼ਖ਼ਸੀਅਤ ਹੈ ਜਿਸਦਾ ਜਨਮ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪਿੰਡ ਦਿਆਲਪੁਰਾ ਸੋਢੀਆਂ ਵਿਖੇ ਹੋਇਆ। ਮੱਧਵਰਗੀ ਪਰਿਵਾਰ ਵਿਚ ਜਨਮੇ ਮਨਿੰਦਰ ਨੂੰ ਸਕੂਲ ਸਮੇਂ ਅਧਿਆਪਕਾ ਵੱਲੋਂ ਬੋਲੇ-ਬੋਲ, “ਪੜ੍ਹਾਈ ਤੇਰੇ ਵਸ ਦੀ ਗੱਲ ਨਹੀਂ।” ਉਸਨੂੰ ਇਸ ਮੁਕਾਮ ਤਕ ਲੈ ਆਏ ਕਿ ਉਸਦੀ ਮਿਹਨਤ ਦਾ ਹਰੇਕ ਕਦਮ ਸਫਲਤਾ ਨੇ ਚੁੰਮਿਆ ਹੈ।
ਹਸਮੁੱਖ ਅਤੇ ਮਿਲਾਪੜੇ ਸੁਭਾਅ ਦਾ ਮਨਿੰਦਰ ਸੱਭਿਆਚਾਰਕ, ਸਮਾਜਿਕ, ਧਾਰਮਿਕ ਜ਼ਿੰਦਗੀ ਜੀਅ ਕੇ ਆਪਣੇ ਜੀਵਨ ਨੂੰ ਸਹੀ ਅਰਥਾਂ ਵਿਚ ਲੇਖੇ ਲਾ ਦੂਜਿਆਂ ਲਈ ਚਾਨਣ ਮੁਨਾਰੇ ਵੱਜੋਂ ਉੱਭਰਿਆ ਹੈ। ਪੰਜਾਬੀ ਲੋਕ ਨਾਚਾਂ – ਝੂਮਰ, ਲੂੱਡੀ, ਡੰਡਾਸ, ਢੋਲਾ, ਮਲਵਈ ਗਿੱਧਾ, ਜਿੰਦੂਆ, ਭੰਗੜੇ ਦੇ ਦੀਵਾਨੇ ਮਨਿੰਦਰ ਨੂੰ ਆਪਣੇ ਵਿਰਸੇ ਨਾਲ ਅੰਤਾਂ ਦਾ ਮੋਹ ਹੈ। ਉਹ ਸਕੂਲ ਤੇ ਕਾਲਜ ਸਮੇਂ ਤੋਂ ਭੰਗੜਾ ਟੀਮ ਦਾ ਕਪਤਾਨ ਰਿਹਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜ ਵਾਰ ‘ਸਰਵੋਤਮ ਭੰਗੜਚੀ’ ਖਿਤਾਬ ਨਾਲ ਨਿਵਾਜਿਆ ਜਾ ਚੁੱਕਾ ਹੈ, ਅੱਠ ਵਾਰ ਭਾਰਤ ਸਰਕਾਰ ਵੱਲੋਂ ਕਰਵਾਏ ਰਾਸ਼ਟਰੀ ਯੁਵਕ ਮੇਲਿਆਂ ਵਿਚ ਭਾਗ ਲੈ ਚੁੱਕਾ ਹੈ ਅਤੇ ਲੋਕ ਨਾਚਾਂ, ਵਿਰਸੇ ਦੀ ਸੰਭਾਲ ਪ੍ਰਤੀ ਸੁਚੇਤ ਤੇ ਚਿੰਤਤ ਸਰਕਾਰੀ-ਗ਼ੈਰ ਸਰਕਾਰੀ ਅਦਾਰਿਆਂ, ਸੰਸਥਾਵਾਂ ਨਾਲ ਮਿਲ ਕੇ ਤਕਰੀਬਨ 800 ਦੇ ਕਰੀਬ ਅੰਤਰਰਾਸ਼ਟਰੀ, ਰਾਸ਼ਟਰੀ, ਰਾਜ, ਜ਼ਿਲ੍ਹਾ ਪੱਧਰਾਂ ’ਤੇ ਆਪਣੀ ਕਲਾ ਦੇ ਜੌਹਰ ਵਿਖਾ ਚੁੱਕਾ ਹੈ।
ਰੈੱਡ ਕਰਾਸ, ਨਹਿਰੂ ਯੁਵਾ ਕੇਂਦਰ ਸੰਗਠਨ, ਕੌਮੀ ਸੇਵਾ ਯੋਜਨਾ, ਪੰਜਾਬ ਟੂਰਿਜ਼ਮ, ਹਰਿਆਣਾ ਕਲਚਰਲ ਵਿਭਾਗ, ਨਾਰਥ ਜੋਨ ਕਲਚਰਲ ਸੈਂਟਰ, ਯੁਵਕ ਸੇਵਾ ਵਿਭਾਗ ਪੰਜਾਬ, ਆਈ.ਸੀ.ਸੀ.ਆਰ ਦੇ ਸਹਿਯੋਗ ਸਦਕਾ ਆਪਣੇ ਸੱਭਿਆਚਾਰ ਨੂੰ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਇਲਾਵਾ ਵਿਦੇਸ਼ਾਂ ਤਕ ਪਹੁੰਚਾਇਆ ਹੈ। ਸਕੂਲ ਕਾਲਜ ਵਿਚ ਮਨਿੰਦਰ ਕੌਮੀ ਸੇਵਾ ਯੋਜਨਾ ਦਾ ਸਵੈ ਸੇਵਕ ਵੀ ਰਿਹਾ। ਸਵੈ ਸੇਵਕ ਵੱਜੋਂ ਅਨੇਕਾਂ ਰਾਸ਼ਟਰੀ ਅਤੇ ਰਾਜ ਪੱਧਰੀ ਕੈਪਾਂ ਵਿਚ ਭਾਗ ਲੈ ਕੇ ਉੱਤਮ ਵਿਚਾਰਾਂ ਨੂੰ ਗ੍ਰਹਿਣ ਕਰਕੇ ਕਈ ਵਾਰ ‘ਸਰਵੋਤਮ ਸਵੈ ਸੇਵਕ’ ਦਾ ਖਿਤਾਬ ਵੀ ਹਾਸਲ ਕਰ ਚੁੱਕਾ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨਾਲ ਮਿਲਣੀ ਅਤੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਵੱਜੋਂ ਦੱਖਣੀ ਖੇਤਰ ਦੇ ਸਮੂਹ ਦੀ ਗਣਤੰਤਰ ਦਿਵਸ ਮੌਕੇ ਰਾਜਪਥ ਦਿੱਲੀ ਵਿਖੇ ਅਗਵਾਈ ਕਰਨ ਦਾ ਵੀ ਮਾਣ ਹਾਸਲ ਕਰ ਚੁੱਕਿਆ ਮਨਿੰਦਰ ਮੁਹਾਲੀ ਦੇ ਸਕੂਲ ਵਿਚ ਪ੍ਰੋਗਰਾਮ ਅਫ਼ਸਰ ਵੱਜੋਂ ਆਪਣੀਆਂ ਸੇਵਾਵਾਂ ਦੇ ਕੇ ਨੌਜਵਾਨ ਵਰਗ ਦੀ ਸ਼ਖ਼ਸੀਅਤ ਨਿਖਾਰਨ ਲਈ ਸਰਗਰਮ ਹੈ।
ਮਨਿੰਦਰ ਭਾਰਤੀ ਪੈਰਾਲੰਪਿਕ ਕਮੇਟੀ ਵੱਲੋਂ ਮਾਨਤਾ ਪ੍ਰਾਪਤ ਚੰਡੀਗੜ੍ਹ ਸਪੋਰਟਸ ਐਸੋਸੀਏਸ਼ਨ ਫਾਰ ਡਿਫਰੈਂਟਲੀ ਏਬਲਡ ਦੇ ਪ੍ਰਧਾਨ ਅਤੇ ਐਸਕੋਰਟ ਵੱਜੋਂ ਨਿਰਸੁਆਰਥ ਸੇਵਾਵਾਂ ਦੇ ਰਿਹਾ ਹੈ, ਜੋ ਅੰਗਹੀਣਾਂ ਨੂੰ ਵੱਡੇ ਪੱਧਰ ਉੱਤੇ ਖੇਡਾਂ ਵਿਚ ਆਪਣਾ ਜੌਹਰ ਵਿਖਾਉਣ ਲਈ ਸਮੇਂ-ਸਮੇਂ ਸਿਰ, ਵੱਖੋ ਵੱਖਰੀਆਂ ਥਾਵਾਂ ਉੱਤੇ ਮੰਚ ਪ੍ਰਦਾਨ ਕਰਦੀ ਹੈ। ਮਨਿੰਦਰ ਵੱਲੋਂ ਸਮਾਜਿਕ ਕੁਰੀਤੀਆਂ ਅਤੇ ਯੁਵਕਾਂ ਦੀ ਮੌਜੂਦਾ ਸਥਿਤੀ ਪ੍ਰਤੀ ਚਿੰਤਤ ਹੁੰਦੇ ਹੋਏ ਸੰਸਥਾ ਬਣਾਈ ਗਈ ਜੋ ਲੋਕਾਂ ਨੂੰ ਸੈਮੀਨਾਰਾਂ, ਨੁੱਕੜ ਨਾਟਕਾਂ, ਵਰਕਸ਼ਾਪਾਂ, ਜਾਗਰੂਕ ਰੈਲੀਆਂ, ਸਾਲਾਨਾ ਨਾਟਕ ਉਤਸਵ ‘ਸ਼ਗੂਫੇ’ (ਇੰਪੈਕਟ ਆਰਟਸ) ਰਾਹੀਂ ਜਾਗਰੂਕਤਾ ਫੈਲਾ ਰਹੀ ਹੈ ਅਤੇ ‘ਸੌਗਾਤ’, ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਮੁਹਿੰਮਾਂ ਰਾਹੀਂ ਸਮਾਜ ਸੁਧਾਰਕ ਗਤੀਵਿਧੀਆਂ ਵਿਚ ਆਪਣਾ ਯੋਗਦਾਨ ਪਾ ਰਹੀ ਹੈ। ਤਕਰੀਬਨ 5000 ਦੇ ਲਗਪਗ ਕਿਤਾਬਾਂ ਸਰਕਾਰੀ ਸਕੂਲਾਂ ਅਤੇ ਪਿੰਡਾਂ ਨੂੰ ਲਾਇਬ੍ਰੇਰੀ ਲਈ ਮੁਫ਼ਤ ਮੁਹੱਈਆ ਕਰਵਾ ਚੁੱਕੀ ਹੈ।
ਉਸ ਨੇ ਕਈ ਰਾਸ਼ਟਰੀ ਅਤੇ ਅੰਤਰਾਸ਼ਟਰੀ ਵਿਦਿਅਕ ਸੈਮੀਨਾਰਾਂ ਵਿਚ ਪਰਚੇ ਪੜ੍ਹੇ ਅਤੇ ਕਈ ਕੈਂਪਾਂ ਅਤੇ ਵਿਦਿਅਕ ਅਦਾਰਿਆਂ ਵਿਚ ਵਿਚਾਰ ਸਾਂਝੇ ਕੀਤੇ। ਨਾਸਾ- ਅਮਰੀਕਾ ਵਿਖੇ ਪੁਲਾੜ ਯਾਤਰੀ ਨਾਲ ਮਿਲਣੀ ਦੌਰਾਨ ਧਰਤ-ਅਕਾਸ਼ ਦੇ ਭੇਤ ਵਿਚ ਵਸੇ ਉਸ ਦੇ ਸੁਪਨਿਆਂ ਨੇ ਇਕ ਨਵੀਂ ਪਰਵਾਜ਼ ਭਰੀ।
ਇਨ੍ਹਾਂ ਸਭ ਗਤੀਵਿਧੀਆਂ ਨੂੰ ਮੁੱਖ ਰੱਖਦੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਯੁਵਾ ਪੁਰਸਕਾਰ, ਪੰਜਾਬ ਸਰਕਾਰ ਵੱਲੋਂ ਰਾਜ ਯੁਵਾ ਪੁਰਸਕਾਰ, ਸਵਾਮੀ ਵਿਵੇਕਾਨੰਦ ਯੁਵਾ ਪੁਰਸਕਾਰ, ਡਾ.ਬੀ.ਆਰ. ਅੰਬੇਡਕਰ ਰਾਸ਼ਟਰੀ ਪੁਰਸਕਾਰ, ਸਵਾਮੀ ਵਿਵੇਕਾਨੰਦ ਯੁਵਾ ਪੁਰਸਕਾਰ ਅਤੇ ਹੋਰ ਕਈ ਸਮਾਜਿਕ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਸਮੇਂ-ਸਮੇਂ ਸਿਰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸੰਪਰਕ: 89685-67127