ਗੋਵਰਧਨ ਗੱਬੀ
ਬਦਲਾਓ ਕੁਦਰਤ ਦਾ ਨਿਯਮ ਹੈ। ਪਿਛਲੀ ਸਦੀ ਦੇ ਨੌਂਵੇ ਦਹਾਕੇ ਤਕ ਸਾਡੇ ਸਮਾਜਿਕ, ਧਾਰਮਿਕ, ਸਿਆਸੀ, ਵਿਗਿਆਨਕ ਤੇ ਤਕਨਾਲੌਜੀਕਲ ਦ੍ਰਿਸ਼ ਦੇ ਬਦਲਣ ਦੀ ਗਤੀ ਬਹੁਤ ਹੌਲੀ ਹੁੰਦੀ ਸੀ। ਇਸ ਤੋਂ ਬਾਅਦ ਵਿਚ ਬਦਲਾਓ ਦੀ ਗਤੀ ਵਿਚ ਅਣਕਿਆਸੀ ਤੀਬਰਤਾ ਆਈ ਹੈ। ਸਾਰਾ ਕੁਝ ਪਲ ਪ੍ਰਤੀਪਲ ਬਦਲਦਾ ਹੈ। ਉਂਜ ਤਾਂ ਹੋਰ ਚੀਜ਼ਾਂ ਵੀ ਹਨ, ਪਰ ਦੇਖਿਆ ਜਾਂਦਾ ਹੈ ਕਿ ਅੱਜਕੱਲ੍ਹ ਸਵੇਰੇ ਖਰੀਦਿਆ ਮੋਬਾਈਲ ਫੋਨ ਸ਼ਾਮ ਹੋਣ ਤਕ ਪੁਰਾਣਾ ਗਿਣਿਆ ਜਾਂਦਾ ਹੈ ਕਿਉਂਕਿ ਸ਼ਾਮ ਹੋਣ ਤਕ ਉਸ ਫੋਨ ਵਿਚ ਕਈ ਹੋਰ ਨਵੀਆਂ ਤਬਦੀਲੀਆਂ ਆ ਜਾਂਦੀਆਂ ਹਨ।
ਅੱਜ ਦੇ ਆਧੁਨਿਕ ਤੇ ਸਮਾਰਟ ਫੋਨ ਨੇ ਸਾਡੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਲੋੜੀਂਦੀਆਂ ਜ਼ਰੂਰਤਾਂ ਭਾਵ ਚੀਜ਼ਾਂ, ਵਸਤਾਂ, ਸ਼ੈਆਂ ਨੂੰ ਲਗਪਗ ਖ਼ਤਮ ਕਰ ਦਿੱਤਾ ਹੈ। ਜਿਵੇਂ ਕਿ ਮਿੰਨੀ ਕੰਪਿਊਟਰ, ਕੈਮਰਾ, ਆਡੀਓ ਤੇ ਡੀ.ਵੀ.ਡੀ. ਪਲੇਅਰ, ਘੜੀ, ਟਾਰਚ, ਕੈਲੰਡਰ, ਕੈਲਕੁਲੇਟਰ ਤੇ ਹੋਰ ਵੀ ਬਹੁਤ ਕੁਝ।
ਅੱਜਕੱਲ੍ਹ ਫੋਨ ਦੀ ਵਰਤੋਂ ਲਗਪਗ ਮੁਫ਼ਤ ਦੇ ਕਰੀਬ ਹੋ ਗਈ ਹੈ। ਦੋ ਢਾਈ ਸੌ ਰੁਪਏ ਖ਼ਰਚ ਕਰਕੇ ਮਹੀਨਾ ਭਰ ਦੁਨੀਆ ਭਰ ਵਿਚ ਦ੍ਰਿਸ਼ਮਈ ਗੱਲਬਾਤ ਕੀਤੀ ਜਾ ਸਕਦੀ ਹੈ। ਵਟਸਐਪ ਤੇ ਫੇਸਬੁੱਕ ਵਰਗੀਆਂ ਐਪਸ ਨਾਲ ਦੁਨੀਆ ਭਰ ਵਿਚ ਵਸਦੇ ਆਪਣੇ ਕਰੀਬੀਆਂ ਤੇ ਰਿਸ਼ਤੇਦਾਰਾਂ ਨਾਲ ਚੌਵੀ ਘੰਟੇ ਸੰਪਰਕ ਵਿਚ ਰਿਹਾ ਜਾ ਸਕਦਾ ਹੈ। ਫ਼ਿਲਮਾਂ ਦੇਖ, ਗੀਤ ਸੰਗੀਤ ਸੁਣ ਤੇ ਦੁਨੀਆ ਭਰ ਦੇ ਕਿਸੇ ਵੀ ਥਹੁ-ਠਿਕਾਣੇ ਨੂੰ ਲੱਭਣ ਵਾਸਤੇ ਫੋਨ ਦੀ ਵਰਤੋਂ ਕਰ ਸਕਦੇ ਹਾਂ ਤੇ ਹੋਰ ਵੀ ਬਹੁਤ ਕੁਝ।
ਜਿੱਥੇ ਮੌਜੂਦਾ ਸਮਾਰਟ ਤੇ ਆਧੁਨਿਕ ਫੋਨ ਦੇ ਬਹੁਤ ਸਾਰੇ ਫਾਇਦੇ ਹਨ ਉੱਥੇ ਨੁਕਸਾਨ ਵੀ ਘੱਟ ਨਹੀਂ ਹਨ। ਪਹਿਲਾਂ ਨੁਕਸਾਨਾਂ ਦੀ ਗੱਲ ਕਰਦੇ ਹਾਂ। ਫੋਨ ਨੇ ਲੋਕਾਂ ਵਿਚ ਭੌਤਿਕ ਦੂਰੀਆਂ ਤਾਂ ਘਟਾ ਦਿੱਤੀਆਂ, ਪਰ ਸਮਾਜਿਕ ਤਾਣੇ ਬਾਣੇ ਵਿਚਲੀਆਂ ਦੂਰੀਆਂ ਵਧਾ ਦਿੱਤੀਆਂ ਹਨ। ਵੱਡੀਆਂ ਤੇ ਡੂੰਘੀਆਂ ਖਾਈਆਂ ਪੈਦਾ ਕਰ ਦਿੱਤੀਆਂ ਹਨ। ਨਿੱਜਤਾ ਲਗਪਗ ਖ਼ਤਮ ਕਰ ਦਿੱਤੀ ਹੈ। ਸਹਿਣਸ਼ੀਲਤਾ ਮੁਕਾ ਦਿੱਤੀ ਹੈ। ਖੁਦਗਰਜ਼ੀ ਵਧਾ ਦਿੱਤੀ ਹੈ। ਸੰਵੇਦਨਸ਼ੀਲਤਾ ਨੂੰ ਵੀ ਢਾਹ ਲਗਾਈ ਹੈ। ਇਕ ਦੂਸਰੇ ਪ੍ਰਤੀ ਮੋਹ ਪਿਆਰ ਵੀ ਘਟਾ ਦਿੱਤਾ ਹੈ। ਮਨੁੱਖ ਨੂੰ ਬੇਪ੍ਰਵਾਹ ਤਾਂ ਨਹੀਂ, ਪਰ ਲਾਪ੍ਰਵਾਹ ਜ਼ਰੂਰ ਬਣਾ ਦਿੱਤਾ ਹੈ। ਦੋਸਤਾਂ ਮਿੱਤਰਾਂ ਦੇ ਨਿੱਘੇ ਤੇ ਮਿੱਠੜੇ ਰਿਸ਼ਤਿਆਂ ਵਿਚ ਵੀ ਤਰੇੜਾਂ ਪੈਦਾ ਕਰ ਦਿੱਤੀਆਂ ਹਨ। ਸਕੂਨ ਖ਼ਤਮ ਕਰ ਦਿੱਤਾ ਹੈ। ਹਰ ਕੋਈ ਹਰ ਵੇਲੇ ਮੋਬਾਈਲ ਫੋਨ ਵਿਚ ਉਲਝਿਆ ਲਗਦਾ ਹੈ। ਮਨੁੱਖ ਸਮਝਦਾ ਹੈ ਕਿ ਜੇਕਰ ਉਸ ਕੋਲ ਆਧੁਨਕਿ ਸਮਾਰਟ ਫੋਨ ਹੈ ਤਾਂ ਉਸ ਨੂੰ ਜ਼ਿੰਦਗੀ ਵਿਚ ਕਿਸੇ ਦੀ ਕੋਈ ਲੋੜ ਨਹੀਂ ਹੈ। ਫੋਨ ਨੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਵੀ ਜਨਮ ਦਿੱਤਾ ਹੈ। ਜਿਸ ਵਿਚ ਡਿਪਰੈਸ਼ਨ ਤੇ ਤਣਾਓ ਪ੍ਰਮੁੱਖ ਹਨ।
ਜਦੋਂ ਫੋਨ ਦੇ ਫਾਇਦਿਆਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਬਹੁਤ ਹਨ। ਹੋਰਾਂ ਦੀ ਨਹੀਂ ਮੈਂ ਆਪਣੇ ਘਰ ਦੀ ਗੱਲ ਕਰਦਾ ਹਾਂ। ਪਿਛਲੇ ਤੀਹ ਇਕੱਤੀ ਸਾਲਾਂ ਤੋਂ ਅਸੀਂ ਸੰਯੁਕਤ ਪਰਿਵਾਰ ਵਿਚ ਰਹਿ ਰਹੇ ਹਾਂ। ਮਾਪੇ ਵੀ ਨਾਲ ਸਨ। ਲਗਪਗ ਨੌਂ ਕੁ ਸਾਲ ਪਹਿਲਾਂ ਤਕ ਜਦੋਂ ਸਾਡੇ ਪਿਤਾ ਜੀ ਜਿਉਂਦੇ ਸਨ ਤਦ ਆਪਣੀ ਗ਼ੈਰਹਾਜ਼ਰੀ ਵਿਚ ਸਾਨੂੰ ਉਨ੍ਹਾਂ ਬਾਰੇ ਬਹੁਤੀ ਚਿੰਤਾ ਨਹੀਂ ਰਹਿੰਦੀ ਸੀ। ਸਾਡੇ ਦਫ਼ਤਰ ਤੇ ਬੱਚਿਆਂ ਦੇ ਸਕੂਲ ਕਾਲਜ ਜਾਣ ਕਰਕੇ ਜਦੋਂ ਉਹ ਦੋਵੇਂ ਘਰ ਹੁੰਦੇ ਸਨ ਤਾਂ ਸਾਨੂੰ ਕੋਈ ਬਹੁਤਾ ਫਿਕਰ ਨਹੀਂ ਹੁੰਦਾ ਸੀ। ਪਰ ਜਦੋਂ ਪਿਤਾ ਜੀ ਨਹੀਂ ਰਹੇ ਤਾਂ ਸਾਨੂੰ ਆਪਣੀ ਮਾਂ ਦੀ ਇਕੱਲਤਾ ਬਹੁਤ ਤੰਗ ਕਰਨ ਲੱਗੀ। ਉਹ ਸਾਰਾ ਦਿਨ ਘਰ ਬੈਠੀ ਸਾਡੇ ਫੋਨ ਦੀ ਉਡੀਕ ਕਰਦੀ ਰਹਿੰਦੀ। ਕੈਨੇਡਾ ਰਹਿੰਦੀ ਨਿੱਕੀ ਧੀ ਤੇ ਇੱਧਰ ਰਹਿੰਦੀਆਂ ਆਪਣੀਆਂ ਧੀਆਂ ਦੇ ਫੋਨ ਉਡੀਕਦੀ ਰਹਿੰਦੀ। ਸ਼ਾਮ ਨੂੰ ਸਾਡੇ ਛੇਤੀ ਘਰ ਪਰਤ ਆਉਣ ਦੀ ਤਾਂਘ ਰਹਿੰਦੀ, ਪਰ ਜਦੋਂ ਦਾ ਅਸੀਂ ਮਾਂ ਨੂੰ ਆਧੁਨਿਕ ਫੋਨ ਲੈ ਕੇ ਉਸ ਦੀ ਵਰਤੋਂ ਕਰਨਾ ਸਿਖਾ ਦਿੱਤਾ ਹੈ ਤਦ ਤੋਂ ਉਸ ਦੇ ਚਿਹਰੇ ਉੱਪਰ ਹਮੇਸ਼ਾਂ ਰੌਣਕ ਬਣੀ ਰਹਿੰਦੀ ਹੈ। ਉਹ ਲਗਪਗ ਰੋਜ਼ ਆਪਣੀਆਂ, ਧੀਆਂ, ਭੈਣਾਂ, ਭਰਾਵਾਂ ਤੇ ਰਿਸ਼ਤੇਦਾਰਾਂ ਨਾਲ ਵੀਡੀਓ ਕਾਲ ਕਰਕੇ ਬਿਜੀ ਰਹਿੰਦੀ ਹੈ। ਗੱਲਾਂਬਾਤਾਂ ਤੋਂ ਥੱਕ ਜਾਵੇ ਤਾਂ ਮਾਂ ਫੇਸਬੁੱਕ ਖੋਲ੍ਹ ਲੈਂਦੀ ਹੈ। ਉੱਥੋਂ ਅੱਕ ਕੇ ਵਟਸਐਪ ਉੱਪਰ ਆਈਆਂ ਤਸਵੀਰਾਂ ਤੇ ਵੀਡੀਓ ਕਲਿਪਸ ਦੇਖਦੀ ਰਹਿੰਦੀ ਹੈ। ਕਈਆਂ ਬਾਰੇ ਸਾਡੇ ਨਾਲ ਚਰਚਾ ਵੀ ਕਰਦੀ ਰਹਿੰਦੀ ਹੈ। ਸਵੇਰੇ ਸ਼ਾਮ ਧਾਰਮਿਕ ਪ੍ਰਵਚਨਾਂ ਵਾਸਤੇ ਯੂ- ਟਿਊਬ ਚਲਾ ਲੈਂਦੀ ਹੈ। ਮਤਲਬ ਤਣਾਓ ਜਾਂ ਡਿਪਰੈਸ਼ਨ ਵਿਚ ਜਾਣ ਵਾਸਤੇ ਸਮਾਂ ਹੀ ਨਹੀਂ ਬਚਿਆ ਹੈ। ਉਸ ਦੀ ਉਮਰ ਲੰਮੀ ਹੋ ਗਈ ਹੈ।
ਮੈਨੂੰ ਯਾਦ ਹੈ ਜਦੋਂ ਅਸੀਂ 1989-90 ਵਿਚ ਚੰਡੀਗੜ੍ਹ ਆਏ ਸਾਂ। ਤਦ ਤਕ ਘਰਾਂ ਵਿਚ ਟੈਲੀਫੋਨ ਹੋਣ ਦਾ ਮਤਲਬ ਹੁੰਦਾ ਸੀ ਕਿ ਤੁਸੀਂ ਅਮੀਰ ਹੋ।
ਜਦੋਂ ਵੀ ਆਪਣੇ ਪਿੰਡ ਦੇ ਨੇੜੇ ਪੈਂਦੇ ਪਿੰਡ ਵਿਚ ਇਕ ਦੁਕਾਨ ਉੱਪਰ ਲੱਗੇ ਟੈਲੀਫੋਨ ਉੱਪਰ ਐੱਸ.ਟੀ.ਡੀ. ਬੂਥ ਉੱਪਰ ਜਾ ਕੇ ਫੋਨ ਮਿਲਾਉਣਾ ਤਾਂ ਪਹਿਲੀ ਗੱਲ ਤਾਂ ਕਿ ਫੋਨ ਮਿਲਣਾ ਹੀ ਨਹੀਂ। ਬਹੁਤੀ ਵਾਰ ਇਹੀ ਆਵਾਜ਼ ਸੁਣਨ ਨੂੰ ਮਿਲਣੀ- ‘ਲਾਈਨਾਂ ਵਿਅਸਤ ਹਨ ਕਿਰਪਾ ਕਰਕੇ ਬਾਅਦ ਵਿਚ ਡਾਇਲ ਕਰੋ’। ਜਦੋਂ ਕਦੇ ਮਿਲਣਾ ਤਦ ਤਕ ਘਰ ਵਾਲੇ ਉਡੀਕਦੇ ਹੋਏ ਹਾਰ ਥੱਕ ਕੇ ਚਲੇ ਗਏ ਹੁੰਦੇ ਸਨ। ਰੋਜ਼ੀ ਰੋਟੀ ਵਾਸਤੇ ਅਸੀਂ ਆਪਣਾ ਕੋਚਿੰਗ ਸੈਂਟਰ ਖੋਲ੍ਹਿਆ ਸੀ। ਮੈਨੂੰ ਯਾਦ ਹੈ ਕਿ ਤਦ ਆਪਣੇ ਦਫ਼ਤਰ ਵਿਚ ਟੈਲੀਫੋਨ ਲਗਾਉਣ ਵਾਸਤੇ ਅਸੀਂ ਇਕ ਸਿਆਸੀ ਨੇਤਾ ਦੇ ਦਲਾਲ ਨੂੰ ਪੰਦਰਾਂ ਹਜ਼ਾਰ ਰੁਪਏ ਰਿਸ਼ਵਤ ਵਿਚ ਦਿੱਤੇ ਸਨ।
ਮੁੱਕਦੀ ਗੱਲ ਇਹ ਹੈ ਕਿ ਫੋਨ ਦੀ ਕਾਢ ਸਾਡੀ ਸਹੂਲਤ ਲਈ ਹੋਈ ਹੈ, ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਦਾ ਉਪਯੋਗ ਕਿਵੇਂ ਕਰਨਾ ਹੈ। ਜੇਕਰ ਅਸੀਂ ਫੋਨ ਦੀ ਵਰਤੋਂ ਜ਼ਰੂਰਤ ਅਨੁਸਾਰ ਕਰੀਏ ਤਾਂ ਇਹ ਬਹੁਤ ਵਧੀਆ ਕਾਢ ਹੈ, ਪਰ ਜੇਕਰ ਅਸੀਂ ਬਿਨਾਂ ਵਜ੍ਹਾ ਇਸ ਨੂੰ ਵਰਤਦੇ ਰਹੀਏ ਅਤੇ ਇਸ ਦੇ ਗ਼ੁਲਾਮ ਬਣ ਜਾਈਏ ਤਾਂ ਇਸ ਤੋਂ ਬੁਰਾ ਕੋਈ ਨਹੀਂ।
ਸੰਪਰਕ: 94171-73700