ਗੁਰਮੀਤ ਸਿੰਘ
ਸਾਡੀ ਧਰਤੀ ’ਤੇ ਵੱਖ-ਵੱਖ ਤਰ੍ਹਾਂ ਦੇ ਜੀਵ ਮੌਜੂਦ ਹਨ ਜੋ ਆਪਣੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਲਈ ਜਾਣੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਜਲ ਪੀਪੀ ਨਾਂ ਦਾ ਪੰਛੀ ਵੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ‘ਬਰੌਂਜ਼ ਵਿੰਗਡ ਜੈਕਾਨਾ’ (Bronze winged jacana) ਅਤੇ ਹਿੰਦੀ ਵਿੱਚ ਜਲ ਕਪੋਤਿ ਦਾ ਨਾਂ ਦਿੱਤਾ ਹੈ। ਇਹ ਪੰਛੀ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਇਸ ਦੀ ਮੁੱਖ ਵਿਸ਼ੇਸ਼ਤਾ ਹੈ ਇਸ ਦੇ ਪੈਰ ਅਤੇ ਪੰਜੇ ਬਹੁਤ ਲੰਬੇ ਹੋਣਾ। ਪੈਰਾਂ ਦੇ ਨਹੁੰ ਉਂਗਲਾਂ ਨਾਲੋਂ ਲੰਬੇ ਹੁੰਦੇ ਹਨ, ਜਿਨ੍ਹਾਂ ਕਾਰਨ ਇਸ ਨੂੰ ਜਲ ਬਨਸਪਤੀ ਦੇ ਪੱਤਿਆਂ ਉੱਪਰ ਘੁੰਮਣ-ਫਿਰਨ ਲਈ ਸੰਤੁਲਨ ਰੱਖਣ ਵਿੱਚ ਆਸਾਨੀ ਹੁੰਦੀ ਹੈ।
ਇਨ੍ਹਾਂ ਦੀਆਂ ਪਸੰਦੀਦਾ ਥਾਵਾਂ ਵਿੱਚ ਪਾਣੀ ਵਿੱਚ ਤੈਰਦੀ ਅਤੇ ਉੱਭਰਦੀ ਬਨਸਪਤੀ, ਹੜ੍ਹ ਵਾਲੇ ਘਾਹ ਦੇ ਮੈਦਾਨ, ਦਲਦਲ ਵਾਲੀਆਂ ਥਾਵਾਂ, ਤਾਜ਼ੇ ਪਾਣੀ ਦੀਆਂ ਝੀਲਾਂ, ਤਲਾਬ, ਹੜ੍ਹਾਂ ਨਾਲ ਭਰੀਆਂ ਖੇਤੀ ਵਾਲੀਆਂ ਜ਼ਮੀਨਾਂ ਅਤੇ ਪਾਣੀ ਦੇ ਭੰਡਾਰ ਸ਼ਾਮਲ ਹਨ। ਇਹ ਪੰਛੀ ਸਰੀਰ ਵਿੱਚ ਵੱਡੇ ਅਤੇ ਛੋਟੀ ਪੂਛ ਵਾਲੇ ਹੁੰਦੇ ਹਨ ਜੋ ਦੂਰੋਂ ਦੇਖਣ ’ਤੇ ਕਾਲੇ ਦਿਖਾਈ ਦਿੰਦੇ ਹਨ। ਇਨ੍ਹਾਂ ਦੇ ਖੰਭ ਹਰੇ ਰੰਗ ਦੀ ਚਮਕ ਵਾਲੇ ਭੂਰੇ ਰੰਗ ਦੇ ਹੁੰਦੇ ਹਨ, ਜਦੋਂ ਕਿ ਸਿਰ, ਗਰਦਨ ਅਤੇ ਛਾਤੀ ਆਮ ਤੌਰ ’ਤੇ ਕਾਲੇ ਹੁੰਦੇ ਹਨ।
ਇਨ੍ਹਾਂ ਦੇ ਅੱਖਾਂ ਤੋਂ ਗਰਦਨ ਦੇ ਪਿਛਲੇ ਹਿੱਸੇ ਤੱਕ ਥੋੜ੍ਹਾ ਜਿਹਾ ਚਿੱਟਾ ਰੰਗ ਹੁੰਦਾ ਹੈ। ਖੰਭ ਕਾਂਸੇ ਰੰਗੇ ਹੁੰਦੇ ਹਨ। ਇਨ੍ਹਾਂ ਦੀ ਲੰਬਾਈ 29 ਸੈਂਟੀਮੀਟਰ ਹੁੰਦੀ ਹੈ ਅਤੇ ਭਾਰ 150 ਤੋਂ 200 ਗ੍ਰਾਮ ਹੁੰਦਾ ਹੈ। ਮਾਦਾ ਵੱਡੀਆਂ ਹੁੰਦੀਆਂ ਹਨ ਅਤੇ ਵਜ਼ਨ 220 ਤੋਂ 350 ਗ੍ਰਾਮ ਹੁੰਦਾ ਹੈ। ਚੁੰਝ ਵੱਡੀ, ਚਮਕਦਾਰ ਤੇ ਸਿਰੇ ਤੋਂ ਪੀਲੀ, ਮੱਧ ਤੋਂ ਹਰੇ-ਪੀਲੇ ਅਤੇ ਲਾਲ ਰੰਗ ਦੇ ਆਧਾਰ ਦੇ ਨਾਲ ਵੱਡੀ ਅਤੇ ਮਜ਼ਬੂਤ ਹੁੰਦੀ ਹੈ। ਇਨ੍ਹਾਂ ਦੀ ਖੁਰਾਕ ਕੀੜੇ-ਮਕੌੜੇ, ਛੋਟੇ ਘੋਗੇ, ਲਾਰਵੇ, ਬੀਟਲ, ਬੀਜ ਅਤੇ ਪੌਦਿਆਂ ਦੀ ਸਮੱਗਰੀ ਹੁੰਦੀ ਹੈ। ਇਨ੍ਹਾਂ ਦੇ ਖਾਣ ਦਾ ਸਮਾਂ ਮੁੱਖ ਤੌਰ ’ਤੇ ਦਿਨ ਅਤੇ ਕਈ ਵਾਰ ਰਾਤ ਦਾ ਹੁੰਦਾ ਹੈ। ਇਹ ਇਕੱਲੇ, ਜੋੜਿਆਂ ਜਾਂ ਸਮੂਹਾਂ ਵਿੱਚ ਖਾਣ ਨੂੰ ਨਿਕਲਦੇ ਹਨ। ਭਾਰਤ ਵਿੱਚ ਇਨ੍ਹਾਂ ਪੰਛੀਆਂ ਦਾ ਪ੍ਰਜਣਨ ਦਾ ਸਮਾਂ ਬਾਰਸ਼ਾਂ ਤੋਂ ਬਾਅਦ ਜੂਨ ਤੋਂ ਸਤੰਬਰ ਤੱਕ ਸ਼ੁਰੂ ਹੁੰਦਾ ਹੈ। ਭਾਵੇਂ ਨਰ ਅਤੇ ਮਾਦਾ ਪੰਛੀ ਇੱਕੋ ਜਿਹੇ ਹੁੰਦੇ ਹਨ, ਪਰ ਮਾਦਾ ਦਾ ਆਕਾਰ ਨਰ ਪੰਛੀ ਨਾਲੋਂ ਵੱਡਾ ਹੁੰਦਾ ਹੈ।
ਮਾਦਾ ਆਪਣੇ ਖੇਤਰ ਵਿੱਚ ਨਰ ਪੰਛੀਆਂ ਦੇ ਸਮੂਹ ਨੂੰ ਕਾਇਮ ਰੱਖਣ ਲਈ ਉਨ੍ਹਾਂ ’ਤੇ ਆਪਣਾ ਪੂਰਾ ਦਬਦਬਾ ਬਣਾ ਕੇ ਰੱਖਦੀ ਹੈ। ਉਹ ਆਂਡੇ ਦੇ ਕੇ ਇਨ੍ਹਾਂ ਦੀ ਦੇਖਭਾਲ ਕਰਨ ਲਈ ਇੱਕ ਨਰ ਨੂੰ ਸੌਂਪ ਦਿੰਦੀ ਹੈ। ਮਾਦਾ ਆਪ ਆਂਡਿਆਂ ਨੂੰ ਪ੍ਰਫੁੱਲਤ ਕਰਨ ਵਿੱਚ ਹਿੱਸਾ ਨਹੀਂ ਲੈਂਦੀ, ਇਸ ਦੀ ਬਜਾਏ ਉਹ ਵੱਖਰੇ ਨਰ ਕੋਲ ਜਾ ਕੇ ਆਂਡੇ ਦਿੰਦੀ ਹੈ ਅਤੇ ਫਿਰ ਨਰ ਨੂੰ ਉਨ੍ਹਾਂ ਆਂਡਿਆਂ ਦੀ ਜ਼ਿੰਮੇਵਾਰੀ ਸੌਂਪਦੀ ਹੈ। ਅਜਿਹੇ ਵਿਚਾਰ ਨਾਲ ਇੱਕ ਮਾਦਾ ਇੱਕ ਪ੍ਰਜਣਨ ਦੇ ਦੌਰਾਨ 4 ਨਰ ਜਲ ਪੀਪੀਆਂ ਨੂੰ ਜ਼ਿੰਮੇਵਾਰੀ ਸੌਂਪਦੀ ਹੈ। ਵੱਡੇ ਨਰ ਪੰਛੀ ਆਪਣੇ ਖੰਭ ਫੈਲਾਅ ਕੇ ਅਤੇ ਗਰਦਨ ਫੈਲਾਅ ਕੇ ਦੂਜੇ ਨਰ ਪੰਛੀਆਂ ਤੋਂ ਆਪਣੇ ਖੇਤਰ ਦੀ ਰੱਖਿਆ ਕਰਦੇ ਹਨ। ਇਸ ਤਰ੍ਹਾਂ ਆਂਡਿਆਂ ਨੂੰ ਪ੍ਰਫੁੱਲਤ ਕਰਨ ਅਤੇ ਸਥਾਨਾਂ ਦੀ ਰਾਖੀ ਦਾ ਕੰਮ ਨਰ ਪੰਛੀ ਨੂੰ ਸੌਂਪਿਆ ਜਾਂਦਾ ਹੈ। ਬਿਪਤਾ ਜਾਂ ਡਰ ਦੇ ਸਮੇਂ ਨਰ ਪੰਛੀ ਛੋਟੇ ਪੰਛੀਆਂ ਨੂੰ ਆਪਣੇ ਖੰਭਾਂ ਹੇਠ ਰੱਖ ਕੇ ਆਲੇ-ਦੁਆਲੇ ਲੈ ਕੇ ਜਾਣ ਦੀ ਡਿਉਟੀ ਵੀ ਨਿਭਾਉਂਦੇ ਹਨ।
ਇਨ੍ਹਾਂ ਦੇ ਚੂਚੇ 29 ਦਿਨਾਂ ਵਿੱਚ ਤਿਆਰ ਹੋ ਜਾਂਦੇ ਹਨ। ਉਹ ਦਸ ਹਫ਼ਤਿਆਂ ਤੱਕ ਪਿਤਾ ਵੱਲੋਂ ਕੀਤੇ ਪਾਲਣ ਪੋਸ਼ਣ ਤੋਂ ਬਾਅਦ ਆਜ਼ਾਦ ਹੋ ਜਾਂਦੇ ਹਨ। ਜਲ ਪੀਪੀ ਨੂੰ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਵੱਲੋਂ ਸਭ ਤੋਂ ਘੱਟ ਚਿੰਤਾ ਵਾਲੇ ਪੰਛੀ ਵਜੋਂ ਸੂਚੀਬੱਧ ਕੀਤਾ ਗਿਆ ਹੈ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੋਣ ਨਾਲ ਇਹ ਪੰਛੀ ਸੁਰੱਖਿਅਤ ਹਨ, ਪਰ ਫਿਰ ਵੀ ਸਾਨੂੰ ਇਨ੍ਹਾਂ ਦੀ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910