ਨਵੀਂ ਦਿੱਲੀ, 2 ਨਵੰਬਰ
ਫ਼ਿਲਮ ਨਿਰਦੇਸ਼ਕ ਬਿਜੋਏ ਨਾਂਬਿਆਰ ਦਾ ਕਹਿਣਾ ਹੈ ਕਿ ਭਾਰਤੀ ਫ਼ਿਲਮ ਸਨਅਤ ਵਿਚ ਦੋ ਨਾਇਕਾਂ ਨੂੰ ਲੈ ਕੇ ਫ਼ਿਲਮ ਬਣਾਉਣੀ ਚੁਣੌਤੀਪੂਰਣ ਹੈ। ਉਨ੍ਹਾਂ ਕਿਹਾ ਕਿ ਕਈ ਰੌਚਕ ਕਹਾਣੀਆਂ ਸਿਰਫ਼ ਇਸੇ ਕਰ ਕੇ ਪਰਦੇ ਉਤੇ ਪੇੇਸ਼ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਨਿਰਮਾਤਾ ਇਕ ਤੋਂ ਵੱਧ ਨਾਇਕਾਂ ਵਾਲੀ ਫ਼ਿਲਮ ਵਿਚ ਦਿਲਚਸਪੀ ਨਹੀਂ ਲੈਂਦੇ। ਨਾਂਬਿਆਰ, ਜੋ ਕਿ ਕਈ ਸਟਾਰ ਕਲਾਕਾਰਾਂ ਨਾਲ ਬਣਾਈ ਡਰਾਮਾ ਫ਼ਿਲਮ ‘ਤੈਸ਼’ ਲਈ ਪ੍ਰਸ਼ੰਸਾ ਖੱਟ ਰਹੇ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਲਈ ਅਦਾਕਾਰ ਚੁਣਨ ਵੇਲੇ ਬਹੁਤ ਔਖ ਆਈ ਕਿਉਂਕਿ ਜ਼ਿਆਦਾਤਰ ਬੌਲੀਵੁੱਡ ਅਦਾਕਾਰ ਦੋ ਜਾਂ ਤਿੰਨ ਨਾਇਕਾਂ ਵਾਲੇ ਪ੍ਰਾਜੈਕਟ ਕਰਨ ਦੇ ਹੱਕ ਵਿਚ ਨਹੀਂ ਹਨ। ‘ਜ਼ੀ5’ ਦੀ ਇਹ ਫ਼ਿਲਮ ਪਿਛਲੇ ਹਫ਼ਤੇ ਰਿਲੀਜ਼ ਹੋਈ ਹੈ। ਨਿਰਦੇਸ਼ਕ ਨਾਂਬਿਆਰ ਦੀ ਇਹ ਪੰਜਵੀਂ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ‘ਸ਼ੈਤਾਨ’, ‘ਡੇਵਿਡ’, ‘ਵਜ਼ੀਰ’, ‘ਸੋਲੋ’ ਕਰ ਚੁੱਕੇ ਹਨ। ਫ਼ਿਲਮ ਵਿਚ ਪੁਲਕਿਤ ਸਮਰਾਟ, ਕ੍ਰਿਤੀ ਖਰਬੰਦਾ, ਜਿਮ ਸਰਭ ਤੇ ਹਰਸ਼ਵਰਧਨ ਰਾਣੇ ਮੁੱਖ ਭੂਮਿਕਾਵਾਂ ਵਿਚ ਹਨ। ਨਾਂਬਿਆਰ (41) ਨੇ ਕਿਹਾ ਕਿ ਭਾਰਤ ਵਿਚ ਕਿਸੇ ਫ਼ਿਲਮ ਦੇ ਨਿਰਮਾਣ ਦੀ ਸ਼ੁਰੂਆਤ ਹੋਣ ਵਿਚ ਹੀ ਕਾਫ਼ੀ ਸਮਾਂ ਲੱਗ ਜਾਂਦਾ ਹੈ ਤੇ ਜੇ ਕਿਰਦਾਰ ਜ਼ਿਆਦਾ ਹੋਣ ਤਾਂ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ। ਖ਼ਾਸ ਕਰ ਕੇ ਜਦੋਂ ਫ਼ਿਲਮ ਆਮ ਮਨੋਰੰਜਕ ਫ਼ਿਲਮ ਨਾ ਹੋਵੇ ਤੇ ਕਹਾਣੀ ਕਹਿਣੀ ਹੋਵੇ। ਇਸ ਦੌਰਾਨ ਕਈ ਚੁਣੌਤੀਆਂ ਆਉਂਦੀਆਂ ਹਨ, ਵੱਡੀ ਕਾਸਟ ਨਾਲ ਫ਼ਿਲਮ ਬਣਾਉਣੀ ਸੌਖੀ ਨਹੀਂ ਹੈ। ਮੰਨੇ-ਪ੍ਰਮੰਨੇ ਨਿਰਮਾਤਾ ਵੀ ਇਸ ਤਰ੍ਹਾਂ ਦੀ ਫ਼ਿਲਮ ਬਣਾਉਣ ਲਈ ਸਹਿਜ ਮਹਿਸੂਸ ਨਹੀਂ ਕਰਦੇ। -ਪੀਟੀਆਈ