ਮੁੰਬਈ: ਉੱਘੇ ਫ਼ਿਲਮ ਨਿਰਮਾਤਾ ਮਹੇਸ਼ ਭੱਟ ਆਪਣੀ ਨਾਨਾ ਬਣਨ ਦੀ ਖੁਸ਼ੀ ਛੁਪਾ ਨਹੀਂ ਸਕਿਆ। ਉਸ ਨੇ ਖੁਸ਼ ਹੁੰਦਿਆਂ ਆਖਿਆ ਕਿ ਉਹ ਨਾਨੇ ਦੀ ਭੂਮਿਕਾ ਨਿਭਾਉਣ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਕੱਲ੍ਹ ਉਸ ਦੀ ਧੀ ਆਲੀਆ ਭੱਟ ਤੇ ਜਵਾਈ ਰਣਬੀਰ ਕਪੂਰ ਨੇ ਆਪਣੇ ਘਰ ਜਲਦ ਨੰਨ੍ਹਾ ਮਹਿਮਾਨ ਆਉਣ ਦਾ ਐਲਾਨ ਕੀਤਾ ਸੀ। ਮਹੇਸ਼ ਭੱਟ ਨੇ ਈ-ਟਾਈਮਜ਼ ਨੂੰ ਦੱਸਿਆ ਕਿ ਉਸ ਦੀ ਬੱਚੀ ਦੇ ਘਰ ਨਵਾਂ ਜੀਅ ਆ ਰਿਹਾ ਹੈ। ਉਹ ਰਣਬੀਰ ਅਤੇ ਆਲੀਆ ਲਈ ਬਹੁਤ ਖੁਸ਼ ਹੈ ਕਿਉਂਕਿ ਉਨ੍ਹਾਂ ਦਾ ਕੁਨਬਾ ਵਧ ਰਿਹਾ ਹੈ। ਉਸ ਨੇ ਕਿਹਾ ਕਿ ਨਾਨੇ ਦੀ ਭੂਮਿਕਾ ਉਸ ਲਈ ਹੁਣ ਤੱਕ ਸਭ ਤੋਂ ਮਹੱਤਵਪੂਰਨ ਹੋਵੇਗੀ ਅਤੇ ਉਹ ਆਪਣੀ ਨਵੀਂ ਪਾਰੀ ਖੇਡਣ ਦਾ ਇੰਤਜ਼ਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬੌਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਨੇ ਇਸ ਸਾਲ ਅਪਰੈਲ ਵਿਚ ਵਿਆਹ ਕਰਵਾਇਆ ਸੀ। ਆਲੀਆ ਤੇ ਰਣਬੀਰ ਦੀ ਫਿਲਮ ‘ਬ੍ਰਹਮਾਸਤਰ’ ਸਤੰਬਰ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਰਣਬੀਰ ਦੀ ਫਿਲਮ ‘ਸ਼ਮਸ਼ੇਰਾ’ ਵੀ ਜਲਦੀ ਹੀ ਰਿਲੀਜ਼ ਹੋਵੇਗੀ। -ਆਈਏਐੱਨਐੱਸ