ਮੁੰਬਈ: ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਹੁਣ ‘ਦਿ ਫੇਮ ਗੇਮ’ ਨਾਲ ਡਿਜੀਟਲ ਪਲੈਟਫਾਰਮ ’ਤੇ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਇਹ ਸੀਰੀਜ਼ ਨੈੱਟਫਲਿਕਸ ’ਤੇ ਫਰਵਰੀ ਮਹੀਨੇ ਦੀ 25 ਤਰੀਕ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਸੀਰੀਜ਼ ਵਿੱਚ ਮਾਧੁਰੀ ਦੇ ਨਾਲ ਸੰਜੈ ਕਪੂਰ, ਮਾਨਵ ਕੌਲ, ਲਕਸ਼ਵੀਰ ਸਰਨ, ਸੁਹਾਸਿਨੀ ਮੂਲੇ, ਮੁਸਕਾਨ ਅਤੇ ਜਾਫਰੀ ਵੀ ਨਜ਼ਰ ਆਉਣਗੇ। ਸੀਰੀਜ਼ ਦੀ ਕਹਾਣੀ ਅਨਾਮਿਕਾ ਆਨੰਦ ਨਾਂ ਦੀ ਅਦਾਕਾਰਾ ਦੁਆਲੇ ਘੁੰਮਦੀ ਹੈ, ਜਿਸ ਕੋਲ ਬੇਸ਼ੱਕ ਸਭ ਕੁਝ ਹੈ, ਪਰ ਫਿਰ ਵੀ ਉਸ ਦੀ ਜ਼ਿੰਦਗੀ ਇੱਕ ਝੂਠ ਜਾਪਦੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਸ ਸੀਰੀਜ਼ ਦਾ ਨਾਮ ‘ਫਾਈਂਡਿੰਗ ਅਨਾਮਿਕਾ’ ਰੱਖਿਆ ਗਿਆ ਸੀ। ਅਨਾਮਿਕਾ ਦਾ ਕਿਰਦਾਰ ਮਾਧੁਰੀ ਦੀਕਸ਼ਿਤ ਨੇ ਨਿਭਾਇਆ ਹੈ। ਇਸ ਸੀਰੀਜ਼ ਦਾ ਨਿਰਮਾਣ ਧਰਮੈਟਿਕ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਹੈ, ਜਿਸ ਦਾ ਇਹ ਪਹਿਲਾ ਪ੍ਰਾਜੈਕਟ ਹੈ। -ਆਈਏਐੱਨਐੱਸ