ਬਿੰਦਰ ਸਿੰਘ ਖੁੱਡੀ ਕਲਾਂ
ਸਮੇਂ ਦੀ ਤਬਦੀਲੀ ਨਾਲ ਸੱਭਿਆਚਾਰ ਵੀ ਤਬਦੀਲ ਹੁੰਦਾ ਰਹਿੰਦਾ ਹੈ। ਤਿੱਥਾਂ ਤਿਉਹਾਰਾਂ ਅਤੇ ਖੁਸ਼ੀਆਂ ਦੇ ਮੌਕੇ ਮਨਾਉਣ ਦੇ ਤਰੀਕਿਆਂ ਅਤੇ ਸਲੀਕਿਆਂ ਵਿੱਚ ਵੀ ਪਰਿਵਰਤਨ ਵੇਖਣ ਨੂੰ ਮਿਲਦਾ ਰਹਿੰਦਾ ਹੈ। ਇਸ ਪਰਿਵਰਤਨ ਦੀ ਬਦੌਲਤ ਉੱਤਰੀ ਭਾਰਤ ਦੇ ਪ੍ਰਮੁੱਖ ਤਿਉਹਾਰ ਦੀਵਾਲੀ ਨੂੰ ਮਨਾਉਣ ਵਿੱਚ ਵੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਕਿਸੇ ਸਮੇਂ ਦੀਵਾਲੀ ਦਾ ਕੇਂਦਰ ਬਿੰਦੂ ਰਹਿਣ ਵਾਲਾ ਮਿੱਟੀ ਦਾ ਦੀਵਾ ਲਗਾਤਾਰ ਹਾਸ਼ੀਏ ਵੱਲ ਧੱਕਿਆ ਜਾ ਰਿਹਾ ਹੈ। ਬਿਜਲਈ ਲੜੀਆਂ ਦੀ ਆਮਦ ਨਾਲ ਮਿੱਟੀ ਦੇ ਦੀਵੇ ਦੀ ਮੰਗ ਤੇਜ਼ੀ ਨਾਲ ਘਟ ਰਹੀ ਹੈ।
ਮਿੱਟੀ ਦਾ ਦੀਵਾ ਆਪਣੇ ਆਪ ਵਿੱਚ ਕਿਰਤ ਅਤੇ ਕਲਾ ਦੀ ਵਿਲੱਖਣ ਪੇਸ਼ਕਾਰੀ ਹੈ। ਪੁਰਤਾਨ ਸਮਿਆਂ ਵਿੱਚ ਮਿੱਟੀ ਦਾ ਦੀਵਾ ਨਾ ਕੇਵਲ ਦੀਵਾਲੀ ਮੌਕੇ ਸਗੋਂ ਰੋਜ਼ਮਰਾ ਦੌਰਾਨ ਵੀ ਰਾਤਾਂ ਨੂੰ ਰੌਸ਼ਨੀਆਂ ਕਰਨ ਦਾ ਮੁੱਖ ਸਰੋਤ ਸੀ। ਉਨ੍ਹਾਂ ਸਮਿਆਂ ਵਿੱਚ ਵਪਾਰੀਕਰਨ ਅਤੇ ਬਾਜ਼ਾਰੀਕਰਨ ਦਾ ਬੋਲਬਾਲਾ ਨਾ ਹੋਣ ਕਾਰਨ ਸਮਾਜ ਵਿੱਚ ਲੋਕ ਇੱਕ ਦੂਜੇ ’ਤੇ ਨਿਰਭਰ ਸਨ ਅਤੇ ਇਹ ਆਪਸੀ ਨਿਰਭਰਤਾ ਹੀ ਆਮ ਲੋਕਾਂ ਦੇ ਗੂੜ੍ਹੇ ਸਬੰਧਾਂ ਦਾ ਮੁੱਖ ਆਧਾਰ ਸੀ। ਅਜੋਕੇ ਸਮੇਂ ਵਿੱਚ ਘਟਦੀ ਆਪਸੀ ਨਿਰਭਰਤਾ ਸਮਾਜ ਵਿੱਚ ਤਰੇੜਾਂ ਪੈਦਾ ਕਰਨ ਦਾ ਵੱਡਾ ਸਬੱਬ ਬਣੀ ਹੈ। ਪੁਰਾਤਨ ਸਮਿਆਂ ਵਿੱਚ ਆਮ ਲੋਕਾਂ ਦੀਆਂ ਤਮਾਮ ਜ਼ਰੂਰਤਾਂ ਦੀ ਪੂਰਤੀ ਪਿੰਡਾਂ ਵਿੱਚੋਂ ਹੀ ਹੋ ਜਾਂਦੀ ਸੀ। ਸ਼ਹਿਰ ਜਾਣ ਦਾ ਰੁਝਾਨ ਅੱਜ ਵਾਂਗ ਵਿਆਪਕ ਨਹੀਂ ਸੀ।
ਪੁਰਾਣੇ ਸਮਿਆਂ ਵਿੱਚ ਧਾਤਾਂ ਦਾ ਇਸਤੇਮਾਲ ਵੀ ਨਾਂਹ ਦੇ ਬਰਾਬਰ ਹੀ ਸੀ। ਖਾਣਾ ਬਣਾਉਣ ਅਤੇ ਖਾਣ ਤੋਂ ਲੈ ਕੇ ਤਮਾਮ ਵਸਤਾਂ ਦੀ ਸਾਂਭ ਸੰਭਾਲ ਲਈ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਪਿੰਡਾਂ ਵਿੱਚ ਵਸਦੇ ਪਰਜਾਪਤ ਜਾਤੀ ਦੇ ਲੋਕ ਇਸ ਤਰ੍ਹਾਂ ਦੇ ਬਰਤਨ ਘੜੇ, ਧੌਲੇ ਤਪਲੇ, ਝਾਰੀਆਂ ਅਤੇ ਕੁੱਜੇ ਆਦਿ ਬਣਾਉਣ ਦੇ ਨਾਲ ਨਾਲ ਦੀਵੇ ਵੀ ਤਿਆਰ ਕਰਦੇ ਸਨ। ਇਨ੍ਹਾਂ ਪਰਿਵਾਰਾਂ ਵੱਲੋਂ ਇਹ ਵਸਤਾਂ ਕਣਕ ਆਦਿ ਅਨਾਜ ਅਤੇ ਪਸ਼ੂਆਂ ਦੇ ਹਰੇ ਚਾਰੇ ਬਦਲੇ ਕਿਸਾਨ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਸਨ। ਬਾਕੀ ਜਾਤੀਆਂ ਦੇ ਪਰਿਵਾਰ ਵੀ ਆਪਣੀ ਜ਼ਰੂਰਤ ਅਨੁਸਾਰ ਇਨ੍ਹਾਂ ਪਰਿਵਾਰਾਂ ਤੋਂ ਇਹ ਵਸਤਾਂ ਖਰੀਦ ਲੈਂਦੇ ਸਨ।
ਮਿੱਟੀ ਦੇ ਬਰਤਨ ਅਤੇ ਮਿੱਟੀ ਦੇ ਦੀਵੇ ਕਿਰਤ ਦੇ ਨਾਲ ਨਾਲ ਕਲਾ ਦਾ ਵੀ ਉੱਤਮ ਨਮੂਨਾ ਹਨ। ਇਨ੍ਹਾਂ ਨੂੰ ਤਿਆਰ ਕਰਨ ਲਈ ਵਿਸ਼ੇਸ਼ ਮੁਹਾਰਤ ਦੀ ਜ਼ਰੂਰਤ ਪੈਂਦੀ ਹੈ। ਮਿੱਟੀ ਦੇ ਦੀਵੇ ਪਿੱਛੇ ਇੱਕ ਕਾਰੀਗਰ ਦੀ ਸਖ਼ਤ ਮਿਹਨਤ ਛੁਪੀ ਹੁੰਦੀ ਹੈ। ਇਸ ਨੂੰ ਤਿਅਰ ਕਰਨ ਲਈ ਪਹਿਲਾਂ ਕਾਲੀ ਮਿੱਟੀ ਲਿਆ ਕੇ ਉਸ ਨੂੰ ਬੜੀ ਮਿਹਨਤ ਨਾਲ ਕੁੱਟ ਕੇ ਬਾਰੀਕ ਕੀਤਾ ਜਾਂਦਾ ਹੈ। ਅੱਜਕੱਲ੍ਹ ਇਹ ਕਾਲੀ ਮਿੱਟੀ ਬੜੀ ਮੁਸ਼ਕਿਲ ਨਾਲ ਮਹਿੰਗੇ ਰੇਟਾਂ ’ਤੇ ਉਪਲੱਬਧ ਹੁੰਦੀ ਹੈ। ਮਹੀਨ ਕੀਤੀ ਕਾਲੀ ਮਿੱਟੀ ਨੂੰ ਪਾਣੀ ਵਿੱਚ ਭਿਉਣ ਉਪਰੰਤ ਆਟੇ ਵਾਂਗ ਗੁੰਨਿਆ ਜਾਂਦਾ ਹੈ। ਇਸ ਗੁੰਨੀ ਹੋਈ ਮਿੱਟੀ ਨੂੰ ਚੱਕ ’ਤੇ ਚਾੜ੍ਹ ਕੇ ਬੜੀ ਕਾਰੀਗਰੀ ਨਾਲ ਲੋੜੀਂਦਾ ਆਕਾਰ ਦਿੱਤਾ ਜਾਂਦਾ ਹੈ। ਮਿੱਟੀ ਦੇ ਸਾਰੇ ਭਾਂਡੇ ਅਤੇ ਦੀਵੇ ਬਣਾਉਣ ਦਾ ਤਰੀਕਾ ਇਹੋ ਹੀ ਹੈ। ਗਿੱਲੀ ਮਿੱਟੀ ਨੂੰ ਚੱਕ ’ਤੇ ਰੱਖ ਕੇ ਚੱਕ ਨੂੰ ਮਸ਼ੀਨ ਦੀ ਤੇਜ਼ੀ ਨਾਲ ਘੁੰਮਾਇਆ ਜਾਂਦਾ ਹੈ। ਤੇਜ਼ ਘੁੰਮਦੇ ਚੱਕ ’ਤੇ ਮਿੱਟੀ ਨੂੰ ਹੱਥਾਂ ਦੀ ਕਾਰੀਗਰੀ ਨਾਲ ਮਨਚਾਹਿਆ ਆਕਾਰ ਦੇਣ ਉਪਰੰਤ ਮਜ਼ਬੂਤ ਧਾਗੇ ਨਾਲ ਕੱਟ ਕੇ ਬਾਕੀ ਮਿੱਟੀ ਤੋਂ ਵੱਖ ਕਰ ਲਿਆ ਜਾਂਦਾ ਹੈ। ਇਸ ਤਰੀਕੇ ਤਿਆਰ ਕੀਤੇ ਦੀਵਿਆਂ ਨੂੰ ਸੁਕਾਉਣ ਲਈ ਧੁੱਪ ਵਿੱਚ ਚਿਣਿਆ ਜਾਂਦਾ ਹੈ। ਇਨ੍ਹਾਂ ਕਾਰੀਗਰਾਂ ਵੱਲੋਂ ਬਹੁਤ ਸਾਰੀਆਂ ਕਿਸਮਾਂ ਅਤੇ ਆਕਾਰਾਂ ਦੇ ਦੀਵੇ ਤਿਆਰ ਕੀਤੇ ਜਾਂਦੇ ਹਨ। ਦੀਵਾਲੀ ਲਈ ਸਾਧਾਰਨ ਦੀਵੇ ਤਿਆਰ ਕਰਨ ਦੇ ਨਾਲ ਮਸ਼ਾਲ ਅਤੇ ਚੌਮੁਖੇ ਦੀਵਿਆਂ ਸਮੇਤ ਅੱਜਕੱਲ੍ਹ ਕਈ ਤਰ੍ਹਾਂ ਦੇ ਆਕਰਸ਼ਕ ਅਤੇ ਰੰਗ ਬਿਰੰਗੇ ਦੀਵੇ ਵੀ ਤਿਆਰ ਕੀਤੇ ਜਾਂਦੇ ਹਨ।
ਧਾਤ ਦੇ ਬਰਤਨਾਂ ਦੀ ਆਮਦ ਨੇ ਜਿੱਥੇ ਮਿੱਟੀ ਦੇ ਬਰਤਨਾਂ ਦੀ ਮੰਗ ਵਿੱਚ ਕਮੀ ਲਿਆਂਦੀ ਹੈ, ਉੱਥੇ ਹੀ ਮਿੱਟੀ ਦੇ ਦੀਵੇ ਦੀ ਸਰਦਾਰੀ ਨੂੰ ਵੀ ਲਗਾਤਾਰ ਖੋਰਾ ਲੱਗ ਰਿਹਾ ਹੈ। ਕੋਈ ਸਮਾਂ ਸੀ ਜਦੋਂ ਇਨ੍ਹਾਂ ਪਰਿਵਾਰਾਂ ਵੱਲੋਂ ਦੀਵਾਲੀ ਮੌਕੇ ਸਭ ਘਰਾਂ ਵਿੱਚ ਹੀ ਦੀਵੇ ਪਹੁੰਚਾ ਦਿੱਤੇ ਜਾਂਦੇ ਸਨ। ਪਰਿਵਾਰ ਦੀਆਂ ਬਜ਼ੁਰਗ ਔਰਤਾਂ ਮਿੱਟੀ ਦੇ ਦੀਵਿਆਂ ਨੂੰ ਪਹਿਲਾਂ ਪਾਣੀ ਵਿੱਚ ਭਿਉਂ ਕੇ ਦੀਵੇ ਦੀ ਖੁਸ਼ਕੀ ਦੂਰ ਕਰਦੀਆਂ ਸਨ। ਅਜਿਹਾ ਕਰਨ ਨਾਲ ਦੀਵੇ ਵਿੱਚ ਪੈਣ ਵਾਲੇ ਸਰ੍ਹੋਂ ਦੇ ਤੇਲ ਦੀ ਖਪਤ ਘਟ ਜਾਂਦੀ ਸੀ। ਫਿਰ ਰੂੰ ਦੀਆਂ ਬੱਤੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਅਤੇ ਹਨੇਰਾ ਹੋਣ ’ਤੇ ਬੜੇ ਚਾਵਾਂ ਨਾਲ ਮਿੱਟੀ ਦੇ ਦੀਵੇ ਲਗਾਏ ਜਾਂਦੇ ਸਨ। ਘਰਾਂ ਦੇ ਬਨੇੇਰਿਆਂ ਅਤੇ ਹੋਰ ਸਥਾਨਾਂ ’ਤੇ ਜਗਦੇ ਮਿੱਟੀ ਦੇ ਦੀਵੇ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਸਨ। ਅੱਜਕੱਲ੍ਹ ਦੀਆਂ ਕੁੜੀਆਂ ਨੂੰ ਰੂੰ ਦੀਆਂ ਬੱਤੀਆਂ ਨਹੀਂ ਵੱਟਣੀਆਂ ਆਉਂਦੀਆਂ। ਇਸੇ ਲਈ ਰੈਡੀਮੇਡ ਬੱਤੀਆਂ ਨੇ ਘਰਾਂ ਵਿੱਚ ਵੱਟੀਆਂ ਬੱਤੀਆਂ ਦੀ ਜਗ੍ਹਾ ਲੈ ਲਈ ਹੈ। ਅੱਜਕੱਲ੍ਹ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਤਾਂ ਸਿਰਫ ਸ਼ਗਨ ਦੀ ਪੂਰਤੀ ਲਈ ਹੀ ਜਗਾਏ ਜਾਂਦੇ ਹਨ। ਘਰਾਂ ਨੂੰ ਰੁਸ਼ਨਾਉਣ ਲਈ ਤਾਂ ਚੀਨੀ ਬਿਜਲਈ ਲੜੀਆਂ ਦਾ ਇਸਤੇਮਾਲ ਧੜੱਲੇ ਨਾਲ ਕੀਤਾ ਜਾਣ ਲੱਗਿਆ ਹੈ।
ਬਿਜਲਈ ਲੜੀਆਂ ਵੱਲੋਂ ਹਾਸ਼ੀਏ ’ਤੇ ਧੱਕੇ ਦੀਵੇ ਨੇ ਪਰਜਾਪਤ ਕਾਰੀਗਰਾਂ ਦੀ ਮਿਹਨਤ ਅਤੇ ਕਲਾ ਦੀ ਕਦਰ ਵੀ ਘਟਾ ਦਿੱਤੀ ਹੈ। ਇੰਨੀ ਮਿਹਨਤ ਨਾਲ ਤਿਆਰ ਕੀਤੇ ਦੀਵਿਆਂ ਦੀ ਵਿੱਕਰੀ ਲਈ ਇਨ੍ਹਾਂ ਪਰਿਵਾਰਾਂ ਨੂੰ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ। ਇਸ ਕਾਰਨ ਇਨ੍ਹਾਂ ਦੀ ਨਵੀਂ ਪੀੜ੍ਹੀ ਮਿੱਟੀ ਦੇ ਭਾਂਡੇ ਤਿਆਰ ਕਰਨ ਦੇ ਕਿੱਤੇ ਤੋਂ ਪਾਸਾ ਵੱਟਣ ਲੱਗੀ ਹੈ। ਅੱਜਕੱਲ੍ਹ ਗਿਣਤੀ ਦੀ ਹੀ ਪੁਰਾਣੀ ਪੀੜ੍ਹੀ ਇਹ ਕੰਮ ਕਰਦੀ ਹੈ।
ਸੰਪਰਕ : 98786-05965