ਪਰਮਜੀਤ ਕੌਰ ਸਰਹਿੰਦ
ਲੋਹੜੀ ਪੋਹ ਦੇ ਅਖ਼ੀਰਲੇ ਦਿਨ ਬਾਰਾਂ ਜਾਂ ਤੇਰਾਂ ਜਨਵਰੀ ਨੂੰ ਹੁੰਦੀ ਹੈ, ਪਰ ਪਿੰਡਾਂ ਵਿਚ ਧੂਣੀਆਂ ਪੋਹ ਦਾ ਮਹੀਨਾ ਸ਼ੁਰੂ ਹੋਣ ਸਾਰ ਭਾਵ ਅੱਧੇ ਕੁ ਦਸੰਬਰ ਤੋਂ ਹੀ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜੋਕੇ ਸਮੇਂ ਰਲ-ਮਿਲ ਕੇ ਸੇਕਣ ਵਾਲੀਆਂ ਤੇ ਲੋਹੜੀ ਮੌਕੇ ਬਾਲਣ ਵਾਲੀਆਂ ਧੂਣੀਆਂ ਪਿੰਡਾਂ ਵਿਚੋਂ ਵੀ ਅਲੋਪ ਹੁੰਦੀਆਂ ਜਾ ਰਹੀਆਂ ਹਨ। ਲੋਹੜੀ ਤਕਰੀਬਨ ਸਾਰੇ ਭਾਰਤ ਵਿਚ ਮਨਾਈ ਜਾਂਦੀ ਹੈ, ਪਰ ਪੰਜਾਬ ਵਿਚ ਖ਼ਾਸ ਕਰ ਪਿੰਡਾਂ ਵਿਚ ਲੋਹੜੀ ਮਨਾਉਣ ਦਾ ਢੰਗ ਬੜਾ ਸਾਦਾ ਤੇ ਮਿਲਵਰਤਣ ਵਾਲਾ ਰਿਹਾ ਹੈ ਤੇ ਕਾਫ਼ੀ ਹੱਦ ਤਕ ਅੱਜ ਵੀ ਹੈ। ਭਾਵੇਂ ਪਿੰਡਾਂ ਦੇ ਲੋਕ ਵੀ ਹੁਣ ਸ਼ਹਿਰੀਆਂ ਵਾਂਗ ‘ਕੱਲੋ-ਮੱਲ੍ਹੜੇ’ ਜਿਹੇ ਸੁਭਾਅ ਵਾਲੇ ਹੋ ਗਏ ਹਨ, ਪਰ ਅਜਿਹੇ ਮੌਕੇ ਦੋ-ਚਾਰ ਘਰ ਹੁਣ ਵੀ ਰਲ ਬੈਠਦੇ ਹਨ। ਪਿੰਡਾਂ ਵਿਚ ਦਿਖਾਵੇ ਨਾਲੋਂ ਮਿਲਵਰਤਣ ਜ਼ਿਆਦਾ ਹੁੰਦਾ ਹੈ, ਪਰ ਅੱਜਕੱਲ੍ਹ ਘਟ ਰਹੀਆਂ ਭਾਈਚਾਰਕ ਸਾਝਾਂ ਨੇ ਸਾਡੇ ਸੱਭਿਆਚਾਰ ਦੇ ਰਿਵਾਜਾਂ ਨੂੰ ਖੋਰਾ ਲਾਇਆ ਹੈ।
ਇਹ ਤਿਉਹਾਰ ਵੀ ਸਾਂਝ ਦਾ ਪ੍ਰਤੀਕ ਹੈ। ਬਹੁਤ ਸਮਾਂ ਪਹਿਲਾਂ ਠੰਢ ਤੋਂ ਬਚਣ ਲਈ ਮਨੁੱਖ ਕੋਲ ਕੱਪੜੇ ਜਾਂ ਅੱਗ ਹੀ ਇਕਮਾਤਰ ਸਾਧਨ ਸੀ। ਕੱਪੜੇ ਵੀ ਉਸ ਸਮੇਂ ਅੱਜ ਵਰਗੇ ਨਹੀਂ ਸਨ ਹੁੰਦੇ। ਧੁੰਦ ਅਤੇ ਠੰਢੀਆਂ ਸੀਤ ਹਵਾਵਾਂ ਲੋਹੜੀ ਦੇ ਦਿਨਾਂ ਵਿਚ ਮਾਰੋ-ਮਾਰ ਕਰਦੀਆਂ ਸਨ। ਇਨ੍ਹਾਂ ਦਾ ਟਾਕਰਾ ਕਰਨ ਲਈ ਮਨੁੱਖ ਢੇਰ ਸਾਰਾ ਬਾਲਣ ਇਕੱਠਾ ਕਰਦੇ ਤੇ ਧੂਣੀਆਂ ਬਾਲ ਕੇ ਅੱਗ ਸੇਕਦੇ। ਇਸੇ ਤਰ੍ਹਾਂ ਪੋਹ ਅਤੇ ਮਾਘ ਵਿਚਲੀ ਰਾਤ ਲੋਹੜੀ ਬਣ ਗਈ। ਵਿਗਿਆਨੀਆਂ ਅਨੁਸਾਰ ਇਸ ਮੌਕੇ ਸੂਰਜ ਦੱਖਣ ਦਿਸ਼ਾ ਤੋਂ ਉੱਤਰ ਦਿਸ਼ਾ ਵੱਲ ਨੂੰ ਦਾਖਲ ਹੁੰਦਾ ਹੈ। ਕਿਹਾ ਜਾਂਦਾ ਹੈ ਇਸ ਸ਼ੁਭ ਮੌਕੇ ਸੂਰਜ ਦਾ ਰੁਖ਼ ਧਰਤੀ ਦੇ ਅਰਧ ਗੋਲੇ ਵੱਲ ਨੂੰ ਹੋ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਸ਼ੁਭ ਆਗਮਨ ਸਦਕਾ ਹੀ ਮਕਰ ਸਕਰਾਂਤੀ (ਮੱਘਰ ਦੀ ਸੰਗਰਾਂਦ) ਵੀ ਵੱਡੇ ਪੱਧਰ ਉੱਤੇ ਮਨਾਈ ਜਾਂਦੀ ਹੈ। ਲੋਹੜੀ ਦਾ ਸਬੰਧ ਸਾਂਦਲਬਾਰ ਦੇ ਬਹਾਦਰ ਰਾਜਪੂਤ ਦੁੱਲਾ ਭੱਟੀ ਨਾਲ ਵੀ ਜੁੜਿਆ ਹੋਇਆ ਹੈ। ਮਾਨਤਾ ਹੈ ਕਿ ਕਿਸੇ ਗ਼ਰੀਬ ਦੀ ਵਿਆਹੁਣ ਯੋਗ ਕੰਨਿਆ ਨੂੰ ਕੋਈ ਰਾਜਾ ਜਬਰੀ ਲੈ ਜਾਣਾ ਚਾਹੁੰਦਾ ਸੀ, ਪਰ ਦੁੱਲੇ ਨੇ ਉਸ ਦੀ ਰੱਖਿਆ ਕੀਤੀ ਤੇ ਯੋਗ ਵਰ ਲੱਭ ਕੇ ਰਾਤੋ-ਰਾਤ ਉਸ ਦਾ ਵਿਆਹ ਕਰ ਦਿੱਤਾ। ਇਸੇ ਲਈ ਦੁੱਲੇ ਦੀ ਯਾਦ ਵਿਚ ‘ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਠੀ ਵਾਲਾ ਹੋ’ ਗੀਤ ਗਾਇਆ ਜਾਂਦਾ ਹੈ।
ਅਜੇ ਕੇਵਲ ਦੋ-ਤਿੰਨ ਦਹਾਕੇ ਪਹਿਲਾਂ ਵੀ ਗਲੀ-ਗੁਆਂਢ ਦੇ ਲੋਕ ਇਕੱਠੇ ਧੂਣੀ ਲਾ ਕੇ ਸੇਕਦੇ ਰਹਿੰਦੇ ਸਨ। ਲੋਹੜੀ ਦੇ ਦਿਨ ਤਾਂ ਇਹ ਧੂਣੀ ਖ਼ਾਸ ਅਹਿਮੀਅਤ ਰੱਖਦੀ। ਪਿੰਡਾਂ ਵਿਚ ਬੱਚੇ ਇਕ-ਦੋ ਦਿਨ ਪਹਿਲਾਂ ਹੀ ਲੋਹੜੀ ਬਾਲਣ ਲਈ ਛੋਟੀਆਂ-ਮੋਟੀਆਂ ਲੱਕੜਾਂ, ਪਾਥੀਆਂ, ਤਿਲਛਟੇ ਜਾਂ ਮੱਕੀ ਦੇ ਸੁੱਕੇ ਟਾਂਡੇ ਇਕੱਠੇ ਕਰਨ ਲੱਗ ਪੈਂਦੇ। ਕਿਸੇ ਗੁਹਾਰੇ ਦੇ ਡਿੱਗੇ-ਲੱਥੇ ਲਿਓੜ ਇਕੱਠੇ ਕਰਨ ਲੱਗ ਜਾਂਦੇ। ਕੁਝ ਬਾਲਣ ਤਾਈਆਂ, ਚਾਚੀਆਂ, ਦਾਦੀਆਂ ਤੇ ਭਾਬੀਆਂ ਤੋਂ ਘਰਾਂ ਵਿਚ ਲੈ ਆਉਂਦੇ। ਕੁਝ ਸੁਆਣੀ ਦੇ ਆਖੇ ਤੋਂ ਘਰਾਂ ਦੇ ਬੱਚੇ ਟੋਲੀਆਂ ਬਣਾ ਕੇ ਉਨ੍ਹਾਂ ਦੇ ਵਾੜਿਓਂ-ਗੁਹਾਰਿਓਂ ਲੈ ਆਉਂਦੇ। ਪੰਜ-ਸੱਤ ਘਰਾਂ ਦੇ ਬੱਚੇ ਟੋਲੀਆਂ ਬਣਾ ਕੇ ਬਾਲਣ ਇਕੱਠਾ ਕਰਦੇ ਤੇ ਇਕ ਦੇ ਵਿਹੜੇ ਜਾਂ ਚੌਂਤਰੇ ਦੇ ਖੂੰਜੇ ’ਚ ਢੇਰੀ ਲਾ ਕੇ ਰੱਖ ਲੈਂਦੇ। ਜਿਸ ਟੋਲੀ ਦੀ ਢੇਰੀ ਵੱਡੀ ਹੋਣੀ ਉਸ ਦੀ ਬੜੀ ਟੌਹਰ ਹੋਣੀ। ਆਪਣੀ ਢੇਰੀ ਨੂੰ ਵੱਡੀ ਕਰਨ ਹਿੱਤ ਉਹ ਕਿਸੇ ਗੁਹਾਰੇ ਵਿਚੋਂ ਚੋਰੀ-ਚੋਰੀ ਪੰਜ-ਚਾਰ ਪਾਥੀਆਂ ਵੀ ਕੱਢ ਲਿਆਉਂਦੇ। ਵਾਹ ਲੱਗਦੀ ਆਪਣੀ ਢੇਰੀ ਦੀ ਰਾਖੀ ਵੀ ਕੀਤੀ ਜਾਂਦੀ ਕਿ ਕਿਤੇ ਦੂਜੀ ਟੋਲੀ ਵਾਲੇ ਚੁੱਕ-ਚੁਰਾ ਨਾ ਲੈਣ। ਇਹ ਸ਼ਰਾਰਤ ਕਈ ਵਾਰ ਹੋ ਜਾਂਦੀ ਸੀ। ਮੁੰਡੇ-ਕੁੜੀਆਂ ਰਲ ਕੇ ਬਾਲਣ ਇਕੱਠਾ ਕਰਦੇ ਤੇ ਉਨ੍ਹਾਂ ਨੂੰ ਵਿਆਹ ਵਰਗਾ ਚਾਅ ਤੇ ਉਮਾਹ ਹੁੰਦਾ। ਬੜੀ ਰੌਣਕ ਵਾਲੇ ਦਿਨ ਹੁੰਦੇ ਸਨ। ਆਪਸੀ ਮੇਲ-ਜੋਲ ਹੁੰਦਾ ਸੀ ਤੇ ਗੂੜ੍ਹੀਆਂ ਸਾਂਝਾਂ ਹੁੰਦੀਆਂ ਸਨ।
ਹਰ ਘਰ ਵਿਚ ਘਰ ਦੇ ਦੁੱਧ ਦਾ ਖੋਆ ਕੱਢਿਆ ਜਾਂਦਾ। ਜੇ ਕਿਸੇ ਪਰਿਵਾਰ ਦੇ ਘਰ ਦੁੱਧ ਥੋੜ੍ਹਾ ਹੁੰਦਾ ਤਾਂ ਆਂਢ-ਗੁਆਂਢ ਜਾਂ ਸ਼ਰੀਕੇ ’ਚ ਭਾਈਚਾਰੇ ਵਾਲੀਆਂ ਸੁਆਣੀਆਂ ਮੱਲੋ-ਮੱਲੀ ਉਨ੍ਹਾਂ ਦੇ ਘਰ ਖੋਏ ਲਈ ਦੁੱਧ ਭੇਜ ਦਿੰਦੀਆਂ। ਕੜਾਕੇ ਦੀ ਠੰਢ ’ਚ ਸਾਰਾ ਟੱਬਰ ਚੁੱਲ੍ਹੇ ਦੁਆਲੇ ਇਕੱਠਾ ਹੋ ਕੇ ਨਾਲੇ ਸੇਕੀ ਜਾਂਦਾ, ਨਾਲੇ ਗਾਜਰਾਂ ਕੱਦੂ-ਕੱਸ ਕਰਕੇ ਦੁੱਧ ਦੀ ਕੜਾਹੀ ਵਿਚ ਪਾਈ ਜਾਂਦਾ ਤੇ ਗਜਰੇਲਾ ਬਣ ਜਾਂਦਾ। ਘਰ ਦੀ ਸ਼ੱਕਰ ਜਾਂ ਦੇਸੀ ਖੰਡ ਵਾਲਾ ਉਹ ਗਜਰੇਲਾ ਅੱਜ ਦੇ ਕਾਜੂ-ਬਦਾਮਾਂ ਵਾਲੇ ਗਜਰੇਲੇ ਨੂੰ ਮਾਤ ਪਾਉਂਦਾ। ਆਮ ਤੌਰ ’ਤੇ ਖੋਏ ਦੀਆਂ ਪਿੰਨੀਆਂ ਹੀ ਬਣਾਈਆਂ ਜਾਂਦੀਆਂ। ਸਾਉਣੀ ਦੀ ਫ਼ਸਲ ’ਚ ਤਿਲ ਘਰਾਂ ਵਿਚ ਆਮ ਹੀ ਹੁੰਦੇ। ਕਈ ਘਰਾਂ ਵਿਚ ਉਖਲੀ ਵਿਚ ਮੂਲ੍ਹੇ ਨਾਲ ਤਿਲ ਕੁੱਟੇ ਜਾਂਦੇ ਤੇ ਖੋਏ ’ਚ ਰਲਾ ਕੇ ਭੁੱਗਾ ਬਣਾਇਆ ਜਾਂਦਾ। ਤਿਲ ਕੁੱਟ ਕੇ ਕੁੱਲਰ ਵੀ ਬਣਾਈ ਜਾਂਦੀ। ਪਿੰਨੀਆਂ ਹੁੰਦੀਆਂ, ਭੁੱਗਾ ਹੁੰਦਾ ਜਾਂ ਕੁੱਲਰ ਇਨ੍ਹਾਂ ਵਿਚ ਘਰ ਦੀ ਸ਼ੱਕਰ-ਖੰਡ ਹੀ ਪਾਈ ਜਾਂਦੀ। ਨਾ ਹੋਈ ਵਾਲੇ ਦੂਜੇ ਤੋਂ ਉਧਾਰ-ਸਧਾਰ ਲੈ ਲੈਂਦੇ ਜਾਂ ਅਜਿਹੀਆਂ ਲੋੜਾਂ ਸ਼ਰੀਕੇ-ਭਾਈਚਾਰੇ ਵਾਲੇ ਉਂਜ ਹੀ ਪੂਰ ਦਿੰਦੇ। ਕਈ ਖਿੱਤਿਆਂ ਵਿਚ ‘ਭੂਤ ਪਿੰਨੇ’ ਵੀ ਬਣਾਏ ਜਾਂਦੇ। ਮੱਕੀ ਦੇ ਭੁੰਨੇ ਦਾਣਿਆਂ ਦੀਆਂ ਖਿੱਲਾਂ, ਗੁੜ ਦੀ ਚਾਸ਼ਨੀ ਵਿਚ ਰਲਾ ਕੇ ਵੱਡੇ-ਵੱਡੇ ਲੱਡੂ ਵੱਟੇ ਜਾਂਦੇ ਇਨ੍ਹਾਂ ਨੂੰ ਭੂਤ ਪਿੰਨੇ ਕਿਹਾ ਜਾਂਦਾ।
ਸਭ ਤੋਂ ਵੱਧ ਜੋ ਲੋਹੜੀ ’ਤੇ ਬਣਾਈ ਜਾਣ ਵਾਲੀ ਵਿਸ਼ੇਸ਼ ਚੀਜ਼ ਮੈਨੂੰ ਯਾਦ ਹੈ, ਉਹ ਹੁੰਦੇ ਸਨ ‘ਤਲੋਏ’,ਕਈ ਥਾਈਂ ਤਲੋਏ ਨੂੰ ਤਲੂੰਆਂ ਵੀ ਕਿਹਾ ਜਾਂਦਾ ਹੈ। ਜੋ ਤਕਰੀਬਨ ਹਰ ਘਰ ਵਿਚ ਬਣਦੇ। ਚੁੱਲ੍ਹੇ ਉੱਤੇ ਧਰੀ ਕੜਾਹੀ ਵਿਚ ਤਿੜਕਦੇ ਤਿਲ ਮੇਰੇ ਚੇਤਿਆਂ ਵਿਚ ਅੱਜ ਵੀ ਚਟਕਦੇ ਰਹਿੰਦੇ ਹਨ। ਤਿਲ ਭੁੰਨ ਕੇ ਕਿਸੇ ਬਰਤਨ ਵਿਚ ਕੱਢ ਲੈਂਦੇ ਤੇ ਬੀਜੀ ਨੇ ਫਿਰ ਉਸੇ ਕੜਾਹੀ ਵਿਚ ਗੁੜ ਭੰਨ ਕੇ ਪਾ ਦੇਣਾ ਤੇ ਚਾਹਣੀ ਬਣਾਉਣੀ। ਭੁੰਨੇ ਹੋਏ ਤਿਲ ਉਸ ਵਿਚ ਪਾ ਕੇ ਰਲਾ ਦੇਣੇ ਤੇ ਫਿਰ ਉਨ੍ਹਾਂ ਦੇ ਵੀ ਲੱਡੂ ਜਿਹੇ ਵੱਟ ਲੈਣੇ ਜਿਨ੍ਹਾਂ ਨੂੰ ਤਲੋਏ ਕਿਹਾ ਜਾਂਦਾ। ਇਹ ਤਲੋਏ ਸਾਰਾ ਸਿਆਲ ਖਾਧੇ ਜਾਂਦੇ। ਅੱਜ ਇਹ ਚੀਜ਼ਾਂ ਸੁਪਨਾ ਹੋ ਕੇ ਰਹਿ ਗਈਆਂ ਹਨ। ਇਹ ਸਭ ਚੀਜ਼ਾਂ ਸਾਫ਼-ਸੁਥਰੀਆਂ ਮਿਲਾਵਟ ਰਹਿਤ ਹੁੰਦੀਆਂ। ਇਹੋ ਰਾਜ਼ ਸੀ ਸਮੇਂ ਦੀਆਂ ਜਾਂ ਕੁਝ ਸਮਾਂ ਪਹਿਲਾਂ ਦੀਆਂ ਸਿਹਤਾਂ ਦਾ।
ਲੋਹੜੀ ਵਾਲੇ ਦਿਨ ਹਰ ਘਰ ਵਿਚ ਸਾਗ ਅਤੇ ਗੰਨੇ ਦੇ ਰਸ ਦੀ ਖੀਰ ਜ਼ਰੂਰ ਬਣਾਈ ਜਾਂਦੀ। ਜਿਸ ਦੀ ਘੁਲਾੜੀ ਚੱਲਦੀ ਹੁੰਦੀ ਉਹ ਸਾਰਿਆਂ ਨੂੰ ਸੱਦਾ ਦੇ ਦਿੰਦਾ ਕਿ ਖੀਰ ਲਈ ਗੰਨੇ ਦਾ ਰਸ ਲੈ ਆਇਓ। ਕਈ ਘਰਾਂ ਵਿਚ ਖਿਚੜੀ ਵੀ ਬਣਦੀ, ਪਰ ਸਾਗ, ਖੀਰ ਜਾਂ ਖਿਚੜੀ ਉਸ ਦਿਨ ਜਾਂ ਰਾਤ ਨੂੰ ਕਿਸੇ ਨੂੰ ਖਾਣ ਨਾ ਦਿੱਤੀ ਜਾਂਦੀ। ਉਹ ਦੂਜੇ ਦਿਨ ਮਾਘੀ ਨੂੰ ਹੀ ਖਾਧੀ ਜਾਂਦੀ ਤੇ ਕਿਹਾ ਜਾਂਦਾ ‘ਪੋਹ ਰਿੰਨੀਂ ਮਾਘ ਖਾਧੀ’। ਉਦੋਂ ਇਨ੍ਹਾਂ ਗੱਲਾਂ ਦੀ ਸਮਝ ਨਹੀਂ ਸੀ ਹੁੰਦੀ। ਇਹ ਤਿਉਹਾਰ ਸਰਦੀ ਦਾ ਸਿਖ਼ਰ ਹੁੰਦਾ, ਕਿੰਨੇ-ਕਿੰਨੇ ਦਿਨ ਰਿੱਝਿਆ-ਪੱਕਿਆ ਖ਼ਰਾਬ ਨਹੀਂ ਸੀ ਹੁੰਦਾ। ਦੂਜੇ ਦਿਨ ਮਾਘੀ ਨੂੰ ਖਿਚੜੀ ਦਹੀਂ ਨਾਲ ਵੀ ਖਾਧੀ ਜਾਂਦੀ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਪਹਿਲੇ ਦਿਨ ਖੋਏ-ਤਲੋਏ ਭਾਰੀ ਖਾਣਾ ਖਾਧਾ ਜਾਂਦਾ ਸੀ ਤੇ ਦੂਜੇ ਦਿਨ ਹਲਕਾ-ਫੁਲਕਾ। ਇਹ ਰਸਮਾਂ ਸਨ ਜੋ ਆਪੇ ਹੀ ਬਣਾਈਆਂ ਹੋਈਆਂ ਸਨ, ਪਰ ਬੜੀਆਂ ਹੀ ਸਾਰਥਿਕ ਤੇ ਲਾਹੇਵੰਦ। ਇਕ ਰਿਵਾਜ਼ ਹੋਰ ਵੀ ਹੁੰਦਾ। ਆਮ ਹੀ ਕਿਹਾ ਜਾਂਦਾ ਕਿ ਜਿਹੜਾ ਮਾਘੀ ਨੂੰ ਸਿਰ ਨਹਾਵੇਗਾ, ਉਸ ਦੇ ਵਾਲ ਸੋਨੇ ਦੇ ਹੋ ਜਾਣਗੇ। ਇਹ ਖ਼ਾਸ ਤੌਰ ’ਤੇ ਬੱਚਿਆਂ ਨੂੰ ਕਿਹਾ ਜਾਂਦਾ ਕਿਉਂਕਿ ਉਦੋਂ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ ਅਤੇ ਬੱਚੇ ਬਹੁਤੀ ਠੰਢ ਵਿਚ ਸਿਰ ਨਹਾਉਣ ਤੋਂ ਕਤਰਾਉਂਦੇ ਸਨ।
ਉਦੋਂ ਅੱਜ ਵਾਂਗ ਲੋਹੜੀਆਂ ਮਨਾਉਣ ਤੇ ਗਾਉਣ-ਵਜਾਉਣ ਦੇ ਅਡੰਬਰ ਵੀ ਕੋਈ ਨਹੀਂ ਸੀ ਕਰਦਾ। ਕਿਸੇ ਦੇ ਮੁੰਡੇ ਦੀ ਜਾਂ ਮੁੰਡੇ ਦੇ ਵਿਆਹ ਦੀ ਲੋਹੜੀ ਵਰਗੀ ਕੋਈ ਉਚੇਚ ਨਹੀਂ ਸੀ ਹੁੰਦੀ। ਲੋਹੜੀ ਨੂੰ ਸਿਰਫ਼ ਲੋਹੜੀ ਕਰਕੇ ਹੀ ਮਨਾਇਆ ਜਾਂਦਾ। ਅੱਜ ਲੋਹੜੀ ਨੂੰ ਜੋ ਦਿਖਾਵੇ ਲੋਕੀਂ ਕਰਦੇ ਹਨ, ਉਹ ਉਦੋਂ ਕੋਈ ਨਹੀਂ ਸੀ ਕਰਦਾ। ਪੰਜ-ਸੱਤ ਘਰਾਂ ਨੇ ਕਿਸੇ ਇਕ ਵਿਹੜੇ ਵਿਚ ਇਕੱਠੇ ਹੋ ਕੇ ਬੱਚਿਆਂ ਦੇ ਇਕੱਠੇ ਕੀਤੇ ਬਾਲਣ ਦੀ ਲੋਹੜੀ ਬਾਲ ਲੈਣੀ, ਕਿਸੇ ਨੇ ਕੋਈ ਨਿੱਕਾ-ਮੋਟਾ ਖੁੰਢ ਬਲਦੀ ਲੋਹੜੀ ’ਚ ਰੱਖ ਦੇਣਾ ਜੋ ਅੱਧੀ ਰਾਤ ਤਕ ਮੱਚੀ ਜਾਣਾ। ਘਰਾਂ ਦੀਆਂ ਸੁਆਣੀਆਂ, ਨੂੰਹਾਂ-ਧੀਆਂ ਮੁੱਠੀ ’ਚ ਤਿਲ ਲਈ ਆਉਂਦੀਆਂ ਤੇ ਬਲ਼ਦੀ ਲੋਹੜੀ ਉੱਤੇ ਉਨ੍ਹਾਂ ਦਾ ਮੱਥਾ ਟੇਕਦੀਆਂ। ਕੋਈ ਕਹਿੰਦੀ- ‘ਇੱਸਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਪੁੱਟੀ ਜਾਏ।’ ਉਦੋਂ ਤਾਂ ਅਸੀਂ ਬੱਚੇ ਵੀ ਰੀਸੋ-ਰੀਸੀ ਗਾਈ ਜਾਂਦੇ। ਅਰਥ ਸਮਝਣ ਦੀ ਕੋਈ ਲੋੜ ਨਹੀਂ ਸੀ ਜਾਪਦੀ, ਪਰ ਹੁਣ ਮੈਂ ਸੋਚਦੀ ਹਾਂ ‘ਇੱਸਰ’ ਤੋਂ ਉਨ੍ਹਾਂ ਦਾ ਭਾਵ ਖ਼ੁਸ਼ਹਾਲੀ ਤੇ ‘ਦਲਿੱਦਰ’ ਤੋਂ ਭਾਵ ਮੰਦਹਾਲੀ ਜਾਂ ਗ਼ਰੀਬੀ ਹੁੰਦਾ ਸੀ। ਕੁਝ ਦੇਰ ਖੜ੍ਹ-ਬੈਠ ਕੇ ਔਰਤਾਂ ਘਰੋਂ-ਘਰੀ ਮੁੜ ਜਾਂਦੀਆਂ; ਲੋਹੜੀ ਮੰਗਦੇ ਬੱਚੇ ਗਾਉਂਦੇ ਫਿਰਦੇ:
* ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ…
* ਲੋਹੜੀ ਬਈ ਲੋਹੜੀ ਤੇਰਾ ਪੁੱਤ ਚੜ੍ਹੂਗਾ ਘੋੜੀ
ਸਾਡੀ ਲੋਹੜੀ ਮਨਾ ਦੇ
ਸੁਆਣੀਆਂ ਉਨ੍ਹਾਂ ਲਈ ਮੰਗਾਈਆਂ ਰਿਉੜੀਆਂ ਜਾਂ ਘਰ ਬਣੀਆਂ ਪਿੰਨੀਆਂ ਤੇ ਤਲੋਏ ਦੇ ਦਿੰਦੀਆਂ। ਮੱਥਾ ਟੇਕਦੀਆਂ ਔਰਤਾਂ ਘਰ-ਪਰਿਵਾਰ ਅਤੇ ਨਗਰ ਖੇੜੇ ਦੀ ਸੁੱਖ ਮੰਗਦੀਆਂ। ਜੇ ਉਸ ਨਾਲ ਕਿਸੇ ਦੇ ਘਰ ਮੁੰਡਾ ਹੁੰਦਾ ਜਾਂ ਮੁੰਡਾ ਵਿਆਹਿਆ ਹੁੰਦਾ ਤਾਂ ਉਹ ਲੋਹੜੀ ਦੀ ਖੁਸ਼ੀ ਤੇ ਰਿਉੜੀਆਂ, ਮੂੰਗਫਲੀ ਤੇ ਘਰੇ ਭੁੰਨੇ ਮੱਕੀ ਦੇ ਦਾਣਿਆਂ ਦੀਆਂ ਖਿੱਲਾਂ ਵੰਡ ਦਿੰਦੀਆਂ। ਕਈ ਲੋਕ ਗੁੜ ਵੀ ਵੰਡਦੇ ਅਤੇ ਕੁਝ ਪਿੰਡਾਂ ਵਿਚ ਘਰ-ਘਰ ਇਹੋ ਲੋਹੜੀ ਵੰਡੀ ਜਾਂਦੀ।
ਬੱਚਿਆਂ, ਬੁੱਢਿਆਂ ਤੇ ਗੱਭਰੂਆਂ ਨੇ ਦੇਰ ਰਾਤ ਤਕ ਲੋਹੜੀ ਦੇ ਦੁਆਲੇ ਬੈਠੇ ਰਹਿੰਦਿਆਂ ਕਦੇ ਕੋਈ ਖੱਪ ਨਾ ਪਾਉਣੀ। ਘਰੋਂ ਲਿਆਂਦੀ ਮੂੰਗਫਲੀ ਚੱਬਦੇ ਰਹਿਣਾ ਤੇ ਕੁਝ ਘਰ ਦੀਆਂ, ਕੁਝ ਬਾਹਰ ਦੀਆਂ ਗੱਲਾਂ ਕਰੀ ਜਾਣੀਆਂ। ਕੋਈ ਦਿਖਾਵਾ, ਕੋਈ ਈਰਖਾ ਨਾ ਹੁੰਦੀ। ਲੋਹੜੀ ਬਸ ਲੋਹੜੀ ਹੁੰਦੀ ਜੋ ਮਨਾਂ ਦੀ ਸਾਂਝ ਨਾਲ ਮਨਾਈ ਜਾਂਦੀ, ਕਦੇ ਸਿਆਸੀ ਸੱਥ ਨਾ ਬਣਦੀ। ਹੁਣ ਸਮੇਂ ਦੇ ਨਾਲ ਲੋਹੜੀ ਦਾ ਸਰੂਪ ਹੀ ਬਦਲ ਗਿਆ ਹੈ।
ਇਸ ਚਾਰ ਦੀਵਾਰੀਆਂ ਦੇ ਯੁੱਗ ਵਿਚ ਬੜੀ ਯਾਦ ਆਉਂਦੀ ਹੈ ‘ਪੋਹ ਰਿੰਨ੍ਹੀ ਮਾਘ ਖਾਧੀ’ ਵਾਲੀ ਲੋਹੜੀ, ਜਿਸ ਵਿਚ ਮੋਹ ਮੁਹੱਬਤਾਂ ਦਾ ਨਿੱਘ ਤੇ ਸਾਝਾਂ ਦੀ ਸੁਗੰਧ ਰਚੀ ਵਸੀ ਹੁੰਦੀ ਸੀ।
ਸੰਪਰਕ: 98728-98599