ਕਾਂਤਾ ਸ਼ਰਮਾ
ਪਿਛਲੇ ਦਸਾਂ ਸਾਲਾਂ ਤੋਂ ਮੈਂ ਮੁਹਾਲੀ ਵਿਖੇ ਰਹਿ ਰਹੀ ਹਾਂ। ਮੂਲ ਰੂਪ ’ਚ ਸਾਡਾ ਸਬੰਧ ਪਿੰਡ ਨਾਲ ਹੈ। ਅਸੀਂ ਪਿੰਡ ਤੋਂ ਭਾਵੇਂ ਦੂਰ ਹੋ ਗਏ ਹਾਂ, ਪਰ ਪਿੰਡ ਸਾਡੇ ਅੰਦਰ ਵਸਦਾ ਹੈ। ਆਪਣੇ ਜੱਦੀ ਪੁਸ਼ਤੀ ਪਿੰਡ ਨੂੰ ਛੱਡ ਕੇ ਸ਼ਹਿਰਾਂ ਵੱਲ ਪਰਵਾਸ ਦਾ ਕਾਰਨ ਪਹਿਲਾਂ ਆਪਣੀ ਨੌਕਰੀ ਸੀ ਹੁਣ ਬੱਚਿਆਂ ਦੀਆਂ ਨੌਕਰੀਆਂ ਹਨ। ਮੇਰੇ ਕੋਲੋਂ ‘ਛੱਜੂ ਦਾ ਚੁਬਾਰਾ’ ਭਾਵ ਆਪਣਾ ਘਰ ਚਿਰੋਕਣਾ ਛੁਟ ਗਿਆ ਹੈ। ਰਿਹਾਇਸ਼ ਸਾਡੀ ਹੁਣ ਵੀ ਚੁਬਾਰਿਆਂ ਵਿੱਚ ਹੀ ਹੈ। ਇਹ ਚੰਗਾ ਵਧੀਆ ਖੁੱਲ੍ਹਾ ਮਕਾਨ ਹੈ। ਬਾਲਕੋਨੀ ’ਚ ਖੜ੍ਹੇ ਹੋ ਕੇ ਦੂਰ ਤੱਕ ਦੋ ਮੰਜ਼ਲੇ, ਤਿੰਨ ਮੰਜ਼ਲੇ ਮਕਾਨਾਂ ਦੀ ਕਤਾਰ ਨਜ਼ਰ ਆਉਂਦੀ ਹੈ। ਪਰ ਇਹ ਡੱਬਾ-ਬੰਦ ਜਿਹੇ ਘਰਾਂ ’ਚ ਮੈਨੂੰ ਕੋਈ ਹਿਲਜੁਲ ਜਾਂ ਰੌਣਕ ਨਜ਼ਰ ਨਹੀਂ ਆਉਂਦੀ। ਹਾਂ, ਆਉਂਦੇ ਜਾਂਦੇ, ਘਰਾਂ ’ਚ ਦਾਖਲ ਹੁੰਦੇ ਲੋਕ ਜ਼ਰੂਰ ਦਿਖਾਈ ਦੇ ਜਾਂਦੇ ਹਨ। ਹਰ ਘਰ ’ਚ ਐਸ਼ੋ-ਆਰਾਮ ਦਾ ਉਹ ਸਭ ਸਾਮਾਨ ਮੌਜੂਦ ਹੈ ਜੋ ਪੈਸਾ ਖ਼ਰੀਦ ਸਕਦਾ ਹੈ, ਫਿਰ ਵੀ ਰੂਹ ਜਿਵੇਂ ਗਾਇਬ ਹੈ। ਜ਼ਿੰਦਗੀ ਦੀ ਧੜਕਣ ਦਾ ਅਹਿਸਾਸ ਕਿਧਰੇ ਨਹੀਂ ਹੁੰਦਾ। ਅਜਿਹੇ ਘਰਾਂ ਲਈ ਹੀ ਸ਼ਾਇਦ ਕਿਸੇ ਸ਼ਾਇਰ ਨੇ ਕਿਹਾ ਹੈ:
ਨਾ ਦਰਵਾਜ਼ੇ ਮੁਹੱਬਤ ਕੇ,
ਨਾ ਕੋਈ ਪਿਆਰ ਕੀ ਖਿੜਕੀ
ਜ਼ਮੀਂ ਕੀ ਕੋਖ ਸੇ
ਯੇ ਜਾਨੇ ਕੈਸੇ ਘਰ ਨਿਕਲ ਆਏ।
ਇੱਟਾਂ ਪੱਥਰਾਂ ਦੇ ਇਨ੍ਹਾਂ ਖਾਮੋਸ਼ ਬਸੇਰਿਆਂ ਨੂੰ ਦੇਖ ਕੇ ਮੈਨੂੰ ਛੇ ਕੁ ਦਹਾਕੇ ਪਹਿਲਾਂ ਦਾ ਸਮਾਂ ਸ਼ਿੱਦਤ ਨਾਲ ਚੇਤੇ ਆਉਂਦਾ ਹੈ। ਜਦੋਂ ਅਸੀਂ ਆਪਣੇ ਕਸਬੇ ਦੀ ਕੱਚੀ-ਪੱਕੀ ਹਵੇਲੀ ’ਚ ਚਾਰੇ ਪਰਿਵਾਰ ਇਕੱਠੇ ਰਹਿੰਦੇ ਸਾਂ। ਇਹ ਹਵੇਲੀ ਦਾਦਾ ਜੀ ਨੇ ਆਪਣੇ ਚਾਰਾਂ ਪੁੱਤਰਾਂ ਲਈ ਬਣਵਾਈ ਸੀ। ਦਾਦਾ ਜੀ ਪਟਵਾਰੀ ਸਨ। ਉਨ੍ਹਾਂ ਦਿਨਾਂ ’ਚ ਪਟਵਾਰੀ ਦੀ ਪੂਰੀ ਸ਼ਾਨ ਹੁੰਦੀ ਸੀ। ਪਿੰਡਾਂ ’ਚ ਪਟਵਾਰੀ ਦਾ ਦਬਦਬਾ ਹੁੰਦਾ ਸੀ। ਸਸਤੇ ਦਾ ਜ਼ਮਾਨਾ ਸੀ। ਹਜ਼ਾਰ ਕੁ ਗਜ਼ ਦਾ ਪਲਾਟ ਲੈ ਕੇ ਦਾਦਾ ਜੀ ਨੇ ਛੇ ਸੌ ਗਜ਼ ’ਚ ਆਪਣੇ ਬੇਟਿਆਂ ਲਈ ਆਪਣੀ ਯੋਜਨਾ ਅਨੁਸਾਰ ਅੱਗੇ ਪਿੱਛੇ ਦੋ ਰਿਹਾਇਸ਼ੀ ਕਮਰੇ ਬਣਵਾਏ ਤੇ ਵਿਚਕਾਰ ਵਿਹੜਾ ਸਾਂਝਾ ਰੱਖਿਆ। ਹਰ ਘਰ ਦਾ ਦਰਵਾਜ਼ਾ ਵਿਹੜੇ ’ਚ ਖੁੱਲ੍ਹਦੇ ਸੀ। ਚਾਰ ਦੀਵਾਰੀ ਦੀ ਕੋਈ ਲੋੜ ਨਹੀਂ ਸੀ। ਸਭ ਤੋਂ ਅੱਗੇ ਬਣੀ ਡਿਊਢੀ ਦਾ ਦਰਵਾਜ਼ਾ ਹੀ ਘਰ ਦਾ ਮੁੱਖ ਦੁਆਰ ਹੁੰਦਾ ਸੀ।
ਦਾਦਾ ਜੀ ਦੀ ਹਵੇਲੀ ਦੇ ਨਕਸ਼ੇ ’ਚ ਰਸੋਈ ਦੀ ਕੋਈ ਸੁਵਿਧਾ ਨਹੀਂ ਸੀ। ਇਸ ਦੀ ਸ਼ਾਇਦ ਲੋੜ ਹੀ ਨਹੀਂ ਸਮਝੀ ਗਈ। ਭਾਵੇਂ ਇਹ ਔਰਤਾਂ ਦਾ ਨਿੱਜੀ ਮਸਲਾ ਸੀ। ਰੋਟੀ ਟੁੱਕ ਤਾਂ ਬਣਾਉਣਾ ਹੀ ਸੀ। ਸੋ ਸਭ ਨੇ ਆਪੇ ਕਮਰਿਆਂ ਦੇ ਅੱਗੇ ਕੰਧ ਨਾਲ ‘ਓਟੇ’ ਬਣਾ ਲਏ। ‘ਓਟਾ’ ਭਾਵ ਹਵਾ ਤੇ ਠੰਢ ਤੋਂ ਬਚਣ ਲਈ ਅਤੇ ਖਾਣ-ਪੀਣ ਦਾ ਥੋੜ੍ਹਾ ਓਹਲਾ ਰੱਖਣ ਲਈ ਬਣਾਈ ਓਟ। ਸਮਝੋ ਕੱਚੀ ਜਾਂ ਅਸਥਾਈ ਰਸੋਈ। ਤਿੰਨ ਪਾਸਿਆਂ ਤੋਂ ਚਾਰ-ਪੰਜ ਫੁੱਟ ਉੱਚੀ ਕੰਧ ਵਲ਼ ਰੋਟੀ-ਪਾਣੀ ਬਣਾਉਣ ਦਾ ਜੁਗਾੜ ਕਰ ਲਿਆ ਗਿਆ। ਸਰਦੀਆਂ ’ਚ ਕੋਈ ਔਕੜ ਨਹੀਂ ਸੀ ਆਉਂਦੀ। ਗਰਮੀਆਂ ਦੀ ਧੁੱਪ ’ਚ ਵਾਣ ਦੀ ਮੰਜੀ ਕੰਧ ਨਾਲ ਟੇਢੀ ਕਰਕੇ ਧੁੱਪ ਤੋਂ ਬਚਣ ਦਾ ਉਪਰਾਲਾ ਕੀਤਾ ਜਾਂਦਾ। ਮੰਜੀ ਦੀ ਡੱਬ-ਖੜੱਬੀ ਜਿਹੀ ਛਾਂ ’ਚ ਬਚਾਅ ਤਾਂ ਕਾਹਦਾ ਹੁੰਦਾ, ਹਾਂ ਤਸੱਲੀ ਜ਼ਰੂਰ ਹੁੰਦੀ। ਇਹ ਬਿਨਾਂ ਛੱਤ ਦੀ ਡੰਗ-ਟਪਾਊ ਰਸੋਈ ਸਾਡੇ ਲਈ ਸਵੇਰ ਦੁਪਹਿਰ ਸ਼ਾਮ ਦੀ ਸਭ ਤੋਂ ਮਨਭਾਉਂਦੀ ਥਾਂ ਸੀ ਜਿੱਥੇ ਮਾਂ ਚੁੱਲ੍ਹੇ ’ਤੇ ਸੱਤ ਜਣਿਆਂ ਦੇ ਟੱਬਰ ਲਈ ਰੋਟੀਆਂ ਦੇ ਪੂਰ ਲਾਹੁੰਦੀ।
ਘਰਾਂ ’ਚ ਨਲਕੇ ਨਹੀਂ ਸਨ। ਪਾਣੀ ਹੇਠੋਂ ਖੂਹ ਤੋਂ ਲਿਆਉਣਾ ਪੈਂਦਾ ਸੀ। ਸਵੇਰੇ ਮਹਿਰਾ ਪੰਜ ਛੇ ਘੜੇ ਵਹਿੰਗੀ ਰਾਹੀਂ ਭਰ ਕੇ ਰੱਖ ਜਾਂਦਾ। ਹੋਰ ਲੋੜ ਪੈਂਦੀ ਤਾਂ ਆਪ ਢੋਣਾ ਪੈਂਦਾ ਸੀ। ਇਸ ਲਈ ਪਾਣੀ ਸੰਜਮ ਨਾਲ ਵਰਤਿਆ ਜਾਂਦਾ ਸੀ। ਇੱਕ ਪਾਸੇ ਵਿਹੜੇ ਦੇ ਕੋਨੇ ’ਚ ਗੁਸਲਖਾਨਾ ਬਣਿਆ ਹੋਇਆ ਸੀ ਜੋ ਦੋ ਘਰਾਂ ਦਾ ਸਾਂਝਾ ਸੀ। ਨਹਾਉਣ ਦੀ ਵਾਰੀ ਲਈ ਕਈ ਵਾਰੀ ਇੱਕ ਦੂਜੇ ਦੀਆਂ ਬਾਲਟੀਆਂ ਨੂੰ ਠੁੱਡੇ ਵੱਜਦੇ। ਬਾਲਟੀਆਂ ਡੁੱਲ੍ਹਦੀਆਂ, ਠਹਿਕਦੀਆਂ, ਰੁੜ੍ਹਦੀਆਂ ਦਰਾਣੀਆਂ ਜਠਾਣੀਆਂ ਲੜਦੀਆਂ ਕੁੜ੍ਹਦੀਆਂ। ਅਸੀਂ ਕੰਨ ਵਲ੍ਹੇਟ ਕੇ ਸਕੂਲ ਨੂੰ ਤੁਰ ਜਾਂਦੇ। ਵਾਪਸ ਆਉਣ ਤੱਕ ਸਭ ਕੁਝ ਸ਼ਾਂਤ ਤੇ ਸਹਿਜ ਹੋ ਚੁੱਕਿਆ ਹੁੰਦਾ। ਅਸੀਂ ਘਰ ’ਚ ਚਾਚੇ- ਤਾਏ, ਛੋਟੇ-ਵੱਡੇ ਕੁਲ ਮਿਲਾ ਕੇ ਅਠਾਰਾਂ ਬੱਚੇ ਸਾਂ। ਸਾਰਾ ਦਿਨ ਘਰ ’ਚ ਖੂਬ ਗਹਿਮਾਂ ਗਹਿਮੀ ਰਹਿੰਦੀ। ਦੋ ਪਰਿਵਾਰਾਂ ’ਚ ਕੁੜੀਆਂ ਵੱਡੀਆਂ ਸਨ, ਮੁੰਡੇ ਛੋਟੇ। ਕੁੜੀਆਂ ਮਾਵਾਂ ਨਾਲ ਕੰਮ ਕਰਾਉਂਦੀਆਂ ਤੇ ਛੋਟੇ ਭੈਣਾਂ-ਭਰਾਵਾਂ ਨੂੰ ਸੰਭਾਲਦੀਆਂ। ਕੁੜੀਆਂ ਨੂੰ ਪੜ੍ਹਾਉਣ ਦਾ ਕਿਸੇ ਨੂੰ ਖਿਆਲ ਹੀ ਨਹੀਂ ਸੀ ਆਇਆ। ਇਹ ਇਨਕਲਾਬੀ ਪਹਿਲ ਮੇਰੇ ਬਾਬੂ ਜੀ (ਪਿਤਾ ਜੀ) ਨੇ ਕੀਤੀ। ਵੱਡੀ ਭੈਣ ਨੂੰ ਚਾਅ ਨਾਲ ਪੜ੍ਹਨੇ ਪਾਇਆ ਤਾਂ ਬਦਕਿਸਮਤੀ ਨੂੰ ਭਾਰਤ-ਪਾਕ ਵੰਡ ਦਾ ਦੁਖਾਂਤ ਵਾਪਰ ਗਿਆ। ਇਸ ਹੱਲੇ-ਗੁੱਲੇ ’ਚ ਭੈਣ ਦੀ ਪੜ੍ਹਾਈ ਰੁਲ-ਖੁਲ੍ਹ ਗਈ। ਬਾਕੀ ਤਿੰਨਾਂ ਪਰਿਵਾਰਾਂ ਵਿੱਚ ਕੁਲ ਮਿਲਾ ਕੇ ਮੇਰੀਆਂ ਸੱਤ ਵੱਡੀਆਂ ਭੈਣਾਂ ਸਨ ਜਿਨ੍ਹਾਂ ਕਦੇ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ। ਸੋ ਮੈਂ ਪਰਿਵਾਰ ਦੀ ਪਹਿਲੀ ਕੁੜੀ ਸਾਂ ਜੋ ਮਿਹਨਤ ਨਾਲ ਪੜ੍ਹਦੀ ਰਹੀ ਤੇ ਪਾਸ ਹੁੰਦੀ ਗਈ। ਇਸ ਲਈ ਘਰ ’ਚ ਮੇਰੀ ਟੌਹਰ ਸੀ। ਬਾਬੂ ਜੀ ਦੀ ਲਾਡਲੀ ਵੀ ਸੀ।
ਉਸ ਵੱਡੀ ਹਵੇਲੀ ’ਚ ਅਪਣੱਤ ਤੇ ਅਟੁੱਟ ਸਾਂਝ ਸੀ। ਸਿਰਫ਼ ਖਾਣਾ ਪੀਣਾ ਤੇ ਰਹਿਣਾ ਹੀ ਵੱਖਰਾ ਸੀ, ਬਾਕੀ ਸਭ ਕੁਝ ਇੱਕ ਦੂਜੇ ਦੀ ਸਹਿਮਤੀ ਨਾਲ ਹੀ ਹੁੰਦਾ ਸੀ ਜਿਵੇਂ ਭੈਣਾਂ ਦੇ ਘਰੀਂ ਨਾਨਕ ਛੱਕ ਲੈ ਕੇ ਜਾਣਾ ਜਾਂ ਰਿਸ਼ਤੇਦਾਰਾਂ ਦੇ ਸੁਖ ਦੁਖ ਵਿੱਚ ਸ਼ਰੀਕ ਹੋਣਾ। ਉਸ ਕੱਚੀ-ਪੱਕੀ ਹਵੇਲੀ ’ਚ ਰਹਿਣ ਵਾਲਿਆਂ ਦੇ ਰਿਸ਼ਤੇ ਪੱਕੇ ਸਨ। ਗਰਮੀਆਂ ਦੀਆਂ ਰਾਤਾਂ ਨੂੰ ਬਾਹਰ ਵਿਹੜੇ ’ਚ ਮੰਜੇ ਡਾਹੇ ਹੁੰਦੇ ਤਾਂ ਲੱਗਦਾ ਜਿਵੇਂ ਵਿਆਹ ਦਾ ਮੇਲ ਉਤਰਿਆ ਹੋਵੇ। ਬਾਅਦ ਵਿੱਚ ਦੋ ਭਰਾਵਾਂ ਨੇ ਚੁਬਾਰੇ ਛੱਤ ਲਏ। ਬਹੁਤੀ ਗਰਮੀ ’ਚ ਅਸੀਂ ਮੰਜੇ ਛੱਤ ’ਤੇ ਡਾਹੁੰਦੇ। ਚੁਬਾਰਾ ਸਾਨੂੰ ਹਾਲੇ ਨਸੀਬ ਨਹੀਂ ਸੀ ਹੋਇਆ। ਜ਼ਰਾ ਜਿੰਨੀ ਕਿਣ ਮਿਣ ਹੋਣ ’ਤੇ ਅਸੀਂ ਸਾਰੇ ਲਟਾ ਪੀਂਘ ਹੁੰਦੇ ਹੇਠਾਂ ਉਤਰਦੇ ਤੇ ਭੈਣਾਂ ਮੰਜੇ ਬਿਸਤਰੇ ਉਤਾਰਦੀਆਂ। ਮੈਂ ਅਧ-ਸੁੱਤੇ ਛੋਟੇ ਭੈਣਾਂ ਭਰਾਵਾਂ ਨੂੰ ਮੋਢੇ ਲਾ ਕੇ ਹੇਠਾਂ ਲਿਆਉਂਦੀ। ਉਤਰਦਿਆਂ ਹੀ ਜਿਹੜੀ ਮੰਜੀ ਸਾਹਮਣੇ ਹੁੰਦੀ ਉਸੇ ’ਤੇ ਪੁੱਠਾ ਸਿੱਧਾ ਲਿਟਾ ਦਿੰਦੀ। ਕੱਚੀ ਨੀਂਦੇ ਜਾਗ ਕੇ ਉਹ ਚੀਕਾਂ ਮਾਰਦੇ। ਪੌੜੀਆਂ ਦਾ ਤੰਗ ਰਾਹ ਵੀ ਸਮਝੋ ਵਨ-ਵੇ ਟਰੈਫਿਕ ਸੀ।
ਜੇ ਬਾਰਸ਼ ਜ਼ੋਰ ਦੀ ਹੁੰਦੀ ਤਾਂ ਉਤਰਦੇ ਚੜ੍ਹਦੇ ਹੀ ਭਿੱਜ ਜਾਂਦੇ। ਕਈ ਵਾਰੀ ਢੋ-ਢੁਆਈ ਕਰਦੇ ਹੀ ਚਾਰ ਕੁ ਕਣੀਆਂ ਪੈ ਕੇ ਮੀਂਹ ਬੰਦ ਹੋ ਜਾਂਦਾ, ਹੁੰਮਸ ਹੋ ਜਾਂਦਾ। ਦੁਬਾਰਾ ਉੱਪਰ ਚੜ੍ਹਨ ਦਾ ਹੌਸਲਾ ਨਹੀਂ ਸੀ ਪੈਂਦਾ। ਮਾਂ ਬੁੜ ਬੁੜ ਕਰਦੀ ਰੱਬ ਨੂੰ ਉਲਾਂਭਾ ਦਿੰਦੀ ‘ਜਾਏ ਖਾਣੇ ਦਾ, ਪਤਾ ਨਹੀਂ ਕਿਹੜੇ ਜਨਮ ਦੇ ਬਦਲੇ ਲੈਂਦੇ। ਦੋ ਘੜੀ ਰਾਤ ਨੂੰ ਵੀ ਚੈਨ ਨ੍ਹੀਂ ਮਿਲਦਾ।’ ਵਿਚੇ ਬਾਬੂ ਜੀ ਨੂੰ ਲਪੇਟ ਲੈਂਦੀ ‘ਲੱਗਦਾ ਠਾਣੇਦਾਰੀ ਦਾ, ਦੋ ਖਣ ਦਾ ਚੁਬਾਰਾ ਹਾਲੇ ਤੱਕ ਛੱਤਿਆ ਨ੍ਹੀਂ ਗਿਆ।’ ਉਹ ਸਧਰਾਈਆਂ ਨਜ਼ਰਾਂ ਨਾਲ ਚੁਬਾਰਿਆਂ ਵੱਲ ਦੇਖਦੀ। ਮੈਨੂੰ ਲੱਗਦੈ, ‘‘ਵੇ ਠਾਣੇਦਾਰਾ, ਉੱਚੀ ਹਵੇਲੀ ਪਾ, ਵੇ ਠਾਣੇਦਾਰਾ, ਦੋ ਮੰਜਿਆਂ ਦੀ ਥਾਂ’’ ਵਰਗੇ ਗੀਤ ਇਹੋ ਜਿਹੇ ਹਾਲਾਤ ’ਚੋਂ ਹੀ ਉਪਜੇ ਹੋਣਗੇ। ਸਵੇਰ ਤੱਕ ਮਾਂ ਦੀ ਸਾਰੀ ਤਲਖੀ ਦੂਰ ਹੋ ਜਾਂਦੀ। ਉਹ ਨਿੱਤ ਦੇ ਕੰਮ ਉਵੇਂ ਸਹਿਜ ਨਾਲ ਨਬਿੇੜਦੀ।
ਸ਼ਾਮ ਨੂੰ ਜੇ ਵਿਹਲ ਮਿਲਦੀ ਤਾਂ ਦਰਾਣੀਆਂ, ਜੇਠਾਣੀਆਂ ਮਿਲ ਬੈਠਦੀਆਂ ਤਾਂ ਸੱਸ-ਨਿੰਦਾ ਪੁਰਾਣ ਦਾ ਇੱਕ ਅੱਧਾ ਅਧਿਆਇ ਵੀ ਪੜ੍ਹਿਆ ਜਾਂਦਾ। ਕਦੀ ਕਦੀ ਤੂੰ-ਤੂੰ ਮੈਂ-ਮੈਂ ਵੀ ਹੁੰਦੀ। ਜ਼ੋਰਦਾਰ ਝੜਪ ਉਦੋਂ ਹੁੰਦੀ ਜਦੋਂ ਬੱਚੇ ਆਪਸ ’ਚ ਲੜ ਪੈਂਦੇ। ਕਿਸੇ ਤਾਈ ਨੂੰ ਜੇ ਆਪਣੇ ਬੱਚੇ ਦੀ ਮਾਰ ਕੁਟਾਈ ਦਾ ਪਤਾ ਲੱਗਦਾ ਤਾਂ ਦਰਾਣੀਆਂ ਜਠਾਣੀਆਂ ‘ਆ ਨੀਂ ਜਠਾਣੀਏ, ਲੜਾਈ ਕਰੀਏ’ ਦੇ ਅੰਦਾਜ਼ ’ਚ ਕਮਰ ਕੱਸੇ ਕਰਕੇ ਮੈਦਾਨ ’ਚ ਉਤਰਦੀਆਂ ਤੇ ਓਹ ਆਢਾ ਲਾਉਂਦੀਆਂ ਕਿ ਰਹੇ ਰੱਬ ਦਾ ਨਾਂ ਮਿਹਣੋ-ਮਿਹਣੀ ਹੁੰਦੀਆਂ, ਇੱਕ ਦੂਜੇ ਦੇ ਅਗਲੇ ਪਿਛਲੇ ਪੁਣਦੀਆਂ ਸਾਨੂੰ ਲੱਗਦਾ ਹੁਣ ਇਹ ਮਹਾਂਭਾਰਤ ਕਦੇ ਬੰਦ ਨਹੀਂ ਹੋਣਾ। ਆਖਰ ਥੱਕ ਹਾਰ ਕੇ ਉਹ ਆਪ ਹੀ ਸ਼ਾਂਤ ਹੋ ਜਾਂਦੀਆਂ ਤੇ ਥੋੜ੍ਹੀ ਦੇਰ ’ਚ ਇਹ ਵੀ ਭੁੱਲ ਜਾਂਦੀਆਂ ਕਿ ਕਿਹੜੀ ਗੱਲ ’ਤੇ ਲੜਾਈ ਹੋਈ ਸੀ। ਅਗਲੇ ਦਿਨ ਫਿਰ ਹਸਦੀਆ, ਮਖੌਲਾਂ ਕਰਦੀਆਂ, ਸਿਰ ਜੋੜ ਜੋੜ ਗੱਲਾਂ ਕਰਦੀਆਂ। ਅਸੀਂ ਵਿੱਚੋ-ਵਿੱਚ ਖੁਸ਼ ਹੁੰਦੇ।
ਸਾਰੇ ਘਰਾਂ ਦੇ ਪਾਣੀ ਦੇ ਨਿਕਾਸ ਲਈ ਵਿਹੜੇ ਦੇ ਵਿਚਕਾਰੋਂ ਨਾਲੀ ਲੰਘਦੀ ਸੀ। ਉਹ ਜਿਵੇਂ ਚਾਰਾਂ ਘਰਾਂ ਵਿਚਕਾਰ ਇੱਕ ਕੁਦਰਤੀ ਸੀਮਾ ਸੀ। ਦੋ ਘਰ ਇੱਧਰ ਤੇ ਦੋ ਘਰ ਉੱਧਰ। ਸਾਡੇ ਕਮਰਿਆਂ ਨਾਲ ਹੀ ਖੁੱਲ੍ਹੀ ਡਿਓਢੀ ਸੀ। ਸਾਰੇ ਘਰਾਂ ਲਈ ਲਾਂਘਾ ਓਹੀ ਸੀ। ਡਿਓਢੀ ਨਾਲ ਕੰਧ ਸਾਂਝੀ ਹੋਣ ਕਰਕੇ ਕਦੀ ਕਦੀ ਮਾਂ ਲੱਕੜੀਆਂ ਜਾਂ ਪਾਥੀਆਂ ਡਿਉਢੀ ਦੇ ਇੱਕ ਕੋਨੇ ’ਚ ਟਿਕਾ ਦਿੰਦੀ। ਲੰਘਦਿਆਂ ਵੜਦਿਆਂ ਜੇ ਵੱਡੀ ਤਾਈ ਦੀ ਨਜ਼ਰ ਉਨ੍ਹਾਂ ’ਤੇ ਪੈ ਜਾਂਦੀ ਤਾਂ ਉਹ ਥੋੜ੍ਹੀ ਦੇਰ ਬਾਅਦ ਹੀ ਦੋ ਚਾਰ ਲੱਕੜਾਂ ਲਿਆ ਕੇ ਸਾਡੇ ਵਾਲੀਆਂ ਦੇ ਨਾਲ ਹੀ ਸਜਾ ਦਿੰਦੀ। ਇਹ ਇੱਕ ਤਰ੍ਹਾਂ ਦਾ ਐਲਾਨ ਹੁੰਦਾ ਕਿ ਡਿਓਢੀ ਸਿਰਫ਼ ਸਾਡੀ ਨਹੀਂ ਓਹ ਵੀ ਬਰਾਬਰ ਦੀ ਹਿੱਸੇਦਾਰ ਹੈ। ਹਾਲਾਂਕਿ ਡਿਉਢੀ ਉਹਦੇ ਕਮਰਿਆਂ ਤੋਂ ਕਾਫ਼ੀ ਦੂਰ ਪੈਂਦੀ ਸੀ, ਪਰ ਕਹਿੰਦੇ ਹਨ ਨਾ ਕਿ ਸ਼ਰੀਕੇ ਦਾ ਦਾਣਾ ਢਿੱਡ ਦੁਖਦੇ ਵੀ ਖਾਣਾ।
ਸ਼ਰੀਕੇਬਾਜ਼ੀ ’ਚ ਮੁਕਾਬਲੇ ਦੀ ਇੱਕ ਹੋਰ ਰੋਚਕ ਘਟਨਾ ਚੇਤੇ ਆਈ ਹੈ। ਉਹ ਵੀ ਪਾਠਕਾਂ ਨਾਲ ਸਾਂਝੀ ਕਰਨਾ ਚਾਹਾਂਗੀ। ਇੱਕ ਵਾਰੀ ਵਿਚਕਾਰ ਵਾਲੇ ਤਾਇਆ ਜੀ ਨੂੰ ਗਊ-ਪਾਲਣ ਦਾ ਫੁਰਨਾ ਫੁਰਿਆ। ਸੋਚਿਆ ਗਊਮਾਤਾ ਦੀ ਸੇਵਾ ਹੋ ਜਾਏਗੀ। ਬੱਚਿਆਂ ਨੂੰ ਘਰ ਦਾ ਦੁੱਧ-ਦਹੀਂ ਮਿਲੇਗਾ। ਨਾਲੇ ਪੁੰਨ ਤੇ ਨਾਲੇ ਫਲੀਆਂ। ਹਫ਼ਤੇ ਕੁ ਬਾਅਦ ਇੱਕ ਵੱਡੀ ਵਾਲੀ ਗਾਂ ਵਿਹੜੇ ਵਿੱਚ ਲਿਆ ਖੜ੍ਹੀ ਕੀਤੀ। ਵਿਹੜੇ ਦੇ ਇੱਕ ਕੋਨੇ ’ਚ ਕਿੱਲਾ ਗੱਢ ਕੇ ਉਸ ਨੂੰ ਬੰਨ੍ਹ ਦਿੱਤਾ ਗਿਆ। ਅਖੇ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ’ਕੱਲੀ। ਇੱਥੇ ਤਾਂ ਪੋਟਾ-ਪੋਟਾ ਸਾਂਝੀ ਜ਼ਮੀਨ ’ਤੇ ਹੱਕ ਜਤਾਉਣ ਵਾਲੀਆਂ ਤਿੰਨ ਸਾਬਤ-ਸਬੂਤ ਤਾਈਆਂ ਮੌਜੂਦ ਸਨ।
ਪੰਦਰਾਂ ਕੁ ਦਿਨਾਂ ’ਚ ਦੋ ਹੋਰ ਗਾਵਾਂ ਵਛਰੂਆਂ ਸਮੇਤ ਘਰ ਦੀ ਰੌਣਕ ਵਧਾਉਣ ਲੱਗੀਆਂ। ਛੇ ਕੁ ਡੰਗਰਾਂ ਨਾਲ ਚੰਗਾ-ਖਾਸਾ ਘਰ ਗਊਸ਼ਾਲਾ ਜਾਪਣ ਲੱਗਾ। ਰਾਤ ਨੂੰ ਗਾਵਾਂ ਰੱਸੇ ਤੁੜਾ ਕੇ ਇੱਕ ਦੂਜੀ ਦੀ ਖੁਰਲੀ ’ਚ ਮੂੰਹ ਮਾਰਨ ਲਈ ਆਹੁਲਦੀਆਂ। ਕਦੀ ਕੋਈ ਕੌਤਕੀ ਤਾਈ ਸ਼ਰੀਕਣੀ ਨੂੰ ਸਬਕ ਸਿਖਾਉਣ ਲਈ ਆਪ ਹੀ ਗਾਂ ਦਾ ਰੱਸਾ ਢਿੱਲਾ ਕਰ ਦਿੰਦੀ ਜਾਂ ਤਿਕੜਮ ਲਾ ਕੇ ਵਛਰੂ ਖੋਲ੍ਹ ਦਿੰਦੀ। ਸਵੇਰੇ ਉੱਠ ਕੇ ਦੁੱਧ ਚੋਣ ਵੇਲੇ ਗਾਂ ਛੜਾਂ ਮਾਰਦੀ ਚਾਹ ਜੋਗਾ ਦੁੱਧ ਵੀ ਨਸੀਬ ਨਾ ਹੁੰਦਾ। ਵਛਰੂ ਰੱਜ ਕੇ ਆਰਾਮ ਨਾਲ ਸੁੱਤਾ ਹੁੰਦਾ। ਅਜਿਹੀ ਸਵੇਰ ਅਸੀਂ ਹੰਗਾਮਾ ਸੁਣ ਕੇ ਜਾਗਦੇ ਤਾਂ ਵਿਹੜਾ ਕੁਰੂਕਸ਼ੇਤਰ ਦਾ ਮੈਦਾਨ ਬਣਿਆ ਹੁੰਦਾ। ਦਰਾਣੀਆਂ-ਜਠਾਣੀਆਂ ਬਾਹਾਂ ਉਲਾਰ ਕੇ ਇੱਕ-ਦੂਜੇ ਦੀਆਂ ਸੱਤਾਂ ਪੁਸ਼ਤਾਂ ਦੇ ਪੋਤੜੇ ਫੋਲਦੀਆਂ, ਹੈਰਾਨ-ਪਰੇਸ਼ਾਨ ਬੇਜ਼ੁਬਾਨ ਜਾਨਵਰ ਖੜ੍ਹੇ ਦੇਖਦੇ ਰਹਿੰਦੇ। ਲੋਕ ਮੱਝਾਂ-ਗਾਈਆਂ ਦੇ ਭੇੜ ਤੋਂ ਬਚ ਕੇ ਰਹਿੰਦੇ ਹਨ। ਇੱਥੇ ਗਾਵਾਂ ਤਾਈਆਂ ਦੇ ਭੇੜ ’ਚ ਫਸੀਆਂ ਹੋਈਆਂ ਸਨ।
ਮਰਦ ਆਮਤੌਰ ’ਤੇ ਇਨ੍ਹਾਂ ਕਲੇਸ਼ਾਂ ਤੋਂ ਨਿਰਲੇਪ ਰਹਿੰਦੇ ਸਨ, ਪਰ ਗਊਆਂ ਦੀ ਆਮਦ ਨੇ ਜਿਵੇਂ ਘਰ ’ਚ ‘ਸੇਹ ਦਾ ਤਕਲਾ’ ਗੱਡ ਦਿੱਤਾ ਸੀ। ਸੋ ਨਿੱਤ ਨਿੱਤ ਦੇ ਝਗੜੇ-ਝੇੜਿਆਂ ਤੋਂ ਬਚਣ ਲਈ ਤਿੰਨਾਂ ਤਾਇਆਂ ਨੇ ਆਪਸ ’ਚ ਸਲਾਹ ਕਰਕੇ ਭਰਾਵਾਂ ਨੂੰ ਪਿੰਡਾਂ ’ਚ ਰਹਿੰਦੇ ਆਪਣੇ-ਆਪਣੇ ਰਿਸ਼ਤੇਦਾਰਾਂ ਦੇ ਘਰੀਂ ਭੇਜ ਕੇ ਇਸ ਝੰਜਟ ਤੋਂ ਛੁਟਕਾਰਾ ਪਾਇਆ। ਅਜਿਹੀਆਂ ਘਟਨਾਵਾਂ ਉਦੋਂ ਪਰਿਵਾਰਕ ਜੀਵਨ ਦਾ ਹਿੱਸਾ ਹੀ ਮੰਨੀਆਂ ਜਾਂਦੀਆਂ ਸਨ। ਇਨ੍ਹਾਂ ਨੂੰ ਕੋਈ ਗੰਭੀਰਤਾ ਨਾਲ ਨਹੀਂ ਸੀ ਲੈਂਦਾ। ਸਾਂਝੇ ਪਰਿਵਾਰਾਂ ’ਚ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਸਹਿਜ ਸੁਭਾਅ ਲਿਆ ਜਾਂਦਾ ਸੀ। ਅਠਾਈ-ਤੀਹ ਬੰਦਿਆਂ ਦੇ ਪਰਿਵਾਰ ਦਾ ਇਕੱਠਾ ਰਹਿਣਾ ਕੋਈ ਸਾਧਾਰਨ ਗੱਲ ਨਹੀਂ ਸੀ। ਇਹ ਦਾਦਾ ਜੀ ਦੀ ਸੁਚੱਜੀ ਵਿਉਂਤਬੰਦੀ ਸੀ ਜਿਸ ਨੇ ਤਕਰੀਬਨ ਡੇਢ ਦਹਾਕੇ ਤੱਕ ਪਰਿਵਾਰ ਨੂੰ ਇੱਕ ਲੜੀ ’ਚ ਪਰੋ ਕੇ ਰੱਖਿਆ।
ਹੌਲੀ-ਹੌਲੀ ਬੱਚੇ ਵੱਡੇ ਹੁੰਦੇ ਗਏ ਤੇ ਮਾਪੇ ਬਜ਼ੁਰਗ। ਉਦੋਂ ਸਾਡੇ ਕਸਬੇ ਸੁਨਾਮ ’ਚ ਦਸਵੀਂ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਕੋਈ ਕਾਲਜ ਨਹੀਂ ਸੀ। ਇਸ ਲਈ ਮੁੰਡੇ ਪੜ੍ਹਾਈ ਲਈ ਜਾਂ ਨੌਕਰੀਆਂ ਦੀ ਭਾਲ ਵਿੱਚ ਸ਼ਹਿਰਾਂ ਵੱਲ ਨੂੰ ਉਡਾਰੀਆਂ ਮਾਰ ਗਏ। ਕੁੜੀਆਂ ਸਭ ਸਹੁਰੀਂ ਤੁਰ ਗਈਆਂ। ਮੈਨੂੰ ਜਲਦੀ ਨੌਕਰੀ ਮਿਲ ਗਈ। ਫਿਰ ਵਿਆਹ, ਪਰਿਵਾਰ ਤੇ ਕਬੀਲਦਾਰੀਆਂ ’ਚ ਅਜਿਹੀ ਰੁੱਝੀ ਕਿ ਪੇਕੇ ਘਰ ਆਉਣਾ ‘ਜੋਗੀ ਵਾਲੀ ਫੇਰੀ’ ਬਣ ਕੇ ਰਹਿ ਗਿਆ। ਇਸ ਦੌਰਾਨ ਬੜਾ ਕੁਝ ਬਦਲ ਗਿਆ। ਬਜ਼ੁਰਗ ਕਿਰਨਮਕਿਰਨੀ ਕਿਰਦੇ ਗਏ। ਪਹਿਲਾਂ ਦਾਦਾ-ਦਾਦੀ, ਫਿਰ ਤਿੰਨੇ ਤਾਏ ਤੇ ਦੋ ਤਾਈਆਂ। ਹੁਣ ਕੁਝ ਸਮਾਂ ਪਹਿਲਾਂ ਉੱਥੇ ਜਾਣ ਦਾ ਮੌਕਾ ਮਿਲਿਆ ਤਾਂ ਦੇਖ ਕੇ ਧੱਕਾ ਜਿਹਾ ਲੱਗਾ। ਜਿੱਥੇ ਕਦੇ ਕੰਨ ਪਾਈ ਨਹੀਂ ਸੁਣਦੀ, ਉਹ ਘਰ ਭਾਂ-ਭਾਂ ਕਰ ਰਿਹਾ ਸੀ।
ਇੰਨੀ ਵੱਡੀ ਹਵੇਲੀ ’ਚ ਇੱਕ ਤਾਈ ਰਹਿੰਦੀ ਹੈ ਜੋ ਆਪਣਾ ਨਗਰ-ਖੇੜਾ ਛੱਡ ਕੇ ਕਿਤੇ ਜਾਣਾ ਨਹੀਂ ਚਾਹੁੰਦੀ। ਦੂਜੇ ਦੋ ਘਰਾਂ ਨੂੰ ਤਾਲੇ ਲੱਗੇ ਹਨ। ਇੱਕ ਘਰ ਦੇ ਬੂਹੇ ਬਾਰੀਆਂ ਖੁੱਲ੍ਹੇ ਚੌਪਟ ਹਨ, ਬਿਰਹਨ ਦੀਆਂ ਅੱਖਾਂ ਵਾਂਗੂ। ਮੈ! ਸੋਚ ਰਹੀ ਸੀ ਕਿ ਘਰ ਉੱਥੇ ਰਹਿਣ ਵਾਲਿਆਂ ਨਾਲ ਵੱਸਦੇ ਹਨ। ਤਾਲੇ ਘਰਾਂ ਦਾ ਸਿਰਨਾਵਾਂ ਨਹੀਂ ਹੁੰਦੇ। ਤਾਈ ਨੂੰ ਮਿਲ ਕੇ ਮੈਂ ਵਿਹੜੇ ਦੇ ਵਿਚਕਾਰ ਆ ਖੜ੍ਹੀ ਹੋਈ। ਇਹ ਓਹੀ ਵਿਹੜਾ ਸੀ ਜਿਹੜਾ ਸਾਡੇ ਨਿੱਕੇ ਵੱਡੇ ਪੈਰਾਂ ਦੀ ਧਮਕ ਨਾਲ ਧੜਕਦਾ ਸੀ, ਉਹ ਹੁਣ ਵੀਰਾਨ ਤੇ ਉਦਾਸ ਸੀ। ਜਿੱਥੇ ਸਾਡੀਆਂ ਕਿਲਕਾਰੀਆਂ ਤੇ ਹਾਸੇ ਗੂੰਜਦੇ ਹਨ, ਹੁਣ ਸੁੰਨ ਪਸਰੀ ਹੋਈ ਸੀ। ਇਸ ਘਰ ਦੀ ਹਰ ਇੱਟ ਤੇ ਵਿਹੜੇ ਦਾ ਹਰ ਕੋਨਾ ਸਾਡੇ ਹਾਸੇ-ਖੇਡਾਂ, ਰੋਸਿਆਂ ਮਨੇਵਿਆਂ ਤੇ ਪਰਿਵਾਰ ਦੇ ਹਰ ਸੁਖ-ਦੁਖ ਦਾ ਗਵਾਹ ਸੀ, ਉੱਥੇ ਮਸਾਨ ਵਰਗੀ ਖਾਮੋਸ਼ੀ ਸੀ। ਇਹ ਖਾਮੋਸ਼ੀ ਇੱਕ ਰੁਦਨ ਸੀ ਜਾਂ ਸ਼ਾਇਦ ਸ਼ਿਕਵਾ। ਜਿਹੜੇ ਇਨ੍ਹਾਂ ਨੂੰ ਛੱਡ ਕੇ ਦੂਰ ਜਾ ਵੱਸੇ, ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂ ਕਿਸ ਨੂੰ ਦੱਸਦੀ ਕਿ ਇੱਕ ਵਾਰੀ ਆਲ੍ਹਣਾ ਛੱਡ ਕੇ ਉੱਡ ਜਾਣ ਵਾਲੇ ਪੰਛੀ ਪਰਤ ਕੇ ਨਹੀਂ ਆਉਂਦੇ।
ਸੰਪਰਕ: 97818-79362