ਨਵੀਂ ਦਿੱਲੀ, 27 ਮਈ
ਫ਼ਿਲਮਸਾਜ਼ ਵਿਨੋਦ ਕਾਪੜੀ ਨੇ ਪਿਛਲੇ ਸਾਲ 2020 ਵਿੱਚ ਲੱਗੀ ਤਾਲਾਬੰਦੀ ਦੌਰਾਨ ਉੱਤਰ ਪ੍ਰਦੇਸ਼ ਦੇ ਗਾਜ਼ੀਆ ਤੋਂ ਬਿਹਾਰ, ਆਪਣੇ ਘਰ ਤੱਕ ਸਾਈਕਲ ’ਤੇ ਥੱਕੇ-ਟੁੱਟੇ ਤੇ ਭੁੱਖੇ ਪਿਆਸੇ ਪੁੱਜਣ ਵਾਲੇ ਸੱਤ ਮਜ਼ਦੂਰਾਂ ਦੀ ਸਾਈਕਲ ਯਾਤਰਾ ਬਾਰੇ ਪੁਸਤਕ ਲਿਖੀ ਹੈ। ਪੁਸਤਕ ‘1232 ਕਿਲੋਮੀਟਰ: ਦਿ ਲੌਂਗ ਜਰਨੀ ਹੋਮ’ ਵਿਚ ਬਿਹਾਰ ਦੇ ਰਿਤੇਸ਼ ਕੁਮਾਰ ਪੰਡਿਤ, ਅਸ਼ੀਸ਼ ਕੁਮਾਰ, ਰਾਮ ਬਾਬੂ ਪੰਡਿਤ, ਸੋਨੂੰ, ਕ੍ਰਿਸ਼ਨਾ, ਸੰਦੀਪ ਕੁਮਾਰ ਅਤੇ ਮੁਕੇਸ਼ ਵੱਲੋਂ ਸਹਿਰਸਾ ਤੱਕ ਕੀਤੀ 1,232 ਕਿਲੋਮੀਟਰ ਦੀ ਯਾਤਰਾ ਦਾ ਜ਼ਿਕਰ ਹੈ। ਕਾਪੜੀ ਵੱਲੋਂ ਨਿਰਦੇਸ਼ਿਤ ਇਸ ਯਾਤਰਾ ’ਤੇ ਆਧਾਰਤ ਇੱਕ ਦਸਤਾਵੇਜ਼ੀ ਹੁਣੇ ਹੀ ਡਿਜ਼ਨੀ +ਹੌਟਸਟਾਰ ’ਤੇ ਜਾਰੀ ਕੀਤੀ ਗਈ ਹੈ।
‘ਹਾਰਪਰਕੌਲਿਨਜ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਕੀਤੀ ਆਪਣੀ ਕਿਤਾਬ ਬਾਰੇ ਕਾਪੜੀ ਕਹਿੰਦਾ ਹੈ, ‘ਜਦੋਂ ਮੈਂ ਇਸ ਯਾਤਰਾ ’ਤੇ ਨਿਕਲਿਆ, ਮੈਂ ਇਹ ਜਾਣਨ ਲਈ ਉਤਾਵਲਾ ਸਾਂ ਕਿ ਅਜਿਹੇ ਮੁਸ਼ਕਲ ਹਾਲਾਤ ਵਿੱਚ ਬਗੈਰ ਭੋਜਨ ਤੇ ਕਿਸੇ ਮਦਦ ਤੋਂ ਮਜ਼ਦੂਰਾਂ ਨੂੰ 1,232 ਕਿਲੋਮੀਟਰ ਸਾਈਕਲ ਚਲਾਉਣ ਲਈ ਕਿਉਂ ਮਜਬੂਰ ਹੋਣਾ ਪਿਆ। ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਲੋਕ ਕੌਣ ਹਨ। ਮੈਂ ਉਨ੍ਹਾਂ ਨੂੰ ਨੇੜਿਓਂ ਵੇਖਣਾ ਚਾਹੁੰਦਾ ਸੀ।’ ਉਸ ਨੇ ਕਿਹਾ, ‘ਇਹ ਸਿਰਫ਼ ਹਿੰਮਤ, ਇੱਛਾ ਸ਼ਕਤੀ ਜਾਂ ਸਾਹਸ ਦਾ ਸਫ਼ਰ ਨਹੀਂ ਹੈ। ਇਹ ਸਾਡੇ ਸਮਾਜ ਦੇ ਚੰਗੇ ਅਤੇ ਮਾੜੇ ਲੋਕਾਂ ਬਾਰੇ ਵੀ ਹੈ। ਜਿਨ੍ਹਾਂ ਮਜ਼ਦੂਰਾਂ ਨੂੰ ਮੈਂ ਫਿਲਮਾਇਆ ਹੈ, ਉਨ੍ਹਾਂ ਨੂੰ ਅਜਨਬੀ ਲੋਕਾਂ ਦੀ ਮਦਦ ਮਿਲ ਰਹੀ ਸੀ, ਪਰ ਅਧਿਕਾਰੀ, ਜਿਨ੍ਹਾਂ ਤੋਂ ਸਹਿਯੋਗ ਦੀ ਉਮੀਦ ਕੀਤੀ ਜਾਂਦੀ ਸੀ, ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ। ਆਪਣੀ ਫ਼ਿਲਮ ‘ਕਾਂਟ ਟੇਕ ਦਿਸ ਸ਼ਿੱਟ ਐਨੀਮੋਰ’ (2014) ਲਈ ਰਾਸ਼ਟਰੀ ਪੁਰਸਕਾਰ ਜਿੱਤਣ ਵਾਲਾ ਕਾਪੜੀ ਇੱਕ ਫਿਲਮਸਾਜ਼ ਵਜੋਂ ਕਹਿੰਦਾ ਹੈ ਕਿ ਉਸ ਨੇ ਦਸਤਾਵੇਜ਼ੀ ਦੇ ਨਜ਼ਰੀਏ ਤੋਂ ਪਰਵਾਸੀਆਂ ਨੂੰ ਪਹਿਲੇ ਦਿਨ ਤੋਂ ਕੂਚ ਕਰਦਿਆਂ ਵੇਖਿਆ। ਉਸ ਨੇ ਦੱਸਿਆ, ‘ਸ਼ੁਰੂ ਵਿੱਚ ਮੇਰੀ ਕਿਤਾਬ ਲਿਖਣ ਦੀ ਕੋਈ ਯੋਜਨਾ ਨਹੀਂ ਸੀ।’ ਮੈਂ ਇਹ ਮਹਿਸੂਸ ਕੀਤਾ ਕਿ ਜੋ ਕੈਮਰੇ ’ਚ ਕੈਦ ਨਹੀਂ ਹੋ ਸਕਦਾ, ਉਸ ਦਾ ਦਸਤਾਵੇਜ਼ ਵੀ ਹੋਣਾ ਚਾਹੀਦਾ ਹੈ।’ ਇਸ ਤਰ੍ਹਾਂ ਉਸ ਨੇ ਇਸ ‘ਯਾਦਗਾਰੀ ਅਤੇ ਅਵਿਸ਼ਵਾਸਯੋਗ ਯਾਤਰਾ’ ਬਾਰੇ ਲਿਖਣ ਦਾ ਫ਼ੈਸਲਾ ਲਿਆ। ਦੱਸਣਯੋਗ ਹੈ ਕਿ ਕਾਪੜੀ ਨੇ ਇਨ੍ਹਾਂ ਸੱਤ ਵਿਅਕਤੀਆਂ ਦੀ ਯਾਤਰਾ ਦੀ ਸ਼ੂਟਿੰਗ ਆਪਣੀ ਕਾਰ ’ਚੋਂ ਕੀਤੀ ਹੈ। -ਪੀਟੀਆਈ