ਗੁਰਮੀਤ ਸਿੰਘ*
ਛੋਟੀ ਮੁਰਗਾਬੀ ‘ਟੀਲ’ ਤਾਜ਼ੇ ਪਾਣੀ ਵਾਲੇ ਖੇਤਰਾਂ ਵਿੱਚ ਪਰਵਾਸ ਕਰਦੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਕਾਮਨ ਟੀਲ (Common teal, Anas crecca) ਅਤੇ ਹਿੰਦੀ ਵਿੱਚ ਛੋਟੀ ਮੁਰਗਾਬੀ ਕਹਿੰਦੇ ਹਨ। ਇਨ੍ਹਾਂ ਦੀ ਸਿਆਲਾਂ ਵਿੱਚ ਪਸੰਦੀਦਾ ਥਾਂ ਦਲਦਲ, ਤਲਾਬ, ਨਦੀਆਂ, ਝੀਲਾਂ ਵਾਲੇ ਖੇਤਰ ਸ਼ਾਮਲ ਹਨ। ਟੀਲ ਮੁਰਗਾਬੀਆਂ ਸਭ ਤੋਂ ਪ੍ਰਸਿੱਧ ਮੁਰਗਾਬੀਆਂ ਦੀਆਂ ਕਿਸਮਾਂ ਵਿੱਚ ਆਉਂਦੀਆਂ ਹਨ। ਟੀਲ ਦੀਆਂ ਕੁਝ ਕਿਸਮਾਂ ਐਂਟਾਰਟਿਕਾ ਨੂੰ ਛੱਡ ਕੇ ਹਰ ਮਹਾਂਦੀਪ ਵਿੱਚ ਪਾਈਆਂ ਜਾਂਦੀਆਂ ਹਨ। ਇਸ ਟੀਲ ਦਾ ਨਰ ਚਮਕੀਾ ਅਤੇ ਵਿਲੱਖਣ ਰੰਗਾ ਵਾਲਾ ਹੁੰਦਾ ਹੈ। ਇਸ ਦੇ ਨਰ ਦਾ ਸਿਰ ਅਤੇ ਉੱਪਰੋਂ ਧੌਣ ਗੇਰੂ ਰੰਗ ਦੀ ਹੁੰਦੀ ਹੈ। ਇਸ ਦੀਆਂ ਅੱਖਾਂ ਤੋਂ ਗਿੱਚੀ ਤੱਕ ਦਾ ਹਿੱਸਾ ਹਰੀ ਪੱਟੀ ਨਾਲ ਇਸ ਨੂੰ ਸੁੰਦਰ ਬਣਾਉਂਦਾ ਹੈ। ਇਸ ਦੇ ਖੰਭ ਭੂਰੇ ਹੁੰਦੇ ਹਨ। ਇਸ ਦੇ ਉਡਾਰੂ ਖੰਭ ਅਤੇ ਪੂੰਝਾ ਗੂੜ੍ਹਾ ਭੂਰਾ ਹੁੰਦਾ ਹੈ। ਮਾਦਾ ਭੂਰੇ ਰੰਗ ਦੀ ਚਿੱਤਰ ਮਿੱਤਰੀ ਹੁੰਦੀ ਹੈ। ਇਹ 38 ਸੈਂਟੀਮੀਟਰ ਲੰਮੀ ਅਤੇ ਇਸ ਦਾ ਭਾਰ 200 ਤੋਂ 330 ਗ੍ਰਾਮ ਹੁੰਦਾ ਹੈ। ਹੋਰ ਮੁਰਗਾਬੀਆਂ ਦੀ ਤਰ੍ਹਾਂ ਟੀਲ ਸਤਹਿ ਦੇ ਹੇਠਾਂ ਖਾਣ ਲਈ ਨਹੀਂ ਜਾਂਦੀ ਬਲਕਿ ਸਤਹਿ ਦੇ ਉੱਪਰ ਰਹਿ ਕੇ ਖਾਣਾ, ਖਾਣਾ ਪਸੰਦ ਕਰਦੀ ਹੈ। ਆਮ ਤੌਰ ’ਤੇ ਸ਼ਾਕਾਹਾਰੀ ਟੀਲ ਮੁੱਖ ਤੌਰ ’ਤੇ ਜਲ ਬਨਸਪਤੀ, ਬੀਜ ਅਤੇ ਅਨਾਜ ਖਾਂਦੇ ਹਨ, ਉਹ ਅਕਸਰ ਰਾਤ ਭਰ ਅਤੇ ਦਿਨ ਵੇਲੇ ਖੁੱਲ੍ਹੇ ਪਾਣੀ ’ਤੇ ਵੱਡੇ ਝੁੰਡਾਂ ਵਿੱਚ ਬੈਠਦੇ ਹਨ। ਉਹ ਆਪਣੇ ਆਪ ਨੂੰ ਪਾਣੀ ਦੇ ਅਨੁਕੂਲ ਢਾਲ ਲੈਂਦੇ ਹਨ। ਇਹ ਛੋਟੇ ਘੋਗੇ, ਕੀੜੀਆਂ ਦੇ ਲਾਰਵੇ ਅਤੇ ਪਾਣੀ ਦੀਆਂ ਬੀਟਲਾਂ ਨੂੰ ਵੀ ਖਾਂਦੇ ਹਨ।
ਟੀਲ ਸਮਾਜਿਕ ਜੀਵ ਹੈ। ਇਹ ਉਡਾਣ ਵੇਲੇ ਅਕਸਰ ਸਮੂਹ ਵਿੱਚ ਰਹਿੰਦੇ ਹਨ। ਇਹ ਜ਼ਮੀਨ ’ਤੇ, ਪਾਣੀ ਦੇ ਨੇੜੇ ਕਿਸੇ ਚੀਜ਼ ਦੇ ਥੱਲੇ ਆਲ੍ਹਣਾ ਬਣਾਉਂਦੇ ਹਨ। ਇਹ ਸਿਆਲਾਂ ਵਿੱਚ ਜੋੜਾ ਬਣਾਉਂਦੇ ਹਨ ਅਤੇ ਮਾਰਚ ਦੇ ਸ਼ੁਰੂ ਵਿੱਚ ਇਕੱਠੇ ਪ੍ਰਜਣਨ ਲਈ ਪਹੁੰਚਦੇ ਹਨ। ਪ੍ਰਜਣਨ ਕੁਝ ਹਫ਼ਤਿਆਂ ਬਾਅਦ ਸ਼ੁਰੂ ਹੁੰਦਾ ਹੈ। ਆਲ੍ਹਣਾ ਸੁੱਕੇ ਪੱਤਿਆਂ ਅਤੇ ਹੇਠਾਂ ਖੰਭਾਂ ਨਾਲ ਕਤਾਰਬੱਧ ਬਣਾਇਆ ਹੋਇਆ ਡੂੰਘਾ ਖੋਖਲਾ ਹੁੰਦਾ ਹੈ, ਜੋ ਪਾਣੀ ਦੇ ਨੇੜੇ ਸੰਘਣੀ ਬਨਸਪਤੀ ਵਿੱਚ ਬਣਾਇਆ ਜਾਂਦਾ ਹੈ। ਮਾਦਾ ਵੱਲੋਂ ਆਂਡੇ ਦੇਣ ਤੋਂ ਬਾਅਦ ਨਰ ਉਨ੍ਹਾਂ ਨੂੰ ਛੱਡ ਦਿੰਦੇ ਹਨ ਅਤੇ ਛੋਟੀ ਜਾਂ ਲੰਬੀ ਦੂਰੀ ’ਤੇ ਚਲੇ ਜਾਂਦੇ ਹਨ। ਮਾਦਾ 5 ਤੋਂ 11 ਆਂਡੇ ਦਿੰਦੀ ਹੈ। 21 ਤੋਂ 23 ਦਿਨਾਂ ਬਾਅਦ ਚੂਜ਼ੇ ਨਿਕਲਦੇ ਹਨ। 25 ਤੋਂ 30 ਦਿਨਾਂ ਬਾਅਦ ਬੱਚੇ ਮਾਤਾ ਤੋਂ ਵੱਖ ਹੋ ਜਾਂਦੇ ਹਨ।
ਟੀਲ ਦਾ ਕਈ ਦੇਸ਼ਾਂ ਵਿੱਚ ਪੇਸ਼ੇਵਰ ਸ਼ਿਕਾਰੀਆਂ ਵੱਲੋਂ ਨਿਯਮਤ ਤੌਰ ’ਤੇ ਸ਼ਿਕਾਰ ਕੀਤਾ ਜਾਂਦਾ ਹੈ, ਪਰ ਸਾਡੇ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ ਜਿਸ ਨਾਲ ਜੰਗਲੀ ਜੀਵਾਂ ਦੇ ਸ਼ਿਕਾਰ ਉੱਤੇ ਸਖ਼ਤ ਪਾਬੰਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910