ਗੁਰਮੀਤ ਸਿੰਘ*
ਚੀਨਾ ਬਟੇਰਾ ਭਾਰਤੀ ਉਪ ਮਹਾਂਦੀਪ ਵਿਚ ਮਿਲਣ ਵਾਲੇ ਬਟੇਰੇ ਦੀ ਇਕ ਕਿਸਮ ਹੈ। ਇਸ ਨੂੰ ਕਾਲੀ ਛਾਤੀ ਵਾਲੇ ਬਟੇਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿਚ ‘Rain quail or Black breasted quail’ ਅਤੇ ਹਿੰਦੀ ਵਿਚ ਗਲੋਬ ਬਟੇਰ ਕਹਿੰਦੇ ਹਨ। ਇਹ ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਬੰਗਲਾਦੇਸ਼, ਮਿਆਂਮਾਰ ਵਿਚ ਵੀ ਮਿਲਦਾ ਹੈ।
ਇਹ ਛੋਟਾ ਜਿਹਾ ਪੰਛੀ ਹੈ ਜੋ 16 ਤੋਂ 18 ਸੈਂਟੀਮੀਟਰ ਲੰਬਾਈ ਵਿਚ ਅਤੇ ਵਜ਼ਨ ਵਿਚ ਨਰ ਪੰਛੀ 65 ਤੋਂ 85 ਗ੍ਰਾਮ ਤਕ ਹੁੰਦਾ ਹੈ। ਇਸ ਦੀ ਗਰਦਨ ’ਤੇ ਕਾਲਾ ਨਿਸ਼ਾਨ ਹੁੰਦਾ ਹੈ। ਨਰ ਪੰਛੀ ਦੇ ਸਿਰ ’ਤੇ ਕਾਲੇ ਅਤੇ ਚਿੱਟੇ ਰੰਗ ਦਾ ਵੱਖਰਾ ਨਮੂਨਾ ਵੇਖਿਆ ਜਾ ਸਕਦਾ ਹੈ। ਇਹ ਘਾਹ ਵਿਚ ਖੁੱਲ੍ਹੇ ਮੈਦਾਨਾਂ ਵਿਚ ਰਹਿਣਾ ਪਸੰਦ ਕਰਦੇ ਹਨ। ਚੀਨਾ ਬਟੇਰਾ ਘਾਹ ਦੇ ਬੀਜ, ਕੀੜੇ, ਪੌਦੇ ਅਤੇ ਹੋਰ ਪੌਦਿਆਂ ਦੇ ਛੋਟੇ ਛਿੱਲੜ ਖਾਂਦੇ ਹਨ। ਉਹ ਕੀੜੇ-ਮਕੌੜਿਆਂ ਦੇ ਲਾਰਵੇ ਅਤੇ ਛੋਟੇ ਛੋਟੇ ਹੋਰ ਕੀਟ-ਪਤੰਗਿਆਂ ਨੂੰ ਵੀ ਖਾ ਜਾਂਦੇ ਹਨ।
ਚੀਨੇ ਬਟੇਰੇ ਦਾ ਪ੍ਰਜਣਨ ਮਾਰਚ ਅਤੇ ਅਕਤੂਬਰ ਦੇ ਮਹੀਨੇ ਵਿਚ ਸ਼ੁਰੂ ਹੁੰਦਾ ਹੈ, ਪਰ ਮੁੱਖ ਤੌਰ ’ਤੇ ਜੂਨ ਵਿਚ ਦੱਖਣ ਪੱਛਮੀ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਮਾਦਾ ਵੱਲੋਂ ਜ਼ਮੀਨ ’ਤੇ ਹੀ ਛੋਟੀਆਂ ਟਾਹਣੀਆਂ ਅਤੇ ਘਾਹ ਨਾਲ ਆਲ੍ਹਣਾ ਬਣਾਇਆ ਜਾਂਦਾ ਹੈ ਅਤੇ ਮੌਨਸੂਨ ਸੀਜ਼ਨ ਵਿਚ ਆਂਡੇ ਦਿੱਤੇ ਜਾਂਦੇ ਹਨ। ਮਾਦਾ ਵੱਲੋਂ ਆਮਤੌਰ ’ਤੇ ਛੇ ਤੋਂ ਅੱਠ ਆਂਡੇ ਦਿੱਤੇ ਜਾਂਦੇ ਹਨ। ਚੀਨੇ ਬਟੇਰੇ ਦੇ ਆਂਡਿਆਂ ਵਿਚੋਂ 16 ਤੋਂ 18 ਦਿਨਾਂ ਬਾਅਦ ਚੂਜ਼ੇ ਨਿਕਲ ਆਉਂਦੇ ਹਨ। ਬੱਚੇ ਅੱਠ ਮਹੀਨੇ ਤਕ ਨਰ ਮਾਦਾ ਨਾਲ ਰਹਿੰਦੇ ਹਨ। ਇਨ੍ਹਾਂ ਦੇ ਚੂਜ਼ੇ ਕੁਝ ਦੇਰ ਬਾਅਦ ਹੀ ਆਪਣੇ ਵੱਡੇ ਵਡੇਰਿਆਂ ਨਾਲ ਆਲ੍ਹਣਾ ਛੱਡ ਕੇ ਤੁਰ ਪੈਂਦੇ ਹਨ।
ਕਿਸੇ ਵੇਲੇ ਚੀਨਾ ਬਟੇਰਾ ਪੰਜਾਬ ਵਿਚ ਘਾਹ ਦੇ ਮੈਦਾਨਾਂ ਅਤੇ ਖੇਤਾਂ ਵਿਚ ਆਮ ਵੇਖਿਆ ਜਾ ਸਕਦਾ ਸੀ, ਪਰ ਰਾਜ ਦੇ ਵਾਤਾਵਰਣ ਵਿਚ ਤਬਦੀਲੀ, ਪ੍ਰਦੂਸ਼ਣ ਵਧਣ, ਕੀਟ-ਨਾਸ਼ਕ ਦਵਾਈਆਂ ਦੀ ਜ਼ਿਆਦਾ ਵਰਤੋਂ, ਪੰਛੀਆਂ ਦੇ ਵਾਸ ਦਾ ਖਾਤਮਾ ਅਤੇ ਲੋਕਾਂ ਵੱਲੋਂ ਇਨ੍ਹਾਂ ਦੀ ਸੁਰੱਖਿਆ ਪ੍ਰਤੀ ਘੱਟ ਰੁਚੀ ਲੈਣਾ ਆਦਿ ਇਨ੍ਹਾਂ ਦੀ ਆਬਾਦੀ ਘਟਣ ਦੇ ਕਾਰਨ ਹਨ। ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਧੀਨ ਐਕਟ ਦੀ ਸੂਚੀ ਚਾਰ ਅਧੀਨ ਰੱਖ ਕੇ ਮੁਕੰਮਲ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਅਤੇ ਇਸਦੇ ਮਾਰਨ ਜਾਂ ਫੜਨ ’ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਆਈ.ਯੂ.ਸੀ.ਐੱਨ. ਵੱਲੋਂ ਚੀਨੇ ਬਟੇਰੇ ਦੀ ਸੰਖਿਆ ਨੂੰ ‘ਘੱਟੋ ਘੱਟ ਚਿੰਤਾ’ ਵਾਲੀ ਗੱਲ ਦੱਸਿਆ ਗਿਆ ਹੈ, ਪਰ ਪੰਜਾਬ ਵਿਚ ਇਹ ਪੰਛੀ ਇਸ ਵੇਲੇ ਅਲੋਪ ਹੋਣ ਦੇ ਕੰਢੇ ’ਤੇ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910