ਸ਼ਵਿੰਦਰ ਕੌਰ
ਸਮਾਜ ਵਿੱਚ ਵਿਚਰਦਿਆਂ ਮਨੁੱਖ ਨੂੰ ਬਹੁਤ ਸਾਰੇ ਰਿਸ਼ਤੇ ਨਿਭਾਉਣੇ ਪੈਂਦੇ ਹਨ। ਇਹ ਰਿਸ਼ਤੇ ਮਨੁੱਖ ਦੀ ਜ਼ਿੰਦਗੀ ਨੂੰ ਮੋਹ ਮਮਤਾ ਨਾਲ ਸਰਸ਼ਾਰ ਕਰਦੇ ਰਹਿੰਦੇ ਹਨ। ਖੁਸ਼ੀ ਸਮੇਂ ਵੀ ਮਨੁੱਖ ਆਪਣਿਆਂ ਨਾਲ ਖੁਸ਼ੀਆਂ ਸਾਂਝੀਆਂ ਕਰ ਕੇ ਸੁਖਦ ਅਹਿਸਾਸ ਮਹਿਸੂਸ ਕਰਦਾ ਹੈ। ਗ਼ਮੀ ਸਮੇਂ ਵੀ ਮਨ ਹੌਲਾ ਕਰਨ ਲਈ ਆਪਣਿਆਂ ਦਾ ਮੋਢਾ ਭਾਲਦਾ ਹੈ। ਕੁਝ ਰਿਸ਼ਤੇ ਸਾਨੂੰ ਜਨਮ ਸਮੇਂ ਤੋਂ ਹੀ ਪ੍ਰਾਪਤ ਹੋ ਜਾਂਦੇ ਹਨ। ਅੱਗੇ ਜਾ ਕੇ ਹੋਰ ਨਵੇਂ ਰਿਸ਼ਤੇ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਰਹਿੰਦੇ ਹਨ।
ਮਾਂ ਤੇ ਧੀ ਦਾ ਇੱਕ ਵਿਲੱਖਣ ਰਿਸ਼ਤਾ ਹੈ। ਮਾਂ ਦਾ ਦਿਲ ਧੀ ਦੀ ਹਰ ਹਰਕਤ ਤੇ ਹਰ ਧੜਕਣ ਨੂੰ ਜਾਣਦਾ ਹੁੰਦਾ ਹੈ। ਇੱਕ ਦਿਨ ਹਰ ਧੀ ਨੇ ਮਾਪਿਆਂ ਦੇ ਘਰ ’ਚੋਂ ਪਰਦੇਸੀ ਹੋਣਾ ਹੁੰਦਾ ਹੈ। ਧੀਆਂ ਮਾਪਿਆਂ ਦਾ ਘਰ ਸੰਵਾਰਦੀਆਂ, ਸੰਭਾਲਦੀਆਂ, ਉਨ੍ਹਾਂ ਦੀ ਮਮਤਾ ਦੀ ਠੰਢੀ ਛਾਂ ਮਾਣਦੀਆਂ ਹਨ। ਜਿਉਂ ਹੀ ਉਨ੍ਹਾਂ ਦੀ ਉਮਰ ਮਹਿਕਣ, ਟਹਿਕਣ ਦੀ ਹੋਣ ਲੱਗਦੀ ਹੈ ਤਾਂ ਮਾਪੇ ਉਨ੍ਹਾਂ ਨੂੰ ਇੱਕ ਹੋਰ ਘਰ ਦੀ ਫੁੱਲਵਾੜੀ ਦਾ ਫੁੱਲ ਬਣਾ ਕੇ ਉਸ ਪਰਿਵਾਰ ਰੂਪੀ ਬਾਗ਼ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦੇ ਕੇ ਵਿਦਾ ਕਰ ਦਿੰਦੇ ਹਨ। ਬਾਕੀ ਰਿਸ਼ਤਿਆਂ ਦੇ ਨਾਲ ਇੱਕ ਨਵਾਂ ਰਿਸ਼ਤਾ ਨੂੰਹ ਤੇ ਸੱਸ ਵਾਲਾ ਬਣਦਾ ਹੈ। ਇੱਕ ਘਰ ਵਿੱਚੋਂ ਵਿਦਾ ਹੋ ਕੇ ਨਵੇਂ ਘਰ ਵਿੱਚ ਜੜ੍ਹਾਂ ਲਾਉਣ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ।
ਕੁਝ ਦਹਾਕੇ ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ। ਘਰ ਵਿੱਚ ਕਈ ਨੂੰਹਾਂ ਇਕੱਠੀਆਂ ਰਹਿੰਦੀਆਂ ਸਨ। ਘਰ ਦੇ ਸਾਰੇ ਕੰਮ ਧੰਦੇ ਉਹ ਖ਼ੁਦ ਕਰਦੀਆਂ ਸਨ। ਸੱਸ ਮਾਂ ਸਾਰੀਆਂ ਨੂੰ ਕੰਮ ਵੰਡ ਕੇ ਦੇ ਦਿੰਦੀ ਸੀ। ਉਹ ਸਮਾਂ ਅਜਿਹਾ ਸੀ ਕਿ ਘਰ ਦੇ ਬਜ਼ੁਰਗਾਂ ਅੱਗੇ ਕੋਈ ਸਵਾਲ ਜਵਾਬ ਨਹੀਂ ਕਰਦਾ ਸੀ। ਵੱਡੇ ਪਰਿਵਾਰ ਵਿੱਚ ਰਹਿੰਦਿਆਂ ਕੁਦਰਤੀ ਸੀ ਘਰ ਦੀ ਜ਼ਿੰਮੇਵਾਰ ਸੱਸ ਪ੍ਰਤੀ ਕੁਝ ਰੋਸੇ ਗਿਲੇ ਰਹਿੰਦੇ ਹੋਣਗੇ। ਜੇ ਮਨੁੱਖ ਗਿਲੇ ਸ਼ਿਕਵੇ ਆਪਣੇ ਅੰਦਰ ਰੱਖੀ ਰੱਖੇ ਤਾਂ ਇੱਕ ਦਿਨ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਪਰ ਔਰਤਾਂ ਨੇ ਹਰਫ਼ ਅਤੇ ਕਲਮ ਤੋਂ ਬਿਨਾਂ ਆਪਣੇ ਅੰਦਰਲੀ ਵੇਦਨਾ ਨੂੰ ਲੋਕ-ਕਾਵਿ ਰਾਹੀਂ ਪ੍ਰਗਟ ਕੀਤਾ। ਆਪਣੇ ਅੰਦਰਲੇ ਦੁੱਖ-ਦਰਦ, ਗਿਲੇ -ਸ਼ਿਕਵੇ ਅਤੇ ਵਲਵਲਿਆਂ ਦੀ ਮੌਖਿਕ ਰੂਪ ਵਿੱਚ ਸਿਰਜਣਾ ਕੀਤੀ ਜੋ ਲੋਕ ਗੀਤ ਤੇ ਬੋਲੀਆਂ ਬਣੀਆਂ। ਪੀੜ੍ਹੀ ਦਰ ਪੀੜ੍ਹੀ ਇਹ ਅੱਗੇ ਤੁਰਦੀਆਂ ਰਹੀਆਂ। ਇਹ ਲੋਕ ਗੀਤ ਹੀ ਉਨ੍ਹਾਂ ਦੀ ਮਾਨਸਿਕਤਾ ਨੂੰ ਸਹੀ ਰੱਖਣ ਵਿੱਚ ਸਹਾਈ ਹੋਏ।
ਸੱਸ ਕੁੱਟਣੀ ਸੰਦੂਖਾਂ ਉਹਲੇ, ਨਿੰਮ ਦਾ ਘੜਾ ਦੇ ਘੋਟਣਾ
ਜਿਸ ਸੱਸ ਅੱਗੇ ਉਹ ਕੋਈ ਗਿਲਾ ਨਹੀਂ ਕਰ ਸਕਦੀ ਸੀ, ਉਸ ਨੂੰ ਕੁੱਟਣ ਬਾਰੇ ਉਹ ਕਿਵੇਂ ਸੋਚ ਸਕਦੀ ਸੀ। ਵਿਆਹ ਸ਼ਾਦੀ ਜਾਂ ਤੀਆਂ ਵਿੱਚ ਕੁੜੀਆਂ ਇਸ ਤਰ੍ਹਾਂ ਦੀਆਂ ਬੋਲੀਆਂ ਪਾ ਕੇ ਆਪਣੇ ਅੰਦਰਲਾ ਗੁੱਭ ਗਲਾਟ ਕੱਢ ਲੈਂਦੀਆਂ ਸਨ। ਮੁੜ ਤਰੋਤਾਜ਼ਾ ਹੋ ਕੇ ਆਪਣੇ ਸਹੁਰੇ ਘਰ ਸੁਖਦ ਅਹਿਸਾਸ ਲੈ ਕੇ ਆ ਜਾਂਦੀਆਂ ਸਨ। ਸਮਾਂ ਬੀਤਣ ਨਾਲ ਹੌਲੀ ਹੌਲੀ ਉਹ ਹਾਲਾਤ ਮੁਤਾਬਿਕ ਢਲ ਜਾਂਦੀਆਂ ਸਨ। ਨੂੰਹਾਂ ਤੇ ਸੱਸਾਂ ਦਾ ਰਿਸ਼ਤਾ ਵੀ ਮਾਵਾਂ ਧੀਆਂ ਵਾਲਾ ਬਣ ਜਾਂਦਾ ਸੀ।
ਸੱਸ ਸਬੰਧੀ ਬੋਲੀਆਂ ਬਣਾਉਣ ਸਮੇਂ ਉਨ੍ਹਾਂ ਨੇ ਉਸ ਨਾਲ ਕਿਸੇ ਤਰ੍ਹਾਂ ਦੀ ਲਿਹਾਜ਼ ਨਹੀਂ ਕੀਤੀ। ਅੰਦਰਲੀ ਨਫ਼ਰਤ ਨੂੰ ਬਾਹਰ ਕੱਢਣ ਸਮੇਂ ਉਸ ਨੂੰ ਨਿੰਦਣ ਦਾ ਕੋਈ ਪੱਖ ਨਹੀਂ ਛੱਡਿਆ। ਵੰਨਗੀ ਦੇ ਤੌਰ ’ਤੇ ਕੁਝ ਬੋਲੀਆਂ ਹਨ:
* ਪੇਕਿਆਂ ਦਾ ਘਰ ਖੁੱਲ੍ਹਮ ਖੁੱਲ੍ਹਾ
ਸਹੁਰਿਆਂ ਦੇ ਭੀੜੀ ਥਾਂ
ਜਾ ਮੈਂ ਨ੍ਹੀਂ ਵੱਸਣਾ ਕੁਪੱਤੀ ਤੇਰੀ ਮਾਂ।
* ਪੇਕਿਆਂ ਦੇ ਘਰ ਪੱਕਣ ਪਰਾਉਂਠੇ
ਸਹੁਰਿਆਂ ਦੇ ਘਰ ਗੁੱਲੀਆਂ
ਵੇ ਤੇਰੀ ਮਾਂ ਮੂਹਰੇ
ਮੈਨੂੰ ਸਭ ਚਤੁਰਾਈਆਂ ਭੁੱਲੀਆਂ।
ਸਮਾਂ ਬਦਲ ਗਿਆ ਹੈ। ਸੰਯੁਕਤ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰਾਂ ਨੇ ਲੈ ਲਈ ਹੈ। ਘਰਾਂ ਦੀ ਜਗ੍ਹਾ ਔਰਤਾਂ ਪੜ੍ਹ ਲਿਖ ਕੇ ਨੌਕਰੀ ਕਰਨ ਲੱਗ ਪਈਆਂ ਹਨ। ਰੁਜ਼ਗਾਰ ਦੇ ਲਈ ਬੱਚੇ ਅਲੱਗ ਵੱਡੇ ਸ਼ਹਿਰਾਂ ਵਿੱਚ ਰਹਿਣ ਲੱਗ ਪਏ ਹਨ। ਨੂੰਹਾਂ ਸੱਸਾਂ ਨੂੰ ਇਕੱਠੇ ਰਹਿਣ ਦੇ ਮੌਕੇ ਘਟਦੇ ਜਾ ਰਹੇ ਹਨ। ਵਿਦੇਸ਼ਾਂ ਵਿੱਚ ਜਾ ਵੱਸਣ ਦੇ ਰੁਝਾਨ ਨੇ ਤਾਂ ਘਰਾਂ ਦੀਆਂ ਰੌਣਕਾਂ ਖੋਹ ਲਈਆਂ ਹਨ। ਘਰਾਂ ਵਿੱਚ ਬਜ਼ੁਰਗ ਬੈਠੇ ਦਿੱਸਦੇ ਹਨ। ਹੁਣ ਨੂੰਹ-ਸੱਸ ਦੇ ਰਿਸ਼ਤੇ ਵੀ ਬਦਲ ਰਹੇ ਹਨ। ਕੰਮਕਾਜੀ ਔਰਤਾਂ ਨੂੰ ਬੱਚਿਆਂ ਕੋਲ ਰਹਿਣ ਲਈ ਬਜ਼ੁਰਗਾਂ ਦੀ ਲੋੜ ਹੈ। ਕੁਝ ਸੱਸਾਂ ਦੇ ਵੀ ਹੁਣ ਹਕੂਮਤ ਕਰਨ ਵਾਲੇ ਸੁਭਾਅ ਬਦਲ ਗਏ ਹਨ। ਘਰ ਵਿੱਚ ਮਾਨਸਿਕ ਸ਼ਾਂਤੀ ਬਣਾਈ ਰੱਖਣ ਵਿੱਚ ਹੀ ਸਮਝਦਾਰੀ ਹੈ, ਇਸ ਵਿਚਾਰ ਨੇ ਵੀ ਆਪਸੀ ਰਿਸ਼ਤੇ ਸੁਖਾਵੇਂ ਬਣਾ ਦਿੱਤੇ ਹਨ।
ਰਿਸ਼ਤਿਆਂ ਵਿੱਚ ਮਿਠਾਸ ਆਉਣ ਨਾਲ ਗਿੱਧਿਆਂ ਵਿੱਚ ਪੈਣ ਵਾਲੀਆਂ ਬੋਲੀਆਂ ਵੀ ਬਦਲ ਰਹੀਆਂ ਹਨ। ਹੁਣ ਤਾਂ ਸੱਸ ਨੂੰ ਮਾਂ ਦਾ ਦਰਜਾ ਦਿੰਦੀਆਂ ਬੋਲੀਆਂ ਵੀ ਸੁਣਾਈ ਦਿੰਦੀਆਂ ਹਨ:
ਪਿੱਪਲੀ ਦੀ ਠੰਢੀ ਠੰਢੀ ਛਾਂ ਵਰਗੀ
ਮੈਨੂੰ ਸੱਸ ਮੇਰੀ ਜਾਪੇ ਮੇਰੀ ਮਾਂ ਵਰਗੀ।
ਨੂੰਹਾਂ ਵੱਲੋਂ ਸੱਸ ਨਾਲ ਗੂੜ੍ਹਾ ਪਿਆਰ ਵੀ ਜਤਾਇਆ ਜਾਂਦਾ ਹੈ।
ਲੈ ਸੱਸੀਏ ਤੈਨੂੰ ਮੰਜੀ ਡਾਹਦਿਆਂ ਉੱਤੇ ਬਹਿਜਾ
ਪਾਣੀ ਪਿਆ ਦਿਆਂ ਠੰਢਾ ਠਾਰ ਸੱਸੇ ਮੇਰੀਏ
ਤੇਰੇ ਨਾਲ ਗੂੜ੍ਹਾ ਏ ਪਿਆਰ ਸੱਸੇ ਮੇਰੀਏ।
ਸੱਸ ਨੂੰ ਨਿੰਦਣਾ ਵੀ ਮਾੜਾ ਸਮਝਿਆ ਜਾਣ ਲੱਗਿਆ ਹੈ:
ਬੱਲੇ ਬੱਲੇ ਵੀ ਸੱਸ ਦੀ ਨਾ ਨਿੰਦਿਆ ਕਰੋ
ਸੱਸਾਂ ਸਾਰੀ ਉਮਰ ਦੀਆਂ ਮਾਵਾਂ।
ਸਿਆਣੇ ਕਹਿੰਦੇ ਹਨ ਕਿ ਜਿਸ ਘਰ ਵਿੱਚ ਪਰਿਵਾਰ ਦੇ ਮੈਂਬਰਾਂ ਦਾ ਆਪਸੀ ਪਿਆਰ ਹੈ, ਦੁੱਖ -ਸੁੱਖ ਦੇ ਸਾਂਝੀ ਹਨ। ਉਹ ਘਰ ਹੀ ਅਸਲ ਵਿੱਚ ਸਵਰਗ ਹੈ। ਇਸ ਲਈ ਨੂੰਹ ਸੱਸ ਦਾ ਰਿਸ਼ਤਾ ਵੀ ਮਾਵਾਂ-ਧੀਆਂ ਵਾਲਾ ਹੋਣਾ ਚਾਹੀਦਾ ਹੈ। ਸੱਸ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਲੜਕੀ ਆਪਣੇ ਪਰਿਵਾਰ ਜਿਸ ਵਿੱਚ ਉਸ ਨੇ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਗੁਜ਼ਾਰੇ ਹਨ, ਉਸ ਨੂੰ ਛੱਡ ਕੇ ਨਵੇਂ ਮਾਹੌਲ ਵਿੱਚ ਆਈ ਹੈ। ਉਸ ਨਾਲ ਆਪਣੀ ਧੀ ਵਾਂਗ ਹੀ ਸਲੂਕ ਕਰੇ। ਨੂੰਹ ਨੂੰ ਵੀ ਚਾਹੀਦਾ ਹੈ ਕਿ ਉਹ ਸੱਸ ਨੂੰ ਆਪਣੀ ਮਾਂ ਸਮਝੇ। ਰਲ ਮਿਲ ਰਹਿਣ ਨਾਲ ਪਰਿਵਾਰ ਵਿੱਚ ਖੁਸ਼ੀਆਂ ਖੇੜੇ, ਹਾਸੇ, ਰੌਣਕਾਂ ਆਪਣਾ ਡੇਰਾ ਲਾਈ ਰੱਖਦੀਆਂ ਹਨ। ਮਾਨਸਿਕ ਸ਼ਾਂਤੀ ਤੁਹਾਡੇ ਵਿੱਚ ਨਵੀਂ ਊਰਜਾ ਪੈਦਾ ਕਰਦੀ ਰਹਿੰਦੀ ਹੈ।
ਸੰਪਰਕ: 76260-63596