ਬਲਜਿੰਦਰ ਜੌੜਕੀਆਂ
ਜ਼ਿੰਦਗੀ ਖੂਬਸੂਰਤ ਸ਼ੈਅ ਹੈ। ਇਹ ਮਿੱਤਰਾਂ ਨਾਲ ਮਹਿਕਦੀ ਹੈ। ਆਪੋ ਆਪਣੀ ਸਮਝ ਅਨੁਸਾਰ ਕਈ ਜਿਉਂਦੇ, ਕੁਝ ਮਾਣਦੇ ਤੇ ਬਹੁਤੇ ਢੋਂਦੇ ਹਨ। ਜੇਕਰ ਤੁਹਾਡਾ ਤਨ-ਮਨ ਠੀਕ ਨਹੀਂ ਤਾਂ ਤੁਹਾਡਾ ਧਨ ਜ਼ੀਰੋ ਹੈ। ਸਬਰ ਦੀ ਲੋੜ ਹੁੰਦੀ ਹੈ, ਹਾਦਸਿਆਂ ਤੋਂ ਬਾਅਦ ਹਾਸੇ ਵੀ ਫੁੱਟਦੇ ਹਨ। ਹਰ ਸਮੇਂ ਦਾ ਆਪਣਾ ਰੰਗ ਹੁੰਦਾ ਹੈ। ਨਿੱਜਪ੍ਰਸਤੀ ਦੇ ਜ਼ਮਾਨੇ ਵਿੱਚ ਮੱਲ੍ਹਮ ਲਾਉਣ ਵਾਲੇ ਵਿਰਲੇ ਤੇ ਜ਼ਖ਼ਮ ਦੇਣ ਵਾਲੇ ਜ਼ਿਆਦਾ ਹਨ। ਬੀਤੇ ਸਮੇਂ ਦੀਆਂ ਕੌੜੀਆਂ ਯਾਦਾਂ ਨੂੰ ਭੁੱਲ ਜਾਣਾ ਹੀ ਬਿਹਤਰ ਹੁੰਦਾ ਹੈ। ਤਕਲੀਫ਼ ਦੇਣ ਵਾਲੀਆਂ ਯਾਦਾਂ ਤੇ ਬੁਰੇ ਲੋਕਾਂ ਤੋਂ ਕਿਨਾਰਾ ਕਰ ਲਓ। ਸਭ ਦਾ ਭਲਾ ਕਰਨ ਵਾਲੇ ਤੇ ਖੁਸ਼ੀ ਦੇਣ ਵਾਲੇ ਲੋਕਾਂ ਨੂੰ ਮੀਤ ਬਣਾ ਲਓ। ਸਾਡੀ ਸਹਿਮਤੀ ਬਿਨਾਂ ਸਾਨੂੰ ਕੋਈ ਵੀ ਤੰਗ ਨਹੀਂ ਕਰ ਸਕਦਾ। ਦਿਲ ਦੇ ਬੂਹੇ ਪਿਆਰਿਆਂ ਲਈ ਹੀ ਖੋਲ੍ਹੋ।
ਸਮੱਸਿਆਵਾਂ ਸਭ ਨੂੰ ਹਨ। ਗਹੁ ਨਾਲ ਵੇਖਣਾ, ਲੋਕਾਂ ਨੂੰ ਸਾਡੇ ਨਾਲੋਂ ਕਿਤੇ ਵੱਡੀਆਂ ਮੁਸ਼ਕਿਲਾਂ ਹਨ। ਤਣਾਅ ਨੂੰ ਇੱਕ ਥਾਂ ’ਕੱਠਾ ਨਾ ਹੋਣ ਦੇਵੋ। ਫਿਕਰਾਂ ’ਤੇ ਕਾਬੂ ਪਾ ਕੇ ਖੁਸ਼ਗਵਾਰ ਜ਼ਿੰਦਗੀ ਜੀਓ। ਜੋ ਹਾਲਾਤ ਤੁਸੀਂ ਬਦਲ ਨਹੀਂ ਸਕਦੇ, ਉਨ੍ਹਾਂ ਬਾਰੇ ਚਿੰਤਾ ਕਰਨੀ ਛੱਡ ਦਿਓ। ਹਾਂ, ਸੁਧਾਰ ਕੀਤਾ ਜਾ ਸਕਣ ਵਾਲੀਆਂ ਸਥਿਤੀਆਂ ’ਤੇ ਪੂਰੇ ਮਨ ਨਾਲ ਮਿਹਨਤ ਕਰੋ। ਯਤਨ ਵਰਤਮਾਨ ਵਿੱਚ ਰਹਿ ਕੇ ਕਰੋ। ਅੱਧੇ ਮਨ ਨਾਲ ਕੀਤੀਆਂ ਕੋਸ਼ਿਸ਼ਾਂ ਅਕਸਰ ਫੇਲ੍ਹ ਹੋ ਜਾਂਦੀਆਂ ਹਨ। ਬਹਿਸ ਤੋਂ ਬਚੋ। ਗੈਰ-ਜ਼ਰੂਰੀ ਦਲੀਲਬਾਜ਼ੀ ਕੀਮਤੀ ਰਿਸ਼ਤੇ ਤੋੜ ਦਿੰਦੀ ਹੈ। ਗੱਲਬਾਤ ਵਿੱਚ ਹਰ ਵਕਤ ਆਪਣਾ ਘੋੜਾ ਹੀ ਨਾ ਭਜਾਈ ਜਾਵੋ, ਸਗੋਂ ਚੰਗੇ ਸਰੋਤੇ ਬਣ ਸਹਿਮਤ ਹੋਣਾ ਵੀ ਸਿੱਖੋ। ਐਵੇਂ ਲੜਾਕੇ ਤੇ ਲਾਲਚੀ ਨਾ ਬਣੋ ਕਿਉਂਕਿ ਗੁਆਚਿਆ ਕਿਰਦਾਰ ਬਹਾਲ ਨਹੀਂ ਹੁੰਦਾ। ਜੇਕਰ ਤੁਸੀਂ ਸਹੀ ਹੋ ਤਾਂ ਜਨਤਾ ਦੇ ਠੱਪਿਆਂ ਦੀ ਪਰਵਾਹ ਨਾ ਕਰੋ ਕਿਉਂਕਿ ਲੱਤਾਂ ਅੱਗੇ ਲੰਘਣ ਵਾਲਿਆਂ ਦੀਆਂ ਹੀ ਖਿੱਚੀਆਂ ਜਾਂਦੀਆਂ ਹਨ, ਪਰ ਝੂਠ ਦੇ ਸਹਾਰੇ ਕਦੇ ਵੀ ਆਪਣੇ ਆਪ ਨੂੰ ਠੀਕ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰੋ।
ਅੱਜਕੱਲ੍ਹ ਰਿਸ਼ਤਿਆਂ ਅੰਦਰ ਅਜੀਬ ਕਿਸਮ ਦੀ ਖਿਝ ਹੈ। ਇੱਕ ਦੂਜੇ ਬਾਰੇ ਸਮਝ ਤਾਰ-ਤਾਰ ਹੈ। ਜੇਕਰ ਅਸੀਂ ਦੂਸਰਿਆਂ ਦੇ ਕਹੇ ਨਹੀਂ ਲੱਗਦੇ ਤਾਂ ਅਸੀਂ ਬਿਨਾਂ ਕੁਝ ਗ਼ਲਤ ਕੀਤਿਆਂ ਹੀ ਦੁਸ਼ਮਣ ਬਣ ਜਾਂਦੇ ਹਾਂ। ਮਿਣ ਤੋਲ ਕੇ ਬੋਲਿਆ ਜਾਂਦਾ ਹੈ। ਬੋਲਣ ਨੂੰ ਬੜਾ ਕੁਝ ਹੈ, ਪਰ ਘਰ ਫਿਰ ਵੀ ਸ਼ਾਂਤ ਹਨ। ਇੱਕ ਛੱਤ ਹੇਠ ਤਰੰਗਾਂ ਰਾਹੀਂ ਵੱਖ -ਵੱਖ ਯਾਰਾਨੇ ਨਿਭਾਏ ਜਾ ਰਹੇ ਹਨ। ਬਿਹਤਰ ਜੀਵਨ ਲਈ ਫੋਕੀਆਂ ਚਮਕਾਂ ਤੇ ਮਿਰਗਤ੍ਰਿਸ਼ਨਾਵਾਂ ’ਤੇ ਟੇਕ ਹੈ। ਆਪਣੀਆਂ ਖੁਸ਼ੀਆਂ ਢੱਕ ਕੇ ਰੱਖਣਾ ਤੇ ਲੋਕਾਂ ਦੇ ਦਰਦ ਕੰਧਾਂ ਨਾਲ ਲੱਗ ਕੇ ਸੁਣਨ ਦਾ ਦਸਤੂਰ ਹੈ। ਅੱਜਕੱਲ੍ਹ ਘਰਾਂ ਦੀਆਂ ਅਹਿਮ ਗੱਲਾਂ ਬਾਹਰ ਨਾ ਕੱਢਣ ਦਾ ਰਿਵਾਜ ਹੈ। ਬੱਚਿਆਂ ਦੀ ਪੜ੍ਹਾਈ ਤੇ ਸਾਕਾਂ-ਸਬੰਧਾਂ ਬਾਰੇ ਮੀਆਂ-ਬੀਵੀ ਮੂੰਹ ’ਤੇ ਚੇਪੀ ਲਾਈ ਰੱਖਦੇ ਹਨ। ਬਜ਼ੁਰਗਾਂ ਕੋਲ ਤਾਂ ਗੱਲ ਜਾਣ ਹੀ ਨਹੀਂ ਦਿੱਤੀ ਜਾਂਦੀ। ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਦੀ ਨੀਂਹ ਮਜ਼ਬੂਤ ਕਰਨ ਦੀ ਲੋੜ ਹੈ। ਚਾਹਤਾਂ ਪੂਰੀਆਂ ਹੋਣ ਵਾਲੇ ਲੋਕ ਬੜੇ ਸ਼ਾਂਤ ਤੇ ਸਹਿਜ ਹੁੰਦੇ ਹਨ।
ਮੂੰਹ- ਫੱਟ ਹੋਣਾ ਵੀ ਗੁਣ ਹੈ, ਪਰ ਅੱਜਕੱਲ੍ਹ ਸਾਰੀ ਪੜ੍ਹਾਈ, ਲਿਖਾਈ ਤੇ ਤਰੱਕੀ ਦਾ ਨਿਚੋੜ ਇਹ ਹੈ ਕਿ ਅਸੀਂ ਦਿਲ ਦੀ ਥਾਂ ਦਿਮਾਗ਼ ਨਾਲ ਗੱਲਾਂ ਕਰਨ ਲੱਗੇ ਹਾਂ। ਇਸੇ ਕਰਕੇ ਭੀੜ ਵਿੱਚ ਵੀ ਇਕੱਲੇ ਹੁੰਦੇ ਹਾਂ। ਅੰਬਰ ਦੀ ਛੱਤ ਛੱਡ ਡਾਊਨ ਸੀਲਿੰਗਾਂ ਦੀਆਂ ਰੌਸ਼ਨੀਆਂ ਵਿੱਚ ਗੁਆਚ ਗਏ ਹਾਂ। ਕਿਰਤ ਤੇ ਮੁਫ਼ਤ ਦੀ ਕਮਾਈ ਦਾ ਮੂਲ ਫ਼ਰਕ ਹੀ ਸਮਝੋ ਕਿ ਮਹਿਲਾਂ ਅੰਦਰ ਮਾਤਮੀ ਚੁੱਪ ਤੇ ਝੌਂਪੜੀਆਂ ਵਿੱਚ ਖੁਸ਼ੀਆਂ ਦਾ ਛਣਕਾਟਾ ਹੈ। ਹੱਕ ਦੀ ਰੋਟੀ ਤੇ ਕੁਦਰਤ ਦੇ ਹੁੰਗਾਰੇ ਕਰਮਾਂ ਵਾਲਿਆਂ ਨੂੰ ਮਿਲਦੇ ਹਨ। ਤਾਜ਼ਗੀ, ਤਸੱਲੀ ਤੇ ਤੰਦਰੁਸਤੀ ਲਈ ਜੀਵਨਸ਼ੈਲੀ ’ਤੇ ਪੁਨਰ ਵਿਚਾਰ ਕਰਨ ਦੀ ਲੋੜ ਹੈ।
ਅੰਦਰ ਹੋਰ ਤੇ ਬਾਹਰ ਕੁਝ ਹੋਰ, ਗੱਲ ਮੌਕੇ ਦੀ ਨਜ਼ਾਕਤ ਅਨੁਸਾਰ ਕੀਤੀ ਜਾਂਦੀ ਹੈ। ਦੂਹਰੇ ਤੀਹਰੇ ਮਾਪਦੰਡ ਹਨ। ਜੇਕਰ ਬੱਚੇ ਸਕੂਲ ਦੀ ਸਫ਼ਾਈ ਕਰਨ ਤਾਂ ਬਾਲ ਮਜ਼ਦੂਰੀ, ਪਰ ਜੇਕਰ ਉਹੀ ਬੱਚ ਧੁੱਪੇ ਖੜ੍ਹੇ ਛਬੀਲ ’ਤੇ ਪਾਣੀ ਪਿਲਾਉਣ ਤਾਂ ਇਹ ਕੰਮ ਪੁੰਨ ਤੇ ਸੇਵਾ ਬਣ ਜਾਂਦਾ ਹੈ। ਸਮਾਜ ਦਾ ਦਬਾਅ ਤੇ ਡਰ ਇਸ ਕਦਰ ਭਾਰੂ ਹੈ ਕਿ ਬੰਦਾ ਦੱਸ ਹੀ ਨਹੀਂ ਸਕਦਾ ਕਿ ਆਖਰ ਉਹ ਚਾਹੁੰਦਾ ਕੀ ਹੈ ? ਦੱਬੀਆਂ ਤੇ ਅਧੂਰੀਆਂ ਚਾਹਤਾਂ ਹਿੰਸਾ ਬਣ ਜਾਂਦੀਆਂ ਹਨ ਜਿਸ ਨਾਲ ਬੰਦਾ ਆਪਣੇ ਤੇ ਹੋਰਾਂ ਨਾਲ ਬੁਰਾ ਵਰਤਾਉ ਕਰਦਾ ਹੈ।
ਜ਼ਿੰਦਗੀ ਬਹੁਤ ਛੋਟੀ ਹੈ, ਇਸ ਲਈ ਜੋ ਲੋਕ ਤੁਹਾਡੇ ’ਤੇ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ’ਤੇ ਸਮਾਂ ਬਰਬਾਦ ਨਾ ਕਰੋ। ਛੱਡ ਜਾਣ ਵਾਲਿਆਂ ਨੂੰ ਲੈ ਕੇ ਕਦੇ ਉਦਾਸ ਨਾ ਹੋਵੋ ਕਿਉਂਕਿ ਕੁਦਰਤ ਇੱਕ ਦੁਆਰ ਬੰਦ ਕਰਕੇ ਅਨੇਕਾਂ ਨਵੇਂ ਖੋਲ੍ਹ ਦਿੰਦੀ ਹੈ, ਲੋੜ ਨਜ਼ਰ ਘੁੰਮਾ ਕੇ ਵੇਖਣ ਦੀ ਹੈ। ਤੁਹਾਡੀ ਮੁਹੱਬਤ ਵਿੱਚ ਕਮੀ ਨਹੀਂ ਹੁੰਦੀ ਸਗੋਂ ਚੋਣ ਵਿੱਚ ਕਸੂਰ ਹੁੰਦਾ ਹੈ ਕਿ ਤੁਸੀਂ ਅਜਿਹੇ ਗ਼ਲਤ ਵਿਅਕਤੀ ਨੂੰ ਚੁਣ ਲੈਂਦੇ ਹੋ ਜਿਸ ਨੇ ਕਦੇ ਵੀ ਖੁਸ਼ ਨਹੀਂ ਹੋਣਾ ਹੁੰਦਾ। ਲੋਕਾਂ ਦੇ ਛੱਡ ਜਾਣ ਨਾਲ ਤੁਹਾਡੀ ਕਹਾਣੀ ਦਾ ਅੰਤ ਨਹੀਂ ਹੁੰਦਾ, ਹਾਂ ਇਹ ਤੁਹਾਡੀ ਕਹਾਣੀ ਵਿੱਚ ਉਨ੍ਹਾਂ ਦੇ ਹਿੱਸੇ ਦਾ ਅੰਤ ਜ਼ਰੂਰ ਹੁੰਦਾ ਹੈ। ਸਾਂਝਾਂ ਅੜਵਾਈ ਨਾਲ ਨਹੀਂ ਸਗੋਂ ਲਚਕ ਨਾਲ ਚੱਲਦੀਆਂ ਹਨ। ਜੋ ਸਮੇਂ ਨਾਲ ਨਹੀਂ ਬਦਲਦੇ, ਉਹ ਅੰਤ ਨੂੰ ਟੁਕੜੇ ਹੋ ਜਾਂਦੇ ਹਨ। ਕੁਝ ਲੋਕਾਂ ਨੂੰ ਤੁਸੀਂ ਲੱਖ ਯਤਨ ਕਰਕੇ ਵੀ ਬਦਲ ਨਹੀਂ ਸਕਦੇ, ਉਨ੍ਹਾਂ ਨਾਲ ਅੰਤ ਨੂੰ ਦੂਰੀਆਂ ਪੈ ਹੀ ਜਾਂਦੀਆਂ ਹਨ।
ਚੰਗੇ ਲੋਕ ਤੁਹਾਡੀ ਜ਼ਿੰਦਗੀ ਵਿੱਚ ਆਸ਼ੀਰਵਾਦ ਵਜੋਂ ਆਉਂਦੇ ਹਨ ਅਤੇ ਕੁਝ ਤੁਹਾਨੂੰ ਸਬਕ ਵਜੋਂਂ ਮਿਲਦੇ ਹਨ। ਦੋਵਾਂ ਦਾ ਆਪਣਾ ਮਹੱਤਵ ਹੁੰਦਾ ਹੈ। ਮੰਦਿਆਂ ਨਾਲ ਹੀ ਚੰਗਿਆਂ ਦੀ ਚੰਗਿਆਈ ਦਾ ਪਤਾ ਲੱਗਦਾ ਹੈ। ਲੋਕਾਂ ਦਾ ਤੁਹਾਨੂੰ ਪਿਆਰ ਕਰਨਾ ਵੀ ਕਈ ਮਿੱਤਰਾਂ ਲਈ ਸੂਲ ਦਾ ਦਰਦ ਬਣ ਜਾਂਦਾ ਹੈ ਤੇ ਉਨ੍ਹਾਂ ਲਈ ਸਹਿਣ ਕਰਨਾ ਔਖਾ ਹੁੰਦਾ ਹੈ। ਅਜਿਹੇ ਲੋਕ ਦੋਸਤੀ ਨੂੰ ਸਰਬ ਸਾਂਝੀ ਸੌਗਾਤ ਸਮਝਣ ਦੀ ਥਾਂ ਨਿੱਜੀ ਜਾਗੀਰ ਸਮਝਦੇ ਹਨ। ਦੋਸਤੀ ਕੇਵਲ ਮਰਦ ਔਰਤ ਦੀ ਮੁਥਾਜ ਨਹੀਂ ਹੁੰਦੀ ਸਗੋਂ ਇਹ ਦੋ ਰੂਹਾਂ ਦਾ ਸੱਚਾ ਤੇ ਪਾਕ ਰਿਸ਼ਤਾ ਹੁੰਦਾ ਹੈ। ਇਹ ਸਾਂਝ ਅਨੰਤ, ਅਥਾਹ ਤੇ ਅਮੁੱਕ ਹੁੰਦੀ ਹੈ। ਸਮੇਂ ਦੀ ਪਰਖ ਇਸ ਨੂੰ ਹੋਰ ਮਜ਼ਬੂਤ ਬਣਾ ਦਿੰਦੀ ਹੈ। ਜ਼ਿੰਦਗੀ ਵਿੱਚ ਅਜਿਹਾ ਵਿਅਕਤੀ ਹੋਣਾ ਅਤੀ ਜ਼ਰੂਰੀ ਹੈ ਜਿਸ ’ਤੇ ਤੁਸੀਂ ਅੰਤਾਂ ਦਾ ਵਿਸ਼ਵਾਸ ਕਰ ਸਕਦੇ ਹੋਵੋ। ਅਜਿਹਾ ਸਾਥੀ ਜੋ ਹਿੱਕ ਠੋਕ ਕੇ ਕਹੇ ਕਿ ਮੈਂ ਸੀ, ਮੈਂ ਹਾਂ ਅਤੇ ਮੈਂ ਹਮੇਸ਼ਾਂ ਤੁਹਾਡਾ ਰਹਾਂਗਾ। ਸਸਤੇ ਭਾਅ ਵਿਕ ਜਾਣ ਜਾਣ ਵਾਲੇ ਕਦੇ ਵਫ਼ਾਦਾਰ ਮਿੱਤਰ ਨਹੀਂ ਹੁੰਦੇ। ਅਪੂਰਨ ਬੰਦਿਆਂ ਨਾਲ ਜ਼ਿੰਦਗੀ ਕਦੇ ਸੰਪੂਰਨ ਨਹੀਂ ਹੋ ਸਕਦੀ। ਤੁਹਾਨੂੰ ਖੁਸ਼ ਰੱਖਣ ਵਾਲੇ ਹੀ ਅਸਲ ਸਾਥੀ ਤੇ ਸਾਰਥੀ ਹੁੰਦੇ ਹਨ, ਅਜਿਹੇ ਸੱਜਣਾਂ ਦੀ ਝਿੜਕ ਵੀ ਮਿੱਠੀ ਲੱਗਦੀ ਹੈ। ਅਜਿਹੇ ਮਿੱਤਰਾਂ ਦੇ ਸਾਥ ਨਾਲ ਜ਼ਿੰਦਗੀ ਪਿਆਰ ਭਰੀਆਂ ਹੁਸੀਨ ਵਾਦੀਆਂ ਵੱਲ ਹੋ ਤੁਰਦੀ ਹੈ। ਇਹੀ ਪਿਆਰ ਤੇ ਜੀਵਨ ਸਾਰ ਹੈ।
ਸੰਪਰਕ: 94630-24575