ਗੁਰਬਿੰਦਰ ਸਿੰਘ ਮਾਣਕ
ਵਗਦੇ ਪਾਣੀਆਂ ਦੀ ਨਿਰਮਲ ਧਾਰਾ, ਦਿਲ ਨੂੰ ਮੋਹ ਲੈਣ ਵਾਲੀ ਅਪਾਰ ਸੁੰਦਰਤਾ ਤੇ ਰਵਾਨੀ ਮਨਾਂ ਨੂੰ ਇਸ ਕਦਰ ਸਰਸ਼ਾਰ ਕਰਦੀ ਹੈ ਕਿ ਕੁਦਰਤ ਦੀ ਇਸ ਅਣਮੁੱਲੀ ਦੇਣ ਅੱਗੇ ਸਿਜਦਾ ਕਰਨ ਨੂੰ ਮਨ ਕਰਦਾ ਹੈ। ਝੀਲਾਂ, ਨਦੀਆਂ, ਮਹਾਂਸਾਗਰਾਂ ਵਿੱਚ ਉੱਠਦੀਆਂ ਪਾਣੀ ਦੀਆਂ ਲਹਿਰਾਂ ਨਾਲ ਅਦਭੁੱਤ ਸੁਰ-ਸੰਗੀਤ ਨਾਲ ਮਨ ਨੂੰ ਜਿਹੜਾ ਖੇੜਾ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਕੇਵਲ ਅਨੁਭਵ ਹੀ ਕੀਤਾ ਜਾ ਸਕਦਾ ਹੈ। ਧਰਤੀ ’ਤੇ ਵਸੇ ਪ੍ਰਾਣੀਆਂ, ਪਸ਼ੂਆਂ, ਪਰਿੰਦਿਆਂ, ਅਸੰਖਾਂ ਜੀਵ-ਜੰਤੂਆਂ, ਝੂਮਦੀਆਂ ਫ਼ਸਲਾਂ ਤੇ ਬਿਰਖ-ਬੂਟਿਆਂ ਵਿੱਚ ਪਾਣੀ ਦੀ ਬਦੌਲਤ ਹੀ ਜ਼ਿੰਦਗੀ ਧੜਕਦੀ ਹੈ। ਪਾਣੀਆਂ ਦੀ ਬੂੰਦ ਵਿੱਚ ਜੀਵਨ ਦੀ ਨਿਰੰਤਰ ਚੱਲਦੀ ਤੋਰ ਛਿਪੀ ਹੋਈ ਹੈ। ਸਦੀਆਂ ਪਹਿਲਾਂ ਵੀ ਇਸ ਧਰਤੀ ਦੇ ਵਾਸੀ ਜ਼ਿੰਦਗੀ ਦੀ ਤੋਰ ਨੂੰ ਚੱਲਦਾ ਰੱਖਣ ਲਈ ਵਗਦੇ ਪਾਣੀਆਂ ਦੇ ਕੰਢਿਆਂ ਸੰਗ ਹੀ ਦੋਸਤੀਆਂ ਗੰਢਦੇ ਆਏ ਹਨ।
ਇਹ ਪਾਣੀ ਕੇਵਲ ਉਸ ਦੀ ਪਿਆਸ ਹੀ ਨਹੀਂ ਬੁਝਾਉਂਦੇ ਸਨ, ਸਗੋਂ ਇਨ੍ਹਾਂ ਦਾ ਨਿਰੰਤਰ ਪ੍ਰਵਾਹ ਮਨੁੱਖ ਨੁੰ ਅਗੇਰੇ ਤੇ ਹੋਰ ਅਗੇਰੇ ਵਧਣ ਲਈ ਵੀ ਪ੍ਰੇਰਿਤ ਕਰਦਾ ਸੀ। ਵਗਦਾ ਪਾਣੀ ਧਰਤੀ ਉੱਤੇ ਜੀਵਨ ਦੀ ਧਾਰਾ ਨੂੰ ਨਿਰੰਤਰ ਵਗਦੇ ਰੱਖਣ ਦਾ ਪ੍ਰਤੀਕ ਹੈ। ਜਿਨ੍ਹਾਂ ਨੇ ਫ਼ਸਲਾਂ ਨੂੰ ਸਿੰਜਦਿਆਂ, ਆੜ ਵਿੱਚ ਵਗਦਾ ਪਾਣੀ ਤੱਕਿਆ ਹੈ, ਉਹ ਜਾਣਦੇ ਹਨ ਕਿ ਕਿਵੇਂ ਇਹ ਜਲਧਾਰਾ ਫ਼ਸਲਾਂ ਲਈ ਜੀਵਨ-ਦਾਨ ਬਣਦੀ ਹੈ। ਫ਼ਸਲਾਂ ਬੂਟਿਆਂ ਦੀ ਟਹਿਕ ਤੋਂ ਪਤਾ ਲੱਗ ਜਾਂਦਾ ਹੈ ਕਿ ਪਾਣੀ ਕਿਵੇਂ ਧਰਤੀ ਨੂੰ ਸਰਸਬਜ਼ ਕਰਦਾ, ਜੀਵਨ ਨੂੰ ਸੁਹਾਵਣਾ ਬਣਾਉਂਦਾ ਮਾਲਾਮਾਲ ਕਰ ਦਿੰਦਾ ਹੈ।
ਵਗਦੇ ਪਾਣੀ ਤਾਂ ਕੁਦਰਤ ਵੱਲੋਂ ਲਿਖੀ ਸੁਹਜਮਈ ਕਵਿਤਾ ਦੀ ਨਿਆਈਂ ਹਨ। ਜਿਵੇਂ ਖੜ੍ਹਾ ਪਾਣੀ ਬੁੱਸ ਜਾਂਦਾ ਹੈ ਤੇ ਬਦਬੂ ਮਾਰਨ ਲੱਗਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਜੇ ਜ਼ਿੰਦਗੀ ਰੂਪੀ ਵਗਦੇ ਪਾਣੀਆਂ ਵਿੱਚ ਵੀ ਕੋਈ ਹਲਚਲ ਨਾ ਰਹੇ ਤਾਂ ਇਹ ਵੀ ਬੁੱਸੇ ਤੇ ਗੰਦਗੀ ਭਰੇ ਪਾਣੀਆਂ ਵਰਗੀ ਹੋ ਜਾਂਦੀ ਹੈ। ਕਿਸੇ ਸੁਪਨੇ, ਸਰਗਰਮੀ, ਉੱਦਮ, ਸ਼ੌਕ ਤੇ ਸਾਰਥਿਕ ਕਾਰਜ ਤੋਂ ਬਿਨਾਂ ਜੀਵੀ ਜਾ ਰਹੀ ਜ਼ਿੰਦਗੀ ਛੱਪੜ ਦੇ ਗੰਧਲੇ ਪਾਣੀਆਂ ਜਿਹੀ ਹੀ ਤਾਂ ਹੁੰਦੀ ਹੈ। ਮਨੁੱਖ ਇਸ ਧਰਤੀ ’ਤੇ ਕੇਵਲ ਖਾਣ-ਪੀਣ, ਸੌਣ, ਐਸ਼ਪ੍ਰਸਤੀ ਤੇ ਨਿਰਾਰਥਕ ਕਾਰਜਾਂ ਵਿੱਚ ਸਮਾਂ ਗੁਆਉਣ ਹੀ ਨਹੀਂ ਆਇਆ। ਆਪਣੇ ਮਨ ਦੀਆਂ ਅਮੋੜ ਇੱਛਾਵਾਂ ਤੇ ਖੁਸ਼ੀ ਬਾਰੇ ਹੀ ਸੋਚੀ ਜਾਣਾ ਤੇ ਉਨ੍ਹਾਂ ਨੂੰ ਹਰ ਹੀਲੇ ਪੂਰਾ ਕਰਨ ਦੀ ਲਾਲਸਾ ਵਿੱਚ ਭਟਕਦੇ ਰਹਿਣਾ ਹੀ ਜੀਵਨ ਨਹੀਂ ਹੈ। ਮਨੁੱਖ ਧਰਤੀ ਉੱਤੇ ਖਾਣ ਤੇ ਜੀਵਨ ਦੇ ਦਿਨ ਕੱਟਣ ਹੀ ਨਹੀਂ ਆਉਂਦਾ। ਇਹ ਜ਼ਿੰਦਗੀ ਮਾਣਨਯੋਗ, ਅਰਥਭਰਪੂਰ ਤੇ ਸਾਰਥਿਕ ਤਾਂ ਹੀ ਬਣਦੀ ਹੈ, ਜੇ ਮਨੁੱਖ ਆਪਣੀ ਸੂਝ ਤੇ ਆਪਣੇ ਅੰਦਰਲੇ ਹੁਨਰ ਦੀ ਥਾਹ ਪਾ ਕੇ ਕਿਸੇ ਸਰਗਰਮੀ ਦੇ ਰਾਹ ਤੁਰਿਆ ਰਹੇ। ਕੇਵਲ ਆਪਣੇ ਸੁਆਦਾਂ ਤੇ ਸੁੱਖ-ਆਰਾਮ ਦੇ ਗ਼ੁਲਾਮ ਹੋ ਕੇ ਸਮਾਜ ਵੱਲੋਂ ਅੱਖਾਂ ਬੰਦ ਕਰੀਂ ਰੱਖਣੀਆਂ ਜ਼ਿੰਦਗੀ ਦਾ ਉਦੇਸ਼ ਤੇ ਮਕਸਦ ਨਹੀਂ ਹੈ। ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਮਨੁੱਖ ਜੇ ਸਮਾਜ ਕੋਲੋਂ ਬਹੁਤ ਕੁਝ ਪ੍ਰਾਪਤ ਕਰਦਾ ਹੈ ਤਾਂ ਸਮਾਜ ਪ੍ਰਤੀ ਉਸ ਦੀ ਕੁਝ ਜ਼ਿੰਮੇਵਾਰੀ ਵੀ ਹੈ।
ਸਮਾਜ ਵਿੱਚ ਕਈ ਤਰ੍ਹਾਂ ਦੇ ਲੋਕ ਹਨ। ਕੁਝ ਸਿਰਫ਼ ਆਪਣੇ ਲਈ ਹੀ ਜਿਊਂਦੇ ਹਨ। ਖਾਓ-ਪੀਓ ਐਸ਼ ਕਰੋ ਵਰਗੀਆਂ ਅਟਪਟੀਆਂ ਗੱਲਾਂ, ਸ਼ਾਇਦ ਅਜਿਹੇ ਲੋਕਾਂ ਦੀ ਜ਼ੁਬਾਨ ਵਿੱਚੋਂ ਹੀ ਨਿਕਲਦੀਆਂ ਹਨ। ਕੁਝ ਲੋਕ ਆਪਣੇ ਪਰਿਵਾਰ ਤੱਕ ਹੀ ਸੀਮਤ ਹਨ। ਆਲੇ-ਦੁਆਲੇ ਵਿੱਚ ਜੋ ਮਰਜ਼ੀ ਵਾਪਰਦਾ ਰਹੇ, ਉਹ ‘ਸਾਨੂੰ ਕੀ’ ਦੀ ਮੁਹਾਰਨੀ ਰੱਟਦੇ ਰਹਿੰਦੇ ਹਨ। ਠੇਠ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਹਰ ਗੱਲ ਵਿੱਚ ਆਪਣਾ ਹੀ ਉੱਲੂ ਸਿੱਧਾ ਰੱਖਣ ਦੀ ਮਾਨਸਿਕਤਾ ਨਾਲ ਵਿਚਰਦੇ ਹਨ। ਅਜਿਹੇ ਲੋਕਾਂ ਦੀ ਜੀਵਨ ਵਿੱਚ ਸਰਗਰਮੀ, ਕੇਵਲ ਆਪਣੇ ਹਿੱਤ ਜਾਂ ਸਵਾਰਥ ਲਈ ਹੀ ਹੁੰਦੀ ਹੈ। ਸਮਾਜ ਵਿੱਚ ਚੰਗਾ/ਮਾੜਾ ਜੋ ਵੀ ਵਾਪਰੀ ਜਾਵੇ ਅਜਿਹੇ ਲੋਕਾਂ ਦੇ ਮਨ ਵਿੱਚ ਕੁਝ ਨਹੀਂ ਵਾਪਰਦਾ।
ਕੁਝ ਗਿਣਤੀ ਅਜਿਹੇ ਸੁਹਿਰਦ ਇਨਸਾਨਾਂ ਦੀ ਵੀ ਹੈ, ਜਿਹੜੇ ਆਪਣੇ ਲਈ ਨਹੀਂ, ਸਗੋਂ ਦੂਜਿਆਂ ਲਈ ਜਿਊਂਦੇ ਹਨ। ਉਨ੍ਹਾਂ ਲਈ ਜੀਵਨ ਦਾ ਮਕਸਦ ਹਰ ਹੀਲੇ ਮਾਨਵਤਾ ਦੀ ਸੇਵਾ ਦੇ ਰਾਹ ਤੁਰਨਾ ਹੀ ਹੁੰਦਾ ਹੈ। ਉਹ ਹਮੇਸ਼ਾਂ ਕੁਝ ਅਜਿਹਾ ਕਰਨਾ ਲੋਚਦੇ ਰਹਿੰਦੇ ਹਨ, ਜਿਸ ਨਾਲ ਦੂਜਿਆਂ ਦਾ ਭਲਾ ਹੁੰਦਾ ਹੋਵੇ। ਕਿੰਨੀ ਉੱਚੀ ਤੇ ਸੁੱਚੀ ਹੈ ਖੂਨਦਾਨ ਦੀ ਭਾਵਨਾ। ਕਿਸੇ ਇਨਸਾਨ ਵਿੱਚ ਜੀਵਨ-ਰੌਅ ਵਜੋਂ ਵਹਿੰਦੇ ਖੂਨ ਦੀ ਜੇ ਕਮੀ ਆ ਜਾਵੇ ਤਾਂ ਜਾਨ ਨੂੰ ਖ਼ਤਰਾ ਬਣ ਜਾਂਦਾ ਹੈ। ਮਨੁੱਖੀ ਖੂਨ ਦਾ ਅਜੇ ਤੱਕ ਕੋਈ ਹੋਰ ਬਦਲ ਨਹੀਂ ਹੈ। ਇਸ ਲਈ ਕਿਸੇ ਹਾਦਸੇ ਸਮੇਂ, ਕਿਸੇ ਬਿਮਾਰੀ ਸਮੇਂ, ਕਿਸੇ ਜਾਗਰੂਕ ਮਨੁੱਖ ਵੱਲੋਂ ਦਿੱਤਾ ਖੂਨ ਪੀੜਤ ਲਈ ਜੀਵਨ-ਦਾਨ ਬਣ ਜਾਂਦਾ ਹੈ। ਅਜਿਹੇ ਲੋਕ ਸਮਾਜ ਲਈ ਚਾਨਣ-ਮੁਨਾਰੇ ਹਨ, ਜਿਨ੍ਹਾਂ ਨੇ ਮਾਨਵਤਾ ਲਈ ਕੁਝ ਕਰਕੇ ਜੀਵਨ ਦਾ ਮਕਸਦ ਸਮਝਿਆ।
ਕਿਸੇ ਸਰਗਰਮੀ, ਕਿਸੇ ਮਕਸਦ ਤੋਂ ਬਿਨਾਂ ਹੀ ਜੀਵਨ ਗੁਜ਼ਾਰੀ ਜਾਣਾ ਨਿਰੰਤਰ ਵਗਦੀ ਜੀਵਨ-ਰੌਅ ਨੂੰ ਬੰਨ੍ਹ ਮਾਰਨ ਸਮਾਨ ਹੈ। ਜੇ ਤੁਹਾਡੀ ਗਲੀ ਵਿੱਚ ਕੂੜਾ ਖਿਲਰਿਆ ਰਹਿੰਦਾ ਹੈ, ਨਾਲੀਆਂ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਗੰਦਗੀ ਫੈਲੀ ਹੋਈ ਹੈ, ਜੇ ਪਾਣੀ ਦੀ ਟੂਟੀ ਵਿੱਚੋਂ ਪਾਣੀ ਵਗਦਾ ਹੀ ਰਹਿੰਦਾ ਹੈ ਤੇ ਹਰ ਪਾਸੇ ਚਿੱਕੜ ਹੀ ਚਿੱਕੜ ਹੈ, ਜੇ ਤੁਹਾਡਾ ਕੰਮ ਰਿਸ਼ਵਤ ਤੋਂ ਬਿਨਾਂ ਨਹੀਂ ਹੁੰਦਾ ਤੇ ਤੁਸੀਂ ਚੁੱਪ ਹੋ, ਜੇ ਤੁਹਾਡੇ ਪਿੰਡ/ਮੁਹੱਲੇ/ਸ਼ਹਿਰ ਵਿੱਚ ਨਸ਼ੇ ਦੇ ਵਪਾਰੀ ਨੌਜਵਾਨਾਂ ਨੂੰ ਬਰਬਾਦ ਕਰਨ ਦੇ ਰਾਹ ਤੁਰੇ ਹੋਏ ਹਨ, ਜੇ ਕੋਈ ਬਿਮਾਰ ਇਲਾਜ ਕਰਾਉਣ ਤੋਂ ਅਸਮਰੱਥ ਹੈ, ਜੇ ਕੋਈ ਆਪਣੇ ਪੜ੍ਹ ਰਹੇ ਬੱਚੇ ਦੀ ਫੀਸ ਦੇਣ ਤੋਂ ਔਖਾ ਹੈ, ਜੇ ਕੋਈ ਮਾਪੇ ਮਾੜੀ ਹਾਲਤ ਕਾਰਨ ਧੀ ਦੇ ਹੱਥ ਪੀਲੇ ਕਰਨ ਤੋਂ ਦੁਖੀ ਹਨ ਤਾਂ ਤੁਹਾਡਾ ਖਾਮੋਸ਼ ਰਹਿਣਾ ਤੇ ਮੂੰਹ ਫੇਰ ਲੈਣਾ ਬੇਹੱਦ ਦੁਖਦਾਈ ਤਾਂ ਹੈ ਹੀ, ਤੁਸੀਂ ਆਪਣੀ ਜ਼ਮੀਰ ਅੱਗੇ ਵੀ ਹੀਣਾ ਮਹਿਸੂਸ ਕਰੋਗੇ।
ਸਾਡੇ ਸਮਾਜ ਦੀਆਂ ਕੁਝ ਸਮੱਸਿਆਵਾਂ ਕੇਵਲ ਇਸ ਕਾਰਨ ਹੀ ਹਨ ਕਿ ਅਸੀਂ ਉਨ੍ਹਾਂ ਨੂੰ ਸੁਧਾਰਨ ਲਈ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਗਏ ਹਾਂ। ਜੇ ਸਮਾਜ ਵਿੱਚ ਕੋਈ ਅਜਿਹਾ ਪ੍ਰੇਰਨਾ-ਸਰੋਤ ਹੋਵੇ ਵੀ ਤਾਂ ਅਸੀਂ ਉਸ ਦੀਆਂ ਗੱਲਾਂ ਵੱਲ ਘੱਟ ਹੀ ਧਿਆਨ ਦਿੰਦੇ ਹਾਂ। ਕਈ ਸੰਸਥਾਵਾਂ ਰੁੱਖ ਲਾਉਣ ਤੇ ਵਾਤਾਵਰਣ ਦੀ ਸੰਭਾਲ ਵਿੱਚ ਲੱਗੀਆਂ ਹੋਈਆਂ ਹਨ। ਉਹ ਕੁਦਰਤ ਦੇ ਸੰਤੁਲਨ ਨੂੰ ਬਣਾਈ ਰੱਖਣ, ਪਾਣੀ ਦੀ ਸੰਭਾਲ ਕਰਨ, ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਤੇ ਰੁੱਖਾਂ ਦੀ ਮਹੱਤਤਾ ਸਬੰਧੀ ਨਾ ਕੇਵਲ ਲੁਕਾਈ ਨੂੰ ਚੇਤਨ ਕਰਨ ਦਾ ਕਾਰਜ ਹੀ ਕਰ ਰਹੇ ਹਨ, ਸਗੋਂ ਅਮਲੀ ਰੂਪ ਵਿੱਚ ਬਹੁਤ ਸਾਰਥਿਕ ਕੰਮ ਕਰਕੇ ਸਮਾਜ ਨੂੰ ਵੱਡੀ ਦੇਣ ਦੇ ਰਹੇ ਹਨ। ਇਹੋ ਜਿਹੀਆਂ ਸ਼ਖ਼ਸੀਅਤਾਂ ਦੇ ਮਹਾਨ ਕਾਰਜਾਂ ਅੱਗੇ ਸਿਰ ਝੁਕਦਾ ਹੈ। ਜੇ ਸਾਰਾ ਸਮਾਜ ਹੀ ਰੁੱਖਾਂ, ਕੁੱਖਾਂ, ਪਾਣੀ, ਧਰਤੀ ਤੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਬਣਦਾ ਯੋਗਦਾਨ ਦੇਣ ਲੱਗ ਜਾਵੇ, ਤਾਂ ਅਨੇਕਾਂ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਇੱਕੋ ਤੋਰੇ ਤੁਰੀ ਜ਼ਿੰਦਗੀ ਵੀ ਅਕਾਊ ਤੇ ਬੇਸੁਆਦੀ ਹੋ ਜਾਂਦੀ ਹੈ। ਕੇਵਲ ਘਰ ਤੋਂ ਕੰਮ ਤੇ ਕੰਮ ਤੋਂ ਘਰ ਤੱਕ ਦਾ ਸਫ਼ਰ ਹੀ ਜ਼ਿੰਦਗੀ ਨਹੀਂ ਹੁੰਦਾ। ਇਹਦੇ ਵਿੱਚ ਕੁਝ ਤਾਜ਼ਗੀ, ਨਵੀਆਂ ਨਰੋਈਆਂ ਸੋਚਾਂ, ਨਵੀਆਂ ਉਮੰਗਾਂ ਤੇ ਮਨ ਨੂੰ ਸਕੂਨ ਦੇਣ ਵਾਲਾ ਕੋਈ ਸਾਰਥਿਕ ਯਤਨ ਹੋਵੇ ਤਾਂ ਜੀਵਨ-ਰੂਪੀ ਗੱਡੀ ਦਾ ਸਫ਼ਰ ਵੀ ਸੁਹਾਵਣਾ ਤੇ ਮੁੱਲਵਾਨ ਲੱਗਣ ਲੱਗਦਾ ਹੈ। ਆਪਣਾ ਜਿਊਣਾ ਸਾਰਥਿਕ ਲੱਗਣ ਲੱਗਦਾ ਹੈ। ਨਿੱਕੀਆਂ ਨਿੱਕੀਆਂ ਗੱਲਾਂ ਹੀ ਜ਼ਿੰਦਗੀ ਦੇ ਵਗਦੇ ਪਾਣੀਆਂ ਨੂੰ ਰਵਾਨੀ ਤੇ ਤਾਜ਼ਗੀ ਬਖ਼ਸ਼ ਕੇ ਜੀਵਨ ਦੀ ਤੋਰ ਨੂੰ ਚਾਅ ਭਰਪੂਰ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਅਜਿਹੇ ਕੰਮ ਕਰਕੇ ਮਨ ਨੂੰ ਜਿਹੜੀ ਅਪਾਰ ਖੁਸ਼ੀ ਤੇ ਸਕੂਨ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਦਾ ਅਨੁਭਵ ਹੀ ਕੀਤਾ ਜਾ ਸਕਦਾ ਹੈ। ਧਾਰਮਿਕ ਸੰਸਥਾਵਾਂ ਕੋਲ ਸ਼ਰਧਾਵਾਨਾਂ ਵੱਲੋਂ ਦਿੱਤੀ ਬੇਅੰਤ ਮਾਇਆ ਹੈ। ਆਪਣੀ ਕਮਾਈ ਵਿੱਚੋਂ ਦਾਨ ਦੀ ਦਿਸ਼ਾ ਬਦਲ ਕੇ ਜੇ ਲੋੜਵੰਦਾਂ ਦੇ ਦੁੱਖਾਂ-ਦਰਦਾਂ ਨੂੰ ਘਟਾਉਣ ਦੀ ਸਮਾਜ ਵੱਲੋਂ ਪਿਰਤ ਪਾ ਲਈ ਜਾਵੇ ਤਾਂ ‘ਰੱਬ’ ਨਰਾਜ਼ ਨਹੀਂ ਹੋਣ ਲੱਗਾ, ਸਗੋਂ ਖੁਸ਼ ਹੀ ਹੋਵੇਗਾ।
ਬਿਨਾਂ ਸ਼ੱਕ ਜੀਵਨ ਅਨੇਕਾਂ ਕਸ਼ਟਾਂ ਵਿੱਚੋਂ ਗੁਜ਼ਰਦਾ ਹੈ, ਪਰ ਕਿਸੇ ਪਰੇਸ਼ਾਨੀ ਤੇ ਗ਼ਮ ਨੂੰ ਭੁਲਾਉਣ ਲਈ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਆਸਰਾ ਭਾਲਣਾ ਆਪਣੇ ਆਪ ਨੂੰ ਹੀ ਧੋਖਾ ਦੇਣਾ ਹੈ। ਨਸ਼ੇ ਵਿੱਚ ਟੁੰਨ ਹੋ ਕੇ ਘਰਵਾਲੀ ਤੇ ਬੱਚਿਆਂ ਨੂੰ ਬੋਲ-ਕਬੋਲ ਬੋਲਣੇ ਸਿਰੇ ਦੀ ਮੂਰਖਤਾ ਹੈ। ਇਹ ਰਾਹ ਬਰਬਾਦੀ ਵੱਲ ਜਾਂਦਾ ਹੈ ਤੇ ਜੀਵਨ ਦੀ ਨਿਰਾਰਥਕਤਾ ਦਾ ਪ੍ਰਤੀਕ ਹੈ। ਜ਼ਿੰਦਗੀ ਦੇ ਨਿੱਕੇ ਨਿੱਕੇ ਚਾਅ ਜੀਵਨ ਸਫ਼ਰ ਨੂੰ ਬੋਝ ਨਹੀਂ ਲੱਗਣ ਦਿੰਦੇ। ਪੰਜਾਬੀ ਸ਼ਾਇਰ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ‘ਵਗਦੇ ਪਾਣੀ’ ਵੀ ਮਨੁੱਖੀ ਜ਼ਿੰਦਗੀ ਪ੍ਰਤੀ ਇਹੀ ਸੰਦੇਸ਼ ਦਿੰਦੀ ਹੈ: ‘ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੁੰਹਦੇ ਨੇ, ਖੜੋਂਦੇ ਬੁੱਸਦੇ ਨੇ, ਕਿ ਪਾਣੀ ਵਗਦੇ ਹੀ ਰਹਿਣ…।’ ਜੇ ਜ਼ਿੰਦਗੀ ਰੂਪੀ ਪਾਣੀ ਵੀ ਨਿਰੰਤਰ ਵਹਿੰਦੇ ਰਹਿਣ ਤਾਂ ਜ਼ਿੰਦਗੀ ਜਿਊਣ ਦਾ ਅਮਲ ਸਾਰਥਿਕ ਹੋ ਨਿੱਬੜਦਾ ਹੈ।
ਸੰਪਰਕ: 98153-56086