ਸਰਬਜੀਤ ਸਿੰਘ ਝੱਮਟ
ਦੋ-ਢਾਈ ਦਹਾਕੇ ਪਹਿਲਾਂ ਵਿਆਹ ਮੈਰਿਜ ਪੈਲੇਸਾਂ ਦੀਆਂ ਚਕਾਚੌਂਧ ਰੰਗੀਨੀਆਂ ਦੀ ਥਾਂ ਪਿੰਡਾਂ ਵਿਚ ਹੀ ਹੋਇਆ ਕਰਦੇ ਸਨ। ਬਰਾਤ ਦਾ ਉਤਾਰਾ ਆਮ ਕਰ ਕੇ ਕਿਸੇ ਧਰਮਸ਼ਾਲਾ ਜਾਂ ਕਿਸੇ ਸਰਦੇ-ਪੁੱਜਦੇ ਦੇ ਖੁੱਲ੍ਹੇ ਘਰ ’ਚ ਹੋਇਆ ਕਰਦਾ ਸੀ। ਵਿਆਹ ਦੀ ਮੁੱਖ ਰਸਮ ਲਾਵਾਂ-ਫੇਰੇ ਹੀ ਹੁੰਦੀ ਸੀ। ਉਦੋਂ ਲਾਵਾਂ ਆਦਿ ਤੋਂ ਬਾਅਦ ਤੇ ਡੋਲੀ ਤੁਰਨ ਤੋਂ ਪਹਿਲਾਂ ਲਾੜੇ ਨੂੰ ਕੁੜੀ ਵਾਲਿਆਂ ਦੇ ਘਰ ਕੁਝ ਵਿਹਾਰ ਕਰਨ ਲਈ ਸੱਦਿਆ ਜਾਂਦਾ ਸੀ। ਲਾੜੇ ਨੂੰ ਪਲੰਘ ’ਤੇ ਬਿਠਾਇਆ ਜਾਂਦਾ ਸੀ। ਸਰਬਾਲਾ ਤੇ ਇਕ-ਦੋ ਹੋਰ ਜੋਟੀਦਾਰ ਵੀ ਉਸ ਨਾਲ ਆ ਜਾਂਦੇ ਸਨ। ਕੁੜੀ ਦੀਆਂ ਭੈਣਾਂ ਤੇ ਹੋਰ ਸਹੇਲੀਆਂ ਲਾੜੇ ਨੂੰ ਆ ਘੇਰਦੀਆਂ ਤੇ ਟਿੱਚਰ ਮਖੌਲ ਕਰਦੀਆਂ। ਚੜ੍ਹਦੀ ਤੋਂ ਚੜ੍ਹਦੀ ਗੱਲ ਕਰਕੇ ਉਸ ਦੀ ਹੇਠੀ ਕਰਨੀਆਂ ਚਾਹੁੰਦੀਆਂ। ਮੁੱਕਦੀ ਗੱਲ ਕਿ ਉਹ ਉਸ ਨੂੰ ਛੰਦ ਸੁਣਾਉਣ ਲਈ ਕਹਿੰਦੀਆਂ। ਇਸ ਰਸਮ ਨਾਲ ਲਾੜੇ ਨੂੰ ਵੀ ਸਹੁਰਾ ਪਰਿਵਾਰ ਨਾਲ ਖੁੱਲ੍ਹਣ ਦਾ ਮੌਕਾ ਮਿਲਦਾ।
ਇਸ ਮੰਤਵ ਵੀ ਪੂਰਤੀ ਲਈ ਸਿਆਣੇ ਬੰਦੇ ਲਾੜੇ ਨੂੰ ਕੁਝ ਕੁ ਛੰਦ ਪਹਿਲਾਂ ਹੀ ਯਾਦ ਕਰਨ ਲਈ ਕਹਿ ਛੱਡਦੇ ਸਨ ਤਾਂ ਕਿ ਉਹ ਪੂਰੀ ਤਿਆਰੀ ਕਰਕੇ ਸਾਲੀਆਂ ਦੇ ਮੱਥੇ ਲੱਗੇ ਤੇ ਆਪਣੀ ਤੇ ਆਪਣੇ ਖਾਨਦਾਨ ਦੀ ਹੇਠੀ ਨਾ ਕਰਾਵੇ। ਕਈ ਵਾਰ ਲਾੜਾ ਸੰਗ ਵੀ ਜਾਂਦਾ ਤੇ ਸੰਗ-ਸ਼ਰਮ ਵਿਚ ਯਾਦ ਕੀਤੇ ਛੰਦ ਭੁੱਲ ਜਾਂਦਾ ਤੇ ਸਾਲੀਆਂ ਤੋਂ ਹਾਰ ਮੰਨ ਜਾਂਦਾ। ਫਿਰ ਇਸ ਸਮੇਂ ਉਸ ਦੇ ਨਾਲ ਆਏ ਜੋਟੀਦਾਰ ਉਸ ਦੀ ਮਦਦ ਕਰਨ ਦੀ ਠਾਣ ਲੈਂਦੇ। ਲਾੜੇ ਦੇ ਕੰਨ ਵਿਚ ਕੋਈ ਆੜੀ ਕਿਸੇ ਛੰਦ ਦਾ ਸੰਖੇਪ ਜਿਹਾ ਹਿੱਸਾ ਦੱਸਦਾ ਤੇ ਲਾੜੇ ਨੂੰ ਉਹ ਛੰਦ ਯਾਦ ਆ ਜਾਂਦਾ ਤੇ ਸਾਲੀਆਂ ਦੇ ਹਮਲੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ,
ਤੁਸੀਂ ਮੇਰੀਆਂ ਭੈਣਾਂ ਲੱਗੋਂ, ਮੈਂ ਤੁਹਾਡਾ ਵੀਰ।
ਇਉਂ ਕਹਿ ਕੇ ਉਹ ਸਾਲੀਆਂ ਦੀ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰਦਾ। ਕਈ ਵਾਰ ਲਾੜਾ ਧਾਰਮਿਕ ਬਿਰਤੀ ਦਾ ਹੁੰਦਾ ਜਾਂ ਆਪਣੇ ਧਾਰਮਿਕ ਅਕੀਦੇ ਵਿਚ ਪਰਿਪੱਕ ਹੁੰਦਾ ਤਾਂ ਉਹ ਆਖਦਾ:
ਛੰਦ ਪਰਾਗੇ ਆਈਏ ਜਾਈਏ, ਛੰਦੋ ਖੇਡ ਖਿਡਾਏ,
ਗੁਰੂ ਨੇ ਐਸੀ ਕਿਰਪਾ ਕੀਤੀ, ਸੱਚਿਆਂ ਦੇ ਮੇਲ ਕਰਾਏ।
ਕੁੜੀਆਂ ਖੁਸ਼ ਹੁੰਦੀਆਂ ਕਿ ਇਹ ਸਾਨੂੰ ਚੰਗੇ ਸਮਝਦਾ ਹੈ ਤੇ ਸੱਚ ਕਹਿੰਦਾ ਹੈ। ਕਈ ਕਹਿੰਦੀਆਂ ਨੀਂ ਹੁਣ ਤਾਂ ਇਹ ਖੁੱਲ੍ਹਦਾ ਜਾਂਦਾ ਹੈ। ਇਹਨੂੰ ਤਾਂ ਹੋਰ ਵੀ ਛੰਦ ਆਉਂਦੇ ਹੋਣਗੇ। ਕੋਈ ਫਿਰ ਉਸ ਨੂੰ ਕਹਿੰਦੀ, ‘‘ਜੀਜਾ ਹੋਰ ਵੀ ਆਉਂਦੇ ਹਨ ਛੰਦ ਕਿ ਮੁੱਕਗੇ।’’ ਹੁਣ ਤਾਂ ਜੀਜਾ ਵੀ ਸੰਗ ਜਿਹੀ ਲਾਹ ਕੇ ਕਹਿੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਾਂ,
ਅੱਜ ਤੋਂ ਸਹੁਰਾ ਬਾਪ ਹੈ ਮੇਰਾ ਤੇ ਸੱਸ ਮੇਰੀ ਮਾਂ।
ਕੁੜੀਆਂ ਖ਼ੁਸ਼ ਹੋ ਜਾਂਦੀਆਂ ਤੇ ਸਮਝਦੀਆਂ ਕਿ ਸਾਡੇ ਮਾਂ-ਪਿਓ ਨੂੰ ਕਿੰਨਾ ਸਤਿਕਾਰ ਦਿੰਦਾ ਹੈ। ਕੋਲ ਖੜ੍ਹੀ ਇਕ ਹੋਰ ਟਕੋਰਦੀ ਹੈ ‘‘ਕੁੜੇ ਛੰਦ ਤਾਂ ਇਹਨੂੰ ਯਾਦ ਸੀ ਐਵੇਂ ਸਾਲੀਆਂ ਦਾ ਰੋਅਬ ਦੇਖ ਕੇ ਭੁੱਲ ਗਿਆ ਸੀ। ਕੋਈ ਹੋਰ ਵੀ ਆਉਂਦਾ ਕਿ ਪੱਲਾ ਝਾੜ ਬੈਠਿਆਂ।’’ ਅੱਗੋਂ ਲਾੜਾ ਅਗਲਾ ਛੰਦ ਛੋਹ ਦਿੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਮੋਰ,
ਸਹੁਰਾ ਮੇਰਾ ਚੰਦ ਲੱਗੇ ਤੇ ਸੱਸ ਮੇਰੀ ਚਕੋਰ।
ਕੋਲ ਖੜ੍ਹੀ ਕੁੜੀ ਦੇ ਮਾਮੇ ਦੀ ਕੁੜੀ ਚਿਤਾਰਦੀ ਹੈ ਕਿ ‘‘ਜੀਜਾ ਹੋਰਾਂ ਦੇ ਕਹੇ ਤਾਂ ਭੁੱਟ ਭੁੱਟ ਸੁਣਾਈ ਗਿਆ, ਕੀ ਮੇਰੀ ਵਾਰੀ ਤੇਰੇ ਛੰਦ ਮੁੱਕਗੇ?’’ ਉਸ ਕੋਲ ਤਾਂ ਪਹਿਲਾਂ ਹੀ ਜਵਾਬ ਹੁੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਢੇਰਨਾ,
ਵਿਆਹ ਮੁਕਲਾਵਾ ’ਕੱਠਾ ਦੇ ਦਿਓ, ਘੜੀ ਘੜੀ ਨਾ ਫੇਰਨਾ।
‘‘ਚੱਲ ਵਿਆਹ-ਮੁਕਲਾਵਾ ਤਾਂ ’ਕੱਠਾ ਦੇਣਾ ਜਾਂ ਨਾ ਦੇਣਾ ਮਾਪਿਆਂ ਦੀ ਮਰਜ਼ੀ ਆ। ਤੂੰ ਹੁਣ ਕੋਈ ਕੰਮ ਦੀ ਗੱਲ ਵੀ ਕਰ, ਸਾਡੀ ਕੁੜੀ ਦਾ ਕਿੰਨਾ ਕੁ ਖਿਆਲ ਰੱਖੇਂਗਾ? ਕੋਈ ਆਪਣੀ ਉਤਸੁਕਤਾ ਜ਼ਾਹਰ ਕਰਦੀ। ਜਵਾਬ ਪਹਿਲਾਂ ਹੀ ਤਿਆਰ ਹੁੰਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤਾਲਾ,
ਕੁੜੀ ਤੁਹਾਡੀ ਨੂੰ ਇਉਂ ਰੱਖੂੰਗਾ, ਜਿਉਂ ਮੋਤੀਆਂ ਦੀ ਮਾਲਾ।
ਇਹ ਛੰਦ ਸੁਣਾ ਕੇ ਉਹ ਸਮਝਦਾ ਕਿ ਹੁਣ ਇਸ ਛੰਦ ਤੋਂ ਪ੍ਰਭਾਵਿਤ ਹੋ ਕੇ ਸਾਲੀਆਂ ਉਸ ਦਾ ਖਹਿੜਾ ਛੱਡ ਦੇਣਗੀਆਂ ਤੇ ਉਹ ਡੋਲੀ ਲੈ ਕੇ ਘਰ ਚਲਾ ਜਾਵੇਗਾ, ਪਰ ਕਿੱਥੇ ਸਾਲੀਆਂ ਦਾ ਝੁਰਮੁਟ ਉਸ ਨੂੰ ਜੀਜਾ ਹੋਰ, ਜੀਜਾ ਹੋਰ ਕਹਿ ਕੇ ਹੋਰ ਛੰਦ ਸੁਣਾਉਣ ਲਈ ਮਜਬੂਰ ਕਰ ਦਿੰਦੀਆਂ ਤੇ ਉਸ ਨੂੰ ਫਸੇ ਨੂੰ ਕਹਿਣਾ ਪੈਂਦਾ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ,
ਧੀ ਤੁਹਾਡੀ ਨੂੰ ਇੰਜ ਰੱਖਾਂਗਾ, ਜਿਉਂ ਮੁੰਦਰੀ ਵਿਚ ਹੀਰਾ।
ਕੋਈ ਸਿਆਣੀ ਆ ਕੇ ਕਹਿੰਦੀ, ‘‘ਨੀਂ ਬਸ ਕਰੋ ਹੁਣ। ਇਨ੍ਹਾਂ ਨੇ ਜਾਣਾ ਵੀ ਦੂਰ ਆ। ਜਦੋਂ ਫਿਰ ਆਇਆ, ਸੁਣ ਲਿਓ।’’ ਫਿਰ ਸੱਸ ਆਪਣਾ ਵਿਹਾਰ ਕਰਨ ਲੱਗਦੀ ਹੈ। ਉਹ ਵਿਆਹ ਵਾਲੇ ਕਾਕੇ ਦਾ ਸਿਰ ਪਲੋਸ ਕੇ ਲੱਡੂ, ਖੋਪੇ ਦੇ ਗੁੱਟ ਤੇ ਕਈ ਹੋਰ ਚੀਜ਼ਾਂ ਉਸ ਦੀ ਝੋਲੀ ਵਿਚ
ਸਿਰ ਤੋਂ ਵਾਰ ਕੇ ਪਾ ਦਿੰਦੀ ਹੈ। ਕਹਿੰਦੀ ਹੈ, ‘‘ਰਾਜ਼ੀ ਬਾਜੀ ਰਹੇ ਮੇਰਾ ਪੁੱਤ, ਜੁਆਨੀਆਂ ਮਾਣੇ, ਅੱਜ ਵਾਂਗੂੰ ਹੱਸਦਾ ਖੇਲਦਾ ਆਵੇ ਤੇ ਹੱਸਦਾ ਖੇਲਦਾ ਜਾਵੇ।’’ ਇਹ ਬਚਨ ਸੁਣ ਕੇ ਉਹ ਸਾਥੀਆਂ ਸਮੇਤ ਵਾਪਸ ਜੰਝਘਰ ਆ ਜਾਂਦਾ ਹੈ।
ਅੱਜਕੱਲ੍ਹ ਤਾਂ ਇਹ ਰਸਮ ਤਕਰੀਬਨ ਖ਼ਤਮ ਹੀ ਹੋ ਗਈ ਹੈ। ਹੁਣ ਤਾਂ ਮੈਰਿਜ ਪੈਲੇਸ ਦੇ ਵਿਆਹ ਕੁਝ ਕੁ ਘੰਟਿਆਂ ਦੀ ਖੇਡ ਹੀ ਰਹਿ ਗਏ ਹਨ। ਪਹਿਲਾਂ ਤਾਂ ਬਰਾਤ ਹੀ 12 ਵਜੇ ਦੇ ਨੇੜੇ-ਤੇੜ ਪੁੱਜਦੀ ਹੈ। ਫਿਰ ਜਲਦੀ-ਜਲਦੀ ਚਾਹ ਪੀ ਕੇ ਨੇੜੇ ਦੇ ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜ ਲਈ ਚਲੇ ਜਾਂਦੇ ਹਨ। ਉੱਥੇ ਭਾਈ ਜੀ ਨੂੰ ਵੀ ਇਹ ਰਸਮ ਜਲਦੀ ਨਬਿੇੜਨ ਲਈ ਇਸ਼ਾਰਾ ਕੀਤਾ ਜਾਂਦਾ ਹੈ। ਉੱਥੋਂ ਆਉਂਦਿਆਂ ਹੀ ਸ਼ਗਨ ਦੀ ਰਸਮ ਸ਼ੁਰੂ ਹੋ ਜਾਂਦੀ ਹੈ। ਡੀ.ਜੇ. ਵਾਲੇ ਆਪਣਾ ਰੰਗ ਵਿਖਾਉਂਦੇ ਹਨ। ਸ਼ਗਨ ਪਾ ਕੇ ਅਗਲੇ ਰੋਟੀ ਖਾਣ ਵੱਲ ਅਹੁਲਦੇ ਹਨ ਤੇ ਬਸ ਵਿਆਹ ਖ਼ਤਮ ਹੋਣ ਦੇ ਨੇੜੇ। ਕੁੜੀ ਦੀ ਡੋਲੀ ਤੋਰਨ ਦਾ ਸਮਾਂ ਆ ਜਾਂਦਾ ਹੈ। ਦੱਸੋ ਏਨੇ ਕੁ ਸਮੇਂ ’ਚ ਕਿਸ ਨੇ ਛੰਦ ਸੁਣਨੇ ਨੇ ਤੇ ਕਿਸ ਨੇ ਸੁਣਾਉਣੇ ਨੇ। ਹੁਣ ਤਾਂ ਛੰਦ ਸਿਰਫ਼ ਕਿਤਾਬਾਂ ’ਚ ਹੀ ਪੜ੍ਹਨ ਲਈ ਮਿਲਦੇ ਹਨ। ਵਿਆਹ ਦੀਆਂ ਕਈ ਹੋਰ ਰਸਮਾਂ ਵਾਂਗ ਇਹ ਰਸਮ ਵੀ ਹੁਣ ਲੋਪ ਹੀ ਹੋ ਗਈ ਹੈ।
ਸੰਪਰਕ: 94636-00252