ਅਜੀਤ ਸਿੰਘ ਚੰਦਨ
ਹੌਸਲੇ, ਉਤਸ਼ਾਹ ਤੇ ਹਿੰਮਤ ਨਾਲ ਜਿਊਣਾ ਹੀ ਜ਼ਿੰਦਗੀ ਹੈ। ਕਈ ਵਾਰ ਇਨਸਾਨ ਹੌਸਲਾ ਹਾਰ ਜਾਂਦਾ ਹੈ ਤਾਂ ਉਸ ਲਈ ਕਈ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਉਹ ਇਨ੍ਹਾਂ ਮੁਸ਼ਕਿਲਾਂ ’ਚ ਘਿਰ ਕੇ ਜ਼ਿੰਦਗੀ ਤੋਂ ਕਿਨਾਰਾ ਕਰ ਲੈਂਦਾ ਹੈ। ਕਈ ਵਾਰ ਕਈ ਜਵਾਨ, ਇੰਜ ਹੌਸਲਾ ਹਾਰ ਕੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ ਤੇ ਕਈ ਇਨ੍ਹਾਂ ਹਾਰਾਂ ਮੂਹਰੇ ਗੋਡੇ ਟੇਕ ਕੇ ਮੌਤ ਨੂੰ ਗਲ ਨਾਲ ਲਾ ਲੈਂਦੇ ਹਨ, ਪਰ ਇਸ ਤਰ੍ਹਾਂ ਕਰਨਾ ਮੂਰਖਤਾ ਹੁੰਦੀ ਹੈ। ਜ਼ਿੰਦਗੀ ਦੇ ਭਾਵੇਂ ਤੁਸੀਂ ਕਿਸੇ ਵੀ ਮੁਸ਼ਕਿਲ ਦੌਰ ’ਚ ਹੋਵੋ, ਜ਼ਿੰਦਗੀ ਤੋਂ ਕਿਨਾਰਾ-ਕਸ਼ੀ ਨਾ ਕਰੋ। ਹੌਸਲੇ ਪਸਤ ਕਰਕੇ ਜ਼ਿੰਦਗੀ ਦੇ ਬੂਹੇ ਨਾ ਭੇੜੋ, ਸਗੋਂ ਜੇ ਜ਼ਿੰਦਗੀ ਦੇ ਰਾਹ ਮੁਸ਼ਕਿਲ ਵੀ ਹਨ ਤਾਂ ਇਨ੍ਹਾਂ ਰਾਹਾਂ ’ਤੇ ਚਲਦੇ ਜਾਓ। ਤੁਹਾਡੇ ਹੌਸਲੇ ਤੇ ਉਤਸ਼ਾਹ ਅੱਗੇ ਇਕ ਦਿਨ ਇਹ ਮੁਸ਼ਕਿਲਾਂ ਹਾਰ ਜਾਣਗੀਆਂ ਤੇ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ। ਸ਼ਰਤ ਇਹ ਹੈ ਕਿ ਜ਼ਿੰਦਗੀ ਮਿਲੀ ਹੈ ਤਾਂ ਖ਼ੁਸ਼ ਹੋ ਕੇ ਇਸ ਨੂੰ ਮਾਣੋ। ਹਮੇਸ਼ਾਂ ਇਹ ਸੰਕਲਪ ਮਨ ਵਿਚ ਧਾਰ ਲਵੋ ਕਿ ਮੈਂ ਜਿਊਣਾ ਹੈ ਤੇ ਹਰ ਮੁਸ਼ਕਿਲ ’ਤੇ ਫ਼ਤਹਿ ਵੀ ਪ੍ਰਾਪਤ ਕਰਨੀ ਹੈ। ਜਿਸ ਨੇ ਆਪਣੇ ਮਨ ’ਚ ਜਿੱਤਣ ਦਾ ਮਨ ਬਣਾ ਲਿਆ, ਉਸ ਅੱਗੇ ਇਕ ਦਿਨ ਮੁਸ਼ਕਿਲਾਂ ਗੋਡੇ ਟੇਕ ਦਿੰਦੀਆਂ ਹਨ।
ਅਫ਼ਰੀਕਾ ਦਾ ਯੋਧਾ ਤੇ ਵੱਡਾ ਇਨਕਲਾਬੀ ਨੈਲਸਨ ਮੰਡੇਲਾ 27 ਸਾਲ ਜੇਲ੍ਹ ਵਿਚ ਰਿਹਾ ਤੇ ਹੌਸਲੇ ਨਾਲ ਉਸ ਨੇ ਆਪਣਾ ਉਤਸ਼ਾਹ ਬਣਾਈ ਰੱਖਿਆ। ਦੁੱਖਾਂ ਤੋਂ ਡਰਿਆ ਨਹੀਂ ਤੇ ਕਈ ਵਾਰ ਜੇਲ੍ਹ ਵਾਲੇ ਉਸ ਨੂੰ ਤਸੀਹੇ ਵੀ ਦਿੰਦੇ ਰਹੇ, ਪਰ ਉਹ ਕੁੱਟ ਖਾਣ ਤੋਂ ਬਾਅਦ ਗਾਉਣ ਲੱਗ ਪੈਂਦਾ। ਇੰਜ ਉਸ ਨੇ ਜ਼ਿੰਦਗੀ ਦੀ ਜਗਦੀ ਜੋਤ ਨੂੰ ਜਗਾਈ ਰੱਖਿਆ ਤੇ ਅਖੀਰ ਜੇਲ੍ਹ ਵਿਚੋਂ ਰਿਹਾਅ ਹੋ ਕੇ ਉਹ ਅਫ਼ਰੀਕਾ ਦਾ ਰਾਸ਼ਟਰਪਤੀ ਬਣਿਆ। ਉਸ ਨੇ ਇਕ ਮਿਸਾਲ ਪੈਦਾ ਕਰ ਦਿੱਤੀ ਕਿ ਜੇਕਰ ਇਨਸਾਨ ਹੌਸਲਾ ਬਣਾਈ ਰੱਖੇ ਤਾਂ ਉਸ ਅੱਗੇ ਹਰ ਮੁਸ਼ਕਿਲ ਹੱਥ ਜੋੜ ਕੇ ਖਲੋ ਜਾਂਦੀ ਹੈ। ਇਸ ਤਰ੍ਹਾਂ ਸਿਰੜੀ ਤੇ ਯੋਧੇ ਇਨਸਾਨ ਦੀ ਆਖਰ ਜਿੱਤ ਹੋ ਜਾਂਦੀ ਹੈ।
ਇੰਜ ਹੀ ਕਈ ਗ਼ਰੀਬ ਵਿਦਿਆਰਥੀ ਉੱਚੀ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ਦੀ ਲੜਾਈ ’ਚ ਸਫਲ ਹੋਏ ਹਨ ਤੇ ਉਹ ਆਖਰ ਉੱਚੀ ਪੜ੍ਹਾਈ ਪੂਰੀ ਕਰਕੇ ਵੱਡੇ ਅਹੁਦੇ ’ਤੇ ਨਿਯੁਕਤ ਹੋਏ। ਅਜਿਹੇ ਵਿਦਿਆਰਥੀਆਂ ਦੇ ਮਨ ’ਚ ਇਕ ਮਿਸਾਲ ਜਗਦੀ ਹੁੰਦੀ ਹੈ ਤੇ ਇਹ ਮਿਸਾਲ ਉਨ੍ਹਾਂ ਦੇ ਰਾਹ ’ਚ ਆਏ ਹਨੇਰਿਆਂ ਨੂੰ ਵੀ ਰੌਸ਼ਨ ਕਰ ਦਿੰਦੀ ਹੈ। ਜ਼ਿੰਦਗੀ ਜਿਊਣ ਦੀ ਮੜ੍ਹਕ ਨੂੰ ਕਦੇ ਮੱਠਾ ਨਾ ਪੈਣ ਦਿਉ। ਜ਼ਿੰਦਗੀ ਦੀ ਇਹ ਮੜ੍ਹਕ ਪੈਦਾ ਕਰਨ ਲਈ ਤੁਹਾਨੂੰ ਚੰਗੀਆਂ ਕਿਤਾਬਾਂ ਪੜ੍ਹ ਕੇ ਸਮਾਂ ਇਨ੍ਹਾਂ ਕਿਤਾਬਾਂ ਨਾਲ ਬਿਤਾਉਣਾ ਪਏਗਾ। ਕਿਤਾਬਾਂ ਹੀ ਇਨਸਾਨ ਨੂੰ ਜ਼ਿੰਦਗੀ ਦਾ ਰਾਹ ਦਰਸਾਉਂਦੀਆਂ ਹਨ। ਕਈ ਵਾਰ ਕੋਈ ਮਿਹਨਤੀ ਅਧਿਆਪਕ ਤੁਹਾਡੇ ਅੰਦਰ ਜ਼ਿੰਦਗੀ ਦਾ ਚਾਨਣ ਭਰ ਦਿੰਦਾ ਹੈ। ਹਮੇਸ਼ਾਂ ਅਜਿਹੇ ਅਧਿਆਪਕ ਦੀ ਟੋਹ ਵਿਚ ਰਹੋ, ਜੋ ਤੁਹਾਨੂੰ ਸੁੱਤਿਆਂ ਨੂੰ ਜਗਾ ਕੇ ਚੰਗੇਰੀ ਜ਼ਿੰਦਗੀ ਦਾ ਰਾਹ ਦਰਸਾ ਸਕੇ। ਤੁਹਾਡੇ ਵਿਚ ਰੂਹ ਤੇ ਜ਼ਿੰਦਗੀ ਦੀ ਰੌਸ਼ਨੀ ਭਰ ਸਕੇ ਤੇ ਤੁਹਾਡੀ ਜ਼ਿੰਦਗੀ ਜਿਊਣ ਯੋਗ ਬਣਾ ਦੇਵੇ।
ਸੰਸਾਰ ਵਿਚ ਕਿਸੇ ਚੀਜ਼ ਦੀ ਘਾਟ ਨਹੀਂ। ਬਸ! ਘਾਟ ਇਸ ਗੱਲ ਦੀ ਹੈ ਕਿ ਤੁਹਾਨੂੰ ਚੰਗੇਰੀ ਸਿੱਖਿਆ ਤੇ ਜ਼ਿੰਦਗੀ ਦਾ ਰਾਹ ਦਸੇਰਾ ਮਿਲ ਜਾਵੇ, ਜੋ ਤੁਹਾਨੂੰ ਭਟਕਣਾਂ ’ਚੋਂ ਬਾਹਰ ਕੱਢ ਕੇ ਸਿੱਧੇ ਰਸਤੇ ’ਤੇ ਪਾ ਦੇਵੇ। ਇਕ ਵਾਰੀ ਜ਼ਿੰਦਗੀ ਦਾ ਸਹੀ ਰਾਹ ਤੁਹਾਨੂੰ ਲੱਭ ਪਏ, ਫਿਰ ਹਿੰਮਤ ਤੇ ਮਨ ਦੀ ਪਕੇਰੀ ਦ੍ਰਿੜਤਾ ਨਾਲ ਇਸ ਰਾਹ ’ਤੇ ਚਲਦੇ ਜਾਵੋ। ਜਿੰਨਾ ਰਾਹ ਔਖਾ ਤੇ ਮੁਸ਼ਕਿਲ ਹੋਵੇਗਾ, ਓਨੀ ਹੀ ਤੁਹਾਡੀ ਜਿੱਤ ਵੱਡੀ ਹੋਵੇਗੀ।
ਜੇ ਤੁਹਾਡੇ ਵਿਚ ਹਿੰਮਤ, ਉਤਸ਼ਾਹ ਤੇ ਦਲੇਰੀ ਹੈ ਤਾਂ ਭਾਵੇਂ ਪਹਾੜ ’ਤੇ ਚੜ੍ਹ ਜਾਵੋ। ਹਰ ਮੁਸ਼ਕਿਲ ਰਾਹ ਵਿਚੋਂ ਲੰਘ ਕੇ ਹੀ ਸਫਲਤਾ ਮਿਲਦੀ ਹੈ। ਘਰ ਬੈਠੇ ਬਿਠਾਏ ਤੁਹਾਨੂੰ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਸਗੋਂ ਜ਼ਿੰਦਗੀ ਦੇ ਔਖੇ ਰਾਹਾਂ ’ਤੇ ਟੁਰਨਾ ਸਿੱਖੋ। ਆਪਣੇ ਰਾਹ ਆਪ ਬਣਾਵੋ। ਤੁਸੀਂ ਜ਼ਿੰਦਗੀ ਵਿਚ ਹਰ ਮੁਸ਼ਕਿਲ ਸਰ ਕਰਕੇ ਕੁਝ ਵੀ ਪ੍ਰਾਪਤ ਕਰ ਸਕਦੇ ਹੋ। ਸ਼ਰਤ ਇਹ ਹੈ ਕਿ ਹਨੇਰੇ ਰਾਹਾਂ ’ਤੇ ਟੁਰਨਾ ਛੱਡ ਦਿਓ। ਕਿਸੇ ਗੁਰੂ ਦੇ ਲੜ ਲੱਗੋ, ਜੋ ਤੁਹਾਨੂੰ ਯੋਗ ਅਗਵਾਈ ਦੇ ਸਕੇ। ਪੁਰਾਣੇ ਸਮਿਆਂ ਵਿਚ ਵੀ ਲੋਕੀਂ ਕਿਸੇ ਪਹੁੰਚੇ ਹੋਏ ਗੁਰੂ ਦੇ ਲੜ ਲੱਗ ਕੇ ਮੰਜ਼ਿਲ ਸਰ ਕਰਦੇ ਆਏ ਹਨ।
ਡਾ. ਅਬਦੁਲ ਕਲਾਮ ਗ਼ਰੀਬ ਪਰਿਵਾਰ ਵਿਚ ਪੈਦਾ ਹੋਇਆ। ਬਚਪਨ ਵਿਚ ਉਸ ਨੇ ਗ਼ਰੀਬੀ ਕੱਟੀ ਤੇ ਆਪਣੀਆਂ ਕਿਤਾਬਾਂ-ਕਾਪੀਆਂ ਖ਼ਰੀਦਣ ਲਈ ਉਹ ਰੁੱਖ ਤੋਂ ਇਮਲੀ ਇਕੱਠੀ ਕਰਕੇ ਕੁਝ ਪੈਸੇ ਕਮਾ ਲੈਂਦਾ ਤੇ ਇਨ੍ਹਾਂ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਦਾ। ਉਸ ਨੇ ਆਪਣੇ ਸਿਰੜ, ਮਿਹਨਤ ਤੇ ਦਲੇਰੀ ਨਾਲ ਆਪਣੀ ਉੱਚੀ ਪੜ੍ਹਾਈ ਕਰਕੇ ਮਿਜ਼ਾਈਲ ਦੇ ਖੇਤਰ ਵਿਚ ਇਕ ਵੱਡੀ ਪ੍ਰਾਪਤੀ ਹਾਸਲ ਕਰ ਲਈ। ਇੰਜਨੀਅਰਿੰਗ ਦੀ ਡਿਗਰੀ ਲੈ ਕੇ ਉੱਚੇ ਅਹੁਦੇ ’ਤੇ ਲੱਗਾ ਰਿਹਾ। ਅਖੀਰ ਆਪਣੇ ਦੇਸ਼ ਦਾ ਰਾਸ਼ਟਰਪਤੀ ਬਣਿਆ। ਉਸ ਦਾ ਇਹ ਸੁਭਾਅ ਸੀ ਕਿ ਕਦੇ ਨਿਰਾਸ਼ ਜਾਂ ਉਦਾਸ ਨਹੀਂ ਹੋਣਾ, ਸਗੋਂ ਮਿਹਨਤ ਕਰਦੇ ਜਾਣਾ ਹੈ। ਅਜਿਹੇ ਵਿਰਲੇ-ਟਾਵੇਂ ਇਨਸਾਨ ਹੋਏ ਹਨ, ਜਿਨ੍ਹਾਂ ਨੇ ਮਨ ਵਿਚ ਧਾਰ ਲਿਆ ਕੇ ਕਦੇ ਹਾਰਨਾ ਨਹੀਂ, ਸਗੋਂ ਜ਼ਿੰਦਗੀ ਦੀਆਂ ਉੱਚੀਆਂ ਮੰਜ਼ਿਲਾਂ ਸਰ ਕਰਨੀਆਂ ਹਨ। ਡਾ. ਅਬਦੁਲ ਕਲਾਮ ਵਿਚ ਇਹ ਖ਼ੂਬੀ ਸੀ ਕਿ ਉਹ ਕਦੇ ਉਦਾਸ ਨਹੀਂ ਹੋਇਆ, ਸਗੋਂ ਹਰ ਵਕਤ ਮੁਸਕਰਾਹਟਾਂ ਉਸ ਦੇ ਬੁੱਲ੍ਹਾਂ ’ਤੇ ਖੇਡਦੀਆਂ ਸਨ। ਅਜਿਹੇ ਵਿਹਲੇ ਟਾਵੇਂ ਇਨਸਾਨ ਤੋਂ ਸਬਕ ਲੈ ਕੇ ਜ਼ਿੰਦਗੀ ਦੀਆਂ ਉੱਚੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ।
ਸੰਪਰਕ: 97818-05861