ਚੰਡੀਗੜ੍ਹ: ਮਰਹੂਮ ਉੱਘੀ ਅਦਾਕਾਰਾ ਮਧੂਬਾਲਾ ਦੀ ਨਿਊਜ਼ੀਲੈਂਡ ਰਹਿੰਦੀ 96 ਸਾਲਾ ਭੈਣ ਕਨੀਜ਼ ਬਲਸਾਰਾ ਨੂੰ ਉਸ ਦੀ ਨੂੰਹ ਨੇ ਘਰੋਂ ਕੱਢ ਦਿੱਤਾ ਤੇ ਉਸ ਇਕੱਲੀ ਨੂੰ ਮੁੰਬਈ ਲਈ ਫਲਾਈਟ ’ਤੇ ਚੜ੍ਹਾ ਦਿੱਤਾ। ਈ-ਟਾਈਮਜ਼ ਵਿੱਚ ਛਪੀ ਖ਼ਬਰ ਅਨੁਸਾਰ 29 ਜਨਵਰੀ ਨੂੰ ਰਾਤ 8 ਵਜੇ ਔਕਲੈਂਡ ਤੋਂ ਮੁੰਬਈ ਪਰਤੀ ਕਨੀਜ਼ ਬਲਸਾਰਾ ਦੀ ਦੇਖਭਾਲ ਲਈ ਉਸ ਦੇ ਨਾਲ ਕੋਈ ਸ਼ਖ਼ਸ ਨਹੀਂ ਸੀ ਤੇ ਨਾ ਹੀ ਉਸ ਕੋਲ ਕੋਈ ਪੈਸਾ ਸੀ। ਕਨੀਜ਼ ਕੋਲ ਮੁੰਬਈ ਹਵਾਈ ਅੱਡੇ ’ਤੇ ਆਪਣਾ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ ਵੀ ਪੈਸੇ ਨਹੀਂ ਸਨ। ਜਦੋਂ ਕਨੀਜ਼ ਦੀ ਧੀ ਉਸ ਨੂੰ ਲੈਣ ਹਵਾਈ ਅੱਡੇ ਪੁੱਜੀ ਤਾਂ ਉਹ ਲੰਮੇ ਸਮੇਂ ਤੋਂ ਭੁੱਖੀ ਸੀ। ਜ਼ਿਕਰਯੋਗ ਹੈ ਕਿ ਕਨੀਜ਼ ਆਪਣੇ ਪੁੱਤਰ ਫਾਰੂਕ ਨੂੰ ਬਹੁਤ ਪਿਆਰ ਕਰਦੀ ਸੀ। ਇਹੀ ਕਾਰਨ ਸੀ ਕਿ ਉਹ 17-18 ਸਾਲ ਪਹਿਲਾਂ ਆਪਣੇ ਪਤੀ ਨਾਲ ਆਪਣੇ ਬੇੇਟੇ ਕੋਲ ਰਹਿਣ ਲਈ ਨਿਊਜ਼ੀਲੈਂਡ ਚਲੀ ਗਈ ਸੀ। ਪਰਵੀਜ਼ ਨੇ ਦੱਸਿਆ, ‘ਮੇਰਾ ਭਰਾ ਵੀ ਮੇਰੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਉਹ ਨਿਊਜ਼ੀਲੈਂਡ ਜਾ ਕੇ ਵਸਿਆ ਤਾਂ ਉਹ ਮਾਤਾ-ਪਿਤਾ ਨੂੰ ਵੀ ਆਪਣੇ ਨਾਲ ਲੈ ਗਿਆ। ਉਹ ਨਿਊਜ਼ੀਲੈਂਡ ਵਿੱਚ ਕੁਰੈਕਸ਼ਨ ਵਿਭਾਗ ’ਚ ਚੰਗੇ ਅਹੁਦੇ ’ਤੇ ਕੰਮ ਕਰਦਾ ਸੀ। ਪਰ ਮੇਰੀ ਭਾਬੀ ਸਮੀਨਾ ਮੇਰੇ ਮਾਤਾ-ਪਿਤਾ ਨੂੰ ਪਸੰਦ ਨਹੀਂ ਸੀ ਕਰਦੀ।’ ਪਰਵੀਜ਼ ਨੇ ਅੱਗੇ ਦੱਸਿਆ, ‘ਸਮੀਨਾ ਨੇ ਕਦੇ ਵੀ ਮੇਰੇ ਮਾਤਾ-ਪਿਤਾ ਲਈ ਘਰੇ ਖਾਣਾ ਨਹੀਂ ਸੀ ਬਣਾਇਆ।’ ਉਸ ਨੇ ਦੱਸਿਆ ਕਿ ਸਮੀਨਾ ਦੀ ਬੇਟੀ (ਕਨੀਜ਼ ਦੀ ਪੋਤੀ) ਵੀ ਆਸਟਰੇਲੀਆ ਵਿੱਚ ਵਿਆਹੀ ਹੋਈ ਹੈ, ਪਰ ਉਹ ਵੀ ਆਪਣੀ ਦਾਦੀ ਨਾਲ ਬੁਰਾ ਵਿਵਹਾਰ ਕਰਦੀ ਹੈ। ਪਰਵੀਜ਼ ਨੇ ਦੱਸਿਆ, ‘ਜਦੋਂ ਮੇਰੀ ਮਾਂ ਨੂੰ ਘਰ ਛੱਡਣ ਅਤੇ ਹਵਾਈ ਜਹਾਜ਼ ਰਾਹੀਂ ਭਾਰਤ ਪਰਤਣ ਲਈ ਮਜਬੂਰ ਕੀਤਾ ਗਿਆ ਤਾਂ ਸਮੀਨਾ ਦੇ ਦੋਵੇਂ ਬੱਚੇ ਉੱਥੇ ਹੀ ਮੌਜੂਦ ਸਨ।’ ਉਸ ਨੇ ਕਿਹਾ ਕਿ ਕਨੀਜ਼ ਦੇ ਭਾਰਤ ਪੁੱਜਣ ਤੋਂ ਸਿਰਫ਼ ਅੱਠ ਘੰਟੇ ਪਹਿਲਾਂ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪਰਵੀਜ਼ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਕਨੀਜ਼ ਨਾਲ ਕੀਤੇ ਗਏ ਦੁਰਵਿਵਹਾਰ ਬਾਰੇ ਜਾਣਕਾਰੀ ਦਿੱਤੀ ਹੈ। -ਟ੍ਰਿਬਿਊਨ ਵੈੱਬ ਡੈਸਕ