ਮੁੰਬਈ: ਆਪਣੀਆਂ ਫ਼ਿਲਮਾਂ ਵਿੱਚ ਵਾਤਾਵਰਨ ਦਾ ਮੁੱਦਾ ਉਭਾਰਨ ਵਾਲੀ ਫ਼ਿਲਮ ਨਿਰਮਾਤਾ ਕਿਰਨ ਰਾਓ ਨੂੰ ਇਸ ਵਾਰ ‘ਆਲ ਲਿਵਿੰਗ ਥਿੰਗਜ਼ ਐਵਾਇਰਨਮੈਂਟਲ ਫਿਲਮ ਫੈਸਟੀਵਲ (ਏਐੱਲਐਫ ਈਐੱਫਐੱਫ) 2022 ਦੀ ਜਿਊਰੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਫੈਸਟੀਵਲ 17 ਤੋਂ 27 ਨਵੰਬਰ ਤੱਕ ਹੋਵੇਗਾ, ਜਿਸ ਦੌਰਾਨ 55 ਫਿਲਮਾਂ ਦਿਖਾਈਆਂ ਜਾਣਗੀਆਂ। ਕਿਰਨ ਰਾਓ ਨੇ ਕਿਹਾ, ‘ਇਹ ਫੈਸਟੀਵਲ ਹਮੇਸ਼ਾ ਹੀ ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਇਸ ਫੈਸਟੀਵਲ ਦੌਰਾਨ ਜੱਜਾਂ ਦੇ ਪੈਨਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਾਲ ਇਸ ਫੈਸਟੀਵਲ ਵਿੱਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਵਿੱਚ ਵਾਤਾਵਰਨ ਨਾਲ ਸਬੰਧਤ ਕਈ ਮੁੱਦੇ ਉਠਾਏ ਜਾਣਗੇ।’ ਜ਼ਿਕਰਯੋਗ ਹੈ ਕਿ ਕਿਰਨ ਰਾਓ ਸੰਸਥਾ ‘ਪਾਨੀ’ ਦੀ ਸਹਿ-ਸੰਸਥਾਪਕ ਹੈ, ਜੋ ਮਹਾਰਾਸ਼ਟਰ ਵਿੱਚ ਸੋਕੇ ਤੋਂ ਬਚਣ ਅਤੇ ਪਾਣੀ ਦੀ ਬੱਚਤ ਵਰਗੀਆਂ ਮੁਹਿੰਮਾਂ ਚਲਾ ਰਹੀ ਹੈ। ਇਹ ਕਾਰਨ ਹੈ ਕਿ ਇਸ ਵਾਰ ਕਿਰਨ ਨੂੰ ਇਸ ਫੈਸਟੀਵਲ ਵਿੱਚ ਜੱਜ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। -ਆਈਏਐੱਨਐੱਸ