ਨਵਦੀਪ ਸਿੰਘ ਗਿੱਲ
ਦੇਵ ਥਰੀਕਿਆਂ ਵਾਲੇ ਦੇ ਤੁਰ ਜਾਣ ਨਾਲ ਪੰਜਾਬੀ ਗੀਤਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਪੰਜਾਬੀ ਦੀ ਇਸ ਸਿਰਮੌਰ ਕਲਮ ਨੂੰ ਜਿੱਥੇ ਸੱਭਿਆਚਾਰਕ ਗੀਤਾਂ ਦਾ ਰਚੇਤਾ ਆਖਦੇ ਹਨ, ਉੱਥੇ ਲੋਕ ਗਾਥਾਵਾਂ ਤੇ ਲੋਕ ਤੱਥਾਂ ਦਾ ਲਾਸਾਨੀ ਗੀਤਕਾਰ ਵੀ ਜਿਸ ਦੇ ਲਿਖੇ ਗੀਤ ਲੋਕ ਗੀਤਾਂ ਵਾਂਗ ਅਮਰ ਹੋ ਗਏ। ਦੇਵ ਥਰੀਕਿਆਂ ਵਾਲਾ ਪੇਸ਼ੇ ਤੋਂ ਅਧਿਆਪਕ ਸੀ, ਪਰ ਉਸ ਦੀ ਪ੍ਰਸਿੱਧੀ ਗੀਤਕਾਰ ਵਜੋਂ ਹੋਈ। ਦੇਵ ਦੇ ਲਿਖੇ 1000 ਤੋਂ ਵੱਧ ਗੀਤਾਂ ਨੂੰ 100 ਦੇ ਕਰੀਬ ਗਾਇਕਾਂ ਨੇ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤਾ ਹੈ। ਉਨ੍ਹਾਂ ਦੇ ਲਿਖੇ ਹਿੱਟ ਗੀਤਾਂ ਦੀ ਗਿਣਤੀ ਜਿੱਥੇ ਬੇਸ਼ੁਮਾਰ ਹੈ, ਉੱਥੇ ਗਾਇਕਾਂ ਦੀ ਗਿਣਤੀ ਵੀ ਬਹੁਤ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਗੀਤ ਗਾ ਕੇ ਸ਼ੋਹਰਤ ਖੱਟੀ।
ਦੇਵ ਥਰੀਕਿਆਂ ਦਾ ਅਸਲ ਨਾਮ ਹਰਦੇਵ ਦਿਲਗੀਰ ਸੀ, ਪਰ ਸੰਗੀਤ ਜਗਤ ਵਿੱਚ ਉਹ ਆਪਣੇ ਪਿੰਡ ਥਰੀਕਿਆਂ ਵਾਲੇ ਦੇਵ ਨਾਮ ਨਾਲ ਪ੍ਰਸਿੱਧ ਹੋਇਆ। ਦੇਵ ਦਾ ਜਨਮ ਲੁਧਿਆਣਾ ਦੀ ਬੁੱਕਲ ਵਿੱਚ ਵਸੇ ਪਿੰਡ ਥਰੀਕੇ ਵਿਖੇ 19 ਸਤੰਬਰ 1939 ਨੂੰ ਹੋਇਆ ਸੀ। ਦੇਵ ਨੇ ਸਕੂਲੀ ਪੜ੍ਹਾਈ ਆਪਣੇ ਪਿੰਡ ਥਰੀਕੇ, ਗੁਆਂਢੀ ਪਿੰਡ ਲਲਤੋਂ ਅਤੇ ਲੁਧਿਆਣਾ ਤੋਂ ਕੀਤੀ। ਉਸ ਨੂੰ ਸਾਹਿਤ ਦੀ ਚੇਟਕ ਪ੍ਰਸਿੱਧ ਸਾਹਿਤਕਾਰ ਹਰੀ ਸਿੰਘ ਦਿਲਬਰ ਤੋਂ ਲੱਗੀ ਜਿਨ੍ਹਾਂ ਦੀ ਪ੍ਰੇਰਨਾ ਨਾਲ ਉਹ ਬਾਲ ਗੀਤ, ਕਵਿਤਾਵਾਂ ਤੇ ਕਹਾਣੀਆਂ ਲਿਖਣ ਲੱਗਿਆ। ‘ਬਾਲ ਦਰਬਾਰ’ ਸਕੂਲੀ ਰਸਾਲੇ ਵਿੱਚ ਦੇਵ ਦੀ ਰਚਨਾ ‘ਚੱਲ ਚੱਕ ਭੈਣੇ ਬਸਤਾ ਸਕੂਲ ਚੱਲੀਏ’ ਛਪੀ। ਸ਼ੁਰੂਆਤੀ ਸਮੇਂ ਵਿੱਚ ਉਸ ਨੇ ਛੋਟੀਆਂ ਕਹਾਣੀਆਂ ਅਤੇ ਬਾਲ ਸਾਹਿਤ ਦੀਆਂ ਪੁਸਤਕਾਂ ਵੀ ਲਿਖੀਆਂ।
ਕਵਿਤਾਵਾਂ, ਕਹਾਣੀਆਂ ਤੋਂ ਬਾਅਦ ਦੇਵ ਦਾ ਗੀਤਕਾਰੀ ਵੱਲ ਰੁਝਾਨ ਇੱਕ ਸਬੱਬ ਨਾਲ ਹੋਇਆ। ਗੱਲ ਸੱਠਵਿਆਂ ਦੇ ਸ਼ੁਰੂ ਦੀ ਹੈ ਜਦੋਂ ਇੱਕ ਗਾਇਕ ਪ੍ਰੇਮ ਕੁਮਾਰ ਸ਼ਰਮਾ ਨਾਲ ਹਰਦੇਵ ਦਾ ਮੇਲ ਹੋਇਆ। ਅਸਲ ਵਿੱਚ ਪ੍ਰੇਮ ਸ਼ਰਮਾ ਨੇ ਇੰਦਰਜੀਤ ਹਸਨਪੁਰੀ ਕੋਲੋਂ ਗੀਤ ਲੈ ਕੇ ਰਿਕਾਰਡਿੰਗ ਕਰਨੀ ਸੀ, ਪਰ ਹਸਨਪੁਰੀ ਵੱਲੋਂ ਕੋਈ ਹੱਥ-ਪੱਲਾ ਨਾ ਫੜਾਉਣ ਕਰਕੇ ਪ੍ਰੇਮ ਸ਼ਰਮਾ ਨੇ ਦੇਵ ਥਰੀਕਿਆਂ ਵਾਲੇ ਕੋਲੋਂ ਗੀਤ ਲਏ ਜਿਹੜੇ ਐੱਚ.ਐੱਮ.ਵੀ. ਨੂੰ ਬਹੁਤ ਪਸੰਦ ਆਏ। ਉਸ ਤੋਂ ਬਾਅਦ ਦੇਵ ਦਾ ਰਾਹ ਮੋਕਲਾ ਹੋ ਗਿਆ।
ਦੇਵ ਦੀ ਅਸਲ ਪਛਾਣ ਕੁਲਦੀਪ ਮਾਣਕ ਨਾਲ ਜੁੜਨ ਤੋਂ ਬਾਅਦ ਬਣੀ। ਕੁਲਦੀਪ ਮਾਣਕ ਤੇ ਦੇਵ ਥਰੀਕਿਆਂ ਦੀ ਜੋੜੀ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਤੇ ਗੀਤਕਾਰ ਦੀਆਂ ਹਿੱਟ ਜੋੜੀਆਂ ਵਿੱਚੋਂ ਉਹ ਸਿਖਰਲਾ ਸਥਾਨ ਹੈ ਜੋ ਮੁਹੰਮਦ ਸਦੀਕ ਤੇ ਬਾਬੂ ਸਿੰਘ ਮਾਨ (ਮਰਾੜਾਂ ਵਾਲਾ) ਦੀ ਜੋੜੀ ਨੂੰ ਹਾਸਲ ਹੈ। ਕਰੀਬ ਅੱਧੀ ਸਦੀ ਤੱਕ ਦੋਵਾਂ ਦਾ ਸਾਥ ਆਖਰੀ ਸਾਹਾਂ ਤੱਕ ਨਿਭਿਆ। ਦੋਹਾਂ ਦੀ ਸਾਂਝ ਇਸ ਹੱਦ ਤੱਕ ਸੀ ਕਿ ਮਾਣਕ ਨਾਲ ਥਰੀਕੇ ਅਤੇ ਦੇਵ ਨਾਲ ਜਲਾਲ ਪਿੰਡ ਇੰਜ ਜੁੜ ਗਏ ਜਿਵੇਂ ਉਨ੍ਹਾਂ ਦੇ ਜੱਦੀ ਪਿੰਡ ਹੀ ਇਹ ਹੋਣ। ਕੁਲਦੀਪ ਮਾਣਕ ਨੇ ਤਾਂ ਆਪਣੀ ਰਿਹਾਇਸ਼ ਵੀ ਥਰੀਕੇ ਰੱਖ ਲਈ ਸੀ। ਦੇਵ ਨੇ ਆਪਣੇ ਗੀਤਾਂ ਵਿੱਚ ਜਲਾਲ ਪਿੰਡ ਦਾ ਵੀ ਬਹੁਤ ਜ਼ਿਕਰ ਕੀਤਾ। ‘ਗੱਲਾਂ ਹੋਣ ਜਲਾਲ ਦੀਆਂ, ਦੇਵ ਦਾ ਫਿਰੇ ਡੋਲਿਆ ਜੇਰਾ’, ‘ਮੇਰਾ ਸੋਹਣਾ ਪਿੰਡ ਜਲਾਲ’। ਮੇਰੇ ਅੱਜ ਵੀ ਚੇਤੇ ਹੈ ਜਦੋਂ 2011 ਵਿੱਚ ਕੁਲਦੀਪ ਮਾਣਕ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਜਲਾਲ ਵਿਖੇ ਸਪੁਰਦ-ਏ-ਖਾਕ ਤੋਂ ਬਾਅਦ ਦੇਵ ਨੇ ਉਦਾਸੀ ਵਿੱਚ ਕਿਹਾ ਸੀ, ‘‘ਇੰਜ ਲੱਗਿਆ ਜਿਵੇਂ ਮੇਰੇ ਸਰੀਰ ਦਾ ਹਿੱਸਾ ਅੱਜ ਮੇਰੇ ਨਾਲ ਨਹੀਂ ਹੈ।’’
ਮਾਣਕ ਦੇ ਰਿਕਾਰਡ ਗੀਤਾਂ ਵਿੱਚ ਦੇਵ ਦੇ ਲਿਖੇ ਗੀਤਾਂ ਵਿੱਚੋਂ ‘ਮਾਂ ਹੁੰਦੀ ਐ ਮਾਂ ਓ ਦੁਨੀਆ ਵਾਲਿਓ’, ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ’, ‘ਛੇਤੀ ਕਰ ਸਰਵਣ ਪੁੱਤਰਾ’, ‘ਦੁੱਲਿਆ ਵੇ ਟੋਕਰਾ ਚੁੱਕਾਈ ਆਣ ਕੇ’, ‘ਰਾਣੀ ਸੁੰਦਰਾ ਕਰੇ ਅਰਜੋਈ’, ‘ਤੇਰੀ ਆਂ ਮੈਂ ਤੇਰੀ ਰਾਂਝਾ’, ‘ਯਾਰ ਮੇਰਾ ਛੱਡ ਗਿਆ ਕੋਈ ਮੋੜ ਲਿਆਦੋ’, ‘ਚਿੱਠੀਆਂ ਸਾਹਿਬਾਂ ਜੱਟੀ ਨੇ’ ਪ੍ਰਮੁੱਖ ਹਨ। ਦੇਵ ਦੀ ਕਲਮ ਤੇ ਮਾਣਕ ਦੀ ਆਵਾਜ਼ ਗੀਤ ਦੇ ਨਾ ਸਿਰਫ਼ ਹਿੱਟ ਹੋਣ ਬਲਿਕ ਲੋਕ ਗੀਤ ਵਾਂਗ ਮਕਬੂਲ ਹੋਣ ਦੀ ਗਾਰੰਟੀ ਹੁੰਦੀ ਸੀ। ਇਸੇ ਲਈ ਉਨ੍ਹਾਂ ਦੀ ਜੋੜੀ ਦੇ ਗਾਏ ਹਿੱਟ ਗੀਤਾਂ ਨੂੰ ਸਰੋਤੇ ਲੋਕ ਗੀਤਾਂ ਦਾ ਭੁਲੇਖਾ ਖਾ ਜਾਂਦੇ ਹਨ। ਦੇਵ ਸਮਝਦਾ ਸੀ ਕਿ ਉਸ ਦੇ ਲਿਖੇ ਲੋਕ ਤੱਥਾਂ ਤੇ ਲੋਕ ਗਾਥਾਵਾਂ ਨੂੰ ਸਭ ਤੋਂ ਵੱਧ ਮਾਣਕ ਦੀ ਆਵਾਜ਼ ਹੀ ਜਚਦੀ ਸੀ। ਦੇਵ ਕਹਿੰਦਾ ਸੀ ਕਿ ਬਠਿੰਡੇ ਦੇ ਕੱਕੇ ਰੇਤਿਆਂ ਦੇ ਜੰਮਪਲ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਥਰਿੱਲ ਸੀ ਜਿਹੜਾ ਉਸ ਦੇ ਗੀਤਾਂ ਨਾਲ ਸਭ ਤੋਂ ਵੱਧ ਇਨਸਾਫ਼ ਕਰਦਾ ਸੀ। ਉਂਜ ਦੋਵਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵੀ ਬਹੁਤ ਮਿਲਦੀਆਂ ਸਨ।
ਮਾਣਕ ਨੇ ਦੇਵ ਦਾ ਪਹਿਲਾ ਗੀਤ ਜੈਮਲ ਫੱਤਾ, ਕੌਲਾ 1973 ਵਿੱਚ ਰਿਕਾਰਡ ਕੀਤਾ ਸੀ। ਦੇਵ ਦਾ ਲਿਖਿਆ ਗੀਤ ‘ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ’ ਜਦੋਂ ਕੁਲਦੀਪ ਮਾਣਕ ਨੇ ਗਾਇਆ ਤਾਂ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਸੁਰਿੰਦਰ ਕੌਰ ਨੇ ਵੀ ਇਸ ਗੀਤ ਨੂੰ ਰਿਕਾਰਡ ਕਰਨ ਦੀ ਇੱਛਾ ਪ੍ਰਗਟਾਈ। ਉਸ ਵੇਲੇ ਸੁਰਿੰਦਰ ਕੌਰ ਨਿੱਜੀ ਤੌਰ ’ਤੇ ਮਾਣਕ ਤੇ ਦੇਵ ਨੂੰ ਨਹੀਂ ਜਾਣਦੀ ਸੀ ਅਤੇ ਸਟੂਡਿਓ ਰਿਕਾਰਡਿੰਗ ਸਮੇਂ ਸੁਰਿੰਦਰ ਕੌਰ ਨੇ ਮਾਣਕ ਨੂੰ ਇਹ ਗੀਤ ਰਿਕਾਰਡ ਕਰਵਾਉਂਦਿਆਂ ਇੱਛਾ ਜ਼ਾਹਰ ਕਰਦਿਆਂ ਦੋਵਾਂ ਨੂੰ ਆਪਣੇ ਘਰ ਖਾਣੇ ’ਤੇ ਬੁਲਾਇਆ ਸੀ। ਸੁਰਿੰਦਰ ਕੌਰ ਨੇ ਕੁਲਦੀਪ ਮਾਣਕ ਤੋਂ 9 ਵਾਰ ਇਹ ਗੀਤ ਸੁਣਿਆ ਅਤੇ ਫੇਰ ਸੁਰਿੰਦਰ ਕੌਰ ਨੇ ਦੇਵ ਦਾ ਲਿਖਿਆ ਗੀਤ ‘ਟਿੱਲੇ ਵਾਲਿਆ ਮਿਲਾ ਦੇ ਰਾਂਝਾ ਹੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ’ ਰਿਕਾਰਡ ਕੀਤਾ। ਇਹ ਗੀਤ ਕੁਲਦੀਪ ਮਾਣਕ ਤੇ ਸੁਰਿੰਦਰ ਕੌਰ ਤੋਂ ਪਹਿਲਾਂ ਕਰਮਜੀਤ ਧੂਰੀ ਨੇ ਵੀ ਗਾਇਆ ਸੀ।
ਕੁਲਦੀਪ ਮਾਣਕ ਤੋਂ ਬਾਅਦ ਸਦਾਬਹਾਰ ਗਾਇਕ ਸੁਰਿੰਦਰ ਛਿੰਦਾ ਨਾਲ ਦੇਵ ਦੀ ਜੋੜੀ ਬਹੁਤ ਨਿਭੀ। ਛਿੰਦੇ ਨੂੰ ਸਦਾ ਲਈ ਅਮਰ ਕਰਨ ਵਾਲਾ ਗੀਤ ‘ਜਿਉਣਾ ਮੌੜ’ ਦੇਵ ਨੇ ਹੀ ਲਿਖਿਆ ਸੀ ਜਿਸ ਦੀ ਮਕਬੂਲੀਅਤ ਨੇ ਸਭ ਹੱਦਾਂ ਪਾਰ ਕੀਤੀਆਂ। ਪੁਰਾਣੇ ਦੌਰ ਦੇ ਗਾਇਕਾਂ ਦੀ ਗੱਲ ਕਰੀਏ ਤਾਂ ਕਰਮਜੀਤ ਧੂਰੀ, ਕਰਨੈਲ ਗਿੱਲ, ਸਵਰਨ ਲਤਾ, ਗੁਰਚਰਨ ਪੋਹਲੀ, ਜਗਮੋਹਨ ਕੌਰ, ਨਰਿੰਦਰ ਬੀਬਾ, ਪਾਲੀ ਦੇਤਵਾਲੀਆ ਤੋਂ ਲੈ ਕੇ ਅਗਲੀ ਪੀੜ੍ਹੀ ਵਿੱਚ ਲਾਭ ਹੀਰਾ, ਪੰਮੀ ਬਾਈ, ਯੁੱਧਵੀਰ ਮਾਣਕ, ਸੁਖਵਿੰਦਰ ਸੁੱਖੀ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ ਅਤੇ ਨਵੀਂ ਪੀੜ੍ਹੀ ਵਿੱਚ ਰਣਜੀਤ ਬਾਵਾ, ਗੁਰਮੀਤ ਮੀਤ, ਕੁਲਜੀਤ ਮਨੀ ਤੇ ਕੌਰ ਮਨਦੀਪ ਨੇ ਵੀ ਦੇਵ ਨੂੰ ਗਾਇਆ।
ਮਾਣਕ ਨੇ ਜਿੱਥੇ ਦੇਵ ਵੱਲੋਂ ਕਿੱਸਾ ਕਾਵਿ ਦੀ ਲਿਖੀ ਹਰ ਗਾਥਾ ਨੂੰ ਗਾਇਆ ਉੱਥੇ ਪੰਮੀ ਬਾਈ ਤੇ ਸੁਖਵਿੰਦਰ ਸੁੱਖੀ ਨੇ ਦੇਵ ਦੇ ਲਿਖੇ ਲੋਕ ਤੱਥ ਗਾਏ। ਇਨ੍ਹਾਂ ਵਿੱਚ ਪੰਮੀ ਬਾਈ ਨੇ ‘ਪੱਗਾਂ ਵਿੱਚੋਂ ਪੱਗ ਪਟਿਆਲਾ ਸ਼ਾਹੀ’, ‘ਜੱਟ ਜੱਟਾਂ ਦੇ ਭੋਲੂ ਹੈ ਨਰਾਇਣ ਦਾ’, ‘ਮੇਲੇ ਚੱਲੀਏ’ ਆਦਿ ਪ੍ਰਮੁੱਖ ਹਨ। ਦੇਵ ਨੇ ਕਈ ਫ਼ਿਲਮਾਂ ਲਈ ਵੀ ਗੀਤ ਲਿਖੇ। ‘ਪੁੱਤ ਜੱਟਾਂ ਦੇ’ ਅਤੇ ‘ਜੱਟ ਤੇ ਜ਼ਮੀਨ’ ਦਾ ਟਾਈਟਲ ਗੀਤ ਲਿਖਣ ਤੋਂ ਇਲਾਵਾ ‘ਲੰਬੜਦਾਰਨੀ’ ਫ਼ਿਲਮ ਦਾ ਟਾਈਟਲ ਗੀਤ ‘ਜੀ.ਟੀ. ਰੋਡ ’ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ’ ਵੀ ਬਹੁਤ ਮਕਬੂਲ ਹੋਇਆ। ਅਸਲ ਵਿੱਚ ਜਦੋਂ ਇਹ ਫ਼ਿਲਮ ਬਣ ਕੇ ਮੁਕੰਮਲ ਹੋ ਗਈ ਤਾਂ ਕਿਸੇ ਚੰਗੇ ਗੀਤ ਦੀ ਕਮੀ ਕਾਰਨ ਵਰਿੰਦਰ ਨੇ ਦੇਵ ਕੋਲ ਪਹੁੰਚ ਕਰਕੇ ਇਹ ਗੀਤ ਲਿਖਾਇਆ ਜੋ ਟਾਈਟਲ ’ਤੇ ਫਿੱਟ ਕੀਤਾ। ਇਹੋ ਗੀਤ ਸੁਪਰ ਹਿੱਟ ਹੋ ਗਿਆ।
ਦੇਵ ਦੇ ਗੀਤਾਂ ਵਿੱਚੋਂ ਪੰਜਾਬ ਦਾ ਅਮੀਰ ਕਿੱਸਾ ਕਾਵਿ ਜੀਵੰਤ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਦੇਵ ਦੇ ਗੀਤ ਪੰਜਾਬੀ ਸੱਭਿਆਚਾਰ ਦੀ ਜਿਉਂਦੀ ਜਾਗਦੀ ਉਦਾਹਰਨ ਹਨ ਜਿਨ੍ਹਾਂ ਵਿੱਚ ਉਸ ਨੇ ਸੱਭਿਆਚਾਰ ਦਾ ਹਰ ਰੰਗ ਪੇਸ਼ ਕੀਤਾ। ‘ਮਾਂ ਹੁੰਦੀ ਐ ਮਾਂ ਓ ਦੁਨੀਆ ਵਾਲਿਓ’ ਤੋਂ ਉੱਪਰ ਕੋਈ ਵੀ ਗੀਤ ਨਹੀਂ ਜਿਹੜਾ ਮਾਂ ਦੀ ਮਹਿਮਾ ਗਾ ਸਕੇ। ਇਸੇ ਤਰ੍ਹਾਂ ਹੀਰ ਦੀ ਕਲੀ ਅਤੇ ਜਿਉਣਾ ਮੌੜ ਵੀ ਪੰਜਾਬੀ ਸੰਗੀਤ ਜਗਤ ਦੇ ਸੁਪਰ ਹਿੱਟ ਗੀਤਾਂ ਵਿੱਚੋਂ ਇੱਕ ਹਨ।
ਦੇਵ ਦਾ ਪਹਿਲਾ ਲਿਖਿਆ ਗੀਤ ‘ਭਾਬੀ ਤੇਰੀ ਧੌਣ ਉੱਤੇ ਸੱਪ ਵਾਂਗ ਮੇਲ੍ਹਦਾ’ ਰਿਕਾਰਡ ਹੋਇਆ ਸੀ ਅਤੇ ਅੰਤਲੇ ਸਮੇਂ ਉਸ ਵੱਲੋਂ ਲਿਖਿਆ ਬਾਬਾ ਦੀਪ ਸਿੰਘ ਦਾ ਪ੍ਰਸੰਗ ਲਾਭ ਹੀਰਾ ਦੀ ਆਵਾਜ਼ ਅਤੇ ‘ਗੋਲੀ ਮਾਰੋ ਆਸ਼ਕ ਨੂੰ’ ਕੌਰ ਮਨਦੀਪ ਦੀ ਆਵਾਜ਼ ਵਿੱਚ ਹਾਲੇ ਰਿਲੀਜ਼ ਹੋਣਾ ਹੈ। ਕੁਲਜੀਤ ਪਾਰਸ ਵੱਲੋਂ ਗਾਇਆ ‘ਵਹਿੰਗੀ ਚੱਕ ਲੈ ਸਰਵਣਾ ਵੇ’ ਕੁਲਜੀਤ ਮਨੀ ਵੱਲੋਂ ਗਾਇਆ ਜਾ ਰਿਹਾ ਹੈ। ਗੁਰਮੀਤ ਮੀਤ ਨੇ ਤਾਂ ਉਸ ਦੇ ਗਾਏ ਗੀਤਾਂ ਦੀ ਪੂਰੀ ਐਲਬਮ ਰਿਲੀਜ਼ ਕੀਤੀ। ਅਜੋਕੇ ਸਮੇਂ ਦਾ ਹਿੱਟ ਗਾਇਕ ਰਣਜੀਤ ਬਾਵਾ ਜਦੋਂ ਸਟੇਜ ਉੱਪਰ ਚੜ੍ਹਦਾ ਹੈ ਤਾਂ ਲੋਰ ਵਿੱਚ ਆਇਆ ਉਹ ਇਕੱਠਿਆਂ ਦੇਵ ਦੇ ਲਿਖੇ ਗੀਤ ‘ਜਿਉਣਾ ਮੌੜ’, ‘ਸਾਹਿਬਾ ਬਣੀ ਭਰਾਵਾਂ ਦੀ’, ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ’ ਗਾ ਕੇ ਸਾਹਮਣੇ ਬੈਠੇ ਸਰੋਤਿਆਂ ਨੂੰ ਦਹਾਕਿਆਂ ਪਿਛਲੇ ਦੌਰ ਵਿੱਚ ਲੈ ਜਾਂਦਾ ਹੈ।
ਦੇਵ ਬਾਰੇ ਡਾ. ਨਿਰਮਲ ਜੌੜਾ ਨੇ ਪੁਸਤਕ ਵੀ ਲਿਖੀ ਹੈ। ਦੇਵ ਪੰਜਾਬੀ ਗੀਤਕਾਰੀ ਦਾ ਬਾਬਾ ਬੋਹੜ ਸੀ ਜਿਸ ਦੇ ਤੁਰ ਜਾਣ ਨਾਲ ਸੰਗੀਤ ਜਗਤ ਘਣਛਾਵੇਂ ਦਰੱਖਤ ਦੀ ਛਾਂ ਤੋਂ ਵਾਂਝਾ ਹੋ ਗਿਆ ਹੈ।
ਦੇਵ ਥਰੀਕਿਆਂ ਵਾਲਾ ਦੀ ਅਸਲ ਪਛਾਣ ਕੁਲਦੀਪ ਮਾਣਕ ਨਾਲ ਜੁੜਨ ਤੋਂ ਬਾਅਦ ਬਣੀ। ਕੁਲਦੀਪ ਮਾਣਕ ਤੇ ਦੇਵ ਦੀ ਜੋੜੀ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਤੇ ਗੀਤਕਾਰ ਦੀਆਂ ਹਿੱਟ ਜੋੜੀਆਂ ਵਿੱਚੋਂ ਉਹ ਸਿਖਰਲਾ ਸਥਾਨ ਹੈ ਜੋ ਮੁਹੰਮਦ ਸਦੀਕ ਤੇ ਬਾਬੂ ਸਿੰਘ ਮਾਨ (ਮਰਾੜਾਂ ਵਾਲਾ) ਦੀ ਜੋੜੀ ਨੂੰ ਹਾਸਲ ਹੈ। ਕਰੀਬ ਅੱਧੀ ਸਦੀ ਤੱਕ ਦੋਵਾਂ ਦਾ ਸਾਥ ਆਖਰੀ ਸਾਹਾਂ ਤੱਕ ਨਿਭਿਆ। ਦੋਹਾਂ ਦੀ ਸਾਂਝ ਇਸ ਹੱਦ ਤੱਕ ਸੀ ਕਿ ਮਾਣਕ ਨਾਲ ਥਰੀਕੇ ਅਤੇ ਦੇਵ ਨਾਲ ਜਲਾਲ ਪਿੰਡ ਇੰਜ ਜੁੜ ਗਏ ਜਿਵੇਂ ਉਨ੍ਹਾਂ ਦੇ ਇਹ ਜੱਦੀ ਪਿੰਡ ਹੀ ਹੋਣ। ਕੁਲਦੀਪ ਮਾਣਕ ਨੇ ਤਾਂ ਆਪਣੀ ਰਿਹਾਇਸ਼ ਵੀ ਥਰੀਕੇ ਰੱਖ ਲਈ ਸੀ। ਦੇਵ ਨੇ ਆਪਣੇ ਗੀਤਾਂ ਵਿੱਚ ਜਲਾਲ ਪਿੰਡ ਦਾ ਵੀ ਬਹੁਤ ਜ਼ਿਕਰ ਕੀਤਾ।