ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਪੁਸ਼ਪਾ ਰਾਣੀ ਦੀ ਪੈਦਾਇਸ਼ 15 ਨਵੰਬਰ 1923 ਨੂੰ ਲਾਹੌਰ ਦੇ ਪੰਜਾਬੀ ਪਠਾਣ ਪਰਿਵਾਰ ਵਿਚ ਹੋਈ। ਇਸ ਦਾ ਅਸਲ ਨਾਮ ਰਸ਼ੀਦਾ ਸੀ। ਦਸਵੀਂ ਤਕ ਤਾਲੀਮ ਲਾਹੌਰ ਤੋਂ ਪ੍ਰਾਪਤ ਕੀਤੀ। ਇਹ ਕੁਰਾਨ ਸ਼ਰੀਫ਼ ਵੀ ਬੜੇ ਸਤਿਕਾਰ ਨਾਲ ਪੜ੍ਹਦੀ ਸੀ। ਮਾਤਾ-ਪਿਤਾ ਦੀ ਮੁਖ਼ਾਲਫ਼ਤ ਦੇ ਬਾਵਜੂਦ ਸਿਨਮਾ ਨਾਲ ਦਿਲਚਸਪੀ ਦੇ ਚੱਲਦਿਆਂ ਫ਼ਿਲਮ ਲਾਈਨ ਅਖ਼ਤਿਆਰ ਕਰ ਲਈ। 15 ਜੁਲਾਈ 1938 ਨੂੰ ਮਿਸ ਪੁਸ਼ਪਾ ਚੁੱਪ-ਚੁਪੀਤਿਆਂ ਰੇਲ ਗੱਡੀ ਦੀ ਟਿਕਟ ਲੈ ਕੇ ਕਲਕੱਤੇ ਜਾ ਪੁੱਜੀ। ਇਸ ਦਾ ਪਹਿਲਾ ਰਾਬਤਾ ਮਾਦਨ ਥੀਏਟਰ, ਕਲਕੱਤੇ ਵਾਲਿਆਂ ਨਾਲ ਹੋਇਆ। ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਪਹਿਲਾਂ ਇੰਦਰਾ ਮੂਵੀਟੋਨ, ਕਲਕੱਤਾ ਅਤੇ ਫਿਰ ਇੰਦਰਾਪੁਰੀ ਸਟੂਡੀਓ ਵਿਚ ਕੰਮ ਕਰਨ ਲੱਗ ਪਈ।
ਜਦੋਂ ਦਾਊਦ ਚਾਂਦ ਨੇ ਆਪਣੀ ਹਿਦਾਇਤਕਾਰੀ ਵਿਚ ਇੰਦਰਾ ਮੂਵੀਟੋਨ, ਕਲਕੱਤਾ ਦੇ ਬੈਨਰ ਹੇਠ ਫ਼ਿਲਮ ‘ਵੀਰ ਕੇਸਰੀ’ (1938) ਬਣਾਈ ਤਾਂ ਰਸ਼ੀਦਾ ਨੂੰ ਪੁਸ਼ਪਾ ਰਾਣੀ ਦੇ ਨਵੇਂ ਨਾਮ ਨਾਲ ਪੇਸ਼ ਕਰਵਾਇਆ। ਫ਼ਿਲਮ ’ਚ ਵਿਚ ਉਸ ਦੇ ਮੁਕਾਬਿਲ ਹੀਰੋ ਦਾ ਕਿਰਦਾਰ ਬਾਬੂਰਾਵ ਪਹਿਲਵਾਨ ਅਦਾ ਕਰ ਰਿਹਾ ਸੀ। ਗੀਤ ਮੁਣਸ਼ੀ ਐੱਚ. ਐੱਸ. ਰਵੇਲ ਅਤੇ ਸੰਗੀਤ ਜੀ. ਏ. ਚਿਸ਼ਤੀ (ਗ਼ੁਲਾਮ ਅਹਿਮਦ ਚਿਸ਼ਤੀ) ਨੇ ਤਿਆਰ ਕੀਤਾ। ਫ਼ਿਲਮ ’ਚ 10 ਗੀਤ ਸਨ, ਜਿਨ੍ਹਾਂ ਦੇ ਖ਼ੂਬਸੂਰਤ ਬੋਲ ਹਨ ‘ਮੈਂ ਤੋ ਪੀ ਗਈ ਪੀ ਗਈ’, ‘ਧੀਰੇ-ਧੀਰੇ ਪ੍ਰੇਮ ਬਸਾ ਮੋਰੇ ਮਨ ਮੇਂ’, ‘ਆਸ਼ਾ ਨਾ ਦਿਲ ਕੀ ਤੋੜ ਪਯਾਰੇ’, ‘ਦੁਖੀਆ ਕੇ ਕਸ਼ਟ ਨਿਵਾਰੋ ਮੋਹਨ’, ‘ਈਸ਼ਵਰ ਕਰਦੇ ਬੇੜਾ ਪਾਰ’, ‘ਰੂਪ ਸੁੰਦਰਤਾ ਜਗ ਮੇਂ ਚਮਕੇ’ ਆਦਿ। ਹੋ ਸਕਦਾ ਹੈ ਇਨ੍ਹਾਂ ਵਿਚੋਂ ਕੁਝ ਗੀਤ ਪੁਸ਼ਪਾ ਰਾਣੀ ਨੇ ਵੀ ਗਾਏ ਹੋਣ, ਪਰ ਇਨ੍ਹਾਂ ਗੀਤਾਂ ਦੇ ਗੁਲੂਕਾਰਾਂ ਦੇ ਨਾਮ ਕਿਤੋਂ ਵੀ ਨਹੀ ਮਿਲੇ। ਇਹ ਫ਼ਿਲਮ 31 ਜੁਲਾਈ 1938 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਪੁਸ਼ਪਾ ਦੀ ਦੂਜੀ ਫ਼ਿਲਮ ‘ਜੋਸ਼-ਏ-ਇਸਲਾਮ’ (1939) ਸੀ। ਫ਼ਿਲਮ ’ਚ ਉਸ ਨੇ ‘ਕੰਤੂਰਾ’ ਦਾ ਅਤੇ ਬਾਬੂਰਾਵ ਪਹਿਲਵਾਨ ‘ਮੁਨੀਰ’ ਦਾ ਰੋਲ ਨਿਭਾ ਰਿਹਾ ਸੀ। ਕਹਾਣੀ, ਗੀਤ ਤੇ ਮੁਕਾਲਮੇ ਐੱਫ਼. ਡੀ. ਸ਼ਰਫ਼ ਤੇ (ਕਵੀ ਫ਼ਿਰੋਜ਼ਦੀਨ ਸ਼ਰਫ਼) ਇਕ ਗੀਤ ਅਲਾਮਾ ਇਕਬਾਲ ਅਤੇ ਮੌਸੀਕੀ ਮਾਸਟਰ ਧੁੰਮੀ ਖ਼ਾਨ ਰਾਮਪੁਰੀ ਨੇ ਮੁਰੱਤਬਿ ਕੀਤੀ। ਦੀਗਰ ਫ਼ਨਕਾਰਾਂ ਵਿਚ ਮਿਸ ਸ਼ਾਹ ਜਹਾਨ (ਪਤਨੀ ਹਿਦਾਇਤਕਾਰ ਦਾਊਦ ਚਾਂਦ), ਨਿਸਾਰ ਅਹਿਮਦ, ਨਜ਼ੀਰ ਬੇਗ਼ਮ, ਸੁੰਦਰ ਸਿੰਘ ਸ਼ਾਮਲ ਸਨ। ਫ਼ਿਲਮ ਦੇ ਕੁਲ 10 ਗੀਤਾਂ ਵਿਚੋਂ ਪੁਸ਼ਪਾ ਰਾਣੀ ਦੇ ਗਾਏ ਤੇ ਉਸੇ ’ਤੇ ਫ਼ਿਲਮਾਏ ਗੀਤ ‘ਹੋ ਮੁਬਾਰਕ ਆਪ ਕੋ ਯਹ ਪਯਾਰੀ ਪਯਾਰੀ ਈਦ’, ‘ਹੋ ਆਪਕੋ ਨਜ਼ਰਾਨਾ ਈਦ ਕਾ’, ‘ਮੁਝਕੋ ਕਲਮੇ ਮੇਂ ਹੈ ਮੁਸਤਫ਼ਾ ਮਿਲ ਗਿਆ’ ਅਤੇ ‘ਮੇਰੇ ਗ਼ਮ ਦੀ ਚਿੱਠੀ ਦੇਖ ਕੇ’ ਗੀਤ ਬੜੇ ਪਸੰਦ ਕੀਤੇ ਗਏ।
ਜਦੋਂ ਇੰਦਰਾ ਮੂਵੀਟੋਨ, ਕਲਕੱਤਾ ਨੇ ਸਫ਼ਦਰ ਮਿਰਜ਼ਾ ਦੀ ਹਿਦਾਇਤਕਾਰੀ ਵਿਚ ਸਟੰਟ ਫ਼ਿਲਮ ‘ਇੰਪੀਰੀਅਲ ਮੇਲ’ (1939) ਦਾ ਨਿਰਮਾਣ ਸ਼ੁਰੂ ਕੀਤਾ ਤਾਂ ਪੁਸ਼ਪਾ ਰਾਣੀ ਦਾ ਹੀਰੋਇਨ ਵਜੋਂ ਇੰਤਖ਼ਾਬ ਕੀਤਾ ਜੋ ਕਿ ਉਸ ਦੌਰ ਦੇ ਇਕ ਫ਼ਿਲਮ ਰਸਾਲੇ ਵਿਚ ਦਰਜ ਹੈ, ਪਰ ਬਾਅਦ ਵਿਚ ਪੁਸ਼ਪਾ ਦੀ ਜਗ੍ਹਾ ਮਿਸ ਗ਼ੁਲਜ਼ਾਰ ਨੂੰ ਹੀਰੋਇਨ ਵਜੋਂ ਸ਼ਾਮਲ ਕਰ ਲਿਆ ਗਿਆ ਸੀ।
ਪੁਸ਼ਪਾ ਰਾਣੀ ਨੂੰ ਪੰਜਾਬੀ ਫ਼ਿਲਮਾਂ ਵਿਚ ਪਹਿਲਾ ਮੌਕਾ ਵੀ ਇੰਦਰਾ ਮੂਵੀਟੋਨ, ਕਲਕੱਤਾ ਨੇ ਹੀ ਦਿੱਤਾ। ਜਦੋਂ ਉਨ੍ਹਾਂ ਨੇ ਦਾਊਦ ਚਾਂਦ (ਸਹਾਇਕ ਐੱਫ਼. ਡੀ. ਸ਼ਰਫ਼) ਦੀ ਹਿਦਾਇਤਕਾਰੀ ਵਿਚ ਰੁਮਾਨੀ ਦਾਸਤਾਨ ’ਤੇ ਆਧਾਰਿਤ ਪੰਜਾਬੀ ਫ਼ਿਲਮ ‘ਸੱਸੀ ਪੁਨੂੰ’ (1939) ਬਣਾਈ ਤਾਂ ਪੁਸ਼ਪਾ ਰਾਣੀ ਨੇ ‘ਸ਼ਹਿਜ਼ਾਦੀ ਤਾਰਾ’ ਦਾ ਰੋਲ ਨਿਭਾਇਆ। ਫ਼ਿਲਮ ’ਚ ਬਾਲੋ ਨੇ ਉਰਫ਼ ਇਕਬਾਲ ਬੇਗ਼ਮ (ਸਬੀਹਾ ਖ਼ਾਨਮ ਦੀ ਮਾਂ) ਨੇ ‘ਸੱਸੀ’ ਦਾ ਅਤੇ ਮੁਹੰਮਦ ਅਸਲਮ (ਰੇਡੀਓ ਸਿੰਗਰ) ਨੇ ‘ਪੁਨੂੰ’ ਦਾ ਮਰਕਜ਼ੀ ਕਿਰਦਾਰ ਨਿਭਾਇਆ। ਗੀਤ ਤੇ ਮੁਕਾਲਮੇ ਐੱਫ਼. ਡੀ. ਸ਼ਰਫ਼ ਅਤੇ ਸੰਗੀਤ ਮਾਸਟਰ ਧੂੰਮੀ ਖ਼ਾਨ ਰਾਮਪੁਰੀ ਨੇ ਤਾਮੀਰ ਕੀਤਾ ਸੀ। ਫ਼ਿਲਮ ਦੇ ਕੁਝ ਮਸ਼ਹੂਰ ਜ਼ਮਾਨਾ ਗੀਤ ‘ਮੇਰੇ ਬਾਬੁਲ ਦਾ ਮੁੱਖੜਾ ਪਿਆਰਾ’ (ਬੇਬੀ ਨੂਰਜਹਾਂ), ‘ਪੁਨੂੰ ਦੀਏ ਮੂਰਤੇ ਤੂੰ ਮੂੰਹੋਂ ਕਿਓਂ ਨਈ ਬੋਲਦੀ’ (ਸ਼ਮਸ਼ਾਦ ਬੇਗ਼ਮ), ‘ਤੇਰੇ ਸਾਹਮਣੇ ਬੈਠ ਕੇ ਰੋਣਾ ਦੁੱਖ ਤੈਨੂੰ ਨਹੀਓਂ ਦੱਸਣਾ’ (ਮੁਹੰਮਦ ਅਸਲਮ), ‘ਹੋਵੇਂ ਤੂੰ ਚੰਨ ਅਸਮਾਨੀ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਅਸਲਮ) ਆਦਿ। ਇਹ ਫ਼ਿਲਮ 23 ਜੂਨ 1939 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ।
ਇੰਦਰਾ ਮੂਵੀਟੋਨ, ਕਲਕੱਤਾ ਦੀ ਬੀ. ਐੱਸ. ਰਾਜਹੰਸ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜੱਗਾ ਡਾਕੂ’ (1940) ਵਿਚ ਪੁਸ਼ਪਾ ਰਾਣੀ ਨੇ ‘ਸ਼ਾਂਤੀ’ ਦਾ ਕਿਰਦਾਰ ਨਿਭਾਇਆ, ਜਿਸ ਦੇ ਹਮਰਾਹ ਗੁਲ ਜ਼ਮਾਨ ‘ਜੱਗਾ’ ਦਾ ਰੋਲ ਅਦਾ ਕਰ ਰਿਹਾ ਸੀ। ਗੀਤ ਤੇ ਮੁਕਾਲਮੇ ਐੱਮ. ਡੀ. ਸੋਜ਼ ਤੇ ਸੰਗੀਤ ਮਾਸਟਰ ਧੂੰਮੀ ਖ਼ਾਨ ਨੇ ਤਾਮੀਰ ਕੀਤਾ। ਪੁਸ਼ਪਾ ਰਾਣੀ ਤੇ ਗੁਲ ਜ਼ਮਾਨ ’ਤੇ ਫ਼ਿਲਮਾਏ ‘ਮੋਤੀ ਨਾ ਰੋਲਾਂਗੀ ਲੱਖ ਵਾਰੀ ਕਰ ਮਿੰਨਤਾਂ’, ‘ਪ੍ਰੀਤ ਦਾ ਤੈਨੂੰ ਗੀਤ ਸੁਣਾਵਾਂ’ (ਪੁਸ਼ਪਾ ਰਾਣੀ, ਗੁਲ ਜ਼ਮਾਨ) ਆਦਿ ਗੀਤ ਬੜੇ ਮਕਬੂਲ ਹੋਏ। ਹਿੰਦੀ ਵਿਚ ਇਹ ਫ਼ਿਲਮ ‘ਮਰਦ-ਏ-ਪੰਜਾਬ’ (1940) ਦੇ ਨਾਮ ਨਾਲ ਡੱਬ ਹੋਈ। ਇਹ ਫ਼ਿਲਮ 27 ਸਤੰਬਰ 1940 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ। ਇੰਦਰਾ ਮੂਵੀਟੋਨ ਦੀ ਹੀ ਧਰਮਵੀਰ ਸਿੰਘ ਨਿਰਦੇਸ਼ਿਤ ਮੁਹੱਬਤੀ ਪੰਜਾਬੀ ਫ਼ਿਲਮ ‘ਲੈਲਾ ਮਜਨੂੰ’ (1940) ’ਚ ਪੁਸ਼ਪਾ ਰਾਣੀ ਨੇ ‘ਮਜਨੂੰ’ ਦਾ ਮਰਦਾਨਾ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਅਦਾਕਾਰਾ ਨਜ਼ੀਰ ਬੇਗ਼ਮ ‘ਲੈਲਾ’ ਦਾ ਪਾਰਟ ਅਦਾ ਕਰ ਰਹੀ ਸੀ। ਕਹਾਣੀ ਮਨੋਹਰ ਸਿੰਘ ਸਹਿਰਾਈ, ਗੀਤ ਤੇ ਮੁਕਾਲਮੇ ਬੇਕਲ ‘ਅੰਮ੍ਰਿਤਸਰੀ’ ਅਤੇ ਸੰਗੀਤ ਸ਼ਿਆਮ ਸੁੰਦਰ ਨੇ ਤਰਤੀਬ ਦਿੱਤਾ। ਪੁਸ਼ਪਾ ਰਾਣੀ ਤੇ ਨਜ਼ੀਰ ਬੇਗ਼ਮ ’ਤੇ ਫ਼ਿਲਮਾਏ ਰੁਮਾਨੀ ਗੀਤ ‘ਇਕ ਤੂੰ ਇਕ ਮੈਂ ਪ੍ਰੀਤ ਦੀ ਦੁਨੀਆ ਵਸਾ ਲਈਏ’, ‘ਯਾਰ ਦੀ ਗਲੀ ਚੱਲ ਚੱਲੀਏ’, ‘ਤੇਰੀ ਗਲੀ ਵਿਚ ਇਕ ਮਸਤਾਨਾ ਫਿਰਦਾ ਨੀਂ’, ‘ਕੀਹਣੂ ਹਾਲ ਸੁਣਾਵਾਂ ਮੈਂ ਦਿਲ ਦਾ’ (ਪੁਸ਼ਪਾ ਰਾਣੀ), ‘ਮੁੜ ਜਾ ਮੁੜ ਜਾ ਵੇ’ (ਪੁਸ਼ਪਾ ਰਾਣੀ, ਅਬਦੁੱਲਾ ਕਾਬਲੀ) ਆਦਿ ਗੀਤ ਬੜੇ ਪਸੰਦ ਕੀਤੇ ਗਏ। ਇਹ ਪੰਜਾਬੀ ਫ਼ਿਲਮ ਇਤਿਹਾਸ ਦੀ ਪਹਿਲੀ ਸੀ, ਜਿਸ ਵਿਚ ‘ਲੈਲਾ’, ‘ਮਜਨੂੰ’ ਦਾ ਕਿਰਦਾਰ ਦੋ ਜਨਾਨਾ ਅਦਾਕਾਰਾਂ ਨੇ ਨਿਭਾਇਆ ਸੀ। ਇਕ ਨਵੰਬਰ 1940 ਨੂੰ ਇਹ ਫ਼ਿਲਮ ਕਰਾਊਨ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਪਰਦਾਪੇਸ਼ ਹੋਈ।
ਇੰਦਰਾ ਮੂਵੀਟੋਨ, ਕਲਕੱਤਾ ਦੇ ਬੈਨਰ ਹੇਠ ਜਦੋਂ ਐੱਚ. ਐੱਸ. ਰਵੇਲ ਉਰਫ਼ ਹਰਨਾਮ ਸਿੰਘ ਰਵੇਲ (ਪਿਤਾ ਰਾਹੁਲ ਰਵੇਲ) ਨੇ ਆਪਣੀ ਹਿਦਾਇਤਕਾਰੀ ਵਿਚ ਪਹਿਲੀ ਸਟੰਟ ਫ਼ਿਲਮ ‘ਦੋਰੰਗੀਆ ਡਾਕੂ’ ਉਰਫ਼ ‘ਗੈਂਗਸਟਰ’ (1940) ਬਣਾਈ ਤਾਂ ਪੁਸ਼ਪਾ ਰਾਣੀ ਨੂੰ ‘ਰਜਨੀ’ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਜਿਸ ਦੇ ਸਨਮੁੱਖ ਬਾਬੂਰਾਓ ਪਹਿਲਵਾਨ ‘ਦੋਰੰਗੀਆ ਡਾਕੂ’ ਦਾ ਟਾਈਟਲ ਰੋਲ ਨਿਭਾ ਰਿਹਾ ਸੀ। ਕਹਾਣੀ ਤੇ ਗੀਤ ਐੱਚ. ਐੱਸ. ਰਵੇਲ ਅਤੇ ਸੰਗੀਤਕਾਰ ਮਾਸਟਰ ਧੁੰਮੀ ਖ਼ਾਨ ਰਾਮਪੁਰੀ ਸਨ। ਫ਼ਿਲਮ ਵਿਚ 6 ਗੀਤ ਸਨ ‘ਪ੍ਰੇਮ ਕੀ ਸੁੰਦਰ ਫੁੱਲਵਾੜੀ’, ‘ਮਸਤੀ ਸੇ ਸੁਰਖ਼ ਰੰਗ ਰੁਖ਼-ਏ-ਆਫ਼ਤਾਬ’, ‘ਦੇਖ ਨਾ ਠੋਕਰ ਖ਼ਾਨਾ ਸੋਚ ਕੇ ਕਦਮ ਬੜਾਨਾ’ ਆਦਿ।
ਇੰਦਰਾਪੁਰੀ ਸਟੂਡੀਓ, ਕਲਕੱਤਾ ਦੀ ਆਈ. ਏ. ਹਾਫ਼ਿਜ ਨਿਰਦੇਸ਼ਿਤ ਫ਼ਿਲਮ ‘ਮਮਤਾ’ (1942) ’ਚ ਉਸ ਨੇ ‘ਮਮਤਾ’ ਦਾ ਟਾਈਟਲ ਰੋਲ ਅਦਾ ਕੀਤਾ, ਜਿਸ ਦੇ ਹਮਰਾਹ ਅਦਾਕਾਰ ਪ੍ਰਿੰਸ ਦਾਰਾ ਆਪਣੇ ਫ਼ਨ ਦੀ ਪੇਸ਼ਕਾਰੀ ਕਰ ਰਿਹਾ ਸੀ। ਗੀਤਕਾਰ ਜੀ. ਸ਼ਾਦਾਨੀ ਅਤੇ ਸੰਗੀਤਕਾਰ ਆਰ. ਏ. ਅੰਨਾ ਸਨ। ਇਸ ਫ਼ਿਲਮ ਵਿਚ ਕੁੱਲ 7 ਗੀਤ ਸਨ ‘ਮਰ ਚਲੇ ਹਮ ਜੀਤੇ ਜੀ’, ‘ਯਹ ਤੂਨੇ ਕਯਾ ਕੀਯਾ ਭਗਵਾਨ’, ‘ਰਾਤ ਭਰ ਸਪਨੋਂ ਮੇਂ ਵੋਹ ਆਤਾ ਰਹਾ’ ਆਦਿ, ਪਰ ਇਨ੍ਹਾਂ ਗੀਤਾਂ ਦੇ ਗੁਲੂਕਾਰਾਂ ਦੇ ਨਾਵਾਂ ਦਾ ਪਤਾ ਨਹੀਂ ਲੱਗਿਆ। ਇੰਦਰਾਪੁਰੀ ਸਟੂਡੀਓ ਦੀ ਹੀ ਐੱਸ. ਸ਼ਮਸ਼ੂਦੀਨ ਨਿਰਦੇਸ਼ਿਤ ਸੁਪਰਹਿੱਟ ਫ਼ਿਲਮ ‘ਇਰਾਦਾ’ (1944) ’ਚ ਪੁਸ਼ਪਾ ਰਾਣੀ ਨੇ ‘ਚੰਦਾ’ ਦਾ ਕਿਰਦਾਰ, ਜਿਸ ਦੇ ਰੂਬਰੂ ਧੀਰਜ ਭੱਟਾਚਾਰੀਆ ‘ਵਿਨੋਦ’ ਦਾ ਪਾਤਰ ਅਦਾ ਕਰ ਰਹੇ ਸਨ। ਕਹਾਣੀ ਦਾਊਦ ਚਾਂਦ, ਮੁਕਾਲਮੇ ਅਖ਼ਤਰ ਚੁਗਤਾਈ, ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਤ ਅਮਰਨਾਥ (ਐੱਚ. ਐੱਮ. ਵੀ.) ਨੇ ਮੁਰੱਤਬਿ ਕੀਤਾ। ਇਸ ਫ਼ਿਲਮ ਦੇ ਗੀਤ ਵੀ ਬੜੇ ਮਕਬੂਲ ਹੋਏ, ਜਿਨ੍ਹਾਂ ਦੇ ਖ਼ੂਬਸੂਰਤ ਬੋਲ ਹਨ ‘ਬਦਲ ਦੋ ਇਰਾਦਾ ਨ ਪਹਿਲੂ ਸੇ ਜਾਓ’, ‘ਪੀ ਮਸਤਾਨੇ ਜੀ ਮਸਤਾਨੇ’, ‘ਸਜਨਾ ਹੋ ਮੇਰੀ ਨਈ ਜਵਾਨੀ’, ‘ਰਾਤ ਸੁਹਾਗ ਕੀ ਆਈ ਸਜਨੀਆ’, ‘ਨਿਤ ਨਿਤ ਰੂਠਨੇ ਵਾਲੇ ਸਾਜਨ ਤੁਮ ਦੀਪ ਬਨੋ’ (ਰਾਧਾ ਰਾਨੀ, ਹੇਮੰਤ ਕੁਮਾਰ)। ਇਹ ਸ਼ਾਇਦ ਪੁਸ਼ਪਾ ਰਾਣੀ ਦੀ ਆਖ਼ਰੀ ਫ਼ਿਲਮ ਸੀ।
ਇਸ ਫ਼ਿਲਮ ਤੋਂ ਬਾਅਦ ਉਸ ਦੀ ਹੋਰ ਕਿਸੇ ਵੀ ਫ਼ਿਲਮ ਦੀ ਕੋਈ ਜਾਣਕਾਰੀ ਕਿਤੋਂ ਨਹੀਂ ਮਿਲ ਸਕੀ। ਉਹ ਕਿੱਥੇ ਚਲੀ ਗਈ, ਕਿਸ ਨਾਲ ਵਿਆਹੀ ਗਈ, ਕਿੱਥੇ ਫ਼ੌਤ ਹੋਈ, ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ। ਪਰ ਪੰਜਾਬਣ ਮੁਟਿਆਰ ਪੁਸ਼ਪਾ ਰਾਣੀ ਆਪਣੀ ਬਿਹਤਰੀਨ ਅਦਾਕਾਰੀ ਤੇ ਗੁਲੂਕਾਰੀ ਦੇ ਤੂਫ਼ੈਲ ਹਮੇਸ਼ਾਂ ਯਾਦ ਕੀਤੀ ਜਾਂਦੀ ਰਹੇਗੀ।
ਸੰਪਰਕ: 97805-09545