ਸਾਂਵਲ ਧਾਮੀ
ਜੰਡਿਆਲਾ-ਤਰਨ ਤਾਰਨ ਸੜਕ ’ਤੇ ਘੁੱਗ ਵੱਸਦਾ ਪਿੰਡ ਹੈ ਬੰਡਾਲਾ। ਇਹ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ। ਇਸ ਪਿੰਡ ਦਾ ਜੋਗੀ ਆਸਣ ਸੈਆਂ ਵਰ੍ਹੇ ਪੁਰਾਣਾ ਹੈ। ਕਰਨਲ ਜਵਾਲਾ ਸਿੰਘ ਦੇ ਮਹਿਲ ਭਾਵੇਂ ਢੱਠ ਗਏ ਹਨ, ਪਰ ਬੀਤੇ ਵਕਤ ਦੀ ਸ਼ਾਨ ਦਾ ਹਾਲੇ ਵੀ ਪ੍ਰਤੱਖ ਪ੍ਰਮਾਣ ਹਨ। ਬਜ਼ੁਰਗ ਦੱਸਦੇ ਹਨ ਕਿ ਇਸ ਪਿੰਡ ’ਚੋਂ ਨਿਕਲ ਕੇ ਹੁੰਦਲਾਂ ਦੇ ਬਾਰ੍ਹਾਂ ਪਿੰਡ ਬੱਝੇ ਹਨ। ਪਿਛਲੇ ਦਿਨੀਂ ਮੈਂ ਇਸ ਪਿੰਡ ਦੇ ਵਾਸੀ ਬਾਬਾ ਕਸ਼ਮੀਰ ਸਿੰਘ ਨੂੰ ਮਿਲਣ ਗਿਆ। ਉਹ ਨੱਬੇ ਵਰ੍ਹਿਆਂ ਦੇ ਹਨ। ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਬਾਅਦ ਉਨ੍ਹਾਂ ਗੁਆਚੇ ਚੱਕ ਦੀ ਗੱਲ ਸ਼ੁਰੂ ਕਰ ਲਈ ਸੀ।
“ਮੇਰੇ ਦਾਦੇ ਹੁਰੀਂ ਚਾਰ ਭਰਾ ਸਨ। ਇਕ ਭਰਾ ਜੱਦੀ ਪਿੰਡ ਜੱਬੋਵਾਲ ਰਹਿ ਗਿਆ ਸੀ ਤੇ ਤਿੰਨ ਬਾਰ ’ਚ ਚਲੇ ਗਏ ਸਨ। ਸਾਡਾ ਦਾਦਾ ਨਿਹਾਲ ਸਿੰਘ ਤੇ ਜਵਾਲਾ ਸਿੰਘ ਲਾਇਲਪੁਰ ਜ਼ਿਲ੍ਹੇ ’ਚ ਵਸ ਗਏ ਸਨ ਤੇ ਲਾਲ ਸਿੰਘ ਅਗਾਂਹ ਮੁਲਤਾਨ ਜ਼ਿਲ੍ਹੇ ’ਚ ਪਹੁੰਚ ਗਿਆ ਸੀ। ਸਾਡਾ ਚੱਕ ਟੋਭਾ ਟੇਕ ਸਿੰਘ ਤਹਿਸੀਲ ’ਚ ਸੀ। ਨੰਬਰ ਸੀ 360 ਜੀ.ਬੀ.। ਇੱਥੇ ਬਾਬਾ ਬਕਾਲਾ, ਲਾਲੂਵਾਲ, ਠੱਟਾ, ਮਾਹਲ, ਪੰਡੋਰੀਆਂ, ਸਠਿਆਲਾ, ਬੁਤਾਲਾ, ਸਿੰਘਪੁਰਾ, ਯੋਧੇ, ਕੈਰੋਂ, ਢੋਟੀਆਂ ਤੇ ਜੱਬੋਵਾਲ ਪਿੰਡਾਂ ਦੇ ਲੋਕ ਵੱਸਦੇ ਸਨ। ਪੰਝੀ ਦੇ ਪੰਝੀ ਘਰ ਜ਼ਿਲ੍ਹਾ ਅੰਮ੍ਰਿਤਸਰ ਦੇ ਸਨ ਤੇ ਵੱਖ-ਵੱਖ ਪੰਝੀ ਪਿੰਡਾਂ ਤੋਂ ਗਏ ਸਨ। ਬੁਤਾਲੀਆ ਦਾ ਹਰਨਾਮ ਸਿੰਘ ਤੇ ਢੋਟੀਆਂ ਦਾ ਕਰਮ ਸਿੰਘ ਸਾਡੇ ਲੰਬੜਦਾਰ ਹੁੰਦੇ ਸਨ।
ਉੱਥੇ ਸਾਡੇ ਬੜੇ ਕੰਮ ਸਨ। ਹਲ਼, ਜੂਲ਼ਾ, ਮੰਜਾ, ਮਧਾਣੀਆਂ, ਅਸੀਂ ਬੜਾ ਕੁਸ਼ ਬਣਾਉਂਦੇ ਸਾਂ। ਸਾਡੇ ਦੋ ਖਰਾਸ ਵੀ ਹੁੰਦੇ ਸਨ। ਇਹਦੇ ਨਾਲ-ਨਾਲ ਅਸੀਂ ਦੋ ਹਲ਼ਾਂ ਦੀ ਵਾਹੀ ਵੀ ਕਰਦੇ ਸਾਂ। ਓਸ ਚੱਕ ’ਚ ਜੁਲਾਹਿਆਂ, ਸੱਕਿਆਂ, ਘੁਮਿਆਰਾਂ, ਮੀਰ ਆਲਮਾਂ ਤੇ ਤੇਲੀਆਂ ਦਾ ਇਕ-ਇਕ ਘਰ ਸੀ। ਘੁਮਿਆਰਾਂ ਦਾ ਨੂਰਾ, ਸੱਕਿਆਂ ਦਾ ਮੌਲਾ ਬਖ਼ਸ਼ ਤੇ ਮਰਾਸੀਆਂ ਦਾ ਫੀਕੋ ਮੁਸਲਮਾਨਾਂ ’ਚੋਂ ਗੱਲਕਾਰ ਆਦਮੀ ਸਨ। ਫੀਕੋ ਭਲਵਾਨੀ ਵੀ ਕਰਦਾ ਸੀ। ਮੇਰੇ ਹਾਣੀਆਂ ਚੋਂ ਜੇਜੂ, ਜੇਬਾ, ਗੁਰਬਚਨ ਤੇ ਹਰਬੰਸ ਹੁਰੀਂ ਹੁੰਦੇ ਸਨ। ਮੇਰੀਆਂ ਦੋਵੇਂ ਭੂਆਂ ਤੇ ਨਾਨਕੇ, ਓਧਰ ਹੀ ਝੀਚੇ, ਕਾਲੇਕੇ ਤੇ ਕੁਹਾੜਕੇ ਪਿੰਡਾਂ ’ਚ ਵੱਸਦੇ ਸਨ।
ਸਾਡਾ ਘਰ ਬੜਾ ਖੁੱਲ੍ਹਾ ਘਰ ਸੀ। ਘਰ ਅੰਦਰ ਕਾਰਖਾਨਾ ਵੀ ਹੁੰਦਾ ਸੀ। ਸਾਡੇ ਬੂਹੇ ਦੇ ਗਾੜੀ ਇਕ ਛੱਪੜ ਹੁੰਦਾ ਸੀ। ਇਕ ਵਾਰ ਮੈਂ ਉਸ ’ਚ ਡਿੱਗ ਪਿਆ। ਦੂਜੇ ਬੰਨੇ ਵਾਲੇ ਘਰ ਦੇ ਮੁੰਡੇ ਨੇ ਪਹਿਲਾਂ ਮੇਰੇ ਜੂੜੇ ’ਤੇ ਬੱਧਾ ਰੁਮਾਲ ਵੇਖਿਆ। ਉਹਨੂੰ ਥੋੜ੍ਹਾ ਸ਼ੱਕ ਪਿਆ। ਅਗਲੇ ਗੇੜੇ ’ਚ ਮੇਰਾ ਸਿਰ ਥੋੜ੍ਹਾ ਉੱਪਰ ਉੱਠਿਆ ਤਾਂ ਉਹ ਸਾਰੀ ਗੱਲ ਸਮਝ ਗਿਆ। ਉਹਨੇ ਫੁਰਤੀ ਨਾਲ ਮੈਨੂੰ ਕੱਢ ਲਿਆ। ਉਹ ਮੇਰੇ ਚਾਚੇ ਦਾ ਜਮਾਤੀ ਦਰਸ਼ਣ ਸਿੰਘ ਸੀ। ਉਹ ਸੀ ਤਾਂ ਛੀਨਿਆਂ ਦਾ, ਪਰ ਉਹਨੂੰ ਝਬਾਲੀਆ ਕਰਕੇ ਸੱਦੀ ਦਾ ਸੀ। ਦਰਅਸਲ, ਝਬਾਲੀਆਂ ਦੇ ਘਰ ਉਹਦੇ ਨਾਨਕੇ ਸਨ।
ਸੰਤਾਲੀ ਤੋਂ ਬਾਅਦ ਉਹ ਸੁਪਨੇ ’ਚ ਕਦੇ ਮਿਲਿਆ ਨਹੀਂ ਸੀ। ਸੰਨ ਅਠਾਸੀ ’ਚ ਉਹ ਕਿਸੇ ਕੰਮ ਸਾਡੇ ਘਰ ਆ ਗਿਆ। ਕਹਿਣ ਲੱਗਾ-ਤੂੰ ਚਾਹ ਪਾਣੀ ਤਾਂ ਪੁੱਛ ਲਿਆ, ਪਹਿਲਾਂ ਇਹ ਤਾਂ ਦੱਸ ਕਿ ਮੈਂ ਹੈ ਕੌਣ? ਮੈਂ ਉਹਦਾ ਨਾਂ ਲਿਆ ਤਾਂ ਉਹ ਹੱਸ ਕੇ ਬੋਲਿਆ-ਬੜਾ ਟਿਕਾਣੇ ਮਾਰਿਆ ਈ ਟੇਵਾ। ਮੈਂ ਉਹਦੇ ਪੈਰ ਛੁਹ ਕੇ ਆਖਿਆ-ਇਹ ਜ਼ਿੰਦਗੀ ਤੁਹਾਡੇ ਕਰਕੇ ਆ।” ਬਾਬਾ ਕਸ਼ਮੀਰ ਸਿੰਘ ਦੇ ਹੱਥ ਆਪ-ਮੁਹਾਰੇ ਜੁੜ ਗਏ ਸਨ।
“ਸੰਤਾਲੀ ’ਚ ਕੀ ਹੋਇਆ ਸੀ?” ਮੈਂ ਅਗਲਾ ਸਵਾਲ ਕੀਤਾ।
ਮੇਰਾ ਇਹ ਸਵਾਲ ਸੁਣਦਿਆਂ ਉਹ ਰੋ ਪਿਆ ਸੀ। ਉਹਨੇ ਪਾਣੀ ਪੀਤਾ। ਥੋੜ੍ਹਾ ਸੰਭਲਿਆ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬੱਗੇ ਭਰਵੱਟਿਆਂ ’ਚ ਲੁਕੀਆਂ ਬੁੱਢੀਆਂ ਅੱਖਾਂ ਨੂੰ ਝੁਰੜਾਏ ਹੱਥਾਂ ਨਾਲ ਪੂੰਝਿਆ।
“ਸਾਡੇ ਚੱਕ ਦੇ ਨੇੜੇ ਜਾਂਗਲੀਆਂ ਦੀਆਂ ਹਵੇਲੀਆਂ ਹੁੰਦੀਆਂ ਸਨ। ਓਥੋਂ ਦੇ ਇਕ ਜਾਂਗਲੀ ਦਾ ਕੈਰੋਂ ਵਾਲੇ ਜੱਟ ਨਾਲ ਬੜਾ ਪਿਆਰ ਸੀ। ਉਹ ਸਾਡੇ ਚੱਕ ਆਇਆ। ਆਪਣੇ ਯਾਰ ਨੂੰ ਆਖਣ ਲੱਗਾ-ਅੱਜ ਚਾਰ ਵਜੇ ਤੋਂ ਪਹਿਲਾਂ-ਪਹਿਲਾਂ ਨਿਕਲ ਜਾਓ। ਨਹੀਂ ਤਾਂ ਏਨੀ ਬਰਬਾਦੀ ਹੋਣੀ ਆ ਜਿਹੜੀ ਮੈਥੋਂ ਦੱਸੀ ਨਈ ਜਾਂਦੀ। ਤੁਹਾਡੀ ਉਹ ਬੇਇੱਜ਼ਤੀ ਹੋਏਗੀ ਜੋ ਤੁਸੀਂ ਸੋਚ ਵੀ ਨਹੀਂ ਸਕਦੇ।
ਦੁਪਹਿਰ ਨੂੰ ਮੱਕੀ ਗੋਡ ਕੇ ਜਦੋਂ ਅਸੀਂ ਪਿੰਡ ਪਹੁੰਚੇ ਤਾਂ ਤਖ਼ਤਪੋਸ਼ ’ਤੇ ਬੈਠੇ ਲੋਕ ਡਾਹਢੇ ਉਦਾਸ ਸਨ। ਅਸੀਂ ਵੀ ਰੁਕ ਗਏ। ਅਸੀਂ ਹੈਰਾਨ ਹੋਏ। ਉਹ ਚੱਕ ਛੱਡਣ ਬਾਰੇ ਸਲਾਹ ਮਸ਼ਵਰਾ ਕਰ ਰਹੇ ਸਨ। ਆਖ਼ਰ ਉਨ੍ਹਾਂ ਤੁਰਨ ਦਾ ਫ਼ੈਸਲਾ ਲੈ ਲਿਆ। ਗੱਡਿਆਂ ’ਤੇ ਕਿੰਨਾ ਕੁ ਸਾਮਾਨ ਲੱਦਿਆ ਜਾਣਾ ਸੀ। ਬੜਾ ਕੁਝ ਪਿੱਛੇ ਰਹਿ ਗਿਆ। ਚੱਕ ਨੰਬਰ 359, 360 ਤੇ 361 ਨਹਿਰੋਂ ਪਰਲੇ ਪਾਸੇ ਸਨ। ਕਰੀਬ ਛੇ ਵਜੇ ਅਸੀਂ ਨਹਿਰੋਂ ਪਾਰ ਹੋ ਗਏ। ਇੱਧਰ ਆ ਕੇ ਖ਼ਤਰਾ ਥੋੜ੍ਹਾ ਘਟ ਗਿਆ ਸੀ। ਅਸੀਂ ਕੁਹਾੜਕੇ ਤੋਂ ਬਾਅਦ ਸ਼ੇਖ਼ ਪਿੰਡ ’ਚ ਰਾਤ ਕੱਟੀ ਸੀ। ਓਥੋਂ ਤੁਰ ਕੇ ਇਕ-ਇਕ ਰਾਤ ਸਰਜੇ ਅਤੇ ਸਖੀਰੇ ਕੱਟੀ। ਅਸੀਂ ਗੱਡੇ ਉੱਤੇ ਕਣਕ ਦੀਆਂ ਸੱਤ ਬੋਰੀਆਂ ਰੱਖ ਲਈਆਂ ਸਨ ਜੋ ਕੁਹਾੜਕੇ ਆਣ ਕੇ ਲਾਹ ਸੁੱਟੀਆਂ। ਗੱਡਿਆਂ ਉੱਤੇ ਬੱਚਿਆਂ ਅਤੇ ਬਜ਼ੁਰਗਾਂ ਕੋਲੋਂ ਬੈਠਿਆ ਨਹੀਂ ਸੀ ਜਾ ਰਿਹਾ।
ਸਾਡੇ ਨਾਨਕਿਆਂ ਦਾ ਚੱਕ ਵੀ ਸਾਡੇ ਨਾਲ ਸੀ। ਓਥੋਂ ਦੇ ਦੋ ਫ਼ੌਜੀ ਭਰਾ ਸਨ। ਛੋਟਾ ਪਿਆਰਾ ਸਿੰਘ ਪਾਣੀ ਲੈਣ ਗਿਆ। ਕਿਸੇ ਮੁਸਲਮਾਨ ਨੇ ਉਹਨੂੰ ਘੱਟ-ਵੱਧ ਬੋਲਿਆ। ਉਹ ਗੁੱਸੇ ’ਚ ਮੁੜ ਆਇਆ। ਆਪਣੇ ਭਰਾ ਨੂੰ ਆਂਹਦਾ-ਬੰਦੂਕ ਦੇ ਮੈਨੂੰ। ਉਹਨੇ ਨਾਂਹ ਕਰ ਦਿੱਤੀ। ਉਹ ਖੋਹਣ ਲੱਗ ਪਿਆ। ਜਦੋਂ ਨਾਲੀ ਤੋਂ ਫੜ ਕੇ ਹੁੱਝਕਾ ਮਾਰਿਆ ਤਾਂ ਗੋਲੀ ਚੱਲ ਗਈ। ਪਿਆਰਾ ਸਿੰਘ ਓਥੇ ਢੇਰੀ ਹੋ ਗਿਆ।
ਸਲੂਣੀ ਝਾਲ ਵਾਲੀ ਨਹਿਰ ਦੇ ਪੁਲ ’ਤੇ ਸਾਡੇ ਕਾਫ਼ਲੇ ’ਤੇ ਗੋਲੀ ਚੱਲ ਗਈ ਸੀ। ਅਸੀਂ ਸਾਰੇ ਖਿੰਡਰ-ਪੁੰਡਰ ਗਏ ਸਾਂ। ਮੈਂ ਵੀ ਦੋ-ਤਿੰਨ ਘੰਟੇ ਗੱਡੇ ਦੇ ਪਹੀਏ ਪਿੱਛੇ ਲੁਕਿਆ ਰਿਹਾ ਸਾਂ। ਮੇਰਾ ਛੋਟਾ ਭਰਾ ਤੇ ਮਾਮੇ ਦੀ ਧੀ ਨੇੜਲੇ ਕਮਾਦ ’ਚ ਲੁਕ ਗਏ ਸਨ। ਅਸੀਂ ਅਗਾਂਹ ਲੰਘ ਆਏ। ਕੁਹਾੜਕੇ ਦੇ ਲੰਬੜਦਾਰ ਨੇ ਕੁੜੀ ਨੂੰ ਪਛਾਣ ਲਿਆ। ਉਨ੍ਹੇ ਦੋਹਾਂ ਨੂੰ ਘੋੜੀ ’ਤੇ ਬਿਠਾ ਕੇ ਸਾਡੇ ਗੱਡੇ ਨਾਲ ਰਲਾਇਆ ਸੀ। ਅਗਾਂਹ ਬੱਲੋਕੀ ਹੈੱਡ ’ਤੇ ਸਾਨੂੰ ਪੰਦਰਾਂ ਦਿਨ ਰੁਕਣਾ ਪਿਆ ਸੀ। ਇੱਥੇ ਸਾਡੀ ਚਾਚੀ ਹਰਨਾਮ ਕੌਰ, ਨਾਨਾ ਪੰਜਾਬ ਸਿੰਘ ਤੇ ਸਾਡੇ ਫੁੱਫੜ ਦੀ ਮਾਤਾ ਖ਼ਤਮ ਹੋ ਗਏ ਸਨ। ਅਸੀਂ ਇਨ੍ਹਾਂ ਨੂੰ ਟੋਏ ਪੁੱਟ ਕੇ ਦੱਬ ਦਿੱਤਾ ਸੀ। ਮਹਾਰਾਜਾ ਪਟਿਆਲਾ ਵੱਲੋਂ ਭੇਜੇ ਹੈਲੀਕਾਪਟਰ ਸਾਡੇ ਲਈ ਰੋਟੀਆਂ ਦੀਆਂ ਬੋਰੀਆਂ ਅਤੇ ਬਿਸਕੁਟ ਵਗੈਰਾ ਸੁੱਟਦੇ ਸਨ। ਚੇਲੇਆਣੇ ਪਿੰਡ ਦਾ ਇਕ ਬੰਦਾ ਰੋਟੀਆਂ ਦੀ ਬੋਰੀ ਨੂੰ ਜੱਫਾ ਮਾਰਨ ਦੀ ਕੋਸ਼ਿਸ਼ ਕਰਦਾ, ਬੋਰੀ ਹਿੱਕ ’ਤੇ ਵੱਜਣ ਕਰਕੇ ਮਰ ਵੀ ਗਿਆ ਸੀ।
ਬੱਲੋਕੀ ਹੈੱਡ ਤੋਂ ਪਾਰ ਭਾਈ ਫੇਰੂ ਆਇਆ ਸੀ। ਇਸ ਤੋਂ ਅੱਗੇ ਰਾਏਜੰਗ। ਅਗਾਂਹ ਕਸੂਰ ਸ਼ਹਿਰ ’ਚ ਤਾਂ ਛੱਪੜਾਂ ’ਤੇ ਵੀ ਪਹਿਰਾ ਸੀ। ਡੰਗਰਾਂ ਦੇ ਪੀਣ ਲਈ ਪਾਣੀ ਦੀ ਮੁਸ਼ਕਲ ਹੋ ਗਈ ਸੀ। ਸਾਡੀ ਆਰਮੀ ਨੇ ਛੱਪੜ ਦੁਆਲੇ ਮਸ਼ੀਨ ਗੰਨਾਂ ਫਿੱਟ ਕਰਕੇ ਪਾਣੀ ਦਾ ਇੰਤਜ਼ਾਮ ਕੀਤਾ ਸੀ। ਇੱਥੋਂ ਅਸੀਂ ਖੇਮਕਰਨ, ਭਿੱਖੀਵਿੰਡ, ਝਬਾਲ, ਕਾਜ਼ੀਕੋਟ, ਤਰਨ ਤਾਰਨ ਤੇ ਜੰਡਿਆਲਾ ਹੁੰਦੇ ਹੋਏ ਆਪਣੇ ਜੱਦੀ ਪਿੰਡ ਜੱਬੋਵਾਲ ਪਹੁੰਚ ਗਏ ਸਾਂ। ਬਾਈ ਭਾਦਰੋਂ ਤੋਂ ਕੱਤੇ ਦੀ ਸੰਗਰਾਂਦ ਤਕ ਸਾਨੂੰ ਪੂਰੇ ਚਾਲੀ ਦਿਨ ਲੱਗ ਗਏ ਸਨ। ਅਠਾਰਾਂ ਸਾਲ ਅਸੀਂ ਕੋਟਲਾ ਬਠੁੱਨਗੜ੍ਹ ਰਹੇ ਤੇ ਫਿਰ ਇੱਥੇ ਬੰਡਾਲੇ ਆ ਗਏ ਸਾਂ। ਉਦੋਂ ਤੋਂ ਇਹ ਨਗਰ ਆਪਣਾ ਹੋ ਗਿਆ ਹੈ!” ਗੱਲ ਮੁਕਾ ਬਾਬਾ ਜੀ ਚੁੱਪ ਹੋ ਗਏ।
“ਤੁਹਾਡੇ ਮੁਲਤਾਨ ਵਾਲੇ ਬਾਬੇ ਦਾ ਕੀ ਬਣਿਆ?” ਮੈਂ ਨਵਾਂ ਸਵਾਲ ਕਰ ਦਿੱਤਾ।
“ਉਹ ਮੁਲਤਾਨ ਦੇ ਸੋਲਾਂ ਚੱਕ ’ਚ ਰਹਿੰਦੇ ਸਨ। ਸੰਤਾਲੀ ਤਕ ਬਾਬਾ ਲਾਲ ਸਿੰਘ ਤਾਂ ਪੂਰਾ ਹੋ ਚੁੱਕਾ ਸੀ। ਉਹਦੇ ਤਿੰਨ ਪੁੱਤਰ ਸਨ। ਵੱਡਾ ਕੇਹਰ ਸਿੰਘ ਜਮਾਂਦਰੂ ਲੱਤਾਂ ਤੋਂ ਥੋੜ੍ਹਾ ਕਮਜ਼ੋਰ ਸੀ। ਸੰਤਾਲੀ ’ਚ ਉਨ੍ਹਾਂ ਦੇ ਚੱਕ ’ਤੇ ਬਹੁਤ ਵੱਡਾ ਹਮਲਾ ਹੋਇਆ ਸੀ। ਇਹ ਸਭ ਗੱਲਾਂ ਸਾਨੂੰ ਓਥੋਂ ਬਚ ਕੇ ਆਏ ਇਕ ਬੰਦੇ ਨੇ ਸੁਣਾਈਆਂ ਸਨ। ਮੌਤ ਸਾਹਮਣੇ ਵੇਖ ਕੇਹਰ ਸਿੰਘ ਦੇ ਛੋਟੇ ਭਰਾ ਬਿਸ਼ਨ ਸਿੰਘ ਤੇ ਸੰਤੋਖ ਸਿੰਘ ਘਰੋਂ ਭੱਜ ਤੁਰੇ ਸਨ। ਜਦੋਂ ਉਹ ਆਪਣਾ ਦਰ ਟੱਪਣ ਲੱਗੇ ਤਾਂ ਵੱਡੇ ਕੇਹਰ ਸਿੰਘ ਨੇ ਉੱਚੀ ਆਵਾਜ਼ ’ਚ ਉਨ੍ਹਾਂ ਨੂੰ ਅਜਿਹਾ ਮਿਹਣਾ ਮਾਰਿਆ ਕਿ ਉਹ ਥਾਏਂ ਰੁਕ ਗਏ ਸਨ। ਸੰਤੋਖ ਸਿੰਘ ਹਾਲੇ ਕੁਆਰਾ ਸੀ। ਕੇਹਰ ਸਿੰਘ ਤੇ ਬਿਸ਼ਨ ਸਿੰਘ ਹੁਰਾਂ ਦੀਆਂ ਘਰਵਾਲੀਆਂ ਪੇਕੇ ਗਈਆਂ ਹੋਈਆਂ ਸਨ। ਹਮਲਾਵਰਾਂ ਨੇ ਉਹ ਤਿੰਨੋਂ ਭਰਾ ਕਤਲ ਕਰ ਦਿੱਤੇ।” ਗੱਲ ਮੁਕਾਉਂਦਿਆਂ ਬਾਬਾ ਕਸ਼ਮੀਰ ਸਿੰਘ ਦਾ ਗਲਾ ਭਰ ਆਇਆ ਸੀ।
“ਕੇਹਰ ਸਿੰਘ ਨੇ ਅਜਿਹਾ ਕੀ ਕਿਹਾ ਹੋਵੇਗਾ ਕਿ ਉਨ੍ਹਾਂ ਦੌੜਨ ਨਾਲੋਂ ਮਰਨਾ ਕਬੂਲ ਕਰ ਲਿਆ ਸੀ?” ਮੈਂ ਜਗਿਆਸਾ ਵੱਸ ਪੁੱਛਿਆ।
“ਉਹਨੇ ਕਿਹਾ ਸੀ ਕਿ…” ਗੱਲ ਸ਼ੁਰੂ ਕਰਦਿਆਂ ਉਹ ਤੜਫ਼ ਉੱਠਿਆ ਸੀ।
“…ਭਰਾ ਨੂੰ ਛੱਡ ਕੇ ਭਰਾ ਕਦੇ ਭੱਜਦੇ ਨਹੀਂ ਹੁੰਦੇ!”
ਗੱਲ ਮੁਕਾ ਕੇ ਬਾਬਾ ਕਸ਼ਮੀਰ ਸਿੰਘ ਭੁੱਬੀਂ ਰੋ ਪਿਆ।
ਸੰਪਰਕ: 97818-43444