ਸੁਖਵਿੰਦਰ ਸਿੰਘ ਮੁੱਲਾਂਪੁਰ
ਸਾਲ 1947 ਵਿਚ ਦੇਸ਼ ਦੀ ਧਰਮ ਦੇ ਨਾਂ ’ਤੇ ਹੋਈ ਵੰਡ ਕਰਕੇ ਬਹੁਤ ਲੋਕਾਂ ਨੂੰ ਘਰ-ਬਾਰ ਛੱਡ ਕੇ ਦੋ ਮੁਲਕਾਂ ਵਿਚਾਲੇ ਖਿੱਚੀ ਲਕੀਰ ਦੇ ਆਰ ਪਾਰ ਜਾਣਾ ਪਿਆ। ਇਸ ਤਰ੍ਹਾਂ ਹੀ ਕਵੀਸ਼ਰੀ ਦੇ ਬਾਦਸ਼ਾਹ ਬਾਬੂ ਰਜਬ ਅਲੀ ਨੂੰ ਆਪਣਾ ਘਰ-ਬਾਰ ਛੱਡ ਕੇ ਭਾਰਤ ਤੋਂ ਪਾਕਿਸਤਾਨ ਜਾਣਾ ਪਿਆ। ਬਾਬੂ ਰਜਬ ਅਲੀ ਦਾ ਜਨਮ ਪਿਤਾ ਧਮਾਲੀ ਖਾਂ ਅਤੇ ਮਾਤਾ ਜਿਊਣੀ ਦੇ ਘਰ ਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਵਿਖੇ 10 ਅਗਸਤ 1894 ਨੂੰ ਰਾਜਪੂਤ ਪਰਿਵਾਰ ਵਿਚ ਹੋਇਆ।
ਬਾਬੂ ਰਜਬ ਅਲੀ ਹੋਰੀਂ ਪੰਜ ਭੈਣ ਭਰਾ ਸਨ। ਵੱਡੀਆਂ ਚਾਰ ਭੈਣਾਂ ਤੇ ਸਭ ਤੋਂ ਛੋਟਾ ਬਾਬੂ ਰਜਬ ਅਲੀ ਸੀ। ਛੋਟਾ ਹੋਣ ਕਰਕੇ ਸਾਰੇ ਉਸ ਨੂੰ ਬਹੁਤ ਲਾਡ ਕਰਦੇ ਸਨ। ਜਦੋਂ ਰਜਬ ਅਲੀ ਪੰਜ ਸਾਲ ਦਾ ਹੋਇਆ ਤਾਂ ਪਿੰਡ ਤੋਂ ਡੇਢ ਮੀਲ ਦੀ ਦੂਰੀ ’ਤੇ ਪਿੰਡ ਬੰਬੀਬਾ ਵਿਚ ਪੜ੍ਹਨ ਲਾ ਦਿੱਤਾ। ਪਿਤਾ ਧਮਾਲੀ ਖਾਂ ਰਜਬ ਅਲੀ ਨੂੰ ਮੋਢਿਆਂ ’ਤੇ ਬਿਠਾ ਕੇ ਸਕੂਲ ਲੈ ਕੇ ਆਇਆ ਜਾਇਆ ਕਰਦਾ ਸੀ ਤਾਂ ਸੱਥ ਵਿਚ ਬੈਠੇ ਵਿਅਕਤੀਆਂ ਵਿਚੋਂ ਕਿਸੇ ਨੇ ਕਹਿ ਦਿੱਤਾ, ‘ਧਮਾਲੀ! ਕਿਉਂ ਇੰਨੀ ਔਖ ਸੌਖ ਭਰਦਾ ਏ, ਵੱਡਾ ਹੋ ਕੇ ਇਹਨੇ ਕਹਿੜਾ ਬਾਬੂ ਲੱਗਣਾ?’ ਧਮਾਲੀ ਨੇ ਕਿਹਾ, ‘ਜੇਕਰ ਮੇਰੀ ਜ਼ਿੰਦਗੀ ਰਹਿ ਗਈ ਤਾਂ ਇਸ ਨੂੰ ਬਾਬੂ ਵੀ ਬਣਾ ਦੇਊਂ।’ ਧਮਾਲੀ ਖਾਂ ਨੇ ਇਹ ਗੱਲ ਸੱਚ ਕਰ ਵਿਖਾਈ।
ਉੱਥੋਂ ਰਜਬ ਅਲੀ ਨੇ ਪੰਜ ਜਮਾਤਾਂ ਪਾਸ ਕਰਕੇ ਅੱਠਵੀਂ ਜਮਾਤ ਮੋਗੇ ਤੋਂ ਅਤੇ 1912 ਵਿਚ ਦਸਵੀਂ ਜਮਾਤ ਬਰਜਿੰਦਰਾ ਹਾਈ ਸਕੂਲ ਫ਼ਰੀਦਕੋਟ ਤੋਂ ਚੰਗੇ ਨੰਬਰਾਂ ਵਿਚ ਪਾਸ ਕੀਤੀ। ਗੁਜਰਾਤ ਵਿਚ ਰਸੂਲੋਂ ਓਵਰਸੀਅਰ ਦਾ ਡਿਪਲੋਮਾ ਪਾਸ ਕੀਤਾ। ਬਾਬੂ ਰਜਬ ਅਲੀ ਵਧੀਆ ਅਥਲੀਟ ਅਤੇ ਕ੍ਰਿਕਟ ਦਾ ਕਪਤਾਨ ਸੀ। ਉਹ ਹੋਰ ਵੀ ਕਈ ਖੇਡਾਂ ਦਾ ਵਧੀਆ ਖਿਡਾਰੀ ਸੀ। ਓਵਰਸੀਅਰ ਪਾਸ ਕਰਕੇ ਉਸ ਦੀ ਨਿਯੁਕਤੀ ਨਹਿਰੀ ਵਿਭਾਗ ਵਿਚ ਓਵਰਸੀਅਰ ਵਜੋਂ ਜ਼ਿਲ੍ਹਾ ਪੇਸ਼ਾਵਰ ਵਿਚ ਹੋਈ। ਨਹਿਰੀ ਵਿਭਾਗ ਵਿਚ ਓਵਰਸੀਅਰ ਨੂੰ ‘ਬਾਬੂ ਜੀ’ ਕਿਹਾ ਜਾਂਦਾ ਸੀ। ਇਸ ਕਰਕੇ ਉਨ੍ਹਾਂ ਦੇ ਨਾਮ ਨਾਲ ਬਾਬੂ ਲੱਗ ਗਿਆ।
1914 ਵਿਚ ਬਾਬੂ ਰਜਬ ਅਲੀ ਨੇ ਆਪਣੀ ਪਹਿਲੀ ਰਚਨਾ ‘ਹੀਰ ਰਜਬ ਅਲੀ’ ਲਿਖ ਕੇ ਕਵੀਸ਼ਰੀ ਵਿਚ ਪ੍ਰਵੇਸ਼ ਕੀਤਾ। ਪੇਸ਼ਾਵਰ ਤੋਂ ਬਦਲੀ ਕਰਵਾ ਕੇ 1915 ਵਿਚ ਉਸ ਨੇ ਮਾਲਵੇ ਵਿਚ ਸਰਹੰਦ ਬਰਾਂਚ ਨਹਿਰ ’ਤੇ ਅਖਾੜਾ ਨਹਿਰੀ ਕੋਠੀ ਤੋਂ ਨੌਕਰੀ ਸ਼ੁਰੂ ਕੀਤੀ। ਇੱਥੋਂ ਨੌਕਰੀ ਛੱਡ ਕੇ ਉਸ ਨੇ ਲੰਮਾ ਸਮਾਂ ਫ਼ੌਜ ਵਿਚ ਇੰਜੀਨੀਅਰ ਦੇ ਤੌਰ ’ਤੇ ਨੌਕਰੀ ਕੀਤੀ। ਉੱਥੋਂ ਆ ਕੇ ਫਿਰ ਨਹਿਰੀ ਵਿਭਾਗ ਵਿਚ ਸਰਹੰਦ ਨਹਿਰ ’ਤੇ ਨੌਕਰੀ ਕਰ ਲਈ। ਨੌਕਰੀ ਦੌਰਾਨ ਉਨ੍ਹਾਂ ਨੇ ਸਾਰੇ ਮਾਲਵੇ ਦੇ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਿਆ।
ਉਨ੍ਹਾਂ ਨੇ ਆਪਣੇ ਸਕੂਲ ਦੇ ਮੁੱਖ ਅਧਿਆਪਕ ਪੰਡਤ ਰਾਮ ਨਿਵਾਸ ਤੋਂ ਕਾਵਿ ਬੋਧ ਪ੍ਰਾਪਤ ਕੀਤਾ। ਪੰਜਾਬੀ, ਫ਼ਾਰਸੀ, ਉਰਦੂ ਅਤੇ ਪਿੰਗਲ ਦਾ ਚੰਗੀ ਤਰ੍ਹਾਂ ਗਿਆਨ ਪ੍ਰਾਪਤ ਕੀਤਾ। 1921 ਵਿਚ ਬਾਬੂ ਜੀ ਨੇ ਪ੍ਰਸਿੱਧ ਕਵੀਸ਼ਰ ਮਾਨ ਸਿੰਘ ਨੂੰ ਪੱਗ ਦੀ ਰਸਮ ਨਾਲ ਉਸਤਾਦ ਧਾਰਿਆ।
ਬਾਬੂ ਜੀ ਨੇ ਇਸਲਾਮ ਧਰਮ ਅਨੁਸਾਰ ਚਾਰ ਵਿਆਹ ਰਚਾਏ। ਉਨ੍ਹਾਂ ਦੇ ਘਰ ਚਾਰ ਪੁੱਤਰਾਂ ਆਕਲ ਖਾਂ, ਸ਼ਮਸ਼ੇਰ ਖਾਂ, ਅਦਾਲਤ ਖਾਂ, ਅਲੀ ਸਰਦਾਰ ਅਤੇ ਦੋ ਬੇਟੀਆਂ ਸ਼ਮਸ਼ਾਦ ਬੇਗ਼ਮ ਅਤੇ ਗੁਲਜ਼ਾਰ ਬੇਗ਼ਮ ਨੇ ਜਨਮ ਲਿਆ। 1940 ਵਿਚ ਬਾਬੂ ਜੀ ਨੇ ਆਪਣੀ ਰਿਹਾਇਸ਼ ਕਾਲਾ ਟਿੱਬਾ ਵਿਖੇ ਕਰ ਲਈ, ਫਿਰ ਉਹ ਦੇਸ਼ ਦੀ ਵੰਡ ਤਕ ਉੱਥੇ ਹੀ ਰਹੇ। 1947 ਵਿਚ ਦੇਸ਼ ਆਜ਼ਾਦ ਹੋ ਗਿਆ, ਪਰ ਦੇਸ਼ ਦੀ ਵੰਡ ਹੋ ਗਈ। ਇਸ ਦਾ ਸ਼ਿਕਾਰ ਬਾਬੂ ਰਜਬ ਅਲੀ ਨੂੰ ਵੀ ਪਰਿਵਾਰ ਸਮੇਤ ਹੋਣਾ ਪਿਆ। ਉਹ ਆਪਣੇ ਪਿੰਡ ਸਾਹੋਕੇ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨ, ਪਰ ਜ਼ਬਰਨ ਪਾਕਿਸਤਾਨ ਜਾਣਾ ਪਿਆ। ਉੱਥੇ ਉਨ੍ਹਾਂ ਨੂੰ ਚੱਕ ਨੰਬਰ ਬੱਤੀ ਜ਼ਿਲ੍ਹਾ ਉਕਾੜੇ ਵਿਚ ਚਾਲੀ ਏਕੜ ਜ਼ਮੀਨ ਅਤੇ ਘਰ ਅਲਾਟ ਹੋ ਗਿਆ।
ਉੱਥੇ ਰਹਿ ਕੇ ਆਪਣੇ ਪਿੰਡ ਮਿਲਣ ਆਉਣ ਦੀ ਤਾਂਘ ਹਮੇਸ਼ਾਂ ਉਨ੍ਹਾਂ ਦੇ ਦਿਲ ਵਿਚ ਰਹਿੰਦੀ ਸੀ। 11 ਫਰਵਰੀ 1965 ਨੂੰ ਪਾਕਿਸਤਾਨ ਸਰਕਾਰ ਨੇ ਭਾਰਤ ਆਉਣ ਲਈ ਵੀਜ਼ਾ ਲਗਾ ਦਿੱਤਾ। ਬਾਬੂ ਜੀ ਆਪਣੇ ਛੋਟੇ ਪੁੱਤਰ ਸ਼ਮਸ਼ੇਰ ਖਾਂ ਨਾਲ 15 ਮਾਰਚ 1965 ਨੂੰ ਇਕ ਮਹੀਨੇ ਲਈ ਭਾਰਤ ਆਏ। ਜਦੋਂ ਉਨ੍ਹਾਂ ਦੇ ਆਉਣ ਦੀ ਖ਼ਬਰ ਪਿੰਡ ਸਾਹੋਕੇ ਪੁੱਜੀ ਤਾਂ ਸਾਰਾ ਪਿੰਡ ਖੁਸ਼ ਹੋ ਗਿਆ। ਬਾਬੂ ਰਜਬ ਅਲੀ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਉਡੀਕ ਵਿਚ ਪਿੰਡ ਦੇ ਲੋਕ, ਸ਼ਾਗਿਰਦ ਅਤੇ ਪ੍ਰਸੰਸਕ ਖੜ੍ਹੇ ਸਨ। ਬਾਬੂ ਜੀ ਨੂੰ ਪਿੰਡ ਦੇ ਚਾਰ ਪੰਜ ਬੰਦੇ ਮੂਹਰੇ ਜਾ ਕੇ ਫਿਰੋਜ਼ਪੁਰ ਤੋ ਪਿੰਡ ਲੈ ਕੇ ਆਏ। ਆਉਣ ’ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਸ਼ਾਗਿਰਦਾਂ ਨੇ ਆਪੋ ਆਪਣੇ ਲਿਖੇ ਛੰਦ ਗਾ ਕੇ ਬਾਬੂ ਜੀ ਦੀ ਉਪਮਾ ਕੀਤੀ। ਬਾਬੂ ਜੀ ਦੇ ਕੋਲ ਰੋਜ਼ਾਨਾ ਸ਼ਾਗਿਰਦਾਂ ਦੇ ਲਗਭਗ ਪੰਜਾਹ ਜਥੇ ਰਹਿੰਦੇ ਸਨ ਜਿਨ੍ਹਾਂ ਦੀ ਗਿਣਤੀ ਲਗਭਗ ਡੇਢ ਸੌ ਬਣਦੀ ਸੀ। ਬਾਬੂ ਜੀ ਦੇ ਸਰੋਤੇ ਅਤੇ ਪਿੰਡ ਦੇ ਵਿਅਕਤੀ ਸਾਰੇ ਰਲਾ ਕੇ ਪੰਜ ਕੁ ਸੌ ਦਾ ਇਕੱਠ ਰੋਜ਼ਾਨਾ ਹੋ ਜਾਂਦਾ ਸੀ। ਪਿੰਡ ਦੇ ਘਰ ਇੰਨੇ ਬੰਦਿਆਂ ਨੂੰ ਰੋਟੀ ਪਾਣੀ ਖਵਾਉਣ ਦੀ ਸੇਵਾ ਦਾ ਸਮਾਂ ਮੰਗ ਕੇ ਲੈਂਦੇ ਸਨ। ਰੋਜ਼ਾਨਾ ਵੱਖਰੇ ਘਰ ਰੋਟੀ ਖਵਾਉਣ ਦਾ ਮੌਕਾ ਦਿੱਤਾ ਜਾਂਦਾ। ਰੋਟੀ ਖਵਾਉਣ ਵਾਲੇ ਜ਼ਿਆਦਾ ਘਰ ਸਨ, ਪਰ ਬਾਬੂ ਜੀ ਕੋਲ ਸਮਾਂ ਘੱਟ ਸੀ। ਪਿੰਡ ਦੇ ਲੋਕ ਰਜਬ ਅਲੀ ਨੂੰ ਪਿਆਰ ਦਿੰਦੇ ਕਹਿ ਰਹੇ ਸਨ ਬਾਬੂ ਜੀ ਸਾਡੀ ਦੇਹਲੀ ਉੱਪਰ ਇਕ ਵਾਰ ਪੈਰ ਜ਼ਰੂਰ ਰੱਖ ਕੇ ਜਾਵੋ। ਇਸ ਕਰਕੇ ਹਰ ਘਰ ਵਿਚ ਬਾਬੂ ਜੀ ਲੋਕਾਂ ਨੂੰ ਮਿਲ ਕੇ ਗਏ। ਇਨ੍ਹਾਂ ਦੀ ਹਾਜ਼ਰੀ ਵਿਚ ਪਿੰਡ ਵਿਚ ਇਕ ਭਾਰੀ ਮੇਲਾ ਵੀ ਕਰਵਾਇਆ ਗਿਆ। ਭਾਰਤ ਪਾਕਿਸਤਾਨ ਦੀ ਰਣਕੱਛ ਖੇਤਰ ਵਿਚ ਲੜਾਈ ਲੱਗ ਜਾਣ ਕਰਕੇ ਉਨ੍ਹਾਂ ਨੂੰ 26 ਮਾਰਚ ਨੂੰ ਗਿਆਰਾਂ ਦਿਨ ਬਾਅਦ ਹੀ ਮੁੜਨਾ ਪਿਆ। ਜਦੋਂ ਉਹ ਸਵੇਰ ਵੇਲੇ ਸਾਹੋਕੇ ਤੋਂ ਤੁਰਨ ਲੱਗੇ ਤਾਂ ਸਾਰਾ ਪਿੰਡ ਖੜ੍ਹਾ ਵਿਰਲਾਪ ਕਰ ਰਿਹਾ ਸੀ। ਬਾਬੂ ਜੀ ਇਸਲਾਮ ਧਰਮ ਨਾਲ ਸਬੰਧ ਰੱਖਦੇ ਸੀ, ਪਰ ਉਨ੍ਹਾਂ ਨੇ ਸਭ ਧਰਮਾਂ ’ਤੇ ਲਿਖਿਆ। ਪੰਜਵੇ ਪਾਤਸ਼ਾਹ ਦੀ ਸ਼ਹੀਦੀ, ਬਾਬਾ ਦੀਪ ਸਿੰਘ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਬੰਦਾ ਸਿੰਘ ਬਹਾਦਰ, ਦਸ ਗੁਰੂ ਸਾਹਿਬਾਨ ਆਦਿ ਪ੍ਰਸੰਗ ਅਤੇ ਕਵੀਸ਼ਰੀ ਲਿਖੀ। ਪ੍ਰਹਲਾਦ ਭਗਤ, ਕ੍ਰਿਸ਼ਨ ਅਵਤਾਰ ਸਬੰਧੀ ਵੀ ਲਿਖਿਆ। ਬਾਬੂ ਜੀ ਨੇ ਲਗਭਗ 85 ਕਿੱਸੇ ਲਿਖੇ। ਬਹੱਤਰ ਕਲਾ ਛੰਦ ਅਤੇ ਹੋਰ ਬਹੁਤ ਸਾਰੇ ਛੰਦ ਪੰਜਾਬੀ ਸਾਹਿਤ ਨੂੰ ਦੇਣ ਹੈ। ਬਾਬੂ ਜੀ ਨੇ ਬਹੁਤਾ ਸਾਹਿਤ ਪੰਜਾਬੀ ਵਿਚ ਅਤੇ ਮਾਲਵੇ ਲਈ ਲਿਖਿਆ। ਕਵੀਸ਼ਰ ਸੁਖਵਿੰਦਰ ਸਿੰਘ ਪੱਕਾ ਕਲਾਂ ਨੇ ਉਨ੍ਹਾਂ ਦੀ ਜ਼ਿੰਦਗੀ ਅਤੇ ਕੰਮਾਂ ’ਤੇ ਸੰਗਮ ਪਬਲੀਕੇਸ਼ਨਜ਼ ਸਮਾਣਾ ਰਾਹੀਂ ਕਈ ਕਿਤਾਬਾਂ ਛਪਵਾਈਆਂ ਜਿਵੇ ‘ਅਨਮੋਲ ਰਜਬ ਅਲੀ’, ‘ਅਣਖੀਲਾ ਰਜਬ ਅਲੀ’, ‘ਅਨੌਖਾ ਰਜਬ ਅਲੀ’, ‘ਰੰਗੀਲਾ ਰਜਬ ਅਲੀ’, ‘ਅਲਬੇਲਾ ਰਜਬ ਅਲੀ’, ‘ਦਸਮੇਸ਼ ਮਹਿਮਾ’, ‘ਬਾਬੂ ਰਜਬ ਅਲੀ ਦੇ ਕਿੱਸੇ’ ਆਦਿ। ਇਕੱਲੇ ਕਵੀਸ਼ਰਾਂ ਨੇ ਹੀ ਬਾਬੂ ਰਜਬ ਅਲੀ ਨੂੰ ਨਹੀਂ ਗਾਇਆ, ਬਲਕਿ ਕਈ ਕਲਾਕਾਰਾਂ ਨੇ ਆਪਣੀ ਆਵਾਜ਼ ਵਿਚ ਗਾ ਕੇ ਵੀ ਸ਼ੋਹਰਤ ਖੱਟੀ। ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਬਾਬੂ ਜੀ ਦਾ ਲਿਖਿਆ ਗੀਤ:
ਰਾਣੀ ਸੁੰਦਰਾਂ ਮਹਿਲ ’ਤੇ ਚੜ੍ਹ ਕੇ
ਭੁੱਖ ਦਿਲ ’ਚ ਪਿਆਰ ਵਾਲੀ ਰੜਕੇ
ਸੁਬ੍ਹਾ ਉੱਠ ਕੇ ਪਹਿਰ ਦੇ ਤੜਕੇ
ਰਣਜੀਤ ਕੌਰ ਦਾ ਗਾਇਆ ਗੀਤ :
ਲੈ ਖ਼ਬਰ ਨਿਆਣੀ ਦੀ,
ਬਾਬਲਾ ਦਰਦ ਵੰਡਾ ਲੈ ਧੀ ਦੇ
ਇਹ ਗੀਤ ਰਣਜੀਤ ਕੌਰ ਦਾ ਗਾਇਆ ਹੋਇਆ ਹੈ।
ਬਾਬੂ ਰਜਬ ਅਲੀ ਨੇ ਪਾਕਿਸਤਾਨ ਜਾ ਕੇ ਜਿੰਨੀ ਰਚਨਾ ਕੀਤੀ, ਉਸ ਵਿਚ ਮਾਲਵੇ ਦਾ ਵਿਯੋਗ ਤੇ ਪਿੰਡ ਦੀ ਮਿੱਟੀ ਦਾ ਵਿਯੋਗ ਲਿਖਿਆ ਹੈ। ਉਨ੍ਹਾਂ ਨੇ ਉੱਥੇ ਜਾ ਕੇ ਇਕ ਕਿਤਾਬ ‘ਉਜਾੜਾ’ ਵੀ ਲਿਖੀ। ਉੱਥੇ ਜਾ ਕੇ ਮਨ ਨਾ ਲੱਗਣ ਬਾਰੇ ਉਨ੍ਹਾਂ ਨੇ ਲਿਖਿਆ :
* ਮੰਨ ਲਈਂ ਜੋ ਕਰਦਾ ਰੱਬ ਪਾਕ ਏ।
ਆਉਂਦੀ ਯਾਦ ਵਤਨ ਦੀ ਖ਼ਾਕ ਏ।
ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ।
ਹਾਏ! ਮੈਂ ਭੁੱਜ ਗਿਆ ਵਾਂਗੂ ਖਿੱਲ ਦੇ।
ਭੜਥਾ ਬਣ ਗਈ ਦੇਹੀ ਐ।
ਵਿੱਛੜੇ ਯਾਰ ਪਿਆਰੇ, ਬਣੀ ਮਸੀਬਤ ਕੇਹੀ ਐ।
* ਮੈਨੂੰ ਉੱਠਦੇ ਬੈਠਦੇ ਨੂੰ,
ਰਹਿਣ ਹਰ ਵਕਤ ਵਤਨ ਦੀਆਂ ਤਾਘਾਂ।
ਬਾਬੂ ਜੀ ਨੇ ਮੌਤ ਬਾਰੇ ਇੰਜ ਲਿਖਿਆ ਸੀ:
* ਰਜਬ ਅਲੀ ਜ਼ਿੰਦਗੀ ਚਾਰ ਦਿਨ ਦੀ
ਢਹਿ ਜਾਊ ਉਸਰਿਆ ਬੁਰਜ ਸਰੀਰ ਦਾ ਜੀ।
ਬਾਬੂ ਰਜਬ ਅਲੀ ਦਾ 6 ਜੂਨ 1979 ਨੂੰ ਪਾਕਿਸਤਾਨ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਯਾਦਗਾਰ ਉਨ੍ਹਾਂ ਦੇ ਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਵਿਚ ਬਣਾਈ ਹੋਈ ਹੈ। ਉੱਥੇ 6 ਜੂਨ ਨੂੰ ਬਾਬੂ ਰਜਬ ਅਲੀ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਵਿਚ ਬਹੁਤ ਸਾਰੇ ਕਵੀਸ਼ਰ ਪਹੁੰਚਦੇ ਹਨ। ਪਾਕਿਸਤਾਨ ਵਿਚ ਵੀ ਉਨ੍ਹਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।
ਸੰਪਰਕ: 99141-84794