ਮੁੰਬਈ, 7 ਦਸੰਬਰ
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਅੱਜ ਹਿਮਾਚਲ ਪ੍ਰਦੇਸ਼ ਤੋਂ ਮੁੰਬਈ ਨੂੰ ਚਾਲੇ ਪਾ ਦਿੱਤੇ ਹਨ। ਪਿਛਲੇ ਦਿਨਾਂ ਵਿਚ ਕਰੀਨਾ ਦਾ ਪਤੀ ਸੈਫ ਅਲੀ ਖਾਨ ਫਿਲਮ ਦੀ ਸ਼ੂਟਿੰਗ ਵਿਚ ਰੁੱਝਿਆ ਹੋਇਆ ਸੀ ਤੇ ਉਸ ਨਾਲ ਆਈ ਕਰੀਨਾ ਹਿਮਾਚਲ ਵਿਚ ਛੁੱਟੀਆਂ ਮਨਾ ਰਹੀ ਸੀ। ਕਰੀਨਾ ਨੇ ਇੰਸਟਾਗਰਾਮ ’ਤੇ ਆਪਣੀ ਫੋਟੋ ਸ਼ੇਅਰ ਕਰਦਿਆਂ ਕਿਹਾ, ‘ ਬਾਏ-ਬਾਏ ਪਾਲਮਪੁਰ ਤੇ ਹੈਲੋ ਮੁੰਬਈ’। ਉਸ ਨੇ ਪਾਲਮਪੁਰ ਦੇ ਤਜਰਬੇ ਨੂੰ ਬਿਹਤਰੀਨ ਦੱਸਦਿਆਂ ਕਿਹਾ ਕਿ ਉਹ ਹੁਣ ਜਲਦੀ ਹੀ ਮੁੰਬਈ ਆ ਰਹੀ ਹੈ। ਜ਼ਿਕਰਯੋਗ ਹੈ ਕਿ ਸੈਫ ਅਲੀ ਨੇ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਫਿਲਮ ‘ਭੂਤ ਬੰਗਲਾ’ ਦੀ ਸ਼ੂਟਿੰਗ ਕੀਤੀ। ਫਿਲਮ ਦੇ ਅਮਲੇ ਨੇ 5 ਦਸੰਬਰ ਨੂੰ ਪਹਿਲੇ ਪੜਾਅ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ ਤੇ ਸ਼ੂਟਿੰਗ ਦਾ ਦੂਜਾ ਪੜਾਅ ਮੁੰਬਈ ਵਿਚ 15 ਦਸੰਬਰ ਨੂੰ ਸ਼ੁਰੂ ਹੋਵੇਗਾ। ਨਿਰਦੇਸ਼ਕ ਪਵਨ ਕ੍ਰਿਪਲਾਨੀ ਦੀ ਇਹ ਫਿਲਮ ਹੌਰਰ ਕਾਮੇਡੀ ਹੋਵੇਗੀ ਜਿਸ ਵਿਚ ਸੈਫ ਅਲੀ ਖਾਨ, ਜੈਕੁਲਿਨ ਫਰਨਾਂਡੇਜ਼, ਯਾਮੀ ਗੌਤਮ, ਅਰਜੁਨ ਕਪੂਰ ਤੇ ਜਾਵੇਦ ਜਾਫਰੀ ਅਦਾਕਾਰੀ ਦਿਖਾਉਣਗੇ। -ਆਈਏਐੱਨਐੱਸ