ਮੁੰਬਈ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਅੱਜ ਆਪਣੀ ਨੈੱਟਫਲਿਕਸ ’ਤੇ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦਾ ਨਿਰਮਾਤਾ ਸੁਜੋਏ ਘੋਸ਼ ਹੈ। ਇਸ ਫ਼ਿਲਮ ਦਾ ਫ਼ਿਲਹਾਲ ਨਾਮ ਨਹੀਂ ਰੱਖਿਆ ਗਿਆ ਪਰ ਇਹ ਜਾਪਾਨੀ ਲੇਖਕ ਕੀਗ ਹੀਗਾਸ਼ੀਨ ਦੇ ਨਾਵਲ ‘ਦਿ ਡਿਵੋਸ਼ਨ ਆਫ ਸਸਪੈਕਟ ਐਕਸ’ ਉੱਤੇ ਆਧਾਰਿਤ ਹੈ। ਇਸ ਫ਼ਿਲਮ ਵਿੱਚ ਜੈਦੀਪ ਅਹਿਲਾਵਤ ਤੇ ਵਿਜੈ ਵਰਮਾ ਵੀ ਨਜ਼ਰ ਆਉਣਗੇ। ਸਟ੍ਰੀਮਿੰਗ ਪਲੈਟਫਾਰਮ ’ਤੇ ਇਹ ਕਰੀਨਾ ਦਾ ਪਹਿਲਾ ਪ੍ਰਾਜੈਕਟ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦੇ ਸੈੱਟ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪੱਛਮੀ ਬੰਗਾਲ ਦੇ ਜ਼ਿਲ੍ਹੇ ਕਾਲਿਮਪੌਂਗ ਵਿੱਚ ਕੀਤੀ ਜਾ ਰਹੀ ਹੈ। ਕਰੀਨਾ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ, ‘‘ਕਾਲਿਮਪੌਂਗ ਵਿੱਚ ਪਹਿਲਾ ਦਿਨ… ਡਿਵੋਸ਼ਨ ਆਫ ਸਸਪੈਕਟ ਐਕਸ।’’ ‘ਦਿ ਡਿਵੋਸ਼ਨ ਆਫ ਸਸਪੈਕਟ ਐਕਸ’ ਇੱਕ ਅਜਿਹੀ ਮਾਂ ਅਤੇ ਉਸ ਦੀ ਧੀ ਦੀ ਕਹਾਣੀ ਹੈ ਜੋ ਇੱਕ ਅਪਰਾਧਿਕ ਵਾਰਦਾਤ ਨੂੰ ਅੰਜਾਮ ਦਿੰਦੀਆਂ ਹਨ ਅਤੇ ਉਨ੍ਹਾਂ ਦਾ ਗੁਆਂਢੀ ਪੁਲੀਸ ਦੀ ਪੜਤਾਲ ਦੌਰਾਨ ਇਸ ਘਟਨਾ ਦੇ ਸਬੂਤ ਮਿਟਾਉਣ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ। ਵਿਦਿਆ ਬਾਲਨ ਦੀ ਫ਼ਿਲਮ ‘ਕਹਾਨੀ’ ਅਤੇ ਤਾਪਸੀ ਪੰਨੂ ਦੀ ਫ਼ਿਲਮ ‘ਬਦਲਾ’ ਲਈ ਜਾਣੇ ਜਾਂਦੇ ਘੋਸ਼ ਇਸ ਫ਼ਿਲਮ ਦੀ ਕਹਾਣੀ ਲਿਖਣ ਦੇ ਨਾਲ-ਨਾਲ ਨਿਰਦੇਸ਼ਨ ਵੀ ਕਰ ਰਹੇ ਹਨ। -ਪੀਟੀਆਈ