ਚੰਡੀਗੜ੍ਹ: ਕਪੂਰ ਭੈਣਾਂ ਕਰੀਨਾ ਤੇ ਕ੍ਰਿਸ਼ਮਾ ਕੋਲ ਛੁੱਟੀਆਂ ਮਨਾਉਣ ਦਾ ਇਹ ਢੁਕਵਾਂ ਸਮਾਂ ਸੀ। ਉਹ ਹਾਲ ਹੀ ਵਿੱਚ ਆਪਣੇ ਬੱਚਿਆਂ ਜੇਹ ਅਲੀ ਖ਼ਾਨ, ਤੈਮੂਰ ਅਲੀ ਖ਼ਾਨ, ਕਿਆਨ ਅਤੇ ਸਮਾਇਰਾ ਕਪੂਰ ਨਾਲ ਮਾਲਦੀਵ ’ਚ ਛੁੱਟੀਆਂ ਮਨਾ ਕੇ ਪਰਤੀਆਂ ਹਨ। ਛੁੱਟੀਆਂ ਮਗਰੋਂ ਉਨ੍ਹਾਂ ਦੇ ਚਿਹਰਿਆਂ ’ਤੇ ਤਾਜ਼ਗੀ ਸਾਫ਼ ਝਲਕ ਰਹੀ ਹੈ। ਮਾਲਦੀਵ ਵਿੱਚ ਸਾਰਿਆਂ ਨੇ ਕਰੀਨਾ ਕਪੂਰ ਦੇ ਪੁੱਤਰ ਜੇਹ ਦਾ ਜਨਮ ਦਿਨ ਵੀ ਮਨਾਇਆ। ਹਾਲ ਹੀ ਵਿੱਚ ਉਨ੍ਹਾਂ ਦੇ ਦੇਸ਼ ਪਰਤਣ ਮੌਕੇ ਹਵਾਈ ਅੱਡੇ ਦੀਆਂ ਕੁਝ ਤਸਵੀਰਾਂ ਨਸ਼ਰ ਹੋਈਆਂ ਹਨ। ਅਦਾਕਾਰਾ ਕਰੀਨਾ ਕਪੂਰ ਨੇ ਮਾਲਦੀਵ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਇਸ ਨੂੰ ‘ਸਪਰਿੰਗ ਬਰੇਕ-2022’ ਦਾ ਨਾਂ ਦਿੱਤਾ ਹੈ। ਇਸ ਤਸਵੀਰ ਵਿੱਚ ਕਰੀਨਾ, ਕ੍ਰਿਸ਼ਮਾ, ਜੇਹ, ਤੈਮੂਰ, ਕਿਆਨ ਤੇ ਸਮਾਇਰਾ ਸਮੁੰਦਰ ਵੱਲ ਮੂੰਹ ਕਰਕੇ ਬੈਠੇ ਦਿਖਾਈ ਦੇ ਰਹੇ ਹਨ। ਇਹ ਤਸਵੀਰ ਪਿੱਛਿਓਂ ਖਿੱਚੀ ਗਈ ਹੈ। ਕ੍ਰਿਸ਼ਮਾ ਨੇ ਵੀ ਆਪਣੀ ਇੱਕ ਸੈਲਫ਼ੀ ਸਾਂਝੀ ਕੀਤੀ ਹੈ। ਦੋਵੇਂ ਭੈਣਾਂ ਨੇ ਆਪਣੇ ਬੱਚਿਆਂ ਨਾਲ ਮਾਲਦੀਵ ਵਿੱਚ ਹੋਲੀ ਵੀ ਮਨਾਈ, ਪਰ ਉਨ੍ਹਾਂ ਰੰਗਾਂ ਦੀ ਥਾਂ ਰੇਤ ਨਾਲ ਹੋਲੀ ਖੇਡੀ। ਇੱਕ ਤਸਵੀਰ ਵਿੱਚ ਕਰੀਨਾ ਤੇ ਜੇਹ ਰੇਤ ਦਾ ਮਹਿਲ ਉਸਾਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਕਰੀਨਾ ਨੇ ਲਿਖਿਆ ਹੈ, ‘ਹੋਲੀ ਮੌਕੇ ਅਸੀਂ ਰੇਤ ਦਾ ਮਹਿਲ ਬਣਾਇਆ।’ -ਟ੍ਰਿਬਿਊਨ ਵੈੱਬ ਡੈਸਕ