ਮੁੰਬਈ: ਫਿਲਮ ਨਿਰਮਾਤਾ ਕਰਨ ਜੌਹਰ ਆਪਣੀ ਨਵੀਂ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਨੂੰ ਲੈ ਕੇ ਬਹੁਤ ਖੁਸ਼ ਹੈ। ਇਹ ਫਿਲਮ ਇਸੇ ਮਹੀਨੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਸਬੰਧੀ ਕਰਨ ਜੌਹਰ ਨੇ ਅੱਜ ਇੰਸਟਾਗ੍ਰਾਮ ’ਤੇ ਫਿਲਮ ਵਿਚਲੀ ਰਣਵੀਰ ਸਿੰਘ ਤੇ ਆਲੀਆ ਭੱਟ ਦੀ ਪਹਿਲੀ ਝਲਕ ਸਾਂਝੀ ਕਰਦਿਆਂ ਆਖਿਆ, ‘ਸਾਡੀ ਫਿਲਮ ਦੀ ਪਹਿਲੀ ਝਲਕ, ਜਦੋਂ ਅਸੀਂ ਰੌਕੀ ਤੇ ਰਾਨੀ ਦੀ ਦਿੱਖ ਨੂੰ ਅੰਤਿਮ ਰੂਪ ਦੇ ਰਹੇ ਸੀ।’ ਹਾਲ ਹੀ ਵਿੱਚ ਫ਼ਿਲਮ ਦੇ ਰਿਲੀਜ਼ ਕੀਤੇ ਗੀਤ ‘ਤੁਮ ਕਿਆ ਮਿਲੇ’ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲਿਆ ਹੈ। ਇਹ ਗੀਤ ਅਰਿਜੀਤ ਤੇ ਸ਼੍ਰੇਆ ਘੋਸ਼ਾਲ ਵੱਲੋਂ ਗਾਇਆ ਅਤੇ ਪ੍ਰੀਤਮ ਨੇ ਇਸ ਨੂੰ ਸੰਗੀਤ ਦਿੱਤਾ ਹੈ। ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਫਿਲਮਾਏ ਇਸ ਗੀਤ ’ਚ ਆਲੀਆ ਨੇ ਸ਼ਿਫਾਨ ਦੀ ਸਾੜੀ ਪਹਿਨੀ ਹੈ ਤੇ ਰਣਵੀਰ ਤੇ ਆਲੀਆ ਬਹੁਤ ਖ਼ੂਬਸੂਰਤ ਲਗ ਰਹੇ ਹਨ। ਇਹ ਫਿਲਮ 28 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। -ਏਐੱਨਆਈ