ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਪੰਜਾਬ ਦਾ ਦਿਲ ਲਾਹੌਰ ਜਿਸ ਦੇ ਜ਼ਿਕਰ ਨਾਲ ਅੱਖਾਂ ਚਮਕ ਉੱਠਦੀਆਂ ਹਨ, ਦਿਲ ਧੜਕ ਉੱਠਦੇ ਹਨ। ਇਸ ਦਾ ਨਾਮ ਜ਼ੁਬਾਨ ’ਤੇ ਆਉਂਦਿਆਂ ਹੀ ਇਕ ਖ਼ੂਬਸੂਰਤ ਤਸਵੀਰ ਅੱਖਾਂ ਸਾਹਵੇਂ ਨੱਚ ਉੱਠਦੀ ਹੈ। ਇਸ ਲਾਹੌਰ ਵਿਚ ਹੀ ਮਜਰੂਹਦੀਨ ਕੰਵਰ ਉਰਫ਼ ਐੱਮ. ਡੀ. ਕੰਵਰ ਉਰਫ਼ ਕੰਵਰ ਦੀ ਪੈਦਾਇਸ਼ 1917 ਨੂੰ ਰਸੂਖ਼ਦਾਰ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਇੱਥੋਂ ਹੀ ਉਨ੍ਹਾਂ ਨੇ ਤਾਲੀਮ ਹਾਸਲ ਕੀਤੀ। ਐੱਮ. ਡੀ. ਕੰਵਰ ਲਾਹੌਰ ਦੇ ਰਈਸ ਸਨ, ਜਿਨ੍ਹਾਂ ਦੀ ਅਨਾਰਕਲੀ ਬਾਜ਼ਾਰ ਵਿਚ ਖ਼ਾਸੀ ਜ਼ਮੀਨ-ਜਾਇਦਾਦ ਸੀ। ਕੰਵਰ ਜਵਾਨ ਹੋਇਆ ਤਾਂ ਉਸ ਨੂੰ ਫ਼ਿਲਮਾਂ ਨਾਲ ਦਿਲਚਸਪੀ ਹੋ ਗਈ। ਉਸ ਦੇ ਇਸੇ ਇਸ਼ਕ ਨੇ ਉਸ ਨੂੰ ਫ਼ਿਲਮਾਂ ਦਾ ਹੀਰੋ ਬਣਾ ਦਿੱਤਾ।
ਜਦੋਂ ਰੂਪ ਕੇ. ਸ਼ੋਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਮਲ ਮੂਵੀਟੋਨ, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਹੈਰੋਲਡ ਲੂਈਸ ਉਰਫ਼ ਮਜਨੂੰ) ਵਿਚ ਹਿੰਦੀ ਫ਼ਿਲਮ ‘ਖ਼ੂਨੀ ਜਾਦੂਗਰ’ ਉਰਫ਼ ‘ਸਿਟੀ ਆਫ਼ ਸਾਈਲੈਂਸ’ ਉਰਫ਼ ‘ਸ਼ਹਰੇ ਖ਼ਾਮੋਸ਼ਾ’ (1939) ਬਣਾਈ, ਤਾਂ ਅਨਾਰਕਲੀ, ਲਾਹੌਰ ਦੇ ਸੁਨੱਖੇ ਗੱਭਰੂ ਐੱਮ. ਡੀ. ਕੰਵਰ ਨੂੰ ਨਵੇਂ ਹੀਰੋ ਵਜੋਂ ਮੁਤਆਰਿਫ਼ ਕਰਵਾਇਆ। ਕੰਵਰ ਨੇ ਇਸ ਫ਼ਿਲਮ ਵਿਚ ‘ਕੁਮਾਰ’ ਦਾ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਅਦਾਕਾਰਾ ਸ਼ਿਆਮਾ ‘ਸ਼ਿਆਮਾ’ ਦਾ ਪਾਰਟ ਅਦਾ ਕਰ ਰਹੀ ਸੀ। ਦੀਗ਼ਰ ਫ਼ਨਕਾਰਾਂ ਵਿਚ ਮਜਨੂੰ, ਹੀਰਾ ਲਾਲ, ਐੱਮ. ਇਸਮਇਲ, ਚਾਰਲੀ ਉਰਫ਼ ਐੱਮ. ਬੀ. ਚਾਰਲੀ (ਮੈਕਅੱਪ ਮੈਨ) ਵਗੈਰਾ ਸ਼ਾਮਲ ਸਨ। ਸੰਗੀਤ ਪੰਡਤ ਗੋਬਿੰਦਰਾਮ (ਨਾਲ ਕਮਲਾ ਮੂਵੀਟੋਨ ਆਰਕੈਸਟਰਾ), ਗੀਤ ਵਲੀ ਸਾਹਿਬ ਤੇ ਅਖ਼ਤਰ ਸ਼ੇਰਾਨੀ (ਇਕ ਗ਼ਜ਼ਲ) ਅਤੇ ਮੁਕਾਲਮੇ ਸਈਅਦ ਇਮਤਿਆਜ਼ ਅਲੀ ਤਾਜ ਨੇ ਤਹਿਰੀਰ ਕੀਤੇ। ਫ਼ਿਲਮ ਵਿਚ ਕੁੱਲ 7 ਗੀਤ ‘ਜੀਵਨ ਨੈਯਾ ਹੈ ਮੰਝਧਾਰ ਧੀਰੇ-ਧੀਰੇ ਲੇ ਚੱਲ ਪਾਰ’, ‘ਦੇਖ ਕਿਨਾਰਾ ਛੁਟ ਗਿਆ ਹੈ ਆਸ ਕਾ ਮੋਤੀ ਟੂਟ ਗਯਾ ਹੈ’, ‘ਇਸ਼ਕ ਕਾ ਮੌਸਮ ਗ਼ਮ ਕੀ ਹਵਾਏਂ’ ਆਦਿ ਬੜੇ ਪਸੰਦ ਕੀਤੇ ਗਏ ਸਨ। ਇਹ ਫ਼ਿਲਮ 23 ਜੂਨ 1939 ਪ੍ਰਭਾਤ ਸਿਨਮਾ ਤੇ ਕਿੰਗਜ਼ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ ਕਾਮਯਾਬ ਫ਼ਿਲਮ ਕਰਾਰ ਪਾਈ।
ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਐੱਮ. ਡੀ. ਕੰਵਰ ਦੀ ਪਹਿਲੀ ਪੰਜਾਬੀ ਫ਼ਿਲਮ ਵੀ ਕਮਲਾ ਮੂਵੀਟੋਨ, ਲਾਹੌਰ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ‘ਦੁੱਲਾ ਭੱਟੀ’ ਉਰਫ਼ ‘ਅੰਨ੍ਹੀ ਜਵਾਨੀ’ (1940) ਸੀ। ਪੰਜਾਬ ਦੇ ਸੂਰਬੀਰ ਯੋਧੇ ਰਾਏ ਅਬਦੁੱਲਾ ਖ਼ਾਨ ਭੱਟੀ ਦੇ ਤਾਰੀਖ਼ੀ ਕਿੱਸੇ ’ਤੇ ਬਣੀ ਇਸ ਫ਼ਿਲਮ ਵਿਚ ਕੰਵਰ ਨੇ ‘ਦੁੱਲਾ’ ਦਾ ਕਿਰਦਾਰ ਅਤੇ ਗੁੱਜਰਾਂਵਾਲਾ ਦੀ ਮੁਟਿਆਰ ਰਾਗਿਨੀ (ਨਵਾਂ ਚਿਹਰਾ) ‘ਨੂਰਾਂ’ ਦਾ ਰੋਲ ਅਦਾ ਕਰ ਰਹੀ ਸੀ। ਇਸ ਫ਼ਿਲਮ ਦੀ ਸ਼ੂਟਿੰਗ ਮੁਸਲਿਮ ਸਟੂਡੀਓਜ਼, ਲਾਹੌਰ ਵਿਖੇ ਹੋਈ। ਇਸ ਦੇ ਡਿਸਟ੍ਰੀਬਿਊਟਰ ਕਲਕੱਤੇ ਦੇ ਮਾਰੂਫ਼ ਸੇਠ ਸੁਖਲਾਲ ਕਰਨਾਨੀ, ਰਾਏ ਬਹਾਦੁਰ ਚੰਦਨ ਮੱਲ ਤੇ ਇੰਦਰ ਕੁਮਾਰ ਸਨ। ਗੀਤ ਤੇ ਮੁਕਾਲਮੇ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਿਤ ਗੋਬਿੰਦਰਾਮ ਨੇ ਤਾਮੀਰ ਕੀਤਾ ਸੀ। ਫ਼ਿਲਮ ’ਚ ਕੁੱਲ 18 ਗੀਤ ਸਨ, ਜਿਨ੍ਹਾਂ ’ਚੋਂ ਐੱਮ. ਡੀ. ਕੰਵਰ ਤੇ ਰਾਗਿਨੀ ’ਤੇ ਫ਼ਿਲਮਾਏ ਚੰਦ ਗੀਤ ‘ਹੌਲੇ ਹੌਲੇ ਰੋ ਜਿੰਦੜੀਏ ਤੋੜ ਨਾ ਆਪਣੇ ਦਿਲ ਦੀਆਂ ਆਸਾਂ’, ‘ਕੋਈ ਕੱਢ ਕੇ ਲੈ ਗਿਆ ਦਿਲ ਨੂੰ ਅੱਖੀਆਂ ਵਿਚ ਅੱਖੀਆਂ ਪਾ ਕੇ’ (ਸਤੀਸ਼ ਬੱਤਰਾ) ਸੀ। ਫ਼ਿਲਮ ’ਚ ਕੰਵਰ ਦਾ ਗਾਇਆ ਮਜ਼ਾਹੀਆ ਗੀਤ ‘ਕਾਲੇ ਦੁਪੱਟੇ ਵਾਲੀਏ ਨੀਂ ਜਿਵੇਂ ਚੱਬੀ ਹੋਈ ਰੂੰ, ਖ਼ੂਨ ਰੰਗੀ ਸੁੱਥਣ ਵਾਲੀਏ ਨੀਂ, ਤੇਰੀ ਬੂਥੀ ਜਿਵੇਂ ਬਾਂਦਰ ਦਾ ਮੂੰਹ’ ਵੀ ਬੜਾ ਪਸੰਦ ਕੀਤਾ ਗਿਆ। ਫ਼ਿਲਮ ਵਿਚ ਪਹਿਲੀ ਵਾਰ ਲਾਹੌਰ ਦਾ ਇਕ ਹੋਰ ਜਵਾਨ ਓ. ਪੀ. ਨਈਅਰ ਵੀ ਨਵੇਂ ਗਾਇਕ ਵਜੋਂ ਪੇਸ਼ ਕੀਤਾ ਗਿਆ, ਜਿਸਦਾ ਗਾਇਆ ਗੀਤ ‘ਰੱਬ ਦੀ ਚਨਾਬ ਵਿਚੋਂ ਇਹੋ ਦਿਲ ਮੰਗਦਾ, ਅੰਬੀਆਂ ਦਾ ਬਾਗ਼ ਹੋਵੇ, ਬੱਦਲਾਂ ਦੀ ਛਾਂ ਹੋਵੇ’ ਜੋ ਕੰਵਰ, ਮੰਜਨੂੰ, ਸਤੀਸ਼ ਬੱਤਰਾ ਅਤੇ ਸਾਥੀਆਂ ’ਤੇ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ 26 ਅਪਰੈਲ 1940 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਬਲਾਕ ਬਸਟਰ ਫ਼ਿਲਮ ਕਰਾਰ ਪਾਈ।
ਰੂਪ ਕੇ. ਸ਼ੋਰੀ ਨੇ ਜਦੋਂ ਆਪਣੇ ਦੂਸਰੇ ਜ਼ਾਤੀ ਬੈਨਰ ਸ਼ੋਰੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਮਜਨੂੰ ਉਰਫ਼ ਹੈਰੋਲਡ ਲੂਈਸ) ਹਿੰਦੀ ਫ਼ਿਲਮ ‘ਨਿਸ਼ਾਨੀ’ (1942) ਬਣਾਈ, ਤਾਂ ਐੱਮ. ਡੀ. ਕੰਵਰ ਨੂੰ ‘ਡਾਕਟਰ ਗਣੇਸ਼’ ਦਾ ਪਾਰਟ ਨਿਭਾਉਣ ਦਾ ਮੌਕਾ ਦਿੱਤਾ, ਜਿਸ ਦੇ ਸਨਮੁੱਖ ਅਦਾਕਾਰਾ ਰੂਪਲੇਖਾ (ਭੈਣ ਮਿਸ ਰਮੋਲਾ ਅਦਾਕਾਰਾ) ‘ਲਿੱਲੀ’ ਦਾ ਪਾਰਟ ਨਿਭਾ ਰਹੀ ਸੀ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿਚ ਮਜਨੂੰ ਅਤੇ ਰਾਗਿਨੀ ਜੋੜੀਦਾਰ ਵਜੋਂ ਮੌਜੂਦ ਸਨ। ਮੰਜ਼ਰਨਾਮਾ ਤੇ ਮੁਕਾਲਮੇ ਮਜਨੂੰ (ਹੈਰੋਲਡ ਲੂਈਸ), ਸੰਗੀਤ ਪੰਡਤ ਅਮਰਨਾਥ ਅਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਨੇ ਤਹਿਰੀਰ ਕੀਤੇ ਸਨ। ਇਹ ਫ਼ਿਲਮ 5 ਨਵੰਬਰ 1943 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ ਤੇ ਸੁਪਰਹਿੱਟ ਫ਼ਿਲਮ ਸਾਬਤ ਹੋਈ।
ਏ. ਆਰ. ਕਾਰਦਾਰ ਵੀ ਐੱਮ. ਡੀ. ਕੰਵਰ ਦੀ ਅਦਾਕਾਰੀ ਤੋਂ ਬੜਾ ਮੁਤਾਸਿਰ ਸੀ। ਲਿਹਾਜ਼ਾ ਉਨ੍ਹਾਂ ਨੇ ਕੰਵਰ ਨੂੰ ਲਾਹੌਰ ਤੋਂ ਬੰਬੇ ਸੱਦ ਲਿਆ। ਜਦੋਂ ਉਨ੍ਹਾਂ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਾਰਦਾਰ ਪ੍ਰੋਡਕਸਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਤਾਰੀਖ਼ੀ ਉਰਦੂ/ਹਿੰਦੀ ਫ਼ਿਲਮ ‘ਸ਼ਾਹਜਹਾਨ’ (1946) ਬਣਾਈ, ਤਾਂ ਕੰਵਰ ਨੂੰ ‘ਸ਼ਾਹਜਹਾਨ’ ਦਾ ਸ਼ਾਨਦਾਰ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਜਿਸ ਦੇ ਹਮਰਾਹ ਅਦਾਕਾਰਾ ਰਾਗਿਨੀ ‘ਮੁਮਤਾਜ਼’ ਰੋਲ ਨਿਭਾ ਰਹੀ ਸੀ। ਕੰਵਰ ਨੇ ਸ਼ਾਹਜਹਾਨ ਦੇ ਕਿਰਦਾਰ ਨੂੰ ਇਸ ਕਦਰ ਖ਼ੂਬਸੂਰਤੀ ਨਾਲ ਅਦਾ ਕੀਤਾ ਕਿ ਫ਼ਿਲਮਬੀਨ ਵੀ ਅਸ਼-ਅਸ਼ ਕਰ ਉੱਠੇ। ਮੰਜ਼ਰਨਾਮਾ ਤੇ ਮੁਕਾਲਮੇ ਏ. ਆਰ. ਕਾਰਦਾਰ, ਗੀਤ ਮਜਰੂਹ ਸੁਲਤਾਨਪੁਰੀ (7 ਗੀਤ) ਤੇ ਖ਼ੁਮਾਰ ਬਾਰਾਬੰਕਵੀ (3 ਗੀਤ) ਅਤੇ ਸੰਗੀਤ ਨੌਸ਼ਾਦ ਅਲੀ ਨੇ ਤਰਤੀਬ ਕੀਤਾ। ਇਸ ਫ਼ਿਲਮ ਦੇ 10 ਗੀਤਾਂ ਨੇ ਹੱਦ ਦਰਜਾ ਮਕਬੂਲੀਅਤ ਪ੍ਰਾਪਤ ਕੀਤੀ ਅਤੇ ਕੁੰਦਨ ਲਾਲ ਸਹਿਗਲ ਦੇ ਗੀਤ ‘ਕਰ ਲੀਜੀਏ ਚਲ ਕਰ ਮੇਰੀ ਜੰਨਤ ਕੇ ਨਜ਼ਾਰੇ’ ਦੇ ਪਸਮੰਜ਼ਰ ’ਚ ਕੰਵਰ, ਸਹਿਗਲ ਨਾਲ ਮੌਜੂਦ ਸਨ।
ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਐੱਸ. ਯੂ. ਸਨੀ ਨਿਰਦੇਸ਼ਿਤ ਫ਼ਿਲਮ ‘ਨਾਟਕ’ (1947) ਵਿਚ ਐੱਮ. ਡੀ. ਕੰਵਰ ਨੇ ‘ਰਾਜਾ ਸਾਹਬ’ ਦਾ ਕਿਰਦਾਰ ਨਿਭਾਇਆ। ਫ਼ਿਲਮ ਦੀ ਮੁੱਖ ਭੂਮਿਕਾ ਵਿਚ ਅਦਾਕਾਰਾ ਸੁਰੱਈਆ ਤੇ ਅਮਰ ਮੌਜੂਦ ਸਨ। ਕਹਾਣੀ ਤੇ ਮੁਕਾਲਮੇ ਅਜ਼ਮ ਬਜ਼ੀਦਪੁਰੀ, ਗੀਤ ਖ਼ੁਮਾਰ ਬਾਰਾਬੰਕਵੀ, ਸ਼ਕੀਲ ਬਦਾਯੂੰਨੀ, ਮਜਰੂਹ ਸੁਲਤਾਨਪੁਰੀ (ਇਕ ਗੀਤ) ਅਤੇ ਸੰਗੀਤਕ ਤਰਜ਼ਾਂ ਨੌਸ਼ਾਦ ਅਲੀ (ਸਹਾਇਕ ਗ਼ੁਲਾਮ ਮੁਹੰਮਦ) ਨੇ ਬਣਾਈਆਂ ਸਨ।
ਦੇਸ਼ ਵੰਡ ਤੋਂ ਬਾਅਦ ਉਹ ਬੰਬੇ ਛੱਡ ਨਵੇਂ ਤਾਮੀਰ ਮੁਲਕ ਪਾਕਿਸਤਾਨ, ਲਾਹੌਰ ਪਰਤ ਆਏ। 7 ਸਾਲਾਂ ਬਾਅਦ ਲਾਹੌਰ ’ਚ ਐੱਮ. ਡੀ. ਕੰਵਰ ਨੇ ਸਿਰਫ਼ ਇਕੋ ਫ਼ਿਲਮ ’ਚ ਅਦਾਕਾਰੀ ਕੀਤੀ। ਇਹ ਸੀ ਐਵਰਰੇਡੀ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਰੁਮਾਨੀ ਉਰਦੂ ਫ਼ਿਲਮ ‘ਸੱਸੀ’ (1954) ਜਿਸ ’ਚ ਉਨ੍ਹਾਂ ਨੇ ਪੁਨੂੰ ਬਣੇ ਅਦਾਕਾਰ ਲਾਲਾ ਸੁਧੀਰ ਨਾਲ ਛੋਟਾ ਜਿਹਾ ਪਾਰਟ ਅਦਾ ਕੀਤਾ, ਜਦ ਕਿ ‘ਸੱਸੀ’ ਦੇ ਟਾਈਟਲ ਰੋਲ ਵਿਚ ਸਬੀਹਾ ਖਾਨੁਮ ਮੌਜੂਦ ਸੀ। ਫ਼ਿਲਮਸਾਜ਼ ਜੇ. ਸੀ. ਆਨੰਦ, ਕਹਾਣੀ ਐੱਫ਼. ਡੀ. ਸ਼ਰਫ਼, ਮੁਕਾਲਮੇ ਐੱਮ. ਜੇ. ਰਾਣਾ, ਗੀਤ ਅਜ਼ੀਜ਼ ਮੀਰੂਤੀ ਅਤੇ ਸੰਗੀਤ ਬਾਬਾ ਜੀ. ਏ. ਚਿਸ਼ਤੀ ਨੇ ਮੁਰੱਤਬਿ ਕੀਤਾ। ਇਹ ਫ਼ਿਲਮ 3 ਜੂਨ 1954 ਨੂੰ ਲਾਹੌਰ ਰਿਲੀਜ਼ ਹੋਈ ਤੇ ਗੋਲਡਨ ਜੁਬਲੀ ਫ਼ਿਲਮ ਕਰਾਰ ਪਾਈ।
ਫ਼ਿਲਮ ‘ਦੁੱਲਾ ਭੱਟੀ’ (1940) ਦੀ ਤਕਮੀਲ ਦੇ ਦੌਰਾਨ ਕੰਵਰ ਖ਼ੂਬਸੂਰਤ ਰਾਗਿਨੀ ਉੱਤੇ ਕਾਇਲ ਹੋ ਗਏ ਸਨ,ਪਰ ਰਾਗਿਨੀ ਨੇ ਇਸ ਵੱਲ ਕੋਈ ਖ਼ਾਸ ਤਵੱਜੋਂ ਨਹੀਂ ਦਿੱਤੀ। ਫ਼ਿਲਮ ‘ਸ਼ਾਹਜਹਾਨ’ (1946) ਵਿਚ ਕੁੰਵਰ ਨੇ ਅਬਦੁੱਲ ਰਸ਼ੀਦ ਕਾਰਦਾਰ ਨੂੰ ਪੁਰਜ਼ੋਰ ਇਸਰਾਰ ਕਰਕੇ ਰਾਗਿਨੀ ਨੂੰ ‘ਮੁਮਤਾਜ਼’ ਦਾ ਰੋਲ ਦਿਵਾਇਆ ਸੀ ਤਾਂ ਕਿ ਉਹ ਉਸ ਦੇ ਕਰੀਬ ਰਹਿ ਕੇ ਆਪਣੀ ਮੁਹੱਬਤ ਪ੍ਰਵਾਨ ਚੜ੍ਹਾ ਸਕੇ, ਪਰ ਇੰਜ ਨਾ ਹੋਇਆ। ਰਾਗਿਨੀ ਦੇ ਹੁਸਨ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਉਸ ਦੀਆਂ ਲਾਹੌਰ ਵਿਚ ਬਣਨ ਵਾਲੀਆਂ ਫ਼ਿਲਮਾਂ ਨੂੰ ਭਾਰਤ ਵਿਚ ਭਰਵੀਂ ਮਕਬੂਲੀਅਤ ਅਤੇ ਰਾਗਿਨੀ ਮਹਿੰਗੇ ਅਦਾਕਾਰਾਂ ’ਚ ਸ਼ੁਮਾਰੀ ਜਾਣ ਲੱਗ ਪਈ। ਉਸ ਦਾ ਮਿਹਨਤਾਨਾ 50 ਹਜ਼ਾਰ ਤੋਂ ਇਕ ਲੱਖ ਰੁਪਏ ਹੋ ਗਿਆ ਸੀ। ਉੱਧਰ ਅਮੀਰਜ਼ਾਦਾ ਐੱਮ. ਡੀ. ਕੰਵਰ ਵੀ ਲਾਹੌਰ ਦੇ ਅੱਧੇ ਅਨਾਰਕਲੀ ਬਾਜ਼ਾਰ ਦਾ ਮਾਲਕ ਸੀ। ਜਦੋਂ ਕਦੇ ਰਾਗਿਨੀ ਅਨਾਰਕਲੀ ਬਾਜ਼ਾਰ ’ਚ ਖ਼ਰੀਦੋ-ਫ਼ਰੋਖ਼ਤ ਕਰਨ ਜਾਂਦੀ, ਤਾਂ ਕੰਵਰ ਉਸ ਦੇ ਪੈਰਾਂ ਥੱਲੇ ਸੌ-ਸੌ ਦੇ ਨੋਟ ਰੱਖਦਾ ਸੀ। ਅਖ਼ੀਰ ਪਿਓ ਨੇ ਅਜਿਹੇ ਦਿਲਫੈਂਕ ਆਸ਼ਕਾਂ ਤੋਂ ਬਚਾਉਣ ਲਈ ਧੀ ਦਾ ਵਿਆਹ ਬਾਗ਼ਬਾਨਪੁਰਾ ਦੇ ਇਕ ਜਵਾਨ ਨਾਲ ਕਰ ਦਿੱਤਾ।
ਕੁੰਵਰ ਵਰਗੇ ਸੱਚੇ-ਸੁੱਚੇ ਆਸ਼ਿਕ ਲਈ ਇਹ ਸਦਮਾ ਅਕਹਿ ਤੇ ਅਸਹਿ ਸੀ। ਉਸ ਨੇ ਆਪਣੇ-ਆਪ ਨੂੰ ਸਦਾ ਲਈ ਸ਼ਰਾਬ ਵਿਚ ਡੁਬੋ ਲਿਆ। ਓੜਕ ਸ਼ਰਾਬਨੋਸ਼ੀ ਦੀ ਮਜ਼ੀਦ ਵਰਤੋਂ ਕਾਰਨ ਉਹ ਟੀ. ਬੀ. (ਤਪਦਿਕ) ਰੋਗ ਦਾ ਸ਼ਿਕਾਰ ਹੋ ਗਿਆ। ਇੰਜ ਆਪਣੇ ਜ਼ਮਾਨੇ ਦਾ ਮਸ਼ਹੂਰ ਜ਼ਮਾਨਾ ਅਦਾਕਾਰ ਐੱਮ. ਡੀ. ਕੰਵਰ 27 ਨਵੰਬਰ 1969 ਨੂੰ 52 ਸਾਲਾਂ ਦੀ ਉਮਰੇ ਲਾਹੌਰ ਪੰਜਾਬ ਵਿਚ ਫ਼ੌਤ ਹੋ ਗਿਆ। ਉਸ ਦੀ ਨਾ-ਮੁਕੰਮਲ ਚਾਹਤ ਰਾਗਿਨੀ ਵੀ 27 ਫਰਵਰੀ 2007 ਨੂੰ ਲਾਹੌਰ ਵਿਖੇ 84 ਸਾਲਾਂ ਦੀ ਬਜ਼ੁਰਗ ਉਮਰੇ ਬੜੇ ਮੰਦੇ ਹਾਲਾਂ ਵਿਚ ਦੁਨੀਆਂ ਤੋਂ ਰੁਖ਼ਸਤ ਹੋ ਗਈ।
ਸੰਪਰਕ: 97805-09545