ਮੁੰਬਈ: ਬੌਲੀਵੁੱਡ ਦੀ ਮਸ਼ਹੂਰ ਪਿੱਠਵਰਤੀ ਗਾਇਕਾ ਕਨਿਕਾ ਕਪੂਰ ਲੰਡਨ ਦੇ ਕਾਰੋਬਾਰੀ ਗੌਤਮ ਹਾਤੀਰਮਾਨੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਇਹ ਕਨਿਕਾ ਦਾ ਦੂਜਾ ਪਿਆਹ ਹੈ। ਇਸ ਤੋਂ ਪਹਿਲਾਂ ਉਹ ਰਾਜ ਚੰਦੋਕ ਨਾਲ ਵਿਆਹੀ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਸਾਲ 2012 ਵਿੱਚ ਉਹ ਇੱਕ-ਦੂਜੇ ਨਾਲੋਂ ਵੱਖ ਹੋ ਗਏ ਸਨ। ਕਨਿਕਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਕਨਿਕਾ ਨੇ ਹਲਕੇ ਨੀਲੇ ਰੰਗ ਦਾ ਲਹਿੰਗਾ ਪਹਿਨਿਆ ਹੈ ਅਤੇ ਗੌਤਮ ਨੇ ਇਸੇ ਰੰਗ ਦੀ ਸ਼ੇਰਵਾਨੀ ਪਾਈ ਤੇ ਪੱਗ ਬੰਨ੍ਹੀ ਹੋਈ ਹੈ। ਇਸ ਤੋਂ ਪਹਿਲਾਂ ਕਨਿਕਾ ਨੇ ਇੰਸਟਾਗ੍ਰਾਮ ’ਤੇ ਮਹਿੰਦੀ ਦੀ ਰਸਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਸ ਵਿੱਚ ਉਸ ਨੇ ਹਲਕੇ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਅਦਾਕਾਰਾ ਨੇ ਆਖਿਆ, ‘‘ਜੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’’ ਹਲਦੀ ਦੀ ਰਸਮ ਵੇਲੇ ਗੌਤਮ ਨੇ ਚਿੱਟੇ ਰੰਗ ਦੇ ਰਵਾਇਤੀ ਕੱਪੜੇ ਪਾਏ ਹੋਏ ਸਨ ਅਤੇ ਕਨਿਕਾ ਚਾਂਦੀ ਰੰਗੇ ਲਹਿੰਗਾ ਵਿੱਚ ਬਹੁਤ ਫਬ ਰਹੀ ਸੀ। ਵਿਆਹ ਸਮਾਗਮ ਦੀ ਇਕ ਵੀਡੀਓ ਵਿੱਚ ਕਨਿਕਾ ਫੁੱਲਾਂ ਦੀ ਚਾਦਰ ਹੇਠ ਤੁਰਦੀ ਨਜ਼ਰ ਆ ਰਹੀ ਹੈ। ਇਸ ਮਗਰੋਂ ਵਰਮਾਲਾ ਦੀ ਰਸਮ ਹੋਈ। ਕਨਿਕਾ ‘ਬੇਬੀ ਡੌਲ’, ‘ਚਿੱਟੀਆਂ ਕਲਾਈਆਂ’ ਅਤੇ ‘ਗੇਂਦਾ ਫੂਲ’ ਵਰਗੇ ਗੀਤਾਂ ਲਈ ਜਾਣੀ ਜਾਂਦੀ ਹੈ। -ਆਈਏਐੱਨਐੱਸ