ਮੁੰਬਈ: ਕੰਗਨਾ ਰਣੌਤ ਨੇ ਅਦਾਕਾਰਾ ਆਲੀਆ ਭੱਟ ਨੂੰ ‘ਬਿੰਬੋ’ ਅਤੇ ਫਿਲਮ ਨਿਰਮਾਤਾ ਕਰਨ ਜੌਹਰ ਦੀ ‘ਪਾਪਾ ਦੀ ਪਰੀ’ ਕਿਹਾ ਹੈ। ਅਦਾਕਾਰਾ ਨੇ ਇਹ ਵੀ ਕਿਹਾ ਕਿ ਸੰਜੈ ਲੀਲਾ ਭੰਸਾਲੀ ਦੀ ਸ਼ੁੱਕਰਵਾਰ ਨੂੰ ਪਰਦੇ ’ਤੇ ਰਿਲੀਜ਼ ਹੋਣ ਵਾਲੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਵਿੱਚ ਕਾਸਟਿੰਗ ਗਲਤ ਕੀਤੀ ਗਈ ਹੈ। ਕੰਗਨਾ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਟੋਰੀ ਪਾਈ, ਜਿੱਥੇ ਉਸ ਨੇ ਇੱਕ ਗੁਪਤ ਪੋਸਟ ਵਿੱਚ ਲਿਖਿਆ: ‘‘ਇਸ ਸ਼ੁੱਕਰਵਾਰ 200 ਕਰੋੜ ਬਾਕਸ ਆਫਿਸ ’ਤੇ ਸੜ ਕੇ ਸੁਆਹ ਹੋ ਜਾਣਗੇ… ਇੱਕ ਪਾਪਾ (ਮੂਵੀ ਮਾਫੀਆ ਡੈਡੀ) ਦੀ ਪਰੀ (ਜੋ ਬਰਤਾਨਵੀ ਪਾਸਪੋਰਟ ਰੱਖਦੀ ਹੈ) ਲਈ, ਕਿਉਂਕਿ ਪਾਪਾ ਸਾਬਿਤ ਕਰਨਾ ਚਾਹੁੰਦੇ ਹਨ ਕਿ ਰੋਮਕੌਮ ਬਿੰਬੋ ਅਦਾਕਾਰੀ ਕਰ ਸਕਦੀ ਹੈ… ਫਿਲਮ ਦੀ ਸਭ ਤੋਂ ਵੱਡੀ ਘਾਟ ਗਲਤ ਕਾਸਟਿੰਗ ਹੈ… ਇਹ ਨਹੀਂ ਸੁਧਰਨਗੇ, ਕੋਈ ਸ਼ੱਕ ਨਹੀਂ ਕਿ ਸਕਰੀਨਾਂ ਦੱਖਣ ਅਤੇ ਹੌਲੀਵੁੱਡ ਫਿਲਮਾਂ ਵੱਲ ਜਾ ਰਹੀਆਂ ਹਨ… ਬੌਲੀਵੁੱਡ ਦੀ ਕਿਸਮਤ ਖਰਾਬ ਹੈ, ਜਦੋਂ ਤੱਕ ਫਿਲਮ ਮਾਫੀਆ ਦੇ ਹੱਥ ਤਾਕਤ ਹੈ।’’ ਉਸ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ ਕਿ ‘ਬੌਲੀਵੁੱਡ ਮਾਫੀਆ ਡੈਡੀ’ ਨੇ ਹਿੰਦੀ ਸਿਨੇਮਾ ਵਿੱਚ ਕੰਮ ਦੇ ਸੱਭਿਆਚਾਰ ਨੂੰ ਬਰਬਾਦ ਕਰ ਦਿੱਤਾ ਹੈ। ਕੰਗਨਾ ਨੇ ਲਿਖਿਆ, ‘‘ਬੌਲੀਵੁੱਡ ਮਾਫੀਆ, ਜਿਸ ਨੇ ਇਕੱਲਿਆਂ ਹੀ ਫਿਲਮ ਇੰਡਸਟਰੀ ਵਿੱਚ ਕੰਮ ਦੇ ਸੱਭਿਆਚਾਰ ਨੂੰ ਤਬਾਹ ਕਰ ਦਿੱਤਾ ਹੈ, ਨੇ ਕਈ ਵੱਡੇ ਨਿਰਦੇਸ਼ਕਾਂ ਨੂੰ ਭਾਵਨਾਤਮਕ ਤੌਰ ’ਤੇ ਗੁਮਰਾਹ ਕੀਤਾ ਅਤੇ ਉਨ੍ਹਾਂ ਦੀ ਸਿਨੇਮਾ ਪ੍ਰਤੀ ਪਹੁੰਚ ’ਤੇ ਔਸਤ ਦਰਜੇ ਦੇ ਪ੍ਰਾਜੈਕਟ ਸ਼ਾਮਲ ਕਰਨ ਲਈ ਮਜਬੂਰ ਕੀਤਾ। ਇਸ ਦੀ ਇੱਕ ਹੋਰ ਮਿਸਾਲ ਜਲਦੀ ਹੀ ਇਸ ਰਿਲੀਜ਼ ਮਗਰੋਂ ਸਾਹਮਣੇ ਆਵੇਗੀ।’’ -ਆਈਏਐੱਨਐੱਸ