ਮੁੰਬਈ, 4 ਜਨਵਰੀ
ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਐਕਸ਼ਨ ਫ਼ਿਲਮ ‘ਧਾਕੜ’ ਦੀ ਟੀਮ ਵਿੱਚ ਐਵਾਰਡ ਜੇਤੂ ਕੌਮਾਂਤਰੀ ਸਿਨੇਮੈਟੋਗ੍ਰਾਫ਼ਰ ਟੈਟਸਿਊ ਨਗਾਤਾ ਦਾ ਸਵਾਗਤ ਕੀਤਾ ਹੈ। ਅਦਾਕਾਰਾ ਨੇ ਕੌਮਾਂਤਰੀ ਐਕਸ਼ਨ ਟੀਮ ਨਾਲ ਮਿਲ ਕੇ ਵਿਸ਼ਵ ਪੱਧਰੀ ਜਾਸੂਸੀ ਥ੍ਰਿਲਰ ਬਣਾਉਣ ਦੀ ਉਮੀਦ ਜਤਾਈ ਹੈ। ਜਾਪਾਨੀ ਮੂਲ ਦੇ ਫਰੈਂਚ ਸਿਨੇਮੈਟੋਗ੍ਰਾਫ਼ਰ ਨਗਾਤਾ ਨੇ ਫ਼ਿਲਮਾਂ ਲਾ ਵੀ ਐਨ ਰੋਜ਼ (2007), ਸਪਲਿਸ (2009) ਅਤੇ 2006 ਵਿੱਚ ਰਿਲੀਜ਼ ਹੋਈ ਪੈਰਿਸ ਜੇ ਐਮ ਵਿੱਚ ਕੰਮ ਕਰਨ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ।
ਅਦਾਕਾਰਾ ਨੇ ਕਿਹਾ ਕਿ ‘ਧਾਕੜ’ ਲਈ ਸਾਡੇ ਕੋਲ ਫ਼ੋਟੋਗ੍ਰਾਫ਼ੀ ਦੇ ਮਸ਼ਹੂਰ ਫਰੈਂਚ ਨਿਰਦੇਸ਼ਕ ਟੈਟਸਿਊ ਨਗਾਤਾ ਹਨ। ਉਨ੍ਹਾਂ ਦਾ ਅਕੈਡਮੀ ਦੇ ਪ੍ਰਸਿੱਧ ਫਰੈਂਚ ਪੁਰਸਕਾਰ ਜਿੱਤਣ ਵਾਲਾ ਕੰਮ ‘ਲਾ ਵੀ ਐਨ ਰੋਜ਼’ ਵਿੱਚ ਸਾਰੀ ਦੁਨੀਆ ਲਈ ਪ੍ਰੇਰਣਾਦਾਇਕ ਰਿਹਾ ਹੈ। ਕੰਗਨਾ ਰਣੌਤ ਨੂੰ ਵਿਸ਼ਵ ਪੱਧਰੀ ਫ਼ਿਲਮ ਬਣਾਉਣ ਦੀ ਉਮੀਦ ਹੈ। ਕੰਗਨਾ ਨੇ ਫ਼ਿਲਮ ਨਿਰਮਾਤਾ ਰਜ਼ਨੀਸ਼ ਘਈ ਦੀ ਟੀਮ ਨਾਲ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆ, ਜੋ ਉਸ ਨੂੰ ਜਾਸੂਸ ਵਜੋਂ ਪੇਸ਼ ਕਰਦੀਆਂ ਹਨ। ਇਸ ਤੋਂ ਪਹਿਲਾਂ, ਕੰਗਨਾ ਨੇ ਫ਼ਿਲਮ ਦੇ ਟੀਮ ਮੈਂਬਰਾਂ ਲਈ ਵਿਸ਼ੇਸ਼ ਖਾਣੇ ਦੀ ਮੇਜ਼ਬਾਨੀ ਕੀਤੀ ਸੀ। ਉਸ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਉਸ ਨੂੰ ਪਾਰਟੀ ਲਈ ਆਪਣਾ ਘਰ ਸਜਾਉਂਦੇ ਦੇਖਿਆ ਜਾ ਸਕਦਾ ਹੈ। ਅਦਾਕਾਰਾ ਹਾਲ ਹੀ ਵਿੱਚ ਹੈਦਰਾਬਾਦ ਵਿੱਚ ਆਪਣੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਤਲਾਇਵੀ’ ਦੀ ਸ਼ੂਟਿੰਗ ਅਤੇ ਮਨਾਲੀ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਪਰਤੀ ਹੈ। -ਆਈਏਐੱਨਐੱਸ