ਮੁੰਬਈ: ਬੌਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਮਨਾਲੀ ਵਿੱਚ ਦਰਿਆਈ ਪੱਥਰਾਂ ਨਾਲ ਬਣਾਏ ਆਪਣੇ ਦੂਜੇ ਨਵੇਂ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਪਹਾੜੀ ਦੀ ਤਰਜ਼ ’ਤੇ ਦਰਿਆਈ ਪੱਥਰਾਂ, ਲੱਕੜ ਤੇ ਸਲੇਟ ਨਾਲ ਬਣਾਏ ਘਰ ਨੂੰ ‘ਅਸਲੀ’ ਆਖਿਆ ਹੈ। ਕੰਗਣਾ ਨੇ ਇੰਸਟਾਗ੍ਰਾਮ ’ਤੇ ਘਰ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਇੱਕ ਤਸਵੀਰ ਵਿੱਚ ਉਹ ਘਰ ਦੀ ਬਾਲਕੋਨੀ ਵਿੱਚ ਖੜ੍ਹੀ ਨਜ਼ਰ ਆ ਰਹੀ ਹੈ। ਉਸ ਨੇ ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ, ‘‘ਇਥੇ ਉਨ੍ਹਾਂ ਸਾਰਿਆਂ ਲਈ ਕੁਝ ਨਾ ਕੁਝ ਹੈ, ਜਿਹੜੇ ਸਜਾਵਟ ਨੂੰ ਪਿਆਰ ਕਰਦੇ ਹਨ ਅਤੇ ਪੁਰਾਤਨ ਤੇ ਰਵਾਇਤੀ ਉਸਾਰੀ ਕਲਾ ਪ੍ਰਤੀ ਜਾਨਣ ਲਈ ਉਤਾਵਲੇ ਰਹਿੰਦੇ ਹਨ। ਮੈਂ ਨਵਾਂ ਘਰ ਬਣਾਇਆ ਹੈ ਤੇ ਇਹ ਮੇਰੇ ਮੌਜੂਦਾ ਘਰ ਦਾ ਵਿਸਥਾਰ ਹੈ ਪਰ ਇਸ ਵਾਰ ਘਰ ਨੂੰ ਪਹਾੜੀ ਦਿੱਖ ਦਿੰਦਿਆਂ ਦਰਿਆਈ ਪੱਥਰ, ਸਲੇਟ ਅਤੇ ਲੱਕੜ ਦੀ ਵਰਤੋਂ ਕੀਤੀ ਗਈ ਹੈ। ਮੈਂ ਹਿਮਾਚਲੀ ਪੇਂਟਿੰਗ, ਬੁਣਤੀ, ਸਜਾਵਟ ਅਤੇ ਲੱਕੜ ਦੀ ਕਲਾਕ੍ਰਿਤੀ ਨੂੰ ਵੀ ਸ਼ਾਮਲ ਕੀਤਾ ਹੈ।’’ ਜਾਣਕਾਰੀ ਅਨੁਸਾਰ ਕੰਗਣਾ ਆਪਣੀ ਅਗਲੀ ਫਿਲਮ ‘ਐਮਰਜੈਂਸੀ’ ਵਿੱਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਹ ‘ਤੇਜਸ’ ਵਿੱਚ ਇੰਡੀਅਨ ਏਅਰ ਫੋਰਸ ਦੇ ਪਾਇਲਟ ਦੀ ਭੂਮਿਕਾ ਨਿਭਾਏਗੀ। -ਆਈਏਐੱਨਐੱਸ