ਗੁਰਮੀਤ ਸਿੰਘ*
ਕਮਲੋਆ (ਘੁੱਗੀ) ਨੂੰ ਪਿਆਰ, ਸ਼ਾਂਤੀ ਅਤੇ ਖ਼ੁਸ਼ੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਇਹ ਸ਼ਾਂਤ ਸੁਭਾਅ ਦਾ ਪੰਛੀ ਹੈ। ਕਮਲੋਏ (ਘੁੱਗੀ) ਨੂੰ ਅੰਗਰੇਜ਼ੀ ਵਿੱਚ ‘Turtle Dove’ (Streptopelia turtur) ਕਹਿੰਦੇ ਹਨ। ਇਹ ਪੰਛੀ ਅਕਸਰ ਟਰ-ਟਰ ਦੀਆਂ ਆਵਾਜ਼ਾਂ ਕੱਢਦਾ ਰਹਿੰਦਾ ਹੈ, ਇਸ ਕਰਕੇ ਵਿਗਿਆਨੀਆਂ ਨੇ ਇਸ ਦੇ ਵਿਗਿਆਨਕ ਨਾਂ ਨਾਲ ਟਰਟਰ ਜੋੜ ਦਿੱਤਾ ਹੈ। ਕਮਲੋਆ ਕਬੂਤਰ ਇੱਕ ਛੋਟੇ ਆਕਾਰ ਦੀ ਘੁੱਗੀ ਹੈ, ਜਿਸ ਦੀ ਲੰਬਾਈ 25 ਤੋਂ 30 ਸੈਂਟੀਮੀਟਰ ਹੁੰਦੀ ਹੈ। ਇਸ ਦਾ ਭਾਰ 100 ਤੋਂ 170 ਗ੍ਰਾਮ ਹੁੰਦਾ ਹੈ। ਇਸ ਦੇ ਖੰਭਾਂ ਦੀ ਲੰਬਾਈ 45 ਤੋਂ 55 ਸੈਂਟੀਮੀਟਰ ਹੁੰਦੀ ਹੈ। ਇਸ ਘੁੱਗੀ ਦੇ ਉੱਪਰਲੇ ਹਿੱਸਿਆਂ ਦਾ ਰੰਗ ਭੂਰਾ ਸਲੇਟੀ ਹੁੰਦਾ ਹੈ। ਇਸ ਦੇ ਗਰਦਨ ਦੇ ਪਾਸਿਆਂ ’ਤੇ ਕਾਲੇ ਅਤੇ ਚਿੱਟੇ ਧਾਰੀਦਾਰ ਧੱਬੇ ਹੁੰਦੇ ਹਨ। ਇਸ ਦੇ ਖੰਭ ਦਾਲਚੀਨੀ ਦੇ ਰੰਗ ਵਰਗੇ ਹੁੰਦੇ ਹਨ। ਇਸ ਦੀਆਂ ਅੱਖਾਂ ਸੰਤਰੀ ਅਤੇ ਪਲਕਾਂ ਅਸਮਾਨੀ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ। ਗਲੇ ਦਾ ਹੇਠਲਾ ਪਾਸਾ ਅਤੇ ਛਾਤੀ ਗੁਲਾਬੀ ਰੰਗ ਨਾਲ ਭਾਹ ਮਾਰਦੀ ਹੈ। ਇਸ ਦੀ ਚੁੰਝ ਸਲੇਟੀ ਰੰਗ ਦੀ ਹੁੰਦੀ ਹੈ ਅਤੇ ਪੈਰ ਗੁਲਾਬੀ ਰੰਗੇ ਹੁੰਦੇ ਹਨ। ਇਸ ਦੇ ਉਡਾਰੂ ਖੰਭ ਕਾਲੇ ਭੂਰੇ ਹੁੰਦੇ ਹਨ।
ਇਹ ਪੰਛੀ ਹੌਲੀ-ਹੌਲੀ ਪਿੜਿੰਗ, ਕੂਇੰਗ, ਰੱਰੂ..ਰੂਰੂ ਤੇ ਟਰ-ਟਰ ਦੀਆਂ ਆਵਾਜ਼ਾਂ ਕੱਢਦੇ ਰਹਿੰਦੇ ਹਨ। ਕਮਲੋਏ ਦੀਆਂ ਪ੍ਰਜਾਤੀਆਂ ਖੇਤੀਬਾੜੀ ਦੀਆਂ ਜ਼ਮੀਨਾਂ, ਸੜਕਾਂ ਦੇ ਕੰਢੇ ’ਤੇ ਲੱਗੇ ਰੁੱਖ, ਪੇਂਡੂ ਬਗੀਚੇ, ਝਾੜੀਆਂ ਅਤੇ ਆਲੇ-ਦੁਆਲੇ ਦੇ ਵਣ ਰਕਬੇ ਵਿੱਚ ਹੁੰਦੀਆਂ ਹਨ। ਇਸ ਦੀ ਖੁਰਾਕ ਜ਼ਿਆਦਾਤਰ ਬੀਜਾਂ ਵਾਲੀ ਹੁੰਦੀ ਹੈ, ਜਿਸ ਵਿੱਚ ਫ਼ਲ ਅਤੇ ਅਨਾਜ ਹੁੰਦੇ ਹਨ, ਪਰ ਇਹ ਕਈ ਵਾਰ ਕੀੜੇ ਮਕੌੜੇ ਵੀ ਖਾ ਜਾਂਦੇ ਹਨ। ਇਹ ਪੰਛੀ ਕਾਸ਼ਤ ਵਾਲੇ ਖੇਤਰਾਂ ਵਿੱਚ ਬਾਜਰੇ, ਚਰ੍ਹੀ ਅਤੇ ਪਰਾਲੀ ਨੂੰ ਖਾਂਦੇ ਹਨ। ਇਹ ਪੰਛੀ ਸਿਆਲ ਰੁੱਤੇ ਪੰਜਾਬ ਵਿੱਚ ਪਰਵਾਸ ਕਰਦਾ ਹੈ।
ਕਮਲੋਆ ਆਪਣਾ ਜੋੜਾ ਉਮਰ ਭਰ ਲਈ ਬਣਾਉਂਦਾ ਹੈ। ਇਨ੍ਹਾਂ ਦਾ ਆਲ੍ਹਣਾ ਬਹੁਤ ਕਮਜ਼ੋਰ ਹੁੰਦਾ ਹੈ। ਇਸ ਨੂੰ ਇਨ੍ਹਾਂ ਨੇ ਪਤਲੀਆਂ ਟਾਹਣੀਆਂ, ਕਈ ਵਾਰ ਇਹ ਪੌਦੇ ਦੇ ਤਣਿਆਂ, ਜੜ੍ਹਾਂ ਜਾਂ ਵਾਲਾਂ ਨਾਲ ਵੀ ਬਣਾਇਆ ਹੁੰਦਾ ਹੈ। ਪ੍ਰਜਣਨ ਵੇਲੇ ਨਰ ਕਮਲੋਆ ਆਪਣੀ ਛਾਤੀ ਨੂੰ ਬਾਹਰ ਕੱਢ ਕੇ ਅਤੇ ਆਪਣੇ ਸਿਰ ਨੂੰ ਉੱਪਰ ਅਤੇ ਹੇਠਾਂ ਕਰਕੇ ਮਾਦਾ ਨੂੰ ਪ੍ਰਭਾਵਿਤ ਕਰਦਾ ਹੈ। ਮਾਦਾ ਮਈ ਅਤੇ ਜੂਨ ਵਿੱਚ ਦੋ ਚਿੱਟੇ ਆਂਡੇ ਦਿੰਦੀ ਹੈ। ਨਰ ਪੰਛੀ ਮਾਦਾ ਦੀ ਮਦਦ ਕਰਦਾ ਹੈ। ਆਂਡਿਆਂ ਵਿੱਚੋਂ ਚੂਚੇ ਲਗਭਗ ਦੋ ਹਫ਼ਤਿਆਂ ਬਾਅਦ ਨਿਕਲਦੇ ਹਨ ਅਤੇ ਉਹ ਤਿੰਨ ਹਫ਼ਤਿਆਂ ਬਾਅਦ ਉੱਡ ਜਾਂਦੇ ਹਨ।
ਕਮਲੋਇਆਂ ਦੀ ਗਿਣਤੀ ਵਿੱਚ ਯੂਕੇ ਵਿੱਚ 1970 ਤੋਂ ਲੈ ਕੇ ਹੁਣ ਤੱਕ 98% ਦੀ ਭਾਰੀ ਗਿਰਾਵਟ ਵੇਖਣ ਵਿੱਚ ਆਈ ਹੈ। ਇਨ੍ਹਾਂ ਭੋਲੇ ਭਾਲੇ ਪੰਛੀਆਂ ਦਾ ਬਹੁਤ ਸਾਰੇ ਦੇਸ਼ਾਂ ਵਿੱਚੋਂ ਲੋਪ ਹੋ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਿਸ ਵੇਲੇ ਇਹ ਪੰਛੀ ਬਹੁਤ ਸਾਰੇ ਦੇਸ਼ਾਂ ਵਿੱਚ ਪਰਵਾਸ ਕਰਦਾ ਹੈ ਤਾਂ ਮਨੁੱਖ ਵੱਲੋਂ ਇਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਇੱਕ ਅੰਦਾਜ਼ੇ ਅਨੁਸਾਰ ਹਰ ਸਾਲ ਦੋ ਤੋਂ ਚਾਰ ਲੱਖ ਦੇ ਅੰਦਰ ਇਨ੍ਹਾਂ ਪੰਛੀਆਂ ਨੂੰ ਪਰਵਾਸ ਵੇਲੇ ਲੰਘਦੇ ਹੋਏ ਸ਼ਿਕਾਰੀਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਆਈਯੂਸੀਐੱਨ (ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ) ਨੇ ਘੁੱਗੀ ਦੀਆਂ ਕਿਸਮਾਂ ਨੂੰ ਸ਼੍ਰੇਣੀਬੱਧ ਅਤੇ ਮੁਲਾਂਕਣ ਕੀਤਾ ਹੈ ਅਤੇ ਇਸ ਨੂੰ ‘ਕਮਜ਼ੋਰ’ ਪ੍ਰਜਾਤੀ ਵਜੋਂ ਸੂਚੀਬੱਧ ਕੀਤਾ ਹੈ।
ਕਮਲੋਆ ਬੇਸ਼ੱਕ ਇੱਕ ਪਰਵਾਸੀ ਪੰਛੀ ਹੈ, ਇਸ ਦੀ ਸਥਿਤੀ ਸਾਡੇ ਦੇਸ਼ ਵਿੱਚ ਸੁਰੱਖਿਅਤ ਹੈ। ਇਹ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-IV ਦਾ ਪੰਛੀ ਹੈ। ਉਕਤ ਐਕਟ ਅਨੁਸਾਰ ਇਸ ਦਾ ਸ਼ਿਕਾਰ ਕਰਨ ’ਤੇ ਸਖ਼ਤ ਪਾਬੰਦੀ ਅਤੇ ਸਜ਼ਾ ਰੱਖੀ ਗਈ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910