ਹਰਜੀਤ ਸਿੰਘ*
ਜੇਮਜ਼ ਵੈੱਬ ਪੁਲਾੜ ਦੂਰਬੀਨ 25 ਦਸੰਬਰ 2021 ਨੂੰ ਧਰਤੀ ਤੋਂ ਦਾਗੀ ਗਈ ਅਤੇ 24 ਜਨਵਰੀ 2022 ਨੂੰ ਆਪਣੀ ਨਿਰਧਾਰਤ ਜਗ੍ਹਾ L2 ਬਿੰਦੂ ’ਤੇ ਪਹੁੰਚੀ| ਦੂਰਬੀਨ ਦੇ ਸਾਰੇ ਉਪਕਰਨ ਚਾਲੂ ਕਰਨ ਅਤੇ ਸਭ ਕੁਝ ਚੈੱਕ ਕਰਨ ਲਈ ਲਗਭਗ 6 ਮਹੀਨੇ ਲੱਗੇ| 12 ਜੁਲਾਈ 2022 ਨੂੰ ਨਾਸਾ ਨੇ ਇਸ ਦੂਰਬੀਨ ਦੀਆਂ ਪਹਿਲੀਆਂ ਤਸਵੀਰਾਂ ਜਨਤਕ ਕੀਤੀਆਂ| ਉਂਜ ਤਾਂ ਇੱਥੇ ਸਭ ਤਸਵੀਰਾਂ ਦਾ ਕੋਲਾਜ ਦਿਖਾਇਆ ਹੈ, ਪਰ ਜੇ ਤੁਸੀਂ ਵੱਡੀਆਂ ਤੇ ਸਾਫ਼ ਤਸਵੀਰਾਂ ਦੇਖਣੀਆਂ ਚਾਹੁੰਦੇ ਹੋ ਤਾਂ ਇੱਥੇ ਦਿੱਤੇ QR ਕੋਡ ਨੂੰ ਆਪਣੇ ਫੋਨ ਦੇ ਕੈਮਰੇ ਨਾਲ ਸਕੈਨ ਕਰਕੇ ਦੇਖ ਸਕਦੇ ਹੋ| ਆਓ, ਹੁਣ ਆਪਾਂ ਇਕੱਲੀ-ਇਕੱਲੀ ਤਸਵੀਰ ਬਾਰੇ ਗੱਲ ਕਰਦੇ ਹਾਂ|
1. ਅਮਰੀਕੀ ਰਾਸ਼ਟਰਪਤੀ ਵੱਲੋਂ ਜਾਰੀ ਕੀਤੀ ਵੈੱਬ ਦੀ ਪਹਿਲੀ ਤਸਵੀਰ ਦੂਰ ਦੁਰਾਡੇ ਦੇ ਬ੍ਰਹਿਮੰਡ ਦੀ ਹੁਣ ਤੱਕ ਦੀ ਸਭ ਤੋਂ ਸਾਫ਼ ਅਤੇ ਵਿਸਥਾਰਤ ਪਰਾ-ਲਾਲ ਤਸਵੀਰ ਹੈ| ਇਹ ਤਸਵੀਰ ਇੱਕ ਗਲੈਕਸੀ ਸਮੂਹ ‘ਸਮੈਕਸ 0723 (SMACS 0723) ਦੀ ਹੈ ਜੋ ਧਰਤੀ ਤੋਂ 4.24 ਅਰਬ ਪ੍ਰਕਾਸ਼ ਵਰ੍ਹੇ ਦੂਰ ਹੈ| ਇਸ ਸਮੂਹ ਤੋਂ ਇਲਾਵਾ ਤੁਸੀਂ ਇਸ ਤਸਵੀਰ ਵਿੱਚ ਹਜ਼ਾਰਾਂ ਹੀ ਗਲੈਕਸੀਆਂ ਦੇਖ ਸਕਦੇ ਹੋ| SMACS 0723 ਦਾ ਪੁੰਜ ਗੁਰੂਤਾ ਲੈਂਜ਼ਿੰਗ ਪ੍ਰਭਾਵ ਪੈਦਾ ਕਰਕੇ ਆਪਣੇ ਪਿੱਛੇ ਦੀਆਂ ਗਲੈਕਸੀਆਂ ਨੂੰ ਵੱਡੀਆਂ ਕਰਕੇ ਅਤੇ ਉਨ੍ਹਾਂ ਦੀ ਸ਼ਕਲ ਵਿਗਾੜ ਕੇ ਦਿਖਾਉਂਦਾ ਹੈ| ਬਿਲਕੁਲ ਉਵੇਂ, ਜਿਵੇਂ ਇੱਕ ਸ਼ੀਸ਼ੇ ਦੇ ਲੈਂਜ਼ ਵਿੱਚੋਂ ਦੇਖਣ ’ਤੇ ਚੀਜ਼ਾਂ ਵੱਡੀਆਂ ਦਿਸਦੀਆਂ ਹਨ| ਤਸਵੀਰ ਵਿੱਚ ਬਹੁਤ ਸਾਰੀਆਂ ਗਲੈਕਸੀਆਂ ਖਿੱਚੀਆਂ ਹੋਈਆਂ ਦਿਖ ਰਹੀਆਂ ਹਨ ਜੋ ਕਿ ਗੁਰੂਤਾ ਲੈਂਜ਼ਿੰਗ ਕਰਕੇ ਹੀ ਹੈ| ਇਨ੍ਹਾਂ ਵਿੱਚ 2 ਨੂੰ ਇੱਥੇ 1(b) ਅਤੇ 1(c) ਵਿੱਚ ਵੱਡਾ ਕਰਕੇ ਵੀ ਦਿਖਾਇਆ ਹੈ| 1(c) ਵਿੱਚ ਤੁਸੀਂ ਸੱਜੇ ਪਾਸੇ ਹਬਲ ਵੱਲੋਂ ਖਿੱਚੀ ਗਈ ਤਸਵੀਰ ਵੀ ਦੇਖ ਸਕਦੇ ਹੋ ਅਤੇ ਸਮਝ ਸਕਦੇ ਹੋ ਕਿ ਵੈੱਬ, ਹਬਲ ਦੇ ਮੁਕਾਬਲੇ ਕਿੰਨੀ ਤਾਕਤਵਰ ਹੈ| ਨਾਲ ਹੀ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਵੈੱਬ ਨੂੰ ਇਹ ਤਸਵੀਰ ਖਿੱਚਣ ਲਈ ਸਿਰਫ਼ 12.5 ਘੰਟੇ ਲੱਗੇ ਹਨ ਜਦੋਂਕਿ ਹਬਲ ਨੇ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਲਿਆ ਸੀ| ਤਸਵੀਰ ਵਿੱਚ ਦਿਖ ਰਹੇ ਕੁਝ ਚਮਕੀਲੇ ਤਾਰੇ ਸਾਡੀ ਆਪਣੀ ਅਕਾਸ਼ ਗੰਗਾ ਦੇ ਹਨ ਜੋ ਤਸਵੀਰ ਲੈਂਦੇ ਸਮੇਂ ਸਾਹਮਣੇ ਆ ਗਏ| ਇੱਕ ਹੋਰ ਚੀਜ਼ ਜੋ ਤੁਸੀਂ ਅਗਲੀਆਂ ਤਸਵੀਰਾਂ ਵਿੱਚ ਵੀ ਦੇਖੋਗੇ ਕਿ ਹਰ ਤਾਰੇ ਦੀਆਂ ਕਈ ਨੋਕਾਂ ਨਜ਼ਰ ਆ ਰਹੀਆਂ ਹਨ| ਇਨ੍ਹਾਂ ਨੂੰ ‘ਡਿਫਰੈਂਟ ਸਪਾਈਕਸ’ (diffraction spikes) ਕਹਿੰਦੇ ਹਨ| ਇਨ੍ਹਾਂ ਦੀ ਗਿਣਤੀ ਤੇ ਆਕਾਰ ਹਰ ਦੂਰਬੀਨ ਵਿੱਚ ਅਲੱਗ-ਅਲੱਗ ਹੋ ਸਕਦਾ ਹੈ, ਪਰ ਇਨ੍ਹਾਂ ਤੋਂ ਬਚਿਆ ਨਹੀਂ ਜਾ ਸਕਦਾ| ਇਸ ਤਸਵੀਰ ਵਿੱਚ ਅੱਜ ਤੱਕ ਦੀ ਦੇਖੀ ਗਈ ਸਭ ਤੋਂ ਪੁਰਾਣੀ ਗਲੈਕਸੀ ਵੀ ਲੁਕੀ ਹੋਈ ਹੈ ਜੋ 1 (a) ਵਿੱਚ ਵੱਡੀ ਕਰਕੇ ਦਿਖਾਈ ਗਈ ਹੈ| ਇੱਕ ਲਾਲ ਧੱਬੇ ਵਰਗੀ ਦਿਖ ਰਹੀ ‘ਗਲਾਸ-z13’ (GLASS-z13) ਨਾਮ ਦੀ ਇਹ ਗਲੈਕਸੀ ਬ੍ਰਹਿਮੰਡ ਦੇ ਬਣਨ ਤੋਂ ਮਹਿਜ਼ 30-40 ਕਰੋੜ ਸਾਲ ਬਾਅਦ ਬਣ ਗਈ ਸੀ|
2. ਦੂਜੀ ਤਸਵੀਰ ਧਰਤੀ ਤੋਂ 1150 ਪ੍ਰਕਾਸ਼ ਸਾਲ ਦੂਰ ਇੱਕ ਗੈਸੀ ਗ੍ਰਹਿ ਵਾਸਪ-96b (WASP-96b) ਦੀ ਹੈ ਜੋ ਅਸਲ ਵਿੱਚ ਇੱਕ ਸਪੈਕਟ੍ਰੋ-ਗ੍ਰਾਫ਼ ਹੈ| WASP- 96b ਲਗਭਗ ਬ੍ਰਹਿਸਪਤੀ ਦੇ ਆਕਾਰ ਦਾ ਹੈ, ਪਰ ਇਸਦਾ ਪੁੰਜ ਬ੍ਰਹਿਸਪਤੀ ਦੇ ਅੱਧ ਤੋਂ ਵੀ ਘੱਟ ਹੈ। ਆਪਣੇ ਤਾਰੇ ਦੇ ਬਹੁਤ ਜ਼ਿਆਦਾ ਨੇੜੇ ਪਰਿਕਰਮਾ ਕਰਨ ਕਰਕੇ ਇਸ ਦਾ ਤਾਪਮਾਨ 1000° F ਤੋਂ ਵੀ ਜ਼ਿਆਦਾ ਹੈ। ਜਦੋਂ ਵੀ ਇਹ ਗ੍ਰਹਿ ਆਪਣੇ ਤਾਰੇ ਦੇ ਸਾਹਮਣਿਓਂ ਲੰਘਦਾ ਹੈ ਤਾਂ ਤਾਰੇ ਦੀ ਚਮਕ ਥੋੜ੍ਹੀ ਘਟ ਜਾਂਦੀ ਹੈ, ਲਗਭਗ 1.5% ਤੱਕ| ਵੈੱਬ ’ਤੇ ਲੱਗੇ ਯੰਤਰ 0.02% ਤੱਕ ਦੇ ਫਰਕ ਨੂੰ ਫੜ ਸਕਦੇ ਹਨ| ਤਾਰੇ ਦਾ ਕੁਝ ਪ੍ਰਕਾਸ਼ ਇਸ ਗ੍ਰਹਿ ਦੇ ਵਾਯੂਮੰਡਲ ਵਿੱਚੋਂ ਲੰਘ ਕੇ ਸਾਡੇ ਤੱਕ ਪਹੁੰਚਦਾ ਹੈ। ਵਾਯੂਮੰਡਲ ਵਿੱਚ ਮੌਜੂਦ ਅਣੂ ਪ੍ਰਕਾਸ਼ ਦਾ ਕੁਝ ਖਾਸ ਹਿੱਸਾ ਸੋਖ ਲੈਂਦੇ ਹਨ। ਵੱਖ-ਵੱਖ ਤਰ੍ਹਾਂ ਦੇ ਅਣੂ ਪ੍ਰਕਾਸ਼ ਦਾ ਵੱਖ-ਵੱਖ ਤਰ੍ਹਾਂ ਦਾ ਹਿੱਸਾ ਸੋਖਦੇ ਹਨ। ਵੈੱਬ ਨੇ ਤਾਰੇ ਤੋਂ ਸਿੱਧੇ ਆਉਂਦੇ ਪ੍ਰਕਾਸ਼ ਦੀ ਗ੍ਰਹਿ ਦੇ ਵਾਯੂਮੰਡਲ ਵਿੱਚੋਂ ਲੰਘ ਕੇ ਆਏ ਪ੍ਰਕਾਸ਼ ਨਾਲ ਤੁਲਨਾ ਕਰ ਕੇ ਇਸ ਦੇ ਅਲੱਗ-ਅਲੱਗ ਹਿੱਸਿਆਂ ਦੀ ਕਮੀ ਨੂੰ ਮਾਪਿਆ ਅਤੇ WASP- 96b ਦੇ ਵਾਯੂਮੰਡਲ ਵਿੱਚ ਮੌਜੂਦ ਗੈਸਾਂ ਬਾਰੇ ਪਤਾ ਲਗਾਇਆ| ਤੁਸੀਂ ਗ੍ਰਾਫ਼ ਵਿੱਚ ਕੁਝ ਅੰਕਿਤ ਕੀਤੇ ਗਏ ਬਿੰਦੂ ਦੇਖ ਸਕਦੇ ਹੋ ਜੋ ਵਾਯੂਮੰਡਲ ਵਿੱਚ H2O ਮਤਲਬ ਕਿ ਪਾਣੀ ਦੀ ਮੌਜੂਦਗੀ ਦਰਸਾਉਂਦੇ ਹਨ|
3. ਤੀਸਰੀ ਤਸਵੀਰ ਦੱਖਣੀ ਛੱਲਾ (southern ring) ਨੇਬੁਲਾ ਦੀ ਹੈ ਜੋ ਧਰਤੀ ਤੋਂ ਲਗਭਗ 2000 ਪ੍ਰਕਾਸ਼ ਵਰ੍ਹੇ ਦੂਰ ਹੈ| ਜਿਨ੍ਹਾਂ ਤਾਰਿਆਂ ਦਾ ਪੁੰਜ ਸੂਰਜ ਦੇ ਲਗਭਗ ਬਰਾਬਰ ਜਾਂ ਵੱਧ ਹੁੰਦਾ ਹੈ ਉਹ ਆਪਣੇ ਆਖਰੀ ਸਮੇਂ ਵਿੱਚ ਇੱਕ ਵਿਸਫੋਟ ਨਾਲ ਖਤਮ ਹੁੰਦੇ ਹਨ| ਇਸ ਵਿਸਫੋਟ ਵਿੱਚ ਉਹ ਆਪਣਾ ਬਹੁਤ ਸਾਰਾ ਮਾਦਾ ਬਾਹਰ ਸੁੱਟ ਦਿੰਦੇ ਹਨ| ਇਹ ਅਸਲ ਵਿੱਚ ਇੱਕ ਮਰ ਰਹੇ ਤਾਰੇ ਦੀ ਫੋਟੋ ਹੀ ਹੈ| ਇੱਥੇ ਦੋ ਤਸਵੀਰਾਂ ਦਿਖਾਈਆਂ ਗਈਆਂ ਹਨ| ਖੱਬੇ ਪਾਸੇ ਵਾਲੀ ਤਸਵੀਰ ‘ਨਿਰੀ’ (NIRI-Near Infrared Instrument) ਯੰਤਰ ਦੁਆਰਾ ਅਤੇ ਸੱਜੇ ਪਾਸੇ ਵਾਲੀ ‘ਮਿਰੀ’ (MIRI-Mid Infrared Instrument) ਯੰਤਰ ਦੁਆਰਾ ਲਈ ਗਈ ਹੈ| ਖੱਬੀ ਤਸਵੀਰ ਵਿੱਚ ਤਾਰੇ ਜ਼ਿਆਦਾ ਸਾਫ਼ ਦਿਖ ਰਹੇ ਹਨ ਕਿਉਂਕਿ ਨੀਰੀ (NIRI) ਉਨ੍ਹਾਂ ਤਾਰਿਆਂ ਦੇ ਪ੍ਰਕਾਸ਼ ਦੀ ਤਰੰਗ ਲੰਬਾਈ (wavelength) ਨੇੜੇ ਕੰਮ ਕਰਦਾ ਹੈ| ਮਿਰੀ (MIRI) ਦੀ ਤਸਵੀਰ ਵਿੱਚ ਧੂੜ ਆਦਿ ਜ਼ਿਆਦਾ ਸਾਫ਼ ਦਿਖ ਰਹੇ ਹਨ| ਇਸ ਤਸਵੀਰ ਦੀ ਸਭ ਤੋਂ ਖਾਸ ਗੱਲ ਸੱਜੀ ਤਸਵੀਰ ਦੇ ਕੇਂਦਰ ਵਿੱਚ ਦਿਖ ਰਹੇ ਦੋ ਤਾਰੇ ਹਨ ਜਦੋਂਕਿ ਖੱਬੀ ਵਿੱਚ ਸਿਰਫ਼ ਇੱਕ ਹੈ| ਇਹ ਮਿਰੀ (MIRI) ਦੀ ਧੂੜ ਚੀਰ ਕੇ ਦੇਖਣ ਦੀ ਸਮਰੱਥਾ ਜ਼ਾਹਰ ਕਰਦਾ ਹੈ| ਆਪਸ ਵਿੱਚ ਕਿੱਕਲੀ ਪਾ ਰਹੇ ਤਾਰਿਆਂ ਵਿੱਚੋਂ ਥੋੜ੍ਹਾ ਧੁੰਦਲਾ ਤਾਰਾ ਅਸਲ ਵਿੱਚ ਇੱਕ ਚਿੱਟਾ ਬੌਣਾ ਤਾਰਾ ਹੈ ਜਿਸ ਦੇ ਮਰਨ ਨਾਲ ਇਹ ਨੇਬੁਲਾ ਬਣਿਆ| ਇਸ ਦੇ ਸਾਥੀ ਤਾਰੇ ਨੇ ਮਾਦੇ ਦੇ ਖਿੰਡਾਅ ਨੂੰ ਇਸ ਆਕਾਰ ਵਿੱਚ ਆਉਣ ਵਿੱਚ ਮਦਦ ਕੀਤੀ| ਤਸਵੀਰ ਵਿੱਚ ਦਿਖ ਰਹੇ ਹੋਰ ਧੱਬੇ ਅਸਲ ਵਿੱਚ ਦੂਰ ਦੁਰਾਡੇ ਦੀਆਂ ਗਲੈਕਸੀਆਂ ਹਨ| ਦੋਵਾਂ ਤਸਵੀਰਾਂ ਵਿੱਚ ਖੱਬੇ ਪਾਸੇ ਉੱਪਰ ਦਿਖ ਰਹੀ ਇੱਕ ਲਕੀਰ ਵਰਗੀ ਚੀਜ਼ ਵੀ ਇੱਕ ਗਲੈਕਸੀ ਹੀ ਹੈ ਜਿਸ ਦਾ ਇੱਕ ਕਿਨਾਰਾ ਸਾਨੂੰ ਦਿਖ ਰਿਹਾ ਹੈ|
4. ਵੈੱਬ ਦੇ ਸ਼ਕਤੀਸ਼ਾਲੀ ਧੂੜ ਚੀਰਨ ਵਾਲੇ ਕੈਮਰੇ ‘ਮਿਰੀਕੈਮ’ (MIRICam) ਦੀ ਤਸਵੀਰ ਦਾ ਨਾਮ ਸਟੀਫਨ ਦਾ ਪੰਜੋਕੜਾ (ਕੁਇੰਨਟੈਟ) ਹੈ| 5 ਗਲੈਕਸੀਆਂ ਦੀ ਇਹ ਟੋਲੀ ਕਹਿਣ ਨੂੰ ਪੰਜੋਕੜਾ ਹੈ, ਪਰ ਅਸਲ ਵਿੱਚ ਇਹ 4 ਗਲੈਕਸੀਆਂ ਦੀ ਟੋਲੀ ਹੈ| ਖੱਬੇ ਪਾਸੇ ਵਾਲੀ ਗਲੈਕਸੀ ਕਾਫ਼ੀ ਅੱਗੇ ਹੈ ਅਤੇ ਧਰਤੀ ਤੋਂ 4 ਕਰੋੜ ਪ੍ਰਕਾਸ਼ ਵਰ੍ਹੇ ਦੂਰ ਹੈ ਜਦੋਂਕਿ ਬਾਕੀ ਸਾਰੀਆਂ 29 ਕਰੋੜ ਪ੍ਰਕਾਸ਼ ਸਾਲ ਦੂਰ ਹਨ| ਇੱਕ ਦੂਜੀ ਵਿੱਚ ਸਮਾ ਰਹੀਆਂ ਗਲੈਕਸੀਆਂ ਦੀ ਇਹ ਤਸਵੀਰ ਵਿਗਿਆਨੀਆਂ ਲਈ ਬਹੁਤ ਦੁਰਲੱਭ ਹੈ| ਸ਼ਾਇਦ ਹੀ ਕਦੇ ਉਹ ਇਸ ਵਰਤਾਰੇ ਨੂੰ ਏਨੇ ਸਾਫ਼ ਤਰੀਕੇ ਨਾਲ ਦੇਖ ਸਕੇ ਹੋਣ| ਇਸ ਤਸਵੀਰ ਨਾਲ ਵਿਗਿਆਨੀ ਤਾਰਿਆਂ ਦੇ ਜਨਮ ਤੇ ਨੇੜਲੀਆਂ ਗਲੈਕਸੀਆਂ ਦੇ ਪੈਣ ਵਾਲੇ ਪ੍ਰਭਾਵ ਨੂੰ ਚੰਗੀ ਤਰ੍ਹਾਂ ਘੋਖ ਸਕਦੇ ਹਨ| ਗਲੈਕਸੀਆਂ ਦੀਆਂ ਇਸ ਤਰ੍ਹਾਂ ਦੀਆਂ ਟੋਲੀਆਂ ਸ਼ੁਰੂਆਤੀ ਬ੍ਰਹਿਮੰਡ ਵਿੱਚ ਆਮ ਹੋ ਸਕਦੀਆਂ ਸਨ| ਇਨ੍ਹਾਂ ਵਿਚਲਾ ਅਤਿ ਗਰਮ ਮਾਦਾ ਕੇਂਦਰੀ ਬਲੈਕ ਹੋਲ ਵਿੱਚ ਲਗਾਤਾਰ ਸਮਾ ਕੇ ਉਸ ਨੂੰ ਹੋਰ ਭਾਰਾ ਅਤੇ ਚਮਕਦਾਰ ਬਣਾਉਂਦਾ ਰਿਹਾ ਹੋਵੇਗਾ| ਸਭ ਤੋਂ ਉੱਪਰ ਵਾਲੀ ਗਲੈਕਸੀ ਦੇ ਕੇਂਦਰ ਵਿਚਲੇ ਮਹਾਂ-ਬਲੈਕ ਹੋਲ ਦਾ ਪੁੰਜ ਸੂਰਜ ਤੋਂ 2.4 ਕਰੋੜ ਗੁਣਾ ਹੈ ਤੇ ਇਹ 40 ਅਰਬ ਸੂਰਜਾਂ ਦੇ ਬਰਾਬਰ ਦਾ ਪ੍ਰਕਾਸ਼ ਪੈਦਾ ਕਰਦਾ ਹੈ। ਤਸਵੀਰ ਵਿਚਲੇ ਲਾਲ ਹਿੱਸੇ ਧੂੜ ਦੇ ਬਣੇ ਹੋਏ ਹਨ ਜਿੱਥੇ ਜਾਂ ਤਾਂ ਨਵੇਂ ਤਾਰਿਆਂ ਦੀ ਪਨੀਰੀ ਤਿਆਰ ਹੋ ਰਹੀ ਹੈ ਜਾਂ ਇਹ ਬਹੁਤ ਮੁੱਢਲੇ ਬ੍ਰਹਿਮੰਡ ਦੀਆਂ ਗਲੈਕਸੀਆਂ ਹਨ ਜੋ ਬਹੁਤ ਦੂਰ ਹਨ| ਨੀਲੇ ਹਿੱਸੇ ਤਾਰਿਆਂ ਜਾਂ ਤਾਰਾ ਸਮੂਹਾਂ ਨੂੰ ਦਰਸਾਉਂਦੇ ਹਨ| 150 ਮੈਗਾ-ਪਿਕਸਲ ਦੀ ਇਹ ਤਸਵੀਰ ਵੈੱਬ ਵੱਲੋਂ ਜਾਰੀ ਕੀਤੀ ਸਭ ਤੋਂ ਵੱਡੀ ਤਸਵੀਰ ਹੈ ਅਤੇ ਇਹ ਲਗਭਗ 1000 ਤਸਵੀਰਾਂ ਦੀ ਪੱਚੀਕਾਰੀ ਹੈ| ਤਸਵੀਰ ਇੰਨੀ ਵਿਸਤਾਰ ਭਰਪੂਰ ਹੈ ਕਿ ਖੱਬੀ ਗਲੈਕਸੀ ਦੇ ਤਾਰੇ ਤੱਕ ਦੇਖੇ ਜਾ ਸਕਦੇ ਹਨ| ਇਸ ਤੋਂ ਇਲਾਵਾ ਰੂੰਗੇ ਵਿੱਚ ਇਨ੍ਹਾਂ ਗਲੈਕਸੀਆਂ ਦੀ ਟੋਲੀ ਦੇ ਪਿੱਛੇ ਹਜ਼ਾਰਾਂ ਛੋਟੀਆਂ-ਛੋਟੀਆਂ ਗਲੈਕਸੀਆਂ ਵੇਖੀਆਂ ਜਾ ਸਕਦੀਆਂ ਹਨ।
5. ਪਹਾੜਾਂ ਦੀ ਸੀਨਰੀ ਵਰਗੀ ਦਿਖਣ ਵਾਲੀ ਇਹ ਤਸਵੀਰ ਸਾਡੇ ਤੋਂ 7600 ਪ੍ਰਕਾਸ਼ ਵਰ੍ਹੇ ਦੂਰ ਸਥਿਤ ਕੈਰੀਨਾ ਨੇਬੁਲਾ ਦੀ ਹੈ| 460 ਪ੍ਰਕਾਸ਼ ਵਰ੍ਹੇ ਦੇ ਆਕਾਰ ਦੇ ਇਸ ਨੇਬੁਲਾ ਦੀ ਇਹ ਤਸਵੀਰ ਸਿਰਫ਼ 16 ਪ੍ਰਕਾਸ਼ ਵਰ੍ਹੇ ਦਾ ਹਿੱਸਾ ਦਿਖਾ ਰਹੀ ਹੈ| ਤਸਵੀਰ ਵਿੱਚ ਧੂੜ ਵਰਗੀ ਦਿਖ ਰਹੀ ਚੀਜ਼, ਧੂੜ ਹੀ ਹੈ| ਇਹ ਧੂੜ ਤਾਰਿਆਂ ਦੀ ਨਰਸਰੀ ਦਾ ਕੰਮ ਕਰਦੀ ਹੈ ਜਿਸ ਵਿੱਚੋਂ ਕਈ ਤਾਰੇ ਪਣਪਦੇ ਹਨ| ਇਸ ਧੂੜ ਦੇ ਉੱਪਰ ਨਿਕਲ ਰਹੀ ਨੀਲੇ ਰੰਗ ਦੀ ਭਾਫ਼ ਬਹੁਤ ਗਰਮ ਆਇਣਿਤ ਗੈਸ ਹੈ| ਇਸ ਨੇਬੁਲਾ ਦੇ ਕੇਂਦਰ ਵਿੱਚ, ਤਸਵੀਰ ਦੇ ਫਰੇਮ ਤੋਂ ਬਾਹਰ ਉੱਪਰ ਵੱਲ ਬਹੁਤ ਭਾਰਾ ਜਵਾਨ ਤਾਰਾ ਹੈ| ਉਸ ਤਾਰੇ ਤੋਂ ਆ ਰਹੀ ਰੇਡੀਏਸ਼ਨ ਧੂੜ ਨੂੰ ਬਾਹਰ ਵੱਲ ਨੂੰ ਧੱਕ ਰਹੀ ਹੈ| ਨਾਲ ਹੀ ਧੂੜ ਦੇ ਉੱਪਰ ਨਵੇਂ ਬਣੇ ਤਾਰਿਆਂ ਦੀ ਰੇਡੀਏਸ਼ਨ ਵੀ ਧੂੜ ਨੂੰ ਦਬਾਅ ਰਹੀ ਹੈ| ਇਸ ਦਬਾਅ ਕਰਕੇ ਹੀ ਧੂੜ ਸੁੰਗੜਨੀ ਸ਼ੁਰੂ ਹੁੰਦੀ ਹੈ ਅਤੇ ਨਵੇਂ ਤਾਰੇ ਬਣਨ ਦੀ ਸ਼ੁਰੂਆਤ ਹੁੰਦੀ ਹੈ| ਜੇਕਰ ਰੇਡੀਏਸ਼ਨ ਜ਼ਿਆਦਾ ਤੇਜ਼ ਹੋਵੇ ਤਾਂ ਇਹ ਧੂੜ ਨੂੰ ਆਪਣੇ ਨਾਲ ਉਡਾ ਕੇ ਲੈ ਜਾਂਦੀ ਹੈ ਅਤੇ ਤਾਰੇ ਬਣਨੇ ਬੰਦ ਹੋ ਸਕਦੇ ਹਨ| ਇਸ ਲਈ ਕਿਸੇ ਨੇਬੁਲਾ ਵਿੱਚ ਤਾਰੇ ਬਣਨ ਲਈ ਇਨ੍ਹਾਂ ਹਨੇਰੀਆਂ ਦਾ ਸੰਤੁਲਨ ਬਹੁਤ ਲੋੜੀਂਦਾ ਤੱਤ ਹੈ। ਇਸ ਤਸਵੀਰ ਵਿੱਚ ਬਹੁਤ ਸਾਰੇ ਨਵੇਂ ਬਣ ਰਹੇ ਤਾਰੇ ਵੀ ਦਿਖ ਰਹੇ ਹਨ ਜੋ ਆਮ ਤੌਰ ’ਤੇ ਦੇਖਣੇ ਬਹੁਤ ਔਖੇ ਹੁੰਦੇ ਹਨ, ਪਰ ਵੈੱਬ ਨੇ ਬਹੁਤ ਆਸਾਨੀ ਨਾਲ ਦੇਖ ਲਏ|
ਵੈੱਬ ਨੇ ਇਨ੍ਹਾਂ ਤਸਵੀਰਾਂ ਨਾਲ ਖਗੋਲ ਵਿਗਿਆਨ ਦਾ ਇੱਕ ਨਵਾਂ ਪਾਠ ਸ਼ੁਰੂ ਕਰ ਦਿੱਤਾ ਹੈ| ਉਮੀਦ ਹੈ ਭਵਿੱਖ ਵਿੱਚ ਵੀ ਵੈੱਬ ਸਾਨੂੰ ਸ਼ਾਨਦਾਰ ਤਸਵੀਰਾਂ ਭੇਜਦੀ ਰਹੇਗੀ ਜਿਸ ਨਾਲ ਬ੍ਰਹਿਮੰਡ ਦੇ ਹੋਰ ਭੇਦ ਵੀ ਖੁੱਲ੍ਹਣਗੇ|
*ਵਿਗਿਆਨੀ ਇਸਰੋ, ਤਿਰੂਵਨੰਤਪੁਰਮ
ਸੰਪਰਕ : 99957-65095